ਅੰਮ੍ਰਿਤਸਰ, (ਜ.ਬ.)- ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਸੇਵਾਮੁਕਤ ਏ. ਆਈ. ਜੀ. ਰਛਪਾਲ ਸਿੰਘ ਨੂੰ ਮਾਣਯੋਗ ਅਦਾਲਤ ਨੇ ਸੁਣਵਾਈ ਉਪਰੰਤ ਅਗਲੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ।
ਜਾਣਕਾਰੀ ਅਨੁਸਾਰ ਪੁਲਸ ਨੇ ਉਨ੍ਹਾਂ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਸੇਵਾਮੁਕਤ ਅਧਿਕਾਰੀ ਦੀ ਅਦਾਲਤ ਵਿਚ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ। ਦੂਜੇ ਪਾਸੇ ਅਦਾਲਤ ਵਿਚ ਪੁੱਜੇ ਸ਼ਿਕਾਇਤ ਕਰਤਾ ਅਮਰਿੰਦਰਪਾਲ ਸਿੰਘ (ਜੋ ਕਿ ਖੁਦ ਇਕ ਪੀੜਤ ਹੈ), ਨੇ ਮਾਮਲੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2019 ਵਿਚ ਪੁਲਸ ਨੇ ਗੁਰਦਾਸਪੁਰ ਦੇ ਅਮਰਿੰਦਰਪਾਲ ਸਿੰਘ ਅਤੇ ਅੰਮ੍ਰਿਤਸਰ ਦੇ ਸੈਦਪੁਰ ਪਿੰਡ ਦੇ ਦਲਬੀਰ ਸਿੰਘ ਨੂੰ 200 ਗ੍ਰਾਮ ਹੈਰੋਇਨ ਮਾਮਲੇ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਪੀੜਤਾਂ ਨੂੰ ਲੰਬੀ ਜੇਲ੍ਹ ਦੀ ਸਜ਼ਾ ਦਾ ਸਾਹਮਣਾ ਕਰਨਾ ਪਿਆ।
ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਦੋਵਾਂ ਪੀੜਤਾਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। 2020 ਵਿਚ ਜਾਂਚ ਜਲੰਧਰ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੂੰ ਸੌਂਪ ਦਿੱਤੀ ਗਈ ਸੀ। ਇਸ ਤੋਂ ਬਾਅਦ ਜਦੋਂ ਉੱਚ-ਪੱਧਰੀ ਜਾਂਚ ਕੀਤੀ ਗਈ ਤਾਂ ਇੰਸਪੈਕਟਰ ਪ੍ਰਵੀਨ ਕੁਮਾਰ ਖਿਲਾਫ ਵੀ ਕੇਸ ਦਰਜ ਕੀਤਾ ਗਿਆ। ਪੀੜਤ ਨੇ ਦੱਸਿਆ ਕਿ ਸਾਬਕਾ ਪੁਲਸ ਅਧਿਕਾਰੀ ਰਛਪਾਲ ਸਿੰਘ ਨੂੰ ਡੇਢ ਸਾਲ ਪਹਿਲਾਂ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਪਰ ਉਸ ਦੀ ਗ੍ਰਿਫਤਾਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਹੀ ਹੋਈ ਹੈ। ਜੇਕਰ ਪੁਲਸ ਗੰਭੀਰ ਹੁੰਦੀ ਤਾਂ ਉਹ ਪਹਿਲਾਂ ਸੇਵਾਮੁਕਤ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਸਕਦੀ ਸੀ। ਦੱਸਣਯੋਗ ਹੈ ਕਿ ਰਛਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਇਸ ਮਾਮਲੇ ਵਿੱਚ ਤਿੰਨ ਹੋਰ ਪੁਲਸ ਅਧਿਕਾਰੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ।
ਦੂਜੇ ਪਾਸੇ ਪੀੜਤ ਨੇ ਪੁਲਸ ’ਤੇ ਦੋਸ਼ ਲਗਾਉਦੇ ਹੋਏ ਕਿਹਾ ਸੇਵਾਮੁਕਤ ਅਧਿਕਾਰੀ ਨਾਲ ਬਹੁਤ ਜ਼ਿਆਦਾ ਨਰਮੀ ਵਰਤੀ ਜਾ ਰਹੀ ਹੈ, ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਬਿਲਕੁਲ ਤੰਦਰੁਸਤ ਸੀ ਪਰ ਅਗਲੇ ਦਿਨ ਪੁਲਸ ਨੇ ਦਾਅਵਾ ਕੀਤਾ ਕਿ ਉਹ ਬੀਮਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੀ ਥਾਂ ਕੋਈ ਆਮ ਵਿਅਕਤੀ ਹੁੰਦਾ ਤਾ ਪੁਲਸ ਕੀ ਕਰਦੀ ਹੈ? ਸ਼ਾਇਦ ਇਸ ਨੂੰ ਦੱਸਣ ਦੀ ਲੋੜ ਨਹੀਂ ਹੈ?
ਕੂੜਾ ਸੁੱਟਣ ਨੂੰ ਲੈ ਕੇ ਪਰਿਵਾਰ 'ਤੇ ਹਮਲਾ! ਚੱਲੇ ਇੱਟਾ, ਪੱਥਰ ਤੇ ਤੇਜ਼ਧਾਰ ਹਥਿਆਰ
NEXT STORY