ਸਕੋਟਲੈਂਡ(ਏਜੰਸੀ)— ਇੰਗਲੈਂਡ ਦੇ ਈਡਨਬਰਗ ਸਥਿਤ ਗੁਰਦੁਆਰਾ ਸਾਹਿਬ ਉੱਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਇਸ ਹਮਲੇ 'ਚ ਗੁਰਦੁਆਰਾ ਸਾਹਿਬ ਦਾ ਮੁੱਖ ਦੁਆਰ ਸੜ ਗਿਆ ਤੇ ਦੀਵਾਨ ਹਾਲ ਤੱਕ ਅੱਗ ਦੀਆਂ ਲਪਟਾਂ ਫੈਲ ਗਈਆਂ। ਇਸ ਘਟਨਾ ਦੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਸਿਰੋਪਾਓ ਸੁਰੱਖਿਅਤ ਹਨ ਪਰ ਦੀਵਾਨ ਹਾਲ ਵਿੱਚ ਧੂੰਏਂ ਕਾਰਨ ਕਾਲਖ਼ ਫੈਲ ਗਈ ਹੈ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫੌਰੈਂਸਿਕ ਮਾਹਿਰ ਵੀ ਪੁੱਜ ਗਏ ਹਨ।
ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਪੰਜ ਵਜੇ ਦੇ ਕਰੀਬ ਵਾਪਰੀ ਘਟਨਾ ਤੋਂ ਬਾਅਦ ਸ੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿੱਚ ਹੰਗਾਮੀ ਸਥਿਤੀ ਬਣ ਗਈ। ਫਾਇਰ ਬ੍ਰਿਗੇਡ ਦੇ 20 ਮੈਂਬਰਾਂ ਨੇ ਅੱਗ 'ਤੇ ਕਾਬੂ ਪਾਉਣ ਲਈ ਕਾਰਵਾਈ ਕੀਤੀ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ। ਸੰਗਤ ਨੂੰ ਇਹ ਜਾਣਕਾਰੀ ਸ਼ੋਸ਼ਲ ਮੀਡੀਆ ਉੱਤੇ ਸੋਮਵਾਰ ਨੂੰ ਪੋਸਟ ਪਾ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਦਿੱਤੀ ਗਈ ਹੈ।

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਧੂੰਏਂ ਦੀਆਂ ਲਪਟਾਂ ਦੇਖੀਆਂ ਤਾਂ ਹਰ ਪਾਸੇ ਹੜਕੰਪ ਮਚ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਉੱਤੇ ਪੈਟਰੋਲ ਬੰਬ ਨਾਲ ਹਮਲਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪ੍ਰਬੰਧਕਾਂ ਨੇ ਕਿਹਾ ਹੈ ਕਿ ਜਦੋਂ ਹੀ ਸਥਿਤੀ ਆਮ ਵਰਗੀ ਹੋ ਜਾਵੇਗੀ ਤਾਂ ਸੰਗਤ ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ ਅਤੇ ਗੁਰੂਘਰ ਨੂੰ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਘਟਨਾ ਕਾਰਨ ਸਿੱਖ ਭਾਈਚਾਰੇ ਦੇ ਦਿਲ ਵਲੂੰਧਰੇ ਗਏ ਹਨ ਅਤੇ ਉਨ੍ਹਾਂ ਵਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਜਨਰਲ ਅਸੈਂਬਲੀ ਚਰਚ ਆਫ ਸਕਾਟਲੈਂਡ ਦੇ ਰਵ ਸੂਜ਼ਨ ਬ੍ਰਾਊਨ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਇੱਥੋਂ ਦੇ ਸਿੱਖ ਭਾਈਚਾਰੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਸਕਾਟਲੈਂਡ 'ਚ ਅਜਿਹੀ ਅਸਹਿਣਸ਼ੀਲਤਾ ਲਈ ਕੋਈ ਥਾਂ ਨਹੀਂ ਹੈ ਅਤੇ ਅਜਿਹੀਆਂ ਘਟਨਾਵਾਂ ਸਾਡੇ ਭਾਈਚਾਰਕ ਸਬੰਧਾਂ ਨੂੰ ਤੋੜ ਨਹੀਂ ਸਕਣਗੀਆਂ। ਸਿੱਖ ਕੌਂਸਲ ਯੂ. ਕੇ ਨੇ ਵੀ ਘਟਨਾ ਦੀ ਨਿੰਦਾ ਕੀਤੀ ਹੈ।
ਰੁਚੀ ਘਨਸ਼ਿਆਮ ਬਰਤਾਨੀਆ 'ਚ ਭਾਰਤ ਦੀ ਨਵੀਂ ਹਾਈ ਕਮਿਸ਼ਨਰ ਬਣੀ
NEXT STORY