ਨਿਊਯਾਰਕ, (ਵਿਸ਼ੇਸ਼)- ਕੌਮਾਂਤਰੀ ਪੱਧਰ 'ਤੇ ਹੋਏ ਕਲੀਨਿਕਲ ਟ੍ਰਾਇਲਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੂਰੀ ਦੁਨੀਆ ਵਿਚ ਆਸਾਨੀ ਨਾਲ ਮੁਹੱਈਆ ਅਤੇ ਸਸਤੀ ਦਵਾਈ ਸਟੀਰਾਇਡ ਕੋਰੋਨਾ ਦੇ ਗੰਭੀਰ ਮਰੀਜ਼ਾਂ ਲਈ ਲਾਹੇਵੰਦ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਇਸ ਦੇ ਕਲੀਨਿਕਲ ਟ੍ਰਾਇਲ ਜਾਰੀ ਕਰਦੇ ਹੋਏ ਇਸ ਦਵਾਈ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਹੈ। ਡਬਲਿਊ.ਐੱਚ.ਓ. ਨੇ ਆਪਣੀ ਸਿਫਾਰਿਸ਼ ਵਿਚ ਕਿਹਾ ਹੈ ਕਿ ਕੋਰੋਨਾ ਕਾਰਣ ਗੰਭੀਰ ਬੀਮਾਰੀ ਨਾਲ ਜੂਝ ਰਹੇ ਮਰੀਜ਼ ਦੇ ਇਲਾਜ ਲਈ ਸਟੀਰਾਇਡ ਮਦਦਗਾਰ ਹੈ ਅਤੇ ਪੂਰੀ ਦੁਨੀਆ ਵਿਚ ਇਸ ਦੀ ਵਰਤੋਂ ਇਲਾਜ ਲਈ ਕੀਤੀ ਜਾ ਸਕਦੀ ਹੈ। ਸਟੀਰਾਇਡ ਦੀ ਦਵਾਈ ਨਾਲ 1700 ਮਰੀਜ਼ਾਂ 'ਤੇ 7 ਵੱਖ-ਵੱਖ ਥਾਵਾਂ 'ਤੇ 3 ਤਰ੍ਹਾਂ ਦੇ ਟ੍ਰਾਇਲ ਕੀਤੇ ਗਏ ਹਨ ਅਤੇ ਟ੍ਰਾਇਲ ਦੇ ਨਤੀਜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਤਿੰਨੋ ਟ੍ਰਾਇਲਸ ਵਿਚ ਵਰਤੋਂ ਕੀਤੀ ਗਈ ਦਵਾਈ ਦੇ ਇਸਤੇਮਾਲ ਨਾਲ ਮਰੀਜ਼ਾਂ ਦੀ ਮੌਤ ਦਾ ਜੋਖਮ ਘੱਟ ਹੋਇਆ ਹੈ।
ਇਸ ਸਬੰਧ ਵਿਚ ਹੋਈਆਂ ਤਿੰਨ ਸਟੱਡੀਜ਼ ਦੇ ਪੇਪਰ ਜਾਮਾ ਜਰਨਲ ਵਿਚ ਪ੍ਰਕਾਸ਼ਿਤ ਹੋਏ ਹਨ। ਇਸ ਦੇ ਨਾਲ ਹੀ ਜਰਨਲ ਦੀ ਸੰਪਾਦਕੀ ਵਿਚ ਲਿਖਿਆ ਗਿਆ ਹੈ ਕਿ ਇਹ ਖੋਜ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਹੈ। ਸੰਪਾਦਕੀ ਵਿਚ ਲਿਖਿਆ ਗਿਆ ਹੈ ਕਿ ਸਟੀਰਾਇਡ ਹੁਣ ਕੋਰੋਨਾ ਦੇ ਗੰਭੀਰ ਮਰੀਜ਼ਾਂ ਲਈ ਪਹਿਲੀ ਸਟੇਜ ਦਾ ਇਲਾਜ ਹੈ। ਫਿਲਹਾਲ ਗੰਭੀਰ ਰੂਪ ਨਾਲ ਬੀਮਾਰ ਮਰੀਜ਼ਾਂ ਲਈ ਹੁਣ ਤੱਕ ਰੇਮਡੀਸਿਵਰ ਦੀ ਵਰਤੋਂ ਕੀਤੀ ਜਾ ਰਹੀ ਸੀ।
ਡੈਕਸਾਮੇਥਾਸੋਨ, ਹਾਈਡ੍ਰੋਕੋਰਟੀਸੋਨ ਅਤੇ ਮਿਥਿਲਪ੍ਰੇਡਨੀਸੋਲੋਨ ਨਾਂ ਦੇ ਸਟੀਰਾਇਡ ਦੁਨੀਆ ਭਰ ਦੇ ਡਾਕਟਰਾਂ ਵਲੋਂ ਰੋਗਾਂ ਨਾਲ ਲੜਣ ਦੀ ਸਮਰੱਥਾ ਨੂੰ ਵਧਾਉਣ, ਸੋਜ ਘੱਟ ਕਰਨ ਅਤੇ ਦਰਦ ਨਿਵਾਰਕ ਤੌਰ 'ਤੇ ਇਸਤੇਮਾਲ ਕੀਤੇ ਜਾਂਦੇ ਹਨ। ਕੋਰੋਨਾ ਵਾਇਰਸ ਦੇ ਜ਼ਿਆਦਾਤਰ ਮਰੀਜ਼ ਕੋਰੋਨਾ ਕਾਰਣ ਨਹੀਂ ਸਗੋਂ ਇਨਫੈਕਸ਼ਨ ਪ੍ਰਤੀ ਸਰੀਰ ਵਲੋਂ ਦਿੱਤੀ ਜਾਣ ਵਾਲੀ ਗੈਰ ਜ਼ਰੂਰੀ ਪ੍ਰਤੀਕਿਰਿਆ ਦੇ ਚੱਲਦੇ ਦਮ ਤੋੜ ਰਹੇ ਹਨ। ਕਲੀਨਿਕਲ ਟ੍ਰਾਇਲ ਦੇ ਡਾਟਾ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਮਰੀਜ਼ਾਂ ਨੂੰ ਦਵਾਈ ਦੇ ਤੌਰ 'ਤੇ ਸਟੀਰਾਇਡ ਦਿੱਤਾ ਗਿਆ ਉਨ੍ਹਾਂ ਦੀ ਮੌਤ ਦਰ ਵਿਚ ਇਕ ਤਿਹਾਈ ਦੀ ਕਮੀ ਆਈ ਹੈ। ਇਨ੍ਹਾਂ ਵਿਚੋਂ ਡੈਕਸਾਮੇਥਾਸੋਨ ਨਾਂ ਦੇ ਸਟੀਰਾਇਡ ਦੀ ਵਰਤੋਂ ਨਾਲ ਬਿਹਤਰੀਨ ਨਤੀਜੇ ਸਾਹਮਣੇ ਆਏ ਹਨ।
ਇਹ ਦਵਾਈ ਕੁਲ 1282 ਮਰੀਜ਼ਾਂ ਨੂੰ ਦਿੱਤੀ ਗਈ ਅਤੇ ਇਸ ਦੀ ਵਰਤੋਂ ਨਾਲ ਮੌਤ ਦਰ 36 ਫੀਸਦੀ ਡਿੱਗ ਗਈ। ਜੂਨ ਵਿਚ ਆਕਸਫੋਰਡ ਯੂਨੀਵਰਸਿਟੀ ਨੇ ਖੁਲਾਸਾ ਕੀਤਾ ਸੀ ਕਿ ਡੈਕਸਾਮੇਥਾਸੋਨ ਨਾਂ ਦੀ ਸਟੀਰਾਇਡ ਕੋਰੋਨਾ ਕਾਰਣ ਹੋ ਰਹੀਆਂ ਮੌਤਾਂ ਨੂੰ ਰੋਕਣ ਵਿਚ ਮਦਦਗਾਰ ਹੋ ਸਕਦੀ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਹੋਰ ਸਸਤੇ ਸਟੀਰਾਇਡ ਵੀ ਇਸ ਦਿਸ਼ਾ ਵਿਚ ਕਾਰਗਰ ਸਿੱਧ ਹੋ ਸਕਦੇ ਹਨ। ਵੇਂਡਰਬਿਲਟ ਯੂਨੀਵਰਸਿਟੀ ਸਕੂਲ ਆਫ ਮੈਡੀਸਿਨ ਦੇ ਐਸੋਸੀਏਟ ਪ੍ਰੋਫੈਸਰ ਟੌਡ ਰਾਇਸ ਨੇ ਕਿਹਾ ਕਿ ਇਸ ਖੋਜ ਦੇ ਨਤੀਜਿਆਂ ਨਾਲ ਕੋਰੋਨਾ ਦੇ ਮਰੀਜ਼ਾਂ ਨੂੰ ਸਟੀਰਾਇਡ ਦੀ ਵਰਤੋਂ ਵਧਾਉਣ ਲਈ ਡਾਕਟਰਾਂ ਵਿਚ ਆਤਮ ਵਿਸ਼ਵਾਸ ਵਧੇਗਾ ਕਿਉਂਕਿ ਇਸ ਤੋਂ ਪਹਿਲਾਂ ਕੁਝ ਡਾਕਟਰ ਕੋਰੋਨਾ ਦੇ ਮਰੀਜ਼ਾਂ ਨੂੰ ਇਹ ਦਵਾਈ ਦੇਣ ਵਿਚ ਝਿਜਕ ਰਹੇ ਸਨ।
ਸਾਊਦੀ ਨੇ ਸਾਰੇ ਦੇਸ਼ਾਂ ਨੂੰ ਦਿੱਤੀ ਆਪਣੇ ਹਵਾਈ ਖੇਤਰ 'ਚੋਂ ਲੰਘਣ ਦੀ ਹਰੀ ਝੰਡੀ
NEXT STORY