ਗੁਰਦਾਸਪੁਰ, (ਹਰਮਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਬਾਬਾ ਨਾਨਕ ਦੇ 137 ਪਿੰਡਾਂ ਵਾਸਤੇ ਮੱਕੀ ਦੇ ਅਚਾਰ ਦੀਆਂ 250 ਟਰਾਲੀਆਂ ਰਵਾਨਾ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਹਰਿਗੋਬਿੰਦਪੁਰ ਹਲਕੇ ਦੇ ਪਿੰਡ ਬਹਾਦਰਪੁਰ ਰਾਜੋਆ ਵਿਖੇ ਬਿਆਸ ਦਰਿਆ ਦੇ ਬੰਨ੍ਹ ਦਾ ਵੀ ਦੌਰਾ ਕੀਤਾ।
ਉਨ੍ਹਾਂ ਨੇ ਪ੍ਰਭਾਵਿਤ ਪਿੰਡਾਂ ਵਾਸਤੇ ਸੈਂਕੜੇ ਫੋਗਿੰਗ ਮਸ਼ੀਨਾਂ ਵੀ ਭੇਜੀਆਂ ਤੇ ਯੂਥ ਅਕਾਲੀ ਦਲ ਦੇ ਮੈਬਰਾਂ ਨੂੰ ਆਖਿਆ ਕਿ ਉਹ ਇਸ ਸਾਰੀ ਮੁਹਿੰਮ ਦੀ ਆਪ ਨਿੱਜੀ ਤੌਰ ’ਤੇ ਨਿਗਰਾਨੀ ਕਰਨ। ਬਾਦਲ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਦੇ ਧਿਆਨ ਵਿਚ ਭੱਖਦੇ ਮਸਲੇ ਲਿਆਂਦੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਮਦਦ ਦਾ ਭਰੋਸਾ ਦੁਆਇਆ।
ਉਨ੍ਹਾਂ ਕਿਹਾ ਕਿ ਪੰਜਾਬ ਸਾਡਾ ਘਰ ਹੈ। ਇਸੇ ਲਈ ਅਸੀਂ ਹੜ੍ਹਾਂ ਦੇ ਪਹਿਲੇ ਦਿਨ ਤੋਂ ਮੋਹਰੀ ਹੋ ਕੇ ਬੰਨ੍ਹ ਪੂਰ ਰਹੇ ਹਾਂ, ਬੰਨ੍ਹਾਂ ਨੂੰ ਮਜ਼ਬੂਤ ਕਰ ਰਹੇ ਹਾਂ ਤੇ ਰਾਹਤ ਸਮੱਗਰੀ ਪ੍ਰਦਾਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਹ ਪਹਿਲਕਦਮੀ ਜਾਰੀ ਰੱਖਾਂਗੇ ਤੇ ਕਿਸਾਨਾਂ ਨੂੰ ਇਕ ਲੱਖ ਏਕੜ ਵਾਸਤੇ ਸਰਟੀਫਾਈਡ ਬੀਜ ਵੀ ਪ੍ਰਦਾਨ ਕਰਾਂਗੇ ਅਤੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਕਣਕ ਵੀ ਪ੍ਰਦਾਨ ਕਰਾਂਗੇ।
ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਹੋਰ ਤਜ਼ਰਬੇ ਕਰਨੇ ਬੰਦ ਕਰਨ ਅਤੇ ਕਿਹਾ ਕਿ ਅਕਾਲੀ ਦਲ ਸਮੇਂ ਦੀ ਕਸਵੱਟੀ ਦੀ ਪਰਖੀ ਖੇਤਰੀ ਪਾਰਟੀ ਹੈ ਜਿਸਨੇ ਹਮੇਸ਼ਾ ਆਪਣੇ ਵਾਅਦੇ ਪੂਰੇ ਕੀਤੇ ਅਤੇ ਉਸਦਾ ਤੇਜ਼ ਰਫਤਾਰ ਵਿਕਾਸ ਕਰਨ ਅਤੇ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਲਾਗੂ ਕਰਨ ਦਾ ਰਿਕਾਰਡ ਹੈ।
ਇਸ ਮੌਕੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ, ਗੁਰਬਚਨ ਸਿੰਘ ਬੱਬੇਹਾਲੀ, ਰਾਜਨਬੀਰ ਸਿੰਘ ਘੁੰਮਣ, ਰਵੀ ਮੋਹਨ, ਗੁਰਇਕਬਾਲ ਸਿੰਘ ਮਾਹਲ, ਲਖਵੀਰ ਸਿੰਘ ਲੋਧੀਨੰਗਲ, ਰਮਨ ਸੰਧੂ, ਸੁਰਿੰਦਰ ਸਿੰਘ ਮਿੰਟੂ, ਯੂਥ ਵਿੰਗ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸੋਨੂੰ ਲੰਗਾਹ ਅਤੇ ਜਸਪ੍ਰੀਤ ਸਿੰਘ ਰਾਣਾ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।
ਪੰਜਾਬ ਪੁਲਸ ਵੱਲੋਂ BKI ਮਾਡਿਊਲ ਦਾ ਪਰਦਾਫਾਸ਼, 4 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫਤਾਰ
NEXT STORY