ਸਾਦਿਕ, (ਪਰਮਜੀਤ)- ਪਿਛਲੇ ਦਿਨੀਂ ਚੋਰਾਂ ਨੇ ਸਾਦਿਕ ਦੀ ਬਰਾਡ਼ ਭਾਰਤ ਗੈਸ ਏਜੰਸੀ ’ਚੋਂ ਜੋ ਦੋ ਲੱਖ 5 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਸੀ। ਉਸ ਸਬੰਧੀ ਸਾਦਿਕ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਚੋਰਾਂ ਨੂੰ ਕਾਬੂ ਕਰ ਕੇ 59 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ, ਜਦੋਂਕਿ ਤੀਜੇ ਦੋਸ਼ੀ ਦੀ ਭਾਲ ਜਾਰੀ ਹੈ। ਜਾਣਕਾਰੀ ਅਨੁਸਾਰ ਚੋਰੀ ਕਰਨ ਵਾਲੇ ਤਿੰਨ ਦੋਸ਼ੀਆਂ ’ਚੋਂ ਮੁਖਬਰ ਦੀ ਇਤਲਾਹ ’ਤੇ ਹਰਜੀਤ ਸਿੰਘ ਉਰਫ ਗੋਰੀ ਪੁੱਤਰ ਜਗਸੀਰ ਸਿੰਘ ਵਾਸੀ ਭਾਗ ਸਿੰਘ ਵਾਲਾ ਜੋ ਗੈਸ ਸਪਲਾਈ ਕਰਨ ਵਾਲੀ ਟਰਾਲੀ ’ਤੇ ਹੈਲਪਰ ਸੀ ਅਤੇ ਮਨੀ ਸਿੰਘ ਪੁੱਤਰੀ ਹੀਰਾ ਸਿੰਘ ਵਾਸੀ ਪਿੰਡ ਢਿੱਲਵਾਂ ਖੁਰਦ ਨੂੰ ਪਿੰਡ ਢਿੱਲਵਾਂ ਖੁਰਦ ਦੇ ਸੂਏ ਨੇਡ਼ਿਓਂ ਪੈਦਲ ਜਾਂਦਿਆਂ ਨੂੰ ਕਾਬੂ ਕੀਤਾ ਗਿਆ। ਜਦ ਉਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕਬੂਲ ਕੀਤਾ ਕਿ ਉਨ੍ਹਾਂ ਨੇ ਹੀ ਗੈਸ ਏਜੰਸੀ ’ਚੋਂ ਰੁਪਏ ਚੋਰੀ ਕੀਤੇ ਹਨ ਅਤੇ ਉਨ੍ਹਾਂ ਦੇ ਨਾਲ ਰਣਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਭਾਗ ਸਿੰਘ ਵਾਲਾ ਵੀ ਸ਼ਾਮਲ ਸੀ। ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਵੱਖ-ਵੱਖ ਥਾਵਾਂ ’ਤੇ 19 ਹਜ਼ਾਰ ਅਤੇ 40 ਹਜ਼ਾਰ ਰੁਪਏ ਦੱਬੇ ਹੋਏ ਹਨ, ਜਿਸ ’ਤੇ ਪੁਲਸ ਪਾਰਟੀ ਨੇ ਛਾਪੇਮਾਰੀ ਕਰ ਕੇ ਬਰਾਮਦ ਕਰ ਲਏ। ਕੇਸ ਦੀ ਤਫਤੀਸ਼ ਕਰ ਰਹੇ ਏ. ਐੱਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਤੀਜੇ ਦੋਸ਼ੀ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਕੁੱਟ-ਮਾਰ ਦੇ 2 ਮਾਮਲਿਆਂ ’ਚ ਕੇਸ ਦਰਜ
NEXT STORY