ਲੁਧਿਆਣਾ (ਰਾਜ): ਕੈਲਾਸ਼ ਨਗਰ ਇਲਾਕੇ ਵਿਚ ਮੰਗਲਵਾਰ ਦੀ ਦੇਰ ਸ਼ਾਮ ਇਕ ਨੌਜਵਾਨ ਨੇ ਘਰੇਲੂ ਵਿਵਾਦ ਤੋਂ ਪਰੇਸ਼ਾਨ ਹੋ ਕੇ ਤੇਜ਼ਧਾਰ ਬਲੇਡ ਨਾਲ ਆਪਣਾ ਹੀ ਗਲਾ ਰੇਤ ਲਿਆ। ਲਹੂ-ਲੁਹਾਨ ਹਾਲਤ ਵਿਚ ਨੌਜਵਾਨ ਨੂੰ ਉਸ ਦੀ ਪਤਨੀ ਵੱਲੋਂ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਮੁਤਾਬਕ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਰਦੋਈ ਦੇ ਰਹਿਣ ਵਾਲੇ ਸੁਧੀਰ ਵਜੋਂ ਹੋਈ ਹੈ। ਫਿਲਹਾਲ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਇਸ ਘਟਨਾ ਦੇ ਪਿੱਛੇ ਪਤੀ-ਪਤਨੀ ਦਾ ਪੁਰਾਣਾ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ, ਪਰ ਦੋਵਾਂ ਧਿਰਾਂ ਦੇ ਦਾਅਵਿਆਂ ਨੇ ਮਾਮਲੇ ਨੂੰ ਉਲਝਾ ਦਿੱਤਾ ਹੈ। ਹਸਪਤਾਲ ਦੇ ਬਿਸਤਰੇ 'ਤੇ ਜ਼ਿੰਦਗੀ ਦੀ ਜੰਗ ਲੜ ਰਹੇ ਸੁਧੀਰ ਦਾ ਦੋਸ਼ ਹੈ ਕਿ ਦੋ ਦਿਨ ਪਹਿਲਾਂ ਉਸ ਦੀ ਸਾਲੀ ਨੇ ਉਸ ਨਾਲ ਕੁੱਟਮਾਰ ਕੀਤੀ ਸੀ ਅਤੇ ਪੁਲਸ ਵਿਚ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ। ਮੰਗਲਵਾਰ ਨੂੰ ਉਹ ਕਰੀਬ ਚਾਰ ਘੰਟੇ ਥਾਣੇ ਵਿਚ ਬੈਠਾ ਰਿਹਾ, ਜਿੱਥੇ ਉਸ ਨੇ ਮਾਫੀ ਮੰਗੀ ਅਤੇ ਘਰ ਪਰਤ ਆਇਆ। ਸੁਧੀਰ ਅਨੁਸਾਰ, ਇਸੇ ਮਾਨਸਿਕ ਤਣਾਅ ਦੇ ਚਲਦਿਆਂ ਉਸ ਨੇ ਘਰ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ।
ਦੂਜੇ ਪਾਸੇ, ਹਸਪਤਾਲ ਵਿਚ ਮੌਜੂਦ ਸੁਧੀਰ ਦੀ ਪਤਨੀ ਅੰਜਲੀ ਦਾ ਕਹਿਣਾ ਹੈ ਕਿ ਸੁਧੀਰ ਅਕਸਰ ਸ਼ਰਾਬ ਦੇ ਨਸ਼ੇ ਵਿਚ ਧੁਤ ਹੋ ਕੇ ਉਸ ਨਾਲ ਕੁੱਟਮਾਰ ਕਰਦਾ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਆਪਣੀ ਭੈਣ ਨਾਲ ਪੁਲਸ ਦੀ ਸ਼ਰਨ ਲਈ ਸੀ। ਅੰਜਲੀ ਮੁਤਾਬਕ, ਮੰਗਲਵਾਰ ਨੂੰ ਥਾਣੇ ਤੋਂ ਪਰਤਣ ਤੋਂ ਬਾਅਦ ਸੁਧੀਰ ਨੇ ਫਿਰ ਤੋਂ ਸ਼ਰਾਬ ਪੀਤੀ ਅਤੇ ਘਰ ਵਿਚ ਹੰਗਾਮਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਉਸ ਨੇ ਆਪਣੀ ਜੇਬ ਵਿਚੋਂ ਬਲੇਡ ਕੱਢਿਆ ਅਤੇ ਖੁਦ ਦਾ ਗਲਾ ਰੇਤ ਲਿਆ।
ਫਿਰੋਜ਼ਪੁਰ ਪੁਲਸ ਦਾ ਵੱਡਾ ਐਕਸ਼ਨ, ਕਰੋੜਾਂ ਦੀ ਹੈਰੋਇਨ ਤੇ ਆਈਸ ਡਰੱਗ ਸਮੇਤ 3 ਤਸਕਰ ਕਾਬੂ
NEXT STORY