ਵੈੱਬ ਡੈਸਕ - ਮਾਂ ਬਣਨਾ ਔਰਤ ਦੀ ਜ਼ਿੰਦਗੀ ਦਾ ਸਭ ਤੋਂ ਸੁਖਦਾਈ ਅਹਿਸਾਸ ਹੁੰਦਾ ਹੈ ਪਰ ਜਦੋਂ ਕੋਈ ਔਰਤ ਪਹਿਲੀ ਵਾਰ ਮਾਂ ਬਣਦੀ ਹੈ ਤਾਂ ਉਸ ਨੂੰ ਕਈ ਚੰਗੇ-ਮਾੜੇ ਅਨੁਭਵ ਹੁੰਦੇ ਹਨ। ਪਹਿਲੀ ਗਰਭ ਅਵਸਥਾ ’ਚ, ਬਹੁਤ ਸਾਰੀਆਂ ਔਰਤਾਂ ਇਸ ਦੇ ਲੱਛਣਾਂ ਨੂੰ ਸਮਝਣ ’ਚ ਅਸਮਰੱਥ ਹੁੰਦੀਆਂ ਹਨ ਅਤੇ ਪਹਿਲੇ 1-2 ਮਹੀਨਿਆਂ ਤੱਕ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੇ ਗਰਭ ਧਾਰਨ ਕਰ ਲਿਆ ਹੈ। ਕਈ ਵਾਰ ਔਰਤ ਨੂੰ ਮਾਹਵਾਰੀ ਤੋਂ ਪਹਿਲਾਂ ਦੀ ਤਰ੍ਹਾਂ ਕੜਵੱਲ ਅਤੇ ਥਕਾਵਟ ਦਾ ਅਨੁਭਵ ਹੁੰਦਾ ਹੈ, ਬਹੁਤ ਸਾਰੀਆਂ ਗੱਲਾਂ ਸਮਝ ਨਹੀਂ ਆਉਂਦੀਆਂ, ਜਦੋਂ ਕਿ ਪਹਿਲੀ ਗਰਭ ਅਵਸਥਾ ’ਚ, ਇਕ ਔਰਤ ਨੂੰ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ, ਖਾਸ ਤੌਰ 'ਤੇ ਖਾਣ-ਪੀਣ ਵੱਲ। ਆਓ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਸੀਂ ਪਹਿਲੀ ਵਾਰ ਗਰਭਵਤੀ ਹੋ ਰਹੇ ਹੋ ਤਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਪਹਿਲੀ ਵਾਰ ਗਰਭਵਤੀ ਹੋੋਣ ’ਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਖਾਣ-ਪੀਣ
ਫਲ ਅਤੇ ਸਬਜ਼ੀਆਂ, ਆਇਰਨ ਨਾਲ ਭਰਪੂਰ ਭੋਜਨ, ਸੁੱਕੇ ਮੇਵੇ ਅਤੇ ਡੇਅਰੀ ਉਤਪਾਦ ਖਾਓ। ਖਾਣ ਵਾਲੀਆਂ ਚੀਜ਼ਾਂ ਜਿਵੇਂ ਕਿ ਘੱਟ ਪਕਾਇਆ ਹੋਇਆ ਮੀਟ, ਪੋਲਟਰੀ, ਸਵੋਰਡਫਿਸ਼, ਸ਼ਾਰਕ, ਟਾਇਲਫਿਸ਼, ਕਿੰਗ ਮੈਕਰੇਲ, ਸੁਸ਼ੀ ਅਤੇ ਸਾਸ਼ਿਮੀ ਖਾਣ ਤੋਂ ਪਰਹੇਜ਼ ਕਰੋ। ਫਾਈਬਰ ਭਰਪੂਰ ਖੁਰਾਕ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਖਾਓ। ਆਪਣੀ ਖੁਰਾਕ ’ਚ ਸੁੱਕੇ ਮੇਵੇ ਸ਼ਾਮਲ ਕਰੋ। ਡੇਅਰੀ ਉਤਪਾਦਾਂ ਦਾ ਸੇਵਨ ਕਰੋ।
ਭਰਪੂਰ ਪਾਣੀ ਪਿਓ
ਹਾਈਡਰੇਟਿਡ ਰਹਿਣ ਲਈ, ਦਿਨ ਭਰ ’ਚ ਅਕਸਰ ਥੋੜ੍ਹੀ ਮਾਤਰਾ ’ਚ ਪਾਣੀ ਪੀਓ। ਗਰਭ ਅਵਸਥਾ ਦੌਰਾਨ ਕਈ ਔਰਤਾਂ ਪਾਣੀ ਦੀ ਕਮੀ ਦਾ ਸ਼ਿਕਾਰ ਹੁੰਦੀਆਂ ਹਨ, ਇਸ ਤੋਂ ਬਚਣ ਲਈ ਖੂਬ ਪਾਣੀ ਪੀਓ। ਔਰਤਾਂ ਨੂੰ ਪਹਿਲੇ ਤਿੰਨ ਮਹੀਨੇ ਬਹੁਤ ਕਮਜ਼ੋਰੀ ਮਹਿਸੂਸ ਹੁੰਦੀ ਹੈ, ਇਸ ਲਈ ਪਾਣੀ ਦੇ ਨਾਲ ਨਾਰੀਅਲ ਪਾਣੀ, ਜੂਸ ਆਦਿ ਦਾ ਸੇਵਨ ਕਰਦੇ ਰਹੋ।
ਪ੍ਰੈਗਨੈਂਸੀ ਸਕੈਨ
ਜੇਕਰ ਪ੍ਰੈਗਨੈਂਸੀ ਪਹਿਲੀ ਹੈ ਤਾਂ ਯਕੀਨੀ ਤੌਰ 'ਤੇ ਸਕੈਨ ਕਰਵਾਓ। ਤੁਹਾਡਾ ਡਾਕਟਰ ਪਹਿਲੇ, ਤੀਜੇ ਜਾਂ ਪੰਜਵੇਂ ਮਹੀਨੇ ’ਚ ਸਕੈਨ ਕਰਨ ਦੀ ਸਿਫ਼ਾਰਸ਼ ਕਰ ਸਕਦਾ ਹੈ। ਸ਼ੁਰੂਆਤੀ ਸਕੈਨ ’ਚ, ਤੁਹਾਨੂੰ ਬੱਚੇ ਦੇ ਦਿਲ ਦੀ ਧੜਕਣ ਬਾਰੇ ਸਹੀ ਜਾਣਕਾਰੀ ਮਿਲਦੀ ਹੈ। ਇਸ ਲਈ, ਡਾਕਟਰੀ ਸਲਾਹ ਅਨੁਸਾਰ ਸਕੈਨ ਕਰਵਾਓ ਤਾਂ ਜੋ ਤੁਸੀਂ ਬੱਚੇ ਦੀ ਸਥਿਤੀ ਤੋਂ ਜਾਣੂ ਰਹਿ ਸਕੋ।

ਦਵਾਈਆਂ
ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਾ ਲਓ। ਡਾਕਟਰੀ ਸਲਾਹ ਅਨੁਸਾਰ ਆਇਰਨ ਕੈਲਸ਼ੀਅਮ ਸਪਲੀਮੈਂਟ ਸਹੀ ਸਮੇਂ 'ਤੇ ਲਓ।
ਸਫਰ ਕਦੋਂ ਕਰੀਏ
ਪਹਿਲੇ ਤਿੰਨ ਮਹੀਨਿਆਂ ਲਈ ਘੱਟ ਯਾਤਰਾ ਕਰੋ ਜਾਂ ਜੇ ਲੋੜ ਹੋਵੇ ਤਾਂ ਆਰਾਮ ਨਾਲ ਯਾਤਰਾ ਕਰੋ। ਦੋਪਹੀਆ ਵਾਹਨਾਂ 'ਤੇ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਹਾਨੂੰ ਕੋਈ ਸਮੱਸਿਆ ਨਹੀਂ ਹੈ ਤਾਂ ਤੁਸੀਂ ਯਾਤਰਾ ਕਰ ਸਕਦੇ ਹੋ ਪਰ ਆਪਣੇ ਡਾਕਟਰ ਦੀ ਸਲਾਹ ਨਾਲ। ਸਿਰਫ਼ ਤੁਹਾਡਾ ਗਾਇਨੀਕੋਲੋਜਿਸਟ ਹੀ ਤੁਹਾਨੂੰ ਬਿਹਤਰ ਦੱਸ ਸਕੇਗਾ ਕਿ ਤੁਹਾਨੂੰ ਕਿਹੜੇ ਮਹੀਨਿਆਂ ’ਚ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ।
ਤਣਾਅ ਅਤੇ ਭਾਰੀ ਸਾਮਾਨ ਨਾ ਚੁੱਕੋ
ਜੇਕਰ ਤੁਸੀਂ ਕੰਮਕਾਜੀ ਔਰਤ ਹੋ, ਤਾਂ ਬਹੁਤ ਜ਼ਿਆਦਾ ਤਣਾਅ ਲੈਣ ਤੋਂ ਬਚੋ। ਤਣਾਅ ਬੱਚੇ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਪਹਿਲੇ ਤਿੰਨ ਮਹੀਨਿਆਂ ਲਈ, ਭਾਰੀ ਵਸਤੂਆਂ ਨੂੰ ਚੁੱਕਣ ਤੋਂ ਬਚੋ ਅਤੇ ਸਖ਼ਤ ਕਸਰਤ ਬਿਲਕੁਲ ਨਾ ਕਰੋ।
ਮਨਪਸੰਦ ਕੰਮ ਅਤੇ ਮਿਊਜ਼ਿਕ
ਆਪਣਾ ਮਨਪਸੰਦ ਕੰਮ ਕਰੋ ਜਿਵੇਂ ਕਿਤਾਬਾਂ ਪੜ੍ਹਨਾ, ਸੰਗੀਤ ਸੁਣਨਾ ਜਾਂ ਕੋਈ ਹੋਰ ਸ਼ੌਕ ਜੋ ਤੁਹਾਨੂੰ ਬਹੁਤ ਪਸੰਦ ਹੈ। ਅਜਿਹਾ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਅੰਦਰੂਨੀ ਖੁਸ਼ੀ ਮਿਲੇਗੀ।
ਲੋੜੀਂਦੀ ਨੀਂਦ
ਆਪਣੇ ਆਪ ਨੂੰ ਅਤੇ ਬੱਚੇ ਨੂੰ ਸਿਹਤਮੰਦ ਰੱਖਣ ਲਈ 8-9 ਘੰਟੇ ਦੀ ਨੀਂਦ ਲਓ, ਇਸ ਨਾਲ ਤੁਸੀਂ ਤਾਜ਼ਾ ਮਹਿਸੂਸ ਕਰੋਗੇ ਅਤੇ ਭਰੂਣ ਦਾ ਵਿਕਾਸ ਵੀ ਵਧੀਆ ਹੋਵੇਗਾ।

ਸੈਰ-ਯੋਗ
ਹਲਕੀ ਸੈਰ ਅਤੇ ਯੋਗਾ ਵੀ ਕੀਤਾ ਜਾ ਸਕਦਾ ਹੈ ਪਰ ਡਾਕਟਰੀ ਸਲਾਹ ਤੋਂ ਬਾਅਦ। ਜੇਕਰ ਤੁਸੀਂ ਸਿਹਤਮੰਦ ਹੋ ਜਾਂ ਤੁਹਾਨੂੰ ਕੋਈ ਸਮੱਸਿਆ ਨਹੀਂ ਹੈ ਤਾਂ 30 ਮਿੰਟ ਦੀ ਸੈਰ ਜ਼ਰੂਰ ਕਰੋ।
ਜੇਕਰ ਤੁਸੀਂ ਖਾਣ-ਪੀਣ ’ਚ ਲਾਪਰਵਾਹੀ ਰੱਖਦੇ ਹੋ ਜਾਂ ਆਪਣੀ ਰੋਜ਼ਾਨਾ ਦੀ ਖੁਰਾਕ ’ਚ ਹਰ ਤਰ੍ਹਾਂ ਦੇ ਭੋਜਨ ਨੂੰ ਸ਼ਾਮਲ ਨਹੀਂ ਕਰ ਪਾਉਂਦੇ ਹੋ ਤਾਂ ਇਸ ਨਾਲ ਸਰੀਰ ’ਚ ਕਈ ਵਿਟਾਮਿਨਾਂ ਅਤੇ ਖਣਿਜਾਂ ਦੀ ਕਮੀ ਹੋ ਜਾਂਦੀ ਹੈ ਅਤੇ ਇਸ ਦੇ ਲੱਛਣ ਸਰੀਰ ’ਚ ਦਿਖਾਈ ਦੇਣ ਲੱਗ ਪੈਂਦੇ ਹਨ। ਅਜਿਹਾ ਨਾ ਹੋਣ ਦਿਓ ਅਤੇ ਡਾਕਟਰੀ ਸਲਾਹ ਅਨੁਸਾਰ ਸਪਲੀਮੈਂਟਸ ਲਓ। ਜੇਕਰ ਮਹੀਨਿਆਂ ਤੱਕ ਵਿਟਾਮਿਨ ਜਾਂ ਆਇਰਨ ਦੀਆਂ ਗੋਲੀਆਂ ਲੈਣ ਦੇ ਬਾਵਜੂਦ ਤੁਹਾਡਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਤਾਂ ਸਲਾਹ ਜ਼ਰੂਰ ਲਓ ਤਾਂ ਜੋ ਮਾਂ ਅਤੇ ਭਰੂਣ 'ਤੇ ਇਸ ਦਾ ਕੋਈ ਬੁਰਾ ਪ੍ਰਭਾਵ ਨਾ ਪਵੇ।
Health Tips : ਰੋਜ਼ਾਨਾ ਕਾਲੀ ਮਿਰਚ ਖਾਓ! ਬਿਮਾਰੀਆਂ ਨੂੰ ਦੂਰ ਭਜਾਓ
NEXT STORY