ਅੰਮ੍ਰਿਤਸਰ (ਸਰਬਜੀਤ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2025-26 ਲਈ 1386 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ਵਿੱਚ ਪਾਸ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਏ ਬਜਟ ਇਜਲਾਸ ਦੀ ਪ੍ਰਧਾਨਗੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ, ਜਦਕਿ ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ ਨੇ ਬਜਟ ਪੇਸ਼ ਕੀਤਾ। ਇਜਲਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਉਚੇਚੇ ਤੌਰ ’ਤੇ ਮੌਜੂਦ ਰਹੇ।
ਸ਼੍ਰੋਮਣੀ ਕਮੇਟੀ ਦੇ ਇਸ ਸਾਲ ਪਾਸ ਕੀਤੇ ਗਏ 1386 ਕਰੋੜ 47 ਲੱਖ ਰੁਪਏ ਦੇ ਬਜਟ ਵਿੱਚ ਪਿਛਲੇ ਸਾਲ ਨਾਲੋਂ 9.95 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ ਨੇ ਬਜਟ ਪੇਸ਼ ਕਰਦਿਆਂ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਲਈ ਹੋਣ ਵਾਲੀ ਆਮਦਨ ਦੇ ਵੇਰਵੇ ਸਾਂਝੇ ਕੀਤੇ ਅਤੇ ਭਵਿੱਖੀ ਕਾਰਜਾਂ ਲਈ ਰੱਖੀ ਗਈ ਰਾਸ਼ੀ ਦਾ ਖੁਲਾਸਾ ਕੀਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਅਰਸੇ ਵਿਚ ਕੀਤੇ ਗਏ ਪੰਥਕ, ਵਿਦਿਅਕ, ਧਰਮ ਪ੍ਰਚਾਰ ਅਤੇ ਲੋਕ ਭਲਾਈ ਦੇ ਕਾਰਜਾਂ ਦੀ ਵੀ ਤਫਸੀਲ ਸਾਂਝੀ ਕੀਤੀ। ਸ. ਮੰਡਵਾਲਾ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ਵਿੱਚ ਸਿੱਖ ਸੰਸਥਾ ਨੇ ਧਰਮ ਪ੍ਰਚਾਰ, ਵਿਦਿਆ ਦੇ ਪ੍ਰਚਾਰ ਪ੍ਰਸਾਰ, ਪੰਥਕ ਕਾਰਜਾਂ ਅਤੇ ਲੋਕ ਭਲਾਈ ਵਾਸਤੇ ਅਹਿਮ ਕਾਰਜ ਕੀਤੇ ਹਨ ਅਤੇ ਇਸ ਵਾਰ ਵੀ ਬਜਟ ਵਿੱਚ ਇਨ੍ਹਾਂ ਖੇਤਰਾਂ ਲਈ ਵਿਸ਼ੇਸ਼ ਰਾਸ਼ੀ ਦਾ ਇੰਤਜਾਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਪਾਸ ਕੀਤੇ ਗਏ ਕਈ ਅਹਿਮ ਮਤੇ
ਬਜਟ ਇਜਲਾਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ ਵੱਲੋਂ ਪੇਸ਼ ਕੀਤਾ ਗਿਆ ਬਜਟ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਵਾਲਾ ਹੈ ਅਤੇ ਇਸ ਵਿੱਚ ਸੰਗਤਾਂ ਲਈ ਸਹੂਲਤਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ। ਇਸ ਤਹਿਤ ਨਵੀਆਂ ਸਰਾਵਾਂ, ਸਿਹਤ ਅਤੇ ਸਿੱਖਿਆ ਸੇਵਾਵਾਂ ਵਿੱਚ ਪ੍ਰਭਾਵੀ ਵਾਧਾ ਅਤੇ ਧਰਮ ਪ੍ਰਚਾਰ ਖੇਤਰ ਅੰਦਰ ਨਵੀਂ ਸੋਧਾਂ ਤੇ ਸੇਧਾਂ ਸ਼ਾਮਲ ਕਰਕੇ ਬਿਹਤਰ ਨਤੀਜੇ ਹਾਸਲ ਕਰਨ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਇਸ ਸਾਲ ਧਰਮ ਪ੍ਰਚਾਰ ਕਮੇਟੀ ਦਾ ਬਜਟ 110 ਕਰੋੜ ਰੁਪਏ, ਜਦਕਿ ਗੁਰਦੁਆਰਾ ਸਾਹਿਬਾਨ ਦਾ ਬਜਟ 1062 ਕਰੋੜ ਰੁਪਏ ਹੈ। ਇਸੇ ਤਰ੍ਹਾਂ ਜਨਰਲ ਬੋਰਡ ਫੰਡ, ਟ੍ਰਸਟ ਫੰਡ, ਵਿਦਿਆ ਫੰਡ, ਖੇਡਾਂ, ਪ੍ਰਿੰਟਿੰਗ ਪ੍ਰੈੱਸਾਂ ਅਤੇ ਵਿਦਿਅਕ ਅਦਾਰਿਆਂ ਲਈ ਵਿਸ਼ੇਸ਼ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਥਕ ਭਲਾਈ ਕਾਰਜਾਂ ਲਈ 4 ਕਰੋੜ 95 ਲੱਖ ਰੁਪਏ, ਸਿੱਖ ਬੱਚਿਆਂ ਨੂੰ ਮੁਫਤ ਵਿਦਿਆ ਲਈ 8 ਕਰੋੜ 40 ਲੱਖ ਰੁਪਏ, ਖੇਡਾਂ ਲਈ 3 ਕਰੋੜ 9 ਲੱਖ ਰੁਪਏ, ਕੁਦਰਤੀ ਆਫ਼ਤਾਂ ਲਈ 1 ਕਰੋੜ 50 ਲੱਖ ਰੁਪਏ, ਵੱਖ-ਵੱਖ ਗੁਰਦੁਆਰਿਆਂ ਅੰਦਰ ਸਥਾਪਤ ਮੁਫ਼ਤ ਡਿਸਪੈਂਸਰੀਆਂ ਲਈ 44 ਲੱਖ ਰੁਪਏ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਕੀ ਤੇ ਜੁਡੀਸ਼ੀਅਲ ਸੇਵਾਵਾਂ ਵਾਸਤੇ ਸਿੱਖ ਨੌਜਵਾਨਾਂ ਦੀ ਤਿਆਰੀ ਕਰਵਾਉਣ ਲਈ ਚੱਲ ਰਹੀ ਨਿਸ਼ਚੈ ਅਕੈਡਮੀ ਲਈ 2 ਕਰੋੜ 63 ਲੱਖ ਰੁਪਏ, ਅੰਮ੍ਰਿਤ ਸੰਚਾਰ ਲਈ ਭੇਟਾ ਰਹਿਤ ਕਕਾਰ ਦੇਣ ਵਾਸਤੇ 1 ਕਰੋੜ 95 ਲੱਖ ਰੁਪਏ ਰਾਖਵੇਂ ਕੀਤੇ ਹਨ। ਇਸੇ ਤਰ੍ਹਾਂ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ 1 ਕਰੋੜ 14 ਲੱਖ, ਬੰਦੀ ਸਿੰਘਾਂ ਦੇ ਮਾਮਲਿਆਂ ਲਈ 60 ਲੱਖ ਰੁਪਏ, ਸਿਕਲੀਗਰ ਸਿੱਖਾਂ ਲਈ 60 ਲੱਖ ਰੁਪਏ, ਅੰਮ੍ਰਿਤਧਾਰੀ ਵਿਦਿਆਰਥੀਆਂ ਦੀਆਂ ਫੀਸਾਂ ਲਈ 2 ਕਰੋੜ 50 ਲੱਖ ਰੁਪਏ, ਅੰਮ੍ਰਿਤਧਾਰੀ ਲੜਕੀਆਂ ਨੂੰ ਮੁਫ਼ਤ ਵਿਦਿਆ ਲਈ 2 ਕਰੋੜ ਰੁਪਏ, ਮੀਰੀ ਪੀਰੀ ਮੈਡੀਕਲ ਕਾਲਜ ਹਰਿਆਣਾ ਲਈ 8 ਕਰੋੜ ਰੁਪਏ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਲਈ 8 ਕਰੋੜ ਰੁਪਏ ਖਰਚੇ ਜਾਣਗੇ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਜਟ ਦਾ ਮੁੱਖ ਸਰੋਤ ਸੰਗਤਾਂ ਵੱਲੋਂ ਭੇਟਾ ਕੀਤੀ ਜਾਂਦੀ ਰਾਸ਼ੀ ਅਤੇ ਦਸਵੰਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਬਜਟ ਦੀ ਅਨੁਮਾਨਿਤ ਰਾਸ਼ੀ ਤੋਂ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜੋ ਖਰਚਿਆਂ ਨੂੰ ਲੋੜ-ਅਨੁਸਾਰ ਅਤੇ ਨਿਯਮਿਤ ਕਰਨ ਦਾ ਨਤੀਜਾ ਹੈ। ਉਨ੍ਹਾਂ ਵਚਨਬੱਧਤਾ ਪ੍ਰਗਟਾਈ ਕਿ ਸਿੱਖ ਸੰਸਥਾ ਦੇ ਕਾਰਜ ਸੰਗਤ ਦੀ ਭਾਵਨਾ ਅਨੁਸਾਰ ਜਾਰੀ ਰੱਖੇ ਜਾਣਗੇ ਅਤੇ ਖਾਸ ਕਰਕੇ ਸੰਗਤੀ ਸਹੂਲਤਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਸਰਕਾਰਾਂ ਵਿਦਿਆ ਦੇ ਪ੍ਰਸਾਰ ਲਈ ਫੇਲ੍ਹ ਸਾਬਤ ਹੋ ਰਹੀਆਂ ਹਨ ਤਾਂ ਅਜਿਹੇ ਸਮੇਂ ਸ਼੍ਰੋਮਣੀ ਕਮੇਟੀ ਦਾ ਸਮਾਜ ਅੰਦਰ ਇਸ ਖੇਤਰ ਵਿੱਚ ਯੋਗਦਾਨ ਵੱਡੇ ਮਹੱਤਵ ਵਾਲਾ ਹੈ, ਇਸੇ ਲਈ ਬਜਟ ਵਿੱਚ ਵਿਦਿਆ ਦੇ ਪ੍ਰਚਾਰ ਪ੍ਰਸਾਰ ਲਈ ਵੱਡੀ ਰਾਸ਼ੀ ਰੱਖੀ ਗਈ ਹੈ।
ਇਹ ਵੀ ਪੜ੍ਹੋ- ਵਿਆਹ ਸਮਾਗਮ 'ਚ ਸਰਪੰਚ ਨੇ ਚਲਾਈਆਂ ਗੋਲੀਆਂ, ਫਿਰ ਜੋ ਹੋਇਆ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬਜਟ ਇਜਲਾਸ ਦੌਰਾਨ ਕੁਝ ਮੈਂਬਰਾਂ ਵੱਲੋਂ ਕੀਤੇ ਗਏ ਸ਼ੋਰ-ਸ਼ਰਾਬੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਅਜਿਹਾ ਵਰਤਾਰਾ ਠੀਕ ਨਹੀਂ ਹੈ। ਐਡਵੋਕੇਟ ਧਾਮੀ ਨੇ ਆਖਿਆ ਉਹ ਹਰ ਇੱਕ ਦੇ ਵਿਚਾਰ ਦਾ ਸਤਿਕਾਰ ਪਰੰਤੂ ਇਹ ਮਰਯਾਦਾ ਅਤੇ ਨਿਯਮਾਂ ਵਿੱਚ ਰਹਿ ਕੇ ਹੋਣਾ ਚਾਹੀਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਬਾਰੇ ਚੱਲ ਰਹੀ ਚਰਚਾ ਨੂੰ ਉਨ੍ਹਾਂ ਨੇ ਖੁਦ ਏਜੰਡੇ ਉੱਤੇ ਲੈ ਕੇ ਗੱਲ ਕਰਨੀ ਚਾਹੀ ਸੀ ਪਰੰਤੂ ਕੁਝ ਮੈਂਬਰਾਂ ਨੇ ਉਨ੍ਹਾਂ ਦੀ ਗੱਲ ਸੁਣਨੀ ਮੁਨਾਸਿਬ ਨਾ ਸਮਝੀ ਅਤੇ ਉਹ ਮਰਯਾਦਾ ਵਿਰੁੱਧ ਜਾ ਕੇ ਰੌਲਾ ਪਾਉਂਦੇ ਰਹੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਥੇਦਾਰਾਂ ਦੀ ਨਿਯੁਕਤੀ, ਅਧਿਕਾਰ ਖੇਤਰ ਅਤੇ ਸੇਵਾਮੁਕਤੀ ਬਾਰੇ ਨਿਯਮ ਬਣਾਉਣ ਲਈ ਉਹ ਖੁਦ ਸੰਜੀਦਾ ਹਨ ਇਸੇ ਲਈ ਇਜਲਾਸ ਵਿੱਚ ਇਸ ਸਬੰਧੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਬਾਰੇ ਸੁਝਾਅ ਲਏ ਜਾਣਗੇ ਅਤੇ ਗਠਤ ਕੀਤੀ ਜਾਣ ਵਾਲੀ ਕਮੇਟੀ ਰਾਹੀਂ ਇਨ੍ਹਾਂ ਨੂੰ ਵਿਚਾਰ ਕੇ ਇੱਕ ਨੀਤੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪੰਥ ਦਾ ਸੰਜੀਦਾ ਮਾਮਲਾ ਹੈ ਜਿਸ ਉੱਤੇ ਉਹ ਹਰ ਇੱਕ ਨਾਲ ਵਿਚਾਰ ਕਰਨ ਨੂੰ ਤਿਆਰ ਹਨ ਪਰੰਤੂ ਇਹ ਜਾਬਤੇ ਵਿੱਚ ਰਹਿ ਕੇ ਹੋਵੇ। ਉਨ੍ਹਾਂ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਹਿਯੋਗ ਕਰਨ ਅਤੇ ਇੱਕ ਭਰੋਸੇ ਨਾਲ ਇਸ ਮਾਮਲੇ ਦੇ ਹੱਲ ਵੱਲ ਵਧਣ।
ਇਸ ਮੌਕੇ ਸੀ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਸ. ਅਮਰੀਕ ਸਿੰਘ ਵਿਛੋਆ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਸੁਰਜੀਤ ਸਿੰਘ ਗੜ੍ਹੀ, ਸ. ਬਲਦੇਵ ਸਿੰਘ ਕਾਇਮਪੁਰ, ਸ. ਦਲਜੀਤ ਸਿੰਘ ਭਿੰਡਰ, ਸ. ਸੁਖਹਰਪ੍ਰੀਤ ਸਿੰਘ ਰੋਡੇ, ਸ. ਰਵਿੰਦਰ ਸਿੰਘ ਖ਼ਾਲਸਾ, ਸ. ਜਸਵੰਤ ਸਿੰਘ ਪੁੜੈਣ ਤੇ ਸ. ਪਰਮਜੀਤ ਸਿੰਘ ਰਾਏਪੁਰ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਬੀਬੀ ਜਗੀਰ ਕੌਰ, ਮੈਂਬਰ ਸ. ਅਮਰੀਕ ਸਿੰਘ ਜਨੈਤਪੁਰ, ਸ. ਹਰਪਾਲ ਸਿੰਘ ਪਾਲੀ, ਬੀਬੀ ਅਮਰਜੀਤ ਕੌਰ, ਸ. ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਸ. ਜਗਸੀਰ ਸਿੰਘ ਮਾਗੇਆਣਾ, ਸ. ਗੁਰਪਾਲ ਸਿੰਘ ਗੋਰਾ, ਬੀਬੀ ਕਿਰਨਵੀਰ ਕੌਰ, ਸ. ਨਤਵੇਜ ਸਿੰਘ ਕਾਉਣੀ, ਸ. ਕੌਰ ਸਿੰਘ ਬਹਾਵਵਾਲਾ, ਬੀਬੀ ਪਰਮਿੰਦਰ ਕੌਰ, ਸ. ਸੂਬਾ ਸਿੰਘ ਡੱਬਵਾਲਾ, ਸ. ਬਾਬਾ ਬੂਟਾ ਸਿੰਘ, ਸ. ਗੁਰਪ੍ਰੀਤ ਸਿੰਘ ਝੱਬਰ, ਬੀਬੀ ਪਰਮਜੀਤ ਕੌਰ, ਸ. ਗੁਰਪ੍ਰੀਤ ਸਿੰਘ ਗਰਚਾ, ਸ. ਜਗਜੀਤ ਸਿੰਘ ਤਲਵੰਡੀ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਕੇਵਲ ਸਿੰਘ ਬਾਦਲ, ਸ. ਬਲਵਿੰਦਰ ਸਿੰਘ ਬੈਂਸ, ਬੀਬੀ ਰਜਿੰਦਰ ਕੌਰ, ਸ. ਰਣਜੀਤ ਸਿੰਘ ਮੰਗਲੀ, ਸ. ਸਰਬੰਸ ਸਿੰਘ ਮਾਣਕੀ, ਬੀਬੀ ਹਰਜਿੰਦਰ ਕੌਰ, ਸ. ਗੁਰਬਖ਼ਸ਼ ਸਿੰਘ ਖਾਲਸਾ, ਸ. ਸੁਖਦੇਵ ਸਿੰਘ ਭੋਰ, ਬੀਬੀ ਦਵਿੰਦਰ ਕੌਰ ਕਾਲੜਾ, ਸ. ਰਣਜੀਤ ਸਿੰਘ ਕਾਹਲੋਂ, ਬੀਬੀ ਗੁਰਪ੍ਰੀਤ ਕੌਰ, ਸ. ਬਲਜੀਤ ਸਿੰਘ ਜਲਾਲਉਸਮਾਂ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਬਲਵਿੰਦਰ ਸਿੰਘ ਵੇਂਈਪੂਈਂ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਖੁਸ਼ਵਿੰਦਰ ਸਿੰਘ ਭਾਟੀਆ, ਬੀਬੀ ਹਰਜਿੰਦਰ ਕੌਰ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਗੁਰਿੰਦਰਪਾਲ ਸਿੰਘ ਰਣੀਕੇ, ਸ. ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਰਾਜਿੰਦਰ ਸਿੰਘ ਮਹਿਤਾ, ਸ. ਬਾਵਾ ਸਿੰਘ ਗੁਮਾਨਪੁਰਾ, ਬੀਬੀ ਕਿਰਨਜੋਤ ਕੌਰ, ਬੀਬੀ ਬਲਵਿੰਦਰ ਕੌਰ ਲੋਪੋਕੇ, ਸ. ਜੋਧ ਸਿੰਘ ਸਮਰਾ, ਬੀਬੀ ਸਵਰਨ ਕੌਰ ਤੇੜਾ, ਸ. ਅਮਰਜੀਤ ਸਿੰਘ ਬੰਡਾਲਾ, ਸ. ਭਗਵੰਤ ਸਿੰਘ ਸਿਆਲਕਾ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਗੁਰਨਾਮ ਸਿੰਘ ਜੱਸਲ, ਸ. ਅਮਰੀਕ ਸਿੰਘ ਸ਼ਾਹਪੁਰ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਪ੍ਰੀਤਪਾਲ ਸਿੰਘ, ਸ. ਬਿਜੈ ਸਿੰਘ, ਨਿੱਜੀ ਸਕੱਤਰ ਸ. ਸ਼ਾਹਬਾਜ ਸਿੰਘ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਜੇਲ੍ਹ ਅੰਦਰੋਂ 24 ਪੁੜੀਆਂ ਤੰਬਾਕੂ, 12 ਕੂਲ ਲਿਪਾਂ ਅਤੇ ਹੋਰ ਸਾਮਾਨ ਬਰਾਮਦ
NEXT STORY