ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਵੱਡੀ ਕਾਰਵਾਈ ਕਰਦਿਆਂ ਕੈਨੇਡਾ ਪ੍ਰਸ਼ਾਸਨ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ ਸੀ। ਇਹ ਫੈਸਲਾ ਕੰਜ਼ਰਵੇਟਿਵ ਅਤੇ ਐੱਨ.ਡੀ.ਪੀ. ਨੇਤਾਵਾਂ ਦੀ ਮੰਗ ਤੋਂ ਬਾਅਦ ਲਿਆ ਗਿਆ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਕਿਸੇ ਵੀ ਕੈਨੇਡੀਅਨ ਨਾਗਰਿਕ ਲਈ ਇਸ ਗਿਰੋਹ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਜਾਂ ਕੰਮ ਕਰਨਾ ਸਜ਼ਾਯੋਗ ਅਪਰਾਧ ਹੈ। ਇਹ ਫ਼ੈਸਲਾ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਕੈਨੇਡਾ ਸਰਕਾਰ ਪ੍ਰਧਾਨ ਮੰਤਰੀ ਟਰੂਡੋ ਦੇ ਕਾਰਜਕਾਲ ਦੌਰਾਨ ਭਾਰਤ ਨਾਲ ਬਣੇ ਤਣਾਅ ਨੂੰ ਘੱਟ ਕਰ ਕੇ ਰਿਸ਼ਤੇ ਮਜ਼ਬੂਤ ਕਰਨਾ ਚਾਹੁੰਦੀ ਹੈ।
ਹਾਲਾਂਕਿ ਕੈਨੇਡੀਅਨ ਸਰਕਾਰ ਦੇ ਇਸ ਫ਼ੈਸਲੇ ਦੀ ਅਲੋਚਨਾ ਕਰਦਿਆਂ ਸਿੱਖ ਫੈਡਰੇਸ਼ਨ ਕੈਨੇਡਾ ਨੇ ਇਸ ਨੂੰ ਨਾਕਾਫ਼ੀ ਕਰਾਰ ਦਿੱਤਾ ਹੈ। ਫੈਡਰੇਸ਼ਨ ਮੁਤਾਬਕ ਕੈਨੇਡਾ 'ਚ ਸਿੱਖ ਭਾਈਚਾਰੇ 'ਤੇ ਭਾਰਤ ਦੇ ਖ਼ਤਰਿਆਂ ਦੇ ਮੁੱਦੇ ਨੂੰ ਹੱਲ ਕਰਨ ਲਈ ਇਹ ਫੈਸਲਾ ਕਾਫ਼ੀ ਨਹੀਂ ਹੈ। ਸਰਕਾਰ ਦਾ ਇਹ ਕਦਮ ਉਸ ਸਮੇਂ ਆਇਆ ਹੈ, ਜਦੋਂ ਦਿਨੇਸ਼ ਪਟਨਾਇਕ ਨੇ ਓਟਾਵਾ 'ਚ ਭਾਰਤੀ ਹਾਈ ਕਮਿਸ਼ਨਰ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲੀ ਤੇ ਮੰਤਰੀ ਅਨੀਤਾ ਆਨੰਦ ਆਪਣੇ ਭਾਰਤੀ ਦੌਰੇ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ- 'ਗਲ਼ੀ' ਦੀ ਲੜਾਈ ਨੇ ਨਿਗਲ਼ ਲਿਆ ਨੌਜਵਾਨ, ਰੋਲ਼ ਸੁੱਟਿਆ ਹੱਸਦਾ-ਵੱਸਦਾ ਪਰਿਵਾਰ
ਕੈਨੇਡੀਅਨ ਅਧਿਕਾਰੀਆਂ ਦੇ ਅਨੁਸਾਰ ਬਿਸ਼ਨੋਈ ਗੈਂਗ ਖ਼ੁਦ ਆਪਣੇ ਪੱਧਰ 'ਤੇ ਕੰਮ ਨਹੀਂ ਕਰ ਰਿਹਾ, ਸਗੋਂ ਭਾਰਤ ਸਰਕਾਰ ਦੇ ਸੀਨੀਅਰ ਮੈਂਬਰਾਂ ਦੇ ਨਿਰਦੇਸ਼ਾਂ 'ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਭਾਈਚਾਰੇ ਮੁਤਾਬਕ ਸਿਰਫ਼ ਇੱਕ ਗੈਂਗ 'ਤੇ ਪਾਬੰਦੀ ਲਗਾਉਣਾ ਭਾਰਤ ਨੂੰ ਭਵਿੱਖ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ ਦੂਜੇ ਸਮੂਹਾਂ ਦੀ ਵਰਤੋਂ ਕਰਨ ਤੋਂ ਨਹੀਂ ਰੋਕਦਾ।

ਅਧਿਕਾਰੀਆਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਕੈਨੇਡਾ ਵਿੱਚ ਭਾਰਤੀ ਕੌਂਸਲੇਟਾਂ ਦੇ ਕਾਰਕੁੰਨਾਂ ਨੇ ਸਿੱਖ ਕੈਨੇਡੀਅਨਾਂ ਬਾਰੇ ਗੁਪਤ ਤੌਰ 'ਤੇ ਖੁਫੀਆ ਜਾਣਕਾਰੀ ਇਕੱਠੀ ਕੀਤੀ ਤੇ ਇਹ ਜਾਣਕਾਰੀ ਕਥਿਤ ਤੌਰ 'ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਤੀ, ਜਿਸ ਮਗਰੋਂ ਡਰਾਉਣ, ਜਬਰੀ ਵਸੂਲੀ ਅਤੇ ਹਿੰਸਕ ਕਾਰਵਾਈਆਂ ਲਈ ਬਿਸ਼ਨੋਈ ਗੈਂਗ ਨਾਲ ਸਾਂਝੀ ਕੀਤੀ ਗਈ।
ਫੈਡਰੇਸ਼ਨ ਮੁਤਾਬਕ ਕੈਨੇਡਾ ਸਰਕਾਰ ਦਾ ਇਹ ਕਦਮ ਸਰਕਾਰ ਦੀ ਕਾਰਵਾਈ ਦੀ ਪਾਰਦਰਸ਼ਤਾ 'ਤੇ ਸਵਾਲ ਖੜ੍ਹੇ ਕਰਦਾ ਹੈ, ਕਿਉਂਕਿ ਕੈਨੇਡਾ 'ਚ ਸਿੱਖਾਂ ਖਿਲਾਫ਼ ਕਾਰਵਾਈਆਂ 'ਚ ਸ਼ਾਮਲ ਭਾਰਤੀ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਕਰਨ ਦੀ ਗੱਲ ਨਹੀਂ ਕਹੀ ਗਈ, ਜਿਸ ਕਾਰਨ ਸਿੱਖ ਭਾਈਚਾਰੇ ਦੀ ਸੁਰੱਖਿਆ ਹਾਲੇ ਵੀ ਮੁਸ਼ਕਲ ਜਾਪਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖਬਰ; ਡਿੱਗ ਗਈ ਸਕੂਲ ਦੀ ਇਮਾਰਤ, 1 ਜਵਾਕ ਦੀ ਮੌਤ, 65 ਵਿਦਿਆਰਥੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ
NEXT STORY