ਚੰਡੀਗੜ੍ਹ, (ਵਿਜੇ)- ਜਦੋਂ ਤੋਂ ਝੀਲ ਬਣੀ ਹੈ, ਉਦੋਂ ਤੋਂ ਉਸਦੀ ਸਮਰੱਥਾ 56 ਫ਼ੀਸਦੀ ਤਕ ਘੱਟ ਹੋਈ ਹੈ। ਝੀਲ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਡਿਗਿਆ ਹੈ। ਇਸ ਅੰਕੜੇ ਦੀ ਜਾਣਕਾਰੀ ਖੁਦ ਯੂ. ਟੀ. ਦੇ ਇੰਜੀਨੀਅਰਿੰਗ ਵਿਭਾਗ ਨੇ ਦਿੱਤੀ ਹੈ। ਡਿਪਾਰਟਮੈਂਟ ਨੇ ਇਸਦਾ ਮੁੱਖ ਕਾਰਨ ਮੀਂਹ ਦਾ ਲੋੜੀਂਦੀ ਮਾਤਰਾ 'ਚ ਨਾ ਪੈਣਾ, ਵਧਦੀ ਗਰਮੀ ਤੇ ਸਿਲਟ ਦੱਸਿਆ ਹੈ। ਹੁਣ ਸੁੰਗੜਦੀ ਸੁਖਨਾ ਨੂੰ ਜੀਵਨ ਦਾਨ ਦੇਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਹੀ ਕਾਰਨ ਹੈ ਕਿ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ 9 ਮਹੀਨਿਆਂ 'ਚ ਕਿਸ਼ਨਗੜ੍ਹ ਵਿਚ ਸੀਵਰੇਜ ਟਰੀਟਮੈਂਟ ਪਲਾਂਟ (ਐੱਸ. ਟੀ. ਪੀ.) ਲਾਉਣ ਲਈ ਪ੍ਰਸ਼ਾਸਨ ਤੇ ਏਜੰਸੀਆਂ ਨੂੰ ਆਪਣੇ ਪ੍ਰਪੋਜ਼ਲ ਜਮ੍ਹਾ ਕਰਵਾਉਣ ਲਈ ਕਿਹਾ ਹੈ।
ਦਰਅਸਲ ਹਰ ਸਾਲ ਸੁਖਨਾ 'ਚ ਪਾਣੀ ਦੀ ਸਪਲਾਈ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਹੁਣ ਮੀਂਹ 'ਤੇ ਨਿਰਭਰ ਨਹੀਂ ਰਹਿਣਾ ਚਾਹੁੰਦਾ ਹੈ। 140 ਹੈਕਟੇਅਰ ਏਰੀਏ 'ਚ ਬਣੀ ਸੁਖਨਾ ਝੀਲ ਨੂੰ ਭਾਰਤ ਸਰਕਾਰ ਵਲੋਂ ਵੀ ਪ੍ਰੋਟੈਕਟਿਡ ਨੈਸ਼ਨਲ ਵੈੱਟਲੈਂਡ ਐਲਾਨਿਆ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਪ੍ਰਸ਼ਾਸਨ ਲਈ ਝੀਲ ਦੀ ਹੋਂਦ ਨੂੰ ਬਚਾਈ ਰੱਖਣ ਦੀ ਚੁਣੌਤੀ ਬਣ ਗਈ ਹੈ। ਖਾਸ ਗੱਲ ਇਹ ਹੈ ਕਿ ਜੋ ਐੱਸ. ਟੀ. ਪੀ. ਪ੍ਰਸ਼ਾਸਨ ਲਾਉਣ ਜਾ ਰਿਹਾ ਹੈ, ਉਸ ਨਾਲ ਆਉਣ ਵਾਲੇ 12 ਸਾਲਾਂ ਤਕ ਸੁਖਨਾ ਵਿਚ ਪਾਣੀ ਦਾ ਪੱਧਰ ਕਦੇ ਘੱਟ ਨਹੀਂ ਹੋਵੇਗਾ। ਪ੍ਰਸ਼ਾਸਨ ਵਲੋਂ ਐੱਸ. ਟੀ. ਪੀ. ਲਾਉਣ ਦਾ ਪ੍ਰਾਜੈਕਟ ਪੀ. ਪੀ. ਪੀ. ਮੋਡ 'ਤੇ ਲਿਆਇਆ ਜਾ ਰਿਹਾ ਹੈ। ਐੈੱਸ. ਟੀ. ਪੀ. ਦੀ ਸਮਰੱਥਾ 2.0 ਐੱਮ. ਐੱਲ. ਡੀ. ਕੀਤੀ ਹੋਵੇਗੀ।
1 ਸਾਲ 'ਚ ਮਿਲੇਗਾ 5 ਲੱਖ ਲਿਟਰ ਪਾਣੀ
ਕਿਸ਼ਨਗੜ੍ਹ 'ਚ ਇਹ ਐੱਸ. ਟੀ. ਪੀ. ਇੰਨੀ ਜ਼ਿਆਦਾ ਸਮਰੱਥਾ ਵਾਲਾ ਹੋਵੇਗਾ ਕਿ ਇਸ ਤੋਂ ਹਰ ਸਾਲ 5 ਲੱਖ 80 ਹਜ਼ਾਰ ਕਿ. ਲਿ. ਪਾਣੀ ਟਰੀਟ ਹੋ ਸਕੇਗਾ। ਸੁਖਨਾ 'ਚ ਪਾਉਣ ਤੋਂ ਇਲਾਵਾ ਇਸ ਪਾਣੀ ਦੀ ਵਰਤੋਂ ਸ਼ਹਿਰ ਦੇ ਹੋਰ ਹਿੱਸਿਆਂ 'ਚ ਵੀ ਕੀਤੀ ਜਾਵੇਗੀ। ਜੋ ਪੀਣ ਵਾਲਾ ਪਾਣੀ ਪਿਛਲੇ ਸਾਲ ਸੁਖਨਾ 'ਚ ਪਾਇਆ ਗਿਆ ਸੀ, ਉਸਦੀ ਵਰਤੋਂ ਹੁਣ ਡੋਮੈਸਟਿਕ ਸਪਲਾਈ ਲਈ ਕੀਤੀ ਜਾਵੇਗੀ।
ਜਲ ਜੀਵਨ ਨੂੰ ਨਹੀਂ ਹੋਵੇਗਾ ਨੁਕਸਾਨ
ਪ੍ਰਸ਼ਾਸਨ ਵਲੋਂ ਸ਼ਰਤ ਲਾਈ ਗਈ ਹੈ ਕਿ ਪਾਣੀ ਨੂੰ ਇੰਨਾ ਟਰੀਟ ਕੀਤਾ ਜਾਵੇ ਕਿ ਜਲ ਜੀਵਨ ਨੂੰ ਨੁਕਸਾਨ ਨਾ ਪਹੁੰਚੇ। ਇਸ ਨਾਲ ਹੀ ਅਨਚਾਹੇ ਪਲਾਂਟ ਤੇ ਵੀਡ ਨੂੰ ਵੀ ਰੋਕਿਆ ਜਾ ਸਕੇਗਾ। ਰੈਵੇਨਿਊ ਵਜੋਂ ਕਾਮਯਾਬ ਬਿਡਰ ਨੂੰ ਇੰਜੀਨੀਅਰਿੰਗ ਵਿਭਾਗ ਵਲੋਂ ਟਰੀਟਡ ਵਾਟਰ ਦੀ ਕਾਸਟ ਦਿੱਤੀ ਜਾਵੇਗੀ।
ਪਾਣੀ ਦੀ ਜਾਂਚ ਲਈ ਲੱਗਣਗੇ ਆਨਲਾਈਨ ਡਿਵਾਈਸ
ਜੋ ਪਾਣੀ ਝੀਲ 'ਚ ਪਾਇਆ ਜਾ ਰਿਹਾ ਹੈ, ਉਹ ਸ਼ੁੱਧ ਵੀ ਹੈ ਜਾਂ ਨਹੀਂ, ਇਸ ਲਈ ਕੁਆਲਟੀ ਨੂੰ ਚੈੱਕ ਕਰਨ ਲਈ ਆਨਲਾਈਨ ਡਿਵਾਈਸ ਵੀ ਸਾਈਟ 'ਚ ਇੰਸਟਾਲ ਕਰਨੇ ਹੋਣਗੇ। ਟਰੀਟਡ ਪਾਣੀ ਨੂੰ ਸਟੋਰ ਕਰਨ ਲਈ 5 ਲੱਖ ਲਿਟਰ ਸਮਰੱਥਾ ਵਾਲਾ ਆਰ. ਸੀ. ਸੀ. (ਯੂ. ਜੀ. ਆਰ.) ਅੰਡਰਗਰਾਊਂਡ ਰਿਜ਼ਵਾਇਰ ਵੀ ਬਣੇਗਾ। ਸੀਵਰੇਜ ਦੇ ਪਾਣੀ ਤੇ ਟਰੀਟਡ ਪਾਣੀ ਦੀ ਜਾਂਚ ਕਰਨ ਲਈ ਇਲੈਕਟ੍ਰੋਮੈਗ੍ਰੈਟਿਕ ਲੋਅ ਮੀਟਰ ਵੀ ਲੱਗਣਗੇ। ਏਜੰਸੀ ਹੀ ਪਾਣੀ ਨੂੰ ਸੁਖਨਾ ਝੀਲ ਤਕ ਪਹੁੰਚਾਉਣ ਦਾ ਸਾਰਾ ਖਰਚਾ ਚੁੱਕੇਗੀ। ਇਸ ਲਈ ਇੰਜੀਨੀਅਰਿੰਗ ਵਿਭਾਗ ਪ੍ਰਤੀ ਕਿ. ਲਿ. ਪਾਣੀ ਦੇ ਹਿਸਾਬ ਨਾਲ ਅਦਾ ਕਰੇਗਾ।
12 ਸਾਲਾਂ ਬਾਅਦ ਪ੍ਰਸ਼ਾਸਨ ਸੰਭਾਲੇਗਾ ਐੱਸ. ਟੀ. ਪੀ.
ਏਜੰਸੀ ਨਾਲ ਪ੍ਰਸ਼ਾਸਨ ਦਾ ਕੰਟਰੈਕਟ ਆਉਣ ਵਾਲੇ 12 ਸਾਲਾਂ ਦਾ ਹੋਵੇਗਾ। ਮਤਲਬ 12 ਸਾਲਾਂ ਤਕ ਐੱਸ. ਟੀ. ਪੀ. ਨੂੰ ਆਪ੍ਰੇਟ ਤੇ ਉਸਦੀ ਮੇਂਟੀਨੈਂਸ ਦੀ ਜ਼ਿੰਮੇਵਾਰੀ ਏਜੰਸੀ ਦੀ ਹੋਵੇਗੀ। ਇਸ ਤੋਂ ਬਾਅਦ ਚਾਲੂ ਹਾਲਤ 'ਚ ਐੱਸ. ਟੀ. ਪੀ. ਇੰਜੀਨੀਅਰਿੰਗ ਵਿਭਾਗ ਨੂੰ ਸੌਂਪਣਾ ਹੋਵੇਗਾ। ਇਸ ਤੋਂ
ਬਾਅਦ ਜਾਂ ਤਾਂ ਵਿਭਾਗ ਖੁਦ ਇਸਨੂੰ ਆਪ੍ਰੇਟ ਕਰੇਗਾ ਜਾਂ ਕਿਸੇ ਹੋਰ ਏਜੰਸੀ ਨੂੰ ਇਸਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ।
ਪਿਛਲੇ 17 ਸਾਲਾਂ ਤੋਂ ਹੁਣ ਤਕ ਸੁਖਨਾ ਦਾ ਵਾਟਰ ਲੈਵਲ
ਸਾਲ ਲੈਵਲ
2000 1159. 30
2001 1161. 10
2002 1161. 10
2003 1163. 35
2004 1163. 50
2005 1162. 40
2006 1156. 40
2007 1157. 70
2008 1163. 95
2009 1159. 23
2010 1162.05
2011 1156.55
2012 1162. 9
2013 1161. 65
2014 1157. 0
2015 1160. 05
2016 1158. 00
2017 1161. 90
ਨੌਜਵਾਨ ਨੂੰ ਘੇਰ ਕੇ ਢਿੱਡ 'ਚ ਮਾਰਿਆ ਚਾਕੂ
NEXT STORY