ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲੋਂ ਅੱਜ ਦੀਨਾਨਗਰ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਬਾਰਾਂਦਰੀ ਅਤੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਬ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਐੱਮ. ਦੀਨਾਨਗਰ ਸ੍ਰੀ ਜਸਪਿੰਦਰ ਸਿੰਘ ਭੁੱਲਰ, ਆਈ. ਏ. ਐੱਸ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਦੇ ਨੁਮਾਇੰਦੇ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਇਤਿਹਾਸਕ ਬਾਰਾਂਦਰੀ ਦੀਨਾਨਗਰ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਇਸ ਵਿਰਾਸਤੀ ਦਾ ਇਤਿਹਾਸ ਜਾਣਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿਰਾਸਤ ਦੇ ਪੱਖ ਤੋਂ ਬਹੁਤ ਅਮੀਰ ਜ਼ਿਲ੍ਹਾ ਹੈ ਅਤੇ ਇਥੇ ਦੇ ਹਰ ਨਗਰ ਦਾ ਆਪਣਾ ਖਾਸ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਜੀਵਨ ਕਾਲ ਦੌਰਾਨ ਗਰਮੀਆਂ ਦੇ ਦੋ ਮਹੀਨੇ ਮਈ ਤੇ ਜੂਨ ਦੀਨਾਨਗਰ ਵਿਖੇ ਗੁਜ਼ਾਰਦੇ ਸਨ, ਜਿਸ ਕਾਰਨ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਸੀ।
![PunjabKesari](https://static.jagbani.com/multimedia/18_26_398991696untitled-41 copy-ll.jpg)
ਉਨ੍ਹਾਂ ਕਿਹਾ ਕਿ ਇਸ ਬਾਰਾਂਦਰੀ ਵਿੱਚ ਹੀ ਸੰਨ 1838 ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਬਰਤਾਨੀਆਂ ਹਕੂਮਤ ਅਤੇ ਅਫ਼ਗਾਨਿਸਤਾਨ ਦੇ ਗੱਦੀਓਂ ਲਾਹੇ ਬਾਦਸ਼ਾਹ ਸ਼ਾਹ ਸੁਜਾ ਦਰਮਿਆਨ ਤਿੰਨ ਪੱਖੀ ਸੰਧੀ ਹੋਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੀਨਾਨਗਰ ਦੀ ਇਸ ਇਤਿਹਾਸਕ ਬਾਰਾਂਦਰੀ ਨੂੰ ਸੁਰੱਖਿਅਤ ਇਮਾਰਤ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਿਰਾਸਤੀ ਇਮਾਰਤ ਦੀ ਸੰਭਾਲ ਲਈ ਯਤਨ ਕੀਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, 8 ਜ਼ਿਲ੍ਹਿਆਂ ਦਾ ਤਾਪਮਾਨ 25 ਡਿਗਰੀ ਪਾਰ, ਜਾਣੋ ਅਗਲੇ ਦਿਨਾਂ ਦਾ ਹਾਲ
![PunjabKesari](https://static.jagbani.com/multimedia/18_26_400553984untitled-42 copy-ll.jpg)
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਵੱਲੋਂ ਦੇਸ਼ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਬ (ਗੁਰਦਾਸਪੁਰ) ਦਾ ਦੌਰਾ ਵੀ ਕੀਤਾ ਗਿਆ। ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਦੇ ਨੇੜੇ 5 ਪਿੰਡਾਂ ਕੇਸ਼ੋਪੁਰ, ਡਾਲਾ, ਮਿਆਣੀ, ਮਟਵਾ ਅਤੇ ਮਗਰ ਮੂੰਦੀਆਂ ਦੀ 850 ਏਕੜ ਵਿੱਚ ਫੈਲੀ ਇਹ ਛੰਬ ਪ੍ਰਵਾਸੀ ਪੰਛੀਆਂ ਲਈ ਪਰਵਾਸ ਦਾ ਸਭ ਤੋਂ ਖ਼ੂਬਸੂਰਤ ਠਿਕਾਣਾ ਹੈ ਅਤੇ ਹਰ ਸਾਲ ਸਾਇਬੇਰੀਆ, ਰੂਸ, ਚੀਨ, ਮੱਧ ਏਸ਼ੀਆ ਦੇ ਮੁਲਕਾਂ ਤੋਂ ਸਰਦੀਆਂ ਦੇ ਮੌਸਮ ਵਿੱਚ ਹਜ਼ਾਰਾਂ ਮੀਲਾਂ ਦਾ ਫ਼ਾਸਲਾ ਤਹਿ ਕਰਕੇ ਇਹ ਪੰਛੀ ਕੇਸ਼ੋਪੁਰ ਛੰਬ ਵਿੱਚ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਿਮਾਨ ਪੰਛੀਆਂ ਨੂੰ ਉਨ੍ਹਾਂ ਦੇ ਅਨੁਕੂਲ ਵਾਤਾਵਰਨ ਅਤੇ ਮਾਹੌਲ ਮੁਹੱਈਆ ਕਰਵਾਉਣਾ ਸਾਡਾ ਫਰਜ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਵਿਸ਼ੇਸ਼ ਉੱਪਰਾਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : 10 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਦੇ ਇਹ ਰਸਤੇ ਰਹਿਣਗੇ ਬੰਦ, ਜਾਣੋ ਕੀ ਹੈ ਕਾਰਨ
![PunjabKesari](https://static.jagbani.com/multimedia/18_26_402116747untitled-43 copy-ll.jpg)
ਉਨ੍ਹਾਂ ਕਿਹਾ ਕਿ ਕੇਸ਼ੋਪੁਰ ਛੰਭ ਵਿਖੇ ਜੰਗਲੀ ਜੀਵ ਫ਼ੋਟੋਗਰਾਫ਼ਰਾਂ ਅਤੇ ਪੰਛੀ ਪ੍ਰੇਮੀ ਸੈਲਾਨੀਆਂ ਲਈ ਵਾਤਾਵਰਣ ਅਨੁਸਾਰ (ਈਕੋ ਫਰੈਂਡਲੀ) ਟਾਵਰ ਲਗਾਏ ਗਏ ਹਨ। ਇਸਦੇ ਨਾਲ ਹੀ ਇੱਥੇ 40 ਲੱਖ ਰੁਪਏ ਖ਼ਰਚ ਕਰਕੇ ਛੰਬ ਦਾ ਹੋਰ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਛੰਬ ਦੇ ਵਿਆਖਿਆ ਕੇਂਦਰ ਨੂੰ ਡਿਜੀਟਲ ਕੀਤਾ ਜਾਵੇਗਾ ਅਤੇ ਇੱਥੇ ਆਉਂਦੇ ਸਾਰੇ ਪ੍ਰਵਾਸੀ ਪੰਛੀਆਂ ਬਾਰੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਵਿਆਖਿਆ ਕੇਂਦਰ ਵਿੱਚ ਚਾਰ ਕਨਾਲ ਵਿੱਚ ਤਲਾਬ ਤਿਆਰ ਕਰਕੇ ਉਸ ਵਿੱਚ ਸੈਲਾਨੀਆਂ ਲਈ ਬੋਟਿੰਗ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਖ਼ਾਸ ਕਰਕੇ ਸਕੂਲੀ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕੇਸ਼ੋਪੁਰ ਛੰਬ ਵਿਖੇ ਪਹੁੰਚ ਕੇ ਕਾਦਰ ਦੀ ਖੂਬਸੂਰਤ ਕੁਦਰਤ ਦਾ ਅਨੰਦ ਮਾਨਣ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕੇਸ਼ੋਪੁਰ ਛੰਬ ਦਾ ਦੌਰਾ ਕਰਕੇ ਪ੍ਰਵਾਸੀ ਪੰਛੀਆਂ ਨੂੰ ਵੀ ਵੇਖਿਆ ਅਤੇ ਵਿਆਖਿਆ ਕੇਂਦਰ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਨੂੰ ਵੀ ਵੇਖਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ ਦੇ ਇਸ ਜ਼ਿਲ੍ਹੇ 'ਚ ਭਿਖਾਰੀਆਂ ਦੇ ਦਾਖ਼ਲ ਹੋਣ ਲੱਗੀ ਪਾਬੰਦੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਥਾਣਾ ਐੱਨ.ਆਰ.ਆਈ. ਪੁਲਸ ਦੀ ਵੱਡੀ ਕਾਰਵਾਈ, ਟਰੈਵਲ ਏਜੰਟ ਗ੍ਰਿਫ਼ਤਾਰ
NEXT STORY