ਚੰਡੀਗੜ੍ਹ(ਅਸ਼ਵਨੀ)-ਬਿਆਸ ਦਰਿਆ ਵਿਚ ਪ੍ਰਦੂਸ਼ਣ ਫੈਲਣ ਤੋਂ ਬਾਅਦ ਬੇਸ਼ੱਕ ਹੁਣ ਸਰਕਾਰ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਸਰਕਾਰੀ ਕਾਰਜਪ੍ਰਣਾਲੀ ਦਰਮਿਆਨ ਇਹ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਸਾਲ ਭਰ ਪਹਿਲਾਂ ਸਰਕਾਰ ਨੇ ਸਟੇਟ ਟ੍ਰੀਟਡ ਵਾਟਰ ਪਾਲਿਸੀ 2017 ਦਾ ਐਲਾਨ ਕਰਕੇ ਸੀਵਰੇਟ ਟ੍ਰੀਟਡ ਪਲਾਂਟ ਤੋਂ ਨਿਕਲਣ ਵਾਲੇ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦਾ ਦਾਅਵਾ ਕੀਤਾ ਸੀ। ਉਦੋਂ ਕਿਹਾ ਗਿਆ ਸੀ ਕਿ ਇਸ ਨਾਲ ਪਾਣੀ ਦਾ ਰੀਯੂਜ਼ ਹੋਵੇਗਾ ਤੇ ਗੰਦਾ ਪਾਣੀ ਦਰਿਆਵਾਂ ਵਿਚ ਨਹੀਂ ਘੁਲੇਗਾ। ਬਾਵਜੂਦ ਇਸ ਦੇ ਅੱਜ ਵੀ ਰੋਜ਼ਾਨਾ ਲੱਖਾਂ ਲਿਟਰ ਗੰਦਾ ਪਾਣੀ ਦਰਿਆਵਾਂ ਵਿਚ ਜਾ ਰਿਹਾ ਹੈ। ਅਜਿਹਾ ਇਸ ਲਈ ਹੈ ਕਿ ਸੂਬੇ ਵਿਚ ਰੋਜ਼ਾਨਾ ਕਰੀਬ 2120 ਮਿਲੀਅਨ ਲਿਟਰ ਗੰਦਾ ਪਾਣੀ ਨਿਕਲਦਾ ਹੈ ਪਰ ਇਸ ਵਿਚੋਂ ਸਿਰਫ਼ 250 ਐੱਮ. ਐੱਲ. ਡੀ. (ਮਿਲੀਅਨ ਲਿਟਰ ਪ੍ਰਤੀ ਦਿਨ) ਟ੍ਰੀਟਡ ਵੇਸਟ ਵਾਟਰ ਹੀ ਖੇਤਾਂ ਤੱਕ ਪਹੁੰਚ ਰਿਹਾ ਹੈ। ਪਾਲਿਸੀ ਵਿਚ ਦਾਅਵਾ ਕੀਤਾ ਗਿਆ ਸੀ ਕਿ ਸੀਵਰੇਜ ਟ੍ਰੀਟਡ ਪਲਾਂਟ ਨਾਲ ਖੇਤਾਂ ਦੀ ਸਿੰਚਾਈ ਲਈ ਵਿਵਸਥਾ ਕੀਤੀ ਜਾਵੇਗੀ ਪਰ ਸੀਵਰੇਜ ਟ੍ਰੀਟਮੈਂਟ ਤੋਂ ਨਿਕਲਣ ਵਾਲੇ ਸਿਰਫ਼ 103.5 ਐੱਮ. ਐੱਲ. ਡੀ. ਪਾਣੀ ਨੂੰ ਹੀ ਸਿੰਚਾਈ ਸਕੀਮ ਅਧੀਨ ਲਿਆਂਦਾ ਜਾ ਸਕਿਆ ਹੈ। ਉਥੇ ਹੀ, ਬਾਕੀ ਕਰੀਬ 148 ਐੱਮ. ਐੱਲ. ਡੀ. ਪਾਣੀ ਨੂੰ ਕਿਸਾਨ ਖੁਦ ਆਪਣੇ ਪੱਧਰ 'ਤੇ ਖੇਤਾਂ ਤੱਕ ਪਹੁੰਚਾ ਰਹੇ ਹਨ।
ਸਾਲ 'ਚ ਸਿਰਫ਼ 75 ਐੱਮ. ਐੱਲ. ਡੀ. ਪਾਣੀ ਹੀ ਹੋ ਸਕਿਆ ਸਾਫ਼
ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਗੱਲ ਕਰੀਏ ਤਾਂ ਸਾਲ ਵਿਚ ਸਰਕਾਰ ਸਿਰਫ਼ 75 ਮਿਲੀਅਨ ਲਿਟਰ ਪ੍ਰਤੀ ਦਿਨ (ਐੱਮ. ਐੱਲ. ਡੀ.) ਸੀਵਰੇਜ ਟ੍ਰੀਟਮੈਂਟ ਦਾ ਇੰਤਜ਼ਾਮ ਕਰ ਸਕੀ ਹੈ। ਮਈ, 2017 ਵਿਚ ਐਲਾਨੀ ਗਈ ਪਾਲਿਸੀ ਰਾਹੀਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਸਾਲ ਭਰ ਵਿਚ 435 ਐੱਮ. ਐੱਲ. ਡੀ. ਦੂਸ਼ਿਤ ਪਾਣੀ ਨੂੰ ਸਾਫ਼ ਕੀਤਾ ਜਾਵੇਗਾ ਤੇ 2018 ਦੌਰਾਨ ਸੂਬੇ ਵਿਚ ਕਰੀਬ 1740.6 ਐੱਮ. ਐੱਲ. ਡੀ. ਦੂਸ਼ਿਤ ਪਾਣੀ ਸਾਫ਼ ਹੋਣ ਲੱਗੇਗਾ ਕਿਉਂਕਿ ਸਰਕਾਰ ਪਹਿਲਾਂ ਹੀ 1305.6 ਐੱਮ. ਐੱਲ .ਡੀ. ਦੂਸ਼ਿਤ ਪਾਣੀ ਸਾਫ਼ ਕਰ ਰਹੀ ਹੈ। ਬਾਵਜੂਦ ਇਸ ਦੇ ਸਾਲ ਵਿਚ ਸਰਕਾਰ 75 ਐੱਮ. ਐੱਲ. ਡੀ. ਦੇ ਵਾਧੇ ਨਾਲ 1380 ਐੱਮ. ਐੱਲ. ਡੀ. ਦੂਸ਼ਿਤ ਪਾਣੀ ਸਾਫ਼ ਕਰਨ ਦਾ ਟੀਚਾ ਤੈਅ ਕਰ ਸਕੀ ਹੈ। ਇਸ ਅੰਕੜੇ 'ਤੇ ਵੀ ਪੰਜਾਬ ਪਾਲਿਊਸ਼ਨ ਕੰਟਰੋਲ ਬੋਰਡ ਨੇ ਸਵਾਲੀਆ ਨਿਸ਼ਾਨ ਲਾਇਆ ਹੋਇਆ ਹੈ।
ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਬੋਰਡ
ਪੰਜਾਬ ਪਾਲਿਊਸ਼ਨ ਕੰਟਰੋਲ ਬੋਰਡ ਦੇ ਮੈਂਬਰ ਸੈਕਟਰੀ ਪਵਨ ਗਰਗ ਦੀ ਮੰਨੀਏ ਤਾਂ ਪੰਜਾਬ ਵਿਚ ਜੋ ਵੀ ਸਰਕਾਰੀ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਏ ਗਏ ਹਨ, ਉਹ ਪਾਣੀ ਦੀ ਗੁਣਵੱਤਾ ਦੇ ਤੈਅ ਪੈਮਾਨਿਆਂ 'ਤੇ ਖਰੇ ਨਹੀਂ ਉਤਰਦੇ ਹਨ। ਸਰਕਾਰ ਦਾ ਦਾਅਵਾ ਹੈ ਕਿ ਸੂਬੇ ਵਿਚ 85 ਟ੍ਰੀਟਮੈਂਟ ਪਲਾਂਟ ਚੱਲ ਰਹੇ ਹਨ ਪਰ ਇਨ੍ਹਾਂ ਵਿਚੋਂ ਸਿਰਫ਼ 15 ਹੀ ਅਜਿਹੇ ਹਨ, ਜੋ ਦੂਸ਼ਿਤ ਪਾਣੀ ਨੂੰ ਸਹੀ ਤਰੀਕੇ ਨਾਲ ਸਾਫ਼ ਕਰ ਪਾ ਰਹੇ ਹਨ।
85 ਸੀਵਰੇਜ ਟ੍ਰੀਟਮੈਂਟ ਪਲਾਟਾਂ 'ਚੋਂ 18 ਜਾਂਚ-ਪੜਤਾਲ ਅਧੀਨ
ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੀ ਮੰਨੀਏ ਤਾਂ 85 ਸੀਵਰੇਜ ਟ੍ਰੀਟਮੈਂਟ ਪਲਾਟਾਂ ਵਿਚੋਂ ਅਜੇ 18 ਅਜਿਹੇ ਪਲਾਂਟ ਹਨ, ਜਿਨ੍ਹਾਂ ਦੀ ਜਾਂਚ ਪੜਤਾਲ ਹੋ ਰਹੀ ਹੈ। ਇਨ੍ਹਾਂ ਨੂੰ ਚਾਲੂ ਤਾਂ ਕਰ ਦਿੱਤਾ ਗਿਆ ਹੈ ਪਰ ਅਜੇ ਇਨ੍ਹਾਂ ਵਿਚੋਂ ਨਿੱਕਲਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਟੈਸਟ ਕੀਤਾ ਜਾ ਰਿਹਾ ਹੈ। ਇਸ ਲਈ ਇਨ੍ਹਾਂ ਨੂੰ ਪਾਣੀ ਦੀ ਗੁਣਵੱਤਾ ਲਈ ਤੈਅ ਪੈਮਾਨਿਆਂ 'ਤੇ ਖਰਾ ਨਹੀਂ ਮੰਨਿਆ ਜਾ ਸਕਦਾ।
ਪੰਜਾਬ ਸਰਕਾਰ ਦਾ ਸਟੈਂਡ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਆਫ਼ੀਸ਼ੀਅਲ ਤੌਰ 'ਤੇ ਨਹੀਂ ਦੇ ਸਕਦੇ ਸ਼ਹੀਦ ਦਾ ਦਰਜਾ
NEXT STORY