ਕੈਲੀਫੋਰਨੀਆ, (ਰਾਜ ਗੋਗਨਾ)— ਇਥੇ ਆਪਣੀ ਕਲੀਨਕ ਚਲਾ ਰਹੇ ਪੰਜਾਬੀ ਡਾਕਟਰ ਪਤੀ-ਪਤਨੀ ਨੂੰ ਮੈਡੀਕਲ ਬੋਰਡ ਆਫ ਕੈਲੀਫੋਰਨੀਆ ਨੇ ਵੱਖ-ਵੱਖ ਦੋਸ਼ਾਂ ਤਹਿਤ ਦੋਸ਼ੀ ਕਰਾਰ ਦੇ ਕੇ ਉਨ੍ਹਾਂ ਉਪਰ ਕਈ ਤਰਾਂ ਦੀਆਂ ਰੋਕਾਂ ਲਾਗੂ ਕਰ ਦਿੱਤੀਆਂ ਹਨ। ਡਾਕਟਰ ਨਿਰਮਲ ਸਿੰਘ ਰਾਏ ਤੇ ਉਨ੍ਹਾਂ ਦੀ ਪਤਨੀ ਡਾਕਟਰ ਮੀਤਇੰਦਰ ਕੌਰ ਰਾਏ ਨੇ ਖੁਦ 'ਮੈਡੀਕਲ ਬੋਰਡ ਆਫ ਕੈਲੀਫੋਰਨੀਆ' ਸਾਹਮਣੇ ਆਪਣੇ ਦੋਸ਼ਾਂ ਨੂੰ ਮੰਨ ਲਿਆ ਹੈ। ਬੋਰਡ ਨੇ ਡਾ. ਨਿਰਮਲ ਸਿੰਘ ਰਾਏ ਨੂੰ ਵੱਖ-ਵੱਖ 6 ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ 'ਚ ਆਪਣੇ ਮਰੀਜਾਂ ਪ੍ਰਤੀ ਸਿਰੇ ਦੀ ਲਾਪਰਵਾਹੀ ਵਰਤਣਾ, ਮਰੀਜਾਂ ਵੱਲੋਂ ਇਲਾਜ ਦਾ ਅਸਰ ਨਾ ਹੋਣ ਬਾਰੇ ਵਾਰ-ਵਾਰ ਕਹਿਣ ਦੇ ਬਾਵਜੂਦ ਇਕੋ ਢੰਗ- ਤਰੀਕੇ ਨਾਲ ਉਨ੍ਹਾਂ ਦਾ ਇਲਾਜ ਕਰਨਾ , ਪੈਸੇ ਕਮਾਉਣ ਲਈ ਮਰੀਜ਼ਾਂ ਦਾ ਸ਼ੋਸ਼ਣ ਕਰਨਾ, ਮੈਡੀਕਲ ਇੰਸ਼ੋਰੈਂਸ ਤੋਂ ਪੈਸੇ ਲੈਣ ਲਈ ਗਲਤ ਢੰਗ ਤਰੀਕੇ ਅਪਣਾਉਣਾ, ਝੂਠਾ ਰਿਕਾਰਡ ਬਣਾ ਕੇ ਬਿੱਲ ਪਾਉਣਾ ਤਾਂ ਜੋ ਵਧ ਤੋਂ ਵਧ ਪੈਸੇ ਕਮਾਏ ਜਾ ਸਕਣ ਤੇ ਮਰੀਜ਼ਾਂ ਦੇ ਇਲਾਜ ਦਾ ਰਿਕਾਰਡ ਠੀਕ ਤਰ੍ਹਾਂ ਨਾ ਰੱਖਣਾ ਆਦਿ ਦੋਸ਼ ਸ਼ਾਮਲ ਹਨ।
ਬੋਰਡ ਨੇ ਡਾਕਟਰ ਰਾਏ ਦਾ ਮੈਡੀਕਲ ਲਾਇਸੰਸ ਰੱਦ ਕਰਨ ਉਪਰੰਤ ਉਸ ਉਪਰ ਸਟੇਅ ਲਾ ਕੇ 5 ਸਾਲ ਲਈ ਪ੍ਰੋਬੇਸ਼ਨ ਮੁੜ ਬਹਾਲ ਕਰ ਦਿੱਤਾ ਹੈ। ਇਸ ਤਰਾਂ ਬੋਰਡ ਨੇ ਡਾਕਟਰ ਲਈ 5 ਸਾਲ ਦਾ ਪ੍ਰੋਬੇਸ਼ਨ ਸਮਾਂ ਤੈਅ ਕਰ ਦਿੱਤਾ ਹੈ। ਬੋਰਡ ਨੇ ਡਾਕਟਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਮੈਡੀਕਲ ਸਿੱਖਿਆ ਤੇ ਰਿਕਾਰਡ ਰੱਖਣ ਲਈ ਬਕਾਇਦਾ ਕਲਾਸਾਂ ਲਵੇ। ਉਸ ਨੂੰ ਮਰੀਜਾਂ ਨਾਲ ਨੈਤਿਕਤਾ ਨਾਲ ਪੇਸ਼ ਆਉਣ ਬਾਰੇ ਕੋਰਸ ਕਰਨਾ ਪਵੇਗਾ। ਬੋਰਡ ਨੇ ਡਾਕਟਰ ਦੀਆਂ ਗਤੀਵਿਧੀਆਂ ਉਪਰ ਨਜਰ ਰੱਖਣ ਲਈ ਉਸ ਉਪਰ ਇਕ ਨਿਗਰਾਨ ਲਗਾ ਦਿੱਤਾ ਹੈ। ਨਿਗਰਾਨ ਉਸ ਉਪਰ ਨਜ਼ਰ ਰੱਖੇਗਾ ਤੇ ਹਰ 3 ਮਹੀਨੇ ਬਾਅਦ ਬੋਰਡ ਨੂੰ ਰਿਪੋਰਟ ਦੇਵੇਗਾ। ਬੋਰਡ ਦੇ ਅਧਿਕਾਰੀ 5 ਸਾਲ ਦੌਰਾਨ ਕਿਸੇ ਵੀ ਸਮੇਂ ਕਲੀਨਿਕ ਵਿਚ ਆ ਕੇ ਰਿਕਾਰਡ ਆਦਿ ਚੈੱਕ ਕਰ ਸਕਦੇ ਹਨ। ਡਾਕਟਰ ਨੂੰ ਪ੍ਰੋਬੇਸ਼ਨ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਹਰ ਤਿਮਾਹੀ ਬਾਅਦ ਰਿਪੋਰਟ ਦੇਣੀ ਪਵੇਗੀ ਕਿ ਉਹ ਬੋਰਡ ਦੇ ਆਦੇਸ਼ ਅਨੁਸਾਰ ਕੰਮ ਕਰ ਰਿਹਾ ਹੈ। ਦਫਤਰ ਆਦਿ ਦੀ ਜਗ੍ਹਾ ਬਦਲਣ ਦੀ ਸੂਰਤ ਵਿਚ ਬੋਰਡ ਨੂੰ ਜਾਣਕਾਰੀ ਦੇਣੀ ਪਵੇਗੀ। 30 ਦਿਨ ਤੋਂ ਵਧ ਕੈਲੀਫੋਰਨੀਆ ਤੋਂ ਬਾਹਰ ਜਾਣ ਲਈ ਬੋਰਡ ਤੋਂ ਮਨਜ਼ੂਰੀ ਲੈਣੀ ਪਵੇਗੀ। ਜੇਕਰ ਉਹ ਪ੍ਰੋਬੇਸ਼ਨ ਸਮੇਂ ਦੌਰਾਨ ਕੋਈ ਕੁਤਾਹੀ ਕਰੇਗਾ ਤਾਂ ਉਸ ਦਾ ਮੈਡੀਕਲ ਲਾਇਸੰਸ ਰੱਦ ਕੀਤਾ ਜਾ ਸਕਦਾ ਹੈ।
ਦੱਖਣੀ ਮੈਕਸੀਕੋ 'ਚ ਭੂਚਾਲ ਨਾਲ ਘਬਰਾਏ ਲੋਕ
NEXT STORY