ਪਟਿਆਲਾ, (ਪਰਮੀਤ, ਜੋਸਨ)-ਅੱਜ ਪੰਜਾਬ ਭਰ ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਸਿਹਤ ਵਿਭਾਗ ਵਿਚ ਕੰਮ ਕਰਦੇ ਠੇਕਾ ਆਧਾਰਤ ਮੁਲਾਜ਼ਮਾਂ ਨੇ ਸ਼ਾਹੀ ਸ਼ਹਿਰ ਵਿਖੇ ਬੱਸ ਸਟੈਂਡ ਦੇ ਫੁਹਾਰਾ ਚੌਕ ਨੂੰ ਘੇਰ ਕੇ ਮਾਰਚ ਕਰਦਿਆਂ ਚੱਕਾ ਜਾਮ ਕੀਤਾ। ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਸੂਬੇ ਭਰ ’ਚੋਂ ਆਏ ਹਜ਼ਾਰਾਂ ਐੈੱਨ. ਐੈੱਚ. ਐੈੱਮ. ਕਾਮਿਆਂ ਨੇ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦਾ ਪਿੱਟ-ਸਿਆਪਾ ਕੀਤਾ।
ਇਸ ਮੌਕੇ ਬੋਲਦਿਆਂ ਐੈੱਨ. ਐੈੱਚ. ਐੈੱਮ. ਇੰਪਲਾਇਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਸਿਹਤ ਵਿਭਾਗ ਵਿਚ ਨੌਕਰੀ ਕਰ ਰਹੇ ਹਨ। ਇਸ ਦੇ ਇਵਜ਼ ਵਜੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਦੇ ਕੇ ਪੰਜਾਬ ਸਰਕਾਰ ਉਨ੍ਹਾਂ ਦਾ ਲਗਾਤਾਰ ਸ਼ੋਸ਼ਣ ਕਰਦੀ ਆ ਰਹੀ ਹੈ। ਸੁਪਰੀਮ ਕੋਰਟ ਵੱਲੋਂ ਵੀ ‘ਬਰਾਬਰ ਕੰਮ ਬਰਾਬਰ ਤਨਖਾਹ’ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸੂਬਾ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਜਾਣਦਿਆਂ ਐੈੱਨ. ਐੈੱਚ. ਐੈੱਮ. ਕਾਮਿਆਂ ਦਾ ਆਰਥਕ ਸ਼ੋਸ਼ਣ ਕਰਦੀ ਆ ਰਹੀ ਹੈ। ਯੂਨੀਅਨ ਦੇ ਚੀਫ ਆਰਗੇਨਾਈਜ਼ਰ ਅਵਤਾਰ ਸਿੰਘ ਮਾਨਸਾ ਅਤੇ ਸੂਬਾ ਜਨਰਲ ਸਕੱਤਰ ਡਾ. ਵਿਸ਼ਵਜੀਤ ਸਿੰਘ ਖੰਡਾ ਨੇ ਕਿਹਾ ਕਿ ਸਾਰੇ ਨੈਸ਼ਨਲ ਪ੍ਰੋਗਰਾਮ ਜਿਵੇਂ ਕਿ ਪਲਸ ਪੋਲੀਓ, ਜਨਣੀ ਸੁਰੱਖਿਆ ਯੋਜਨਾ, ਰਾਸ਼ਟਰੀ ਬਾਲ ਸੁਰੱਖਿਆ ਪ੍ਰੋਗਰਾਮ, ਮੀਜ਼ਲ ਰੂਬੇਲਾ ਆਦਿ ਹਰ ਪ੍ਰਕਾਰ ਦਾ ਟੀਕਾਕਰਨ, ਕੈਂਸਰ ਅਤੇ ਟੀ. ਬੀ. ਦੇ ਸਾਰੇ ਯੂਨਿਟਾਂ ਵਿਚੋਂ ਜਿੰਨੇ ਵੀ ਵਿਭਾਗ ਨੇ ਐਵਾਰਡ ਹਾਸਲ ਕੀਤੇ ਹਨ, ਉਹ ਸਾਰੇ ਐੈੱਨ. ਐੈੱਚ. ਐੈੱਮ. ਕਰਮਚਾਰੀਆਂ ਦੀ ਦਿਨ-ਰਾਤ ਕੀਤੀ ਹੋਈ ਹੱਡ-ਭੰਨਵੀਂ ਮਿਹਨਤ ਸਦਕਾ ਹੀ ਸੰਭਵ ਹੋਏ ਹਨ। ਦੁੱਖ ਦੀ ਗੱਲ ਇਹ ਹੈ ਕਿ ਇਹ ਸਿਹਤ ਵਿਭਾਗ ਦੇ ਕਰਮਚਾਰੀ ਬੇਹੱਦ ਘੱਟ ਤਨਖਾਹਾਂ ਨਾਲ ਆਪਣਾ ਚੁੱਲ੍ਹਾ ਬਾਲਣ ਤੋਂ ਅਸਮਰੱਥ ਹਨ। ਸੂਬਾਈ ਆਗੂ ਡਾ. ਵਾਹਿਦ ਸੰਗਰੂਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲੋਂ ਫੌਰੀ ਧਿਆਨ ਨਾ ਦਿੱਤਾ ਤਾਂ ਭਰਾਤਰੀ ਜੱਥੇਬੰਦੀਆਂ ਨੂੰ ਆਪਣੇ ਨਾਲ ਜੋਡ਼ ਕੇ ਸਰਕਾਰ ਨੂੰ ਹਰ ਫਰੰਟ ’ਤੇ ਘੇਰਨ ਲਈ ਹਰ ਹਰਬਾ ਵਰਤਣਗੇ।
ਇਸ ਮੌਕੇ ਕਿਰਨਜੀਤ ਕੌਰ ਮੋਹਾਲੀ, ਕਰਮਲਜੀਤ ਕੌਰ ਬਰਨਾਲਾ, ਗੁਰਪ੍ਰੀਤ ਸਿੰਘ ਭੁੱਲਰ, ਹਰਪਾਲ ਸੋਢੀ, ਜਗਦੇਵ ਸਿੰਘ ਮਾਨ, ਰਵਿੰਦਰ ਕੁਮਾਰ ਫਫਡ਼ੇ, ਨਾਥੂ ਰਾਮ ਸਰਦੂਲਗਡ਼੍ਹ, ਰੁਪਿੰਦਰ ਕੌਰ ਰਿੰਪੀ, ਕੇਵਲ ਸਿੰਘ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਰਘਵੀਰ ਸਿੰਘ, ਕੁਲਦੀਪ ਕੌਰ ਤੇ ਜਗਜੀਤ ਸਿੰਘ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੀ।
ਮਹਿਲਾਵਾਂ ਤੋਂ ਸੋਨੇ ਦੀਆਂ ਵਾਲੀਆਂ ਖੋਹਣ ਵਾਲਾ ਕਾਬੂ
NEXT STORY