ਬਲਜਿੰਦਰ ਮਾਨ
98150-18947
ਰੌਚਿਕ ਬਾਲ ਸਾਹਿਤ ਬੱਚਿਆਂ ਦਾ ਇਕ ਵਧੀਆ ਸਾਥੀ ਹੁੰਦਾ ਹੈ ਪਰ ਅਜੋਕੇ ਸਮੇਂ ਵਿਚ ਸਾਰਾ ਸੰਸਾਰ ਟੀ.ਵੀ ਅਤੇ ਮੋਬਾਇਲ ਦੀ ਜਕੜ ਵਿਚ ਫਸਿਆ ਹੋਇਆ ਹੈ। ਕਿਸੇ ਕੋਲ ਵੀ ਕੋਈ ਚੰਗੀ ਕਿਤਾਬ ਜਾਂ ਰਸਾਲਾ ਪੜ੍ਹਨ ਦਾ ਵਿਹਲ ਨਹੀਂ। ਬਹੁਤੇ ਲੋਕ ਤਾਂ ਅਖ਼ਬਾਰ ਵੀ ਦੌੜੇ ਜਾਂਦੇ ਹੀ ਪੜ੍ਹਦੇ ਹਨ। ਪੜ੍ਹਨ ਦੀ ਰੁਚੀ ਘੱਟਣ ਦਾ ਕਾਰਨ ਰੌਚਿਕ ਅਤੇ ਸਸਤਾ ਸਾਹਿਤ ਉਪਲੱਬਧ ਨਾ ਹੋਣਾ ਹੈ। ਇਸੇ ਕਰਕੇ ਬਹੁਤੇ ਮਾਪੇ ਇਸਦੀ ਕਦਰ ਹੀ ਨਹੀਂ ਜਾਣਦੇ। ਹਰ ਮਾਂ ਵਿਹਲੇ ਸਮੇਂ ਵਿਚ ਬੱਚੇ ਨੂੰ ਟੀ.ਵੀ. ਨਾਲ ਜੋੜਦੀ ਹੈ ਨਾ ਕਿ ਬਾਲ ਸਾਹਿਤ ਨਾਲ। ਵਿਦੇਸ਼ਾਂ ਵੱਲ ਝਾਤੀ ਮਾਰੀਏ ਤਾਂ ਉੱਥੇ ਬੱਚੇ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉੱਤਮ ਦਰਜੇ ਦਾ ਬਾਲ ਸਾਹਿਤ ਮੁਹੱਈਆ ਕਰਵਾਈਆ ਜਾਂਦਾ ਹੈ। ਲਾਈਬ੍ਰੇਰੀ ਜਾਓ ਤਾਂ ਹਰ ਬਾਲ ਮਨ ਦੇ ਹਾਣ ਦੀ ਪੁਸਤਕ ਮਿਲੇਗੀ। ਘਰਾਂ ਵਿਚ ਜਾਓ ਤਾਂ ਮਹਿੰਗੇ ਖਿਡਾਉਣਿਆਂ ਦੀ ਬਜਾਏ ਕੀਮਤੀ ਪੁਸਤਕਾਂ ਮਿਲਣਗੀਆਂ।
ਅਸਲ ਵਿਚ ਉੱਥੋਂ ਦੇ ਲੋਕ ਅਤੇ ਸਰਕਾਰਾਂ ਬਾਲ ਸਾਹਿਤ ਦੀ ਮਹੱਤਤਾ ਨੂੰ ਭਲੀ ਭਾਂਤ ਜਾਣਦੇ ਹਨ। ਉਨ੍ਹਾਂ ਤੋਂ ਉਲਟ ਸਾਡੇ ਦੇਸ਼ ਵਿਚ ਦਿਖਾਵੇ ਵਾਲੇ ਸਾਰੇ ਕੰਮ ਕੀਤੇ ਜਾਂਦੇ ਹਨ। ਖਾਸ ਕਰਕੇ ਪੰਜਾਬ ਵਿਚ ਖੁੱਲ੍ਹੇ ਦਿਲਾਂ ਵਾਲੇ ਪੰਜਾਬੀ ਹਜ਼ਾਰਾਂ ਰੁਪੇ ਦੀਆਂ ਸ਼ਰਾਬ ਤਾਂ ਪੀ ਲੈਂਦੇ ਹਨ ਪਰ ਆਪਣੇ ਬੱਚੇ ਨੂੰ ਇਕ ਵਧੀਆ ਰਸਾਲਾ ਖਰੀਦ ਕੇ ਨਹੀਂ ਦਿੰਦੇ। ਬਹੁਤ ਥੋੜ੍ਹੇ ਘਰ ਹਨ, ਜਿਨਾਂ ਵਿਚ ਬੱਚਿਆਂ ਨੂੰ ਉਮਰ ਗੁੱਟ ਅਨੁਸਾਰ ਕਿਤਾਬਾਂ ਅਤੇ ਰਸਾਲੇ ਦਿੱਤੇ ਜਾਂਦੇ ਹਨ ਜਦਕਿ ਬੱਚੇ ਦੇ ਵਿਕਾਸ ਵਿਚ ਬਾਲ ਸਾਹਿਤ ਦੀ ਅਹਿਮ ਭੂਮਿਕਾ ਹੈ। ਗਿਆਨ ਦੀ ਅਸਲੀ ਜੋਤ ਤਾਂ ਬਾਲ ਪੁਸਤਕਾਂ ਰਾਹੀਂ ਹੀ ਜਗ ਮਗ, ਜਗ ਮਗ ਕਰਨ ਲਗਦੀ ਹੈ।
ਜਦੋਂ ਅਸੀਂ ਬੋਲਣਾ ਸਿੱਖ ਰਹੇ ਬਾਲ ਦੇ ਹੱਥ ਚਿੱਤਰਾਂ ਵਾਲੀ ਕਿਤਾਬ ਦਿੰਦੇ ਹਾਂ ਤਾਂ ਉਸਦੀ ਜ਼ੁਬਾਨ ਦਾ ਵਿਕਾਸ ਹੁੰਦਾ ਹੈ। ਉਹ ਇਨ੍ਹਾਂ ਪੰਛੀਆਂ ਅਤੇ ਜਾਨਵਰਾਂ ਦੇ ਨਾਮ ਲੈਣ ਦਾ ਅਭਿਆਸ ਕਰਦਾ ਹੈ। ਥੋੜ੍ਹੇ ਸਮੇਂ ਬਾਅਦ ਉਹ ਇਨ੍ਹਾਂ ਬਾਰੇ ਸਵਾਲ ਵੀ ਕਰਨ ਲੱਗ ਪੈਂਦਾ ਹੈ, ਜਿਸ ਨਾਲ ਉਸ ਅੰਦਰ ਜਾਨਣ ਦੀ ਇੱਛਾ ਵੱਧ ਜਾਂਦੀ ਹੈ। ਇਸੇ ਤਰਾਂ ਸ਼ਬਦਾਂ ਨੂੰ ਜਾਨਣ ਤੋਂ ਪਹਿਲਾਂ ਉੁਹ ਚਿੱਤਰਾਂ ਰਾਹੀਂ ਬਹੁਤ ਸਾਰੀਆਂ ਕਹਾਣੀਆਂ ਬਾਰੇ ਜਾਣਕਾਰੀ ਹਾਸਿਲ ਕਰ ਲੈਂਦਾ ਹੈ। ਜਦੋਂ ਬੱਚਾ ਸਕੂਲ ਜਾਣ ਲੱਗ ਪੈਂਦਾ ਹੈ ਤਾਂ ਉਸ ਉਤੇ ਸਿਲੇਬਸ ਦੀਆਂ ਪੁਸਤਕਾਂ ਦਾ ਬੋਝ ਪਾ ਦਿੱਤਾ ਜਾਂਦਾ ਹੈ। ਇਸ ਸਭ ਕਾਸੇ ਦੇ ਬਾਵਜੂਦ ਬੱਚੇ ਦਾ ਮਨੋਰੰਜਕ ਸੰਸਾਰ ਘਰ ਅਤੇ ਸਕੂਲ ਵਿਚ ਵਸਦਾ ਰਹਿਣਾ ਚਾਹੀਦਾ ਹੈ। ਮਾਪੇ ਉਸ ਨਾਲ ਸਮਾਂ ਗੁਜ਼ਾਰਨ। ਉਸਨੂੰ ਉਸਦੀ ਉਮਰ ਦੀਆਂ ਕਹਾਣੀਆਂ ਸੁਣਾਕੇ ਅਤੇ ਉਸ ਅੰਦਰ ਜੀਵਨ ਦੀਆਂ ਉਚੇਰੀਆਂ ਕਦਰਾਂ ਕੀਮਤਾਂ ਭਰਨ।
ਇਸ ਵਾਸਤੇ ਬਹੁਤੀ ਖੇਚਲ ਨਹੀਂ ਕਰਨੀ ਪੈਂਦੀ। ਬਸ ਥੋੜ੍ਹਾ ਧਿਆਨ ਲਗਾਕੇ ਉਸਨੂੰ ਸਮਾਂ ਦੇਣਾ ਹੁੰਦਾ ਹੈ। ਜਦੋਂ ਬੱਚਾ ਖੁਦ ਪੜ੍ਹਨ ਯੋਗ ਹੋ ਜਾਂਦਾ ਹੈ ਤਾਂ ਫਿਰ ਸਾਰੀ ਚਿੰਤਾ ਹੀ ਮੁੱਕ ਗਈ। ਬਸ ਉਸਦੀ ਵਿਕਾਸ ਕਰ ਰਹੀ ਰੂਚੀ ਦੇ ਅਨੁਸਾਰ ਉਸਨੂੰ ਕਿਤਾਬਾਂ ਦਿੱਤੀਆਂ ਜਾਣ। ਇਸ ਕਾਰਜ ਲਈ ਤੁਸੀਂ ਕਿਸੇ ਲਿਖਾਰੀ ਜਾਂ ਅਧਿਆਪਕ ਨਾਲ ਸਲਾਹ ਮਸ਼ਵਰਾ ਕਰ ਸਕਦੇ ਹੋ। ਬੱਚੇ ਦੀ ਅਸਲ ਗੁਰੂ ਮਾਤਾ ਹੀ ਹੁੰਦੀ ਹੈ। ਉਸਦਾ ਸਕੂਲ ਘਰ ਹੁੰਦਾ ਹੈ। ਬਹੁਤ ਸਾਰੀਆਂ ਗੱਲਾਂ ਉਸਨੇ ਘਰ ਵਿਚ ਸਿੱਖਣੀਆਂ ਹੁੰਦੀਆਂ ਹਨ। ਇਨ੍ਹਾਂ ਗੱਲਾਂ ਦਾ ਵਿਕਾਸ ਸਕੂਲ ਵਿਚ ਜਾਕੇ ਹੋਣਾ ਹੁੰਦਾ ਹੈ। ਉਸਦੀ ਅਸਲੀ ਬੁਨਿਆਦ ਤਾਂ ਘਰ ਵਿਚ ਹੀ ਰੱਖੀ ਜਾਂਦੀ ਹੈ।
ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪੜ੍ਹੀ ਲਿਖੀ ਮਾਂ ਵਿਚ ਯੂਨੀਵਰਸਿਟੀ ਹੁੰਦੀ ਹੈ। ਭਾਵ ਬੱਚੇ ਨੇ ਸਰਵਪੱਖੀ ਗਿਆਨ ਮਾਂ ਪਾਸੋਂ ਹੀ ਮਿਲਣਾ ਹੁੰਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਸੋਚ ਨੂੰ ਉਸਾਰੂ ਦਿਸ਼ਾ ਵੱਲ ਤੋਰਨ ਲਈ ਬਾਲ ਸਾਹਿਤ ਦਾ ਭੰਡਾਰ ਦੇਣ। ਅੰਗਰੇਜ਼ੀ ਹਿੰਦੀ ਭਾਸ਼ਾ ਵਿਚ ਤਾਂ ਬਹੁਤ ਸਾਰੇ ਰਸਾਲੇ ਛਪਦੇ ਹਨ ਪਰ ਪੰਜਾਬੀ ਵਿਚ ਸਿਰਫ ਤਿੰਨ ਚਾਰ ਰਸਾਲੇ ਹੀ ਨਿਰੰਤਰ ਛਪ ਰਹੇ ਹਨ।ਸੂਝਵਾਨ ਮਾਪੇ ਆਪਣੇ ਲਾਡਲੇ ਲਾਡਲੀਆਂ ਨੂੰ ਇਨ੍ਹਾਂ ਰਸਾਲਿਆਂ ਤੋਂ ਵਿਰਵੇਂ ਨਾ ਰੱਖਣ। ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਤੋਂ ਪ੍ਰਾਇਮਰੀ ਸਿੱਖਿਆ ਅਤੇ ਪੰਖੜੀਆਂ, ਸੁਰ ਸੰਗਮ ਵਿਦਿਅਕ ਟਰੱਸਟ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਨਿੱਕਿਆਂ ਕਰੂੰਬਲਾਂ ਅਤੇ ਹੰਸਤੀ ਦੁਨੀਆ ਨਵੀਂ ਦਿੱਲੀ ਤੋਂ ਬਾਲ ਰਸਾਲੇ ਮੰਗਵਾਏ ਜਾ ਸਕਦੇ ਹਨ। ਪਿਛਲੇ ਕੁਝ ਸਾਲਾਂ ਤੋਂ ਪੁਸਤਕ ਲੜੀ ਵਿਚ ਬਾਲ ਪੁਸਤਕਾਂ ਤਨੀਸ਼ਾ-ਸਾਬੀ ਈਸਪੁਰੀ, ਆੜੀ-ਪ੍ਰੇਮ ਸਰੂਪ ਛਾਜਲੀ ਵਲੋਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ।

ਜੇਕਰ ਅਜੇ ਅਸੀਂ ਬਾਲ ਪੁਸਤਕਾਂ ਲੱਭਣ ਦੇ ਯੋਗ ਨਹੀਂ ਤਾਂ ਸਾਨੂੰ ਉਨ੍ਹਾਂ ਤੱਕ ਪੁੱਜਣ ਦਾ ਰਾਹ ਇਨ੍ਹਾਂ ਬਾਲ ਰਸਾਲਿਆਂ ਵਿਚੋਂ ਮਿਲ ਸਕਦਾ ਹੈ। ਗਿਆਨ ਵਿਗਿਆਨ, ਕਲਾ, ਸਿੱਖਿਆ, ਖੇਡਾਂ, ਕਹਾਣੀਆਂ ਆਦਿ ਵਿਸ਼ਿਆਂ ਬਾਰੇ ਇਹ ਰਸਾਲੇ ਰੌਚਿਕ ਜਾਣਕਾਰੀ ਦਿੰਦੇ ਹਨ। ਸਾਡੀ ਅਮੀਰੀ ਮਹਿੰਗੇ ਖਿਡਾਉਣਿਆਂ ਵਿਚ ਨਹੀਂ ਹੈ ਸਗੋ ਬੱਚੇ ਨੂੰ ਉੱਚੀਆਂ ਕਦਰਾਂ ਕੀਮਤਾਂ ਨਾਲ ਜੋੜਨ ਵਾਲੀਆਂ ਪੁਸਤਕਾਂ ਅਤੇ ਰਸਾਲਿਆਂ ਨਾਲ ਹੈ। ਪੁਸਤਕਾਂ ਬੱਚਿਆਂ ਨਾਲ ਕਦੀ ਧੋਖਾ ਨਹੀਂ ਕਰਦੀਆਂ ਉਹ ਤਾਂ ਆਖਰੀ ਸਾਹਾਂ ਤਕ ਸਾਥ ਨਿਭਾਉਂਦੀਆਂ ਹਨ। ਸੋ ਹਰ ਮਾਪੇ ਦਾ ਇਹ ਜਿੰਮਾ ਹੈ ਕਿ ਬੱਚੇ ਦੇ ਸਹੀ ਵਿਕਾਸ ਲਈ ਉਸਨੂੰ ਬਾਲ ਸਾਹਿਤ ਨਾਲ ਜੋੜੇ। ਬਹੁਤ ਸਾਰੇ ਮਹਾਨ ਪੁਰਸ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰਾਪਤੀ ਵਿਚ ਘਰ ਦੇ ਮਾਹੌਲ ਅਤੇ ਬਚਪਨ ਵਿਚ ਪੜ੍ਹੇ ਬਾਲ ਸਾਹਿਤ ਦਾ ਅਹਿਮ ਸਥਾਨ ਹੈ।
ਇਸ ਲਈ ਅਸੀਂ ਵੀ ਆਪਣੇ ਭਵਿੱਖ ਨੂੰ ਬਾਲ ਸਾਹਿਤ ਦੀ ਪਿਉਂਦ ਚੜ੍ਹਾ ਕੇ ਮਨ ਚਾਹੇ ਰਾਹਾਂ ਦੇ ਪਾਂਧੀ ਬਣਾ ਸਕਦੇ ਹਾਂ। ਬੱਚੇ ਦੇ ਜਨਮ ਦਿਨ ’ਤੇ ਇੱਕ ਰੁੱਖ ਲਗਾਕੇ ਪੁਸਤਕਾਂ ਦੇ ਤੋਹਫੇ ਦਿਓ। ਅਸਲ ਵਿਚ ਇਹ ਉਸਦੇ ਜੀਵਨ ਸਰਮਾਏ ਵਿਚ ਵਾਧਾ ਕਰਨ ਵਾਲੀ ਪੁੰਜੀ ਹਨ। ਖਿਡਾਉਣੇ ਅਤੇ ਕੱਪੜੇ ਤਾਂ ਟੁੱਟ ਜਾਂ ਮੁੱਕ ਜਾਣਗੇ ਪਰ ਪੁਸਤਕਾਂ ਦੁਆਰਾ ਸਿੱਖੀਆਂ ਗੱਲਾਂ ਉਸਨੂੰ ਜੀਵਨ ਸੰਗਰਾਮ ਵਿਚ ਸਫਲਤਾ ਪ੍ਰਦਾਨ ਕਰਨਗੀਆਂ। ਇਸ ਲਈ ਅਜ ਤੋਂ ਹੀ ਇਹ ਕਾਰਜ ਅਰੰਭ ਕਰ ਦਿਉ। ਬੱਚੇ ਦੀ ਉਮਰ ਅਤੇ ਰੁਚੀ ਅਨੁਸਾਰ ਉਸਨੂੰ ਬਾਲ ਸਾਹਿਤ ਦੇ ਬਗੀਚੇ ਵਿਚ ਛੱਡ ਦਿਓ। ਉਹ ਫੁੱਲਾਂ ਨਾਲ ਖੇਡੇਗਾ ਅਤੇ ਤੰਦਰੁਸਤੀ ਨਾਲ ਵਧੇ ਫੁੱਲੇਗਾ। ਮਨ ਦੀ ਬਾਦਸ਼ਾਹੀ ਹੀ ਵਿਕਾਸ ਦਾ ਸਹੀ ਰਾਹ ਹੁੰਦੀ ਹੈ।
ਸੰਪਾਦਕ ਨਿੱਕੀਆਂ ਕਰੂੰਬਲਾਂ, ਕਰੂੰਬਲਾਂ ਭਵਨ ਮਾਹਿਲਪੁਰ, ਜ਼ਿਲਾ :ਹੁਸ਼ਿਆਰਪੁਰ ੧੪੬੧੦੫
ਆਸਟ੍ਰੇਲੀਆ 'ਚ 11 ਕਰੋੜ ਸਾਲ ਪੁਰਾਣੇ ਟੂਥਲੈੱਸ ਡਾਇਨਾਸੋਰ ਦੀ ਖੋਜ
NEXT STORY