ਭਵਾਨੀਗੜ੍ਹ,(ਵਿਕਾਸ) : ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਮੈਦਾਨ 'ਚ ਡਟੇ ਭਗਵੰਤ ਮਾਨ ਨੇ ਅੱਜ ਬਲਾਕ ਦੇ ਪਿੰਡ ਬਖਤੜਾ, ਬਖਤੜੀ ,ਕਾਲਾਝਾੜ ,ਬੱਖੋਪੀਰ ਤੇ ਚੰਨੋ 'ਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ 'ਚ 'ਆਪ' ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਜਿੱਤ ਦਾ ਝੰਡਾ ਲਹਿਰਾਏਗੀ। ਇਸ ਮੌਕੇ ਮਾਨ ਨੇ ਕਿਹਾ ਕਿ ਅਕਾਲੀ ਤੇ ਕਾਂਗਰਸ ਪਾਰਟੀ ਲਈ ਤਰਾਸਦੀ ਹੈ ਕਿ ਉਨ੍ਹਾਂ ਨੂੰ ਚੋਣ ਲੜਨ ਲਈ ਪੰਜਾਬ 'ਚੋਂ ਕੁੱਲ 13 ਬੰਦੇ ਵੀ ਨਹੀਂ ਮਿਲ ਰਹੇ। ਮਾਨ ਨੇ ਕਿਹਾ ਕਿ ਜੱਗ ਜ਼ਾਹਿਰ ਹੈ ਕਿ ਸੰਗਰੂਰ ਸੀਟ ਤੋਂ ਚੋਣ ਲੜਾ ਕੇ ਸੁਖਬੀਰ ਬਾਦਲ ਆਪਣੇ ਸਾਥੀ ਪਰਮਿੰਦਰ ਢੀਂਡਸਾ ਦੀ ਸਿਆਸੀ ਰੂਪ 'ਚ ਬਲੀ ਦੇਣ 'ਤੇ ਤੁਲੇ ਹੋਏ ਹਨ। ਮਾਨ ਨੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਬਾਦਲ ਮਾਪਿਆਂ ਦਾ ਮੰਦ ਬੁੱਧੀ ਬੱਚਾ ਹੈ, ਜੋ ਪਰਮਿੰਦਰ ਢੀਂਡਸਾ ਨੂੰ ਉਸ ਦੇ ਆਪਣੇ ਪਿਤਾ ਵਲੋਂ ਚੋਣ ਨਾ ਲੜਨ ਦੀ ਦਿੱਤੀ ਜਾ ਰਹੀ ਨਸੀਹਤ ਨੂੰ ਨਜ਼ਰ ਅੰਦਾਜ਼ ਕਰਕੇ ਚੋਣ ਲੜਨ ਲਈ ਕਹਿ ਰਿਹਾ ਹੈ।
ਮਾਨ ਨੇ ਚੁਟਕੀ ਲੈਂਦਿਆਂ ਕਿਹਾ ਕਿ ਸੇਵਾ ਦੇ ਨਾਂ 'ਤੇ ਸਪੋਰਟਸ ਸ਼ੂਜ਼ ਤੇ ਕਾਲੀ ਪਾਲਿਸ਼ ਫੇਰਨ ਵਾਲੇ ਸੁਖਬੀਰ ਦਾ ਢੀਂਡਸਾ ਸਾਹਿਬ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ। ਸੂਬੇ 'ਚ ਅਕਾਲੀਆਂ ਦੇ ਰਾਜ ਸਮੇਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਅੰਦਰੋਂ ਝੰਜੋੜ ਦਿੱਤਾ। ਜਿਸ ਕਾਰਨ ਉਹ ਪਹਿਲਾਂ ਹੀ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ ਤੇ ਹੁਣ ਆਪਣੇ ਪੁੱਤਰ ਨੂੰ ਵੀ ਚੋਣ ਮੈਦਾਨ 'ਚ ਨਹੀਂ ਦੇਖਣਾ ਚਾਹੁੰਦੇ ਪਰ ਦੂਜੇ ਪਾਸੇ ਉਹ ਹੈਰਾਨ ਹਨ ਕਿ ਬੇਅਦਬੀਆਂ ਕਰਵਾਉਣ ਵਾਲਾ ਬਾਦਲ ਪਰਿਵਾਰ ਕਿਸ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਣ ਲਈ ਜਾਵੇਗਾ। ਉਨ੍ਹਾਂ ਕਾਂਗਰਸ ਪਾਰਟੀ ਵਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ ਬਾਰੇ ਕਿਹਾ ਕਿ ਭੋਲੇ-ਭਾਲੇ ਲੋਕਾਂ ਨੂੰ ਸਬਜ਼ਬਾਗ ਦਿਖਾਕੇ ਕਾਂਗਰਸ ਹਰ ਵਾਰ ਮੂਰਖ ਬਣਾਉਂਦੀ ਆਈ ਹੈ, ਇਸ ਤੋਂ ਚੰਗਾ ਸੀ ਜੇਕਰ ਕਾਂਗਰਸ ਪਾਰਟੀ ਪੰਜਾਬ ਦੀ ਜਨਤਾ ਨਾਲ ਕੈਪਟਨ ਸਰਕਾਰ ਵੱਲੋਂ ਦੋ ਸਾਲ ਪਹਿਲਾਂ ਵਾਅਦਿਆ ਨੂੰ ਹੀ ਪੂਰਾ ਕਰ ਦਿੰਦੀ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਨਰਿੰਦਰ ਕੌਰ ਭਰਾਜ, ਗੁਰਦੀਪ ਸਿੰਘ ਫੱਗੂਵਾਲਾ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਲੰਟੀਅਰ ਹਾਜ਼ਰ ਰਹੇ।
ਪੋਸਤ ਦੀ ਖੇਤੀ ਕਰਨ ਵਾਲਾ ਵਿਅਕਤੀ ਕਾਬੂ
NEXT STORY