ਫਤਿਹਗੜ੍ਹ ਸਾਹਿਬ (ਬਖਸ਼ੀ)—ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਦੂਦ ਰੋਜ਼ਾ ਸ਼ਰੀਫ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ, ਜਿਨ੍ਹਾਂ ਨੇ ਸਲਾਮ ਪੇਸ਼ ਕੀਤਾ ਅਤੇ ਚਾਦਰ ਚੜ੍ਹਾਉਣ ਦੀ ਰਸਮ ਵੀ ਅਦਾ ਕੀਤੀ। ਰੋਜ਼ਾ ਸ਼ਰੀਫ ਵਿਖੇ ਤਿੰਨ ਦਿਨਾ ਸਾਲਾਨਾ ਉਰਸ ਦੀ ਸਮਾਪਤੀ ਤੋਂ ਕੁਝ ਦਿਨਾਂ ਬਾਅਦ ਪਹੁੰਚੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਦੂਦ ਨੇ ਪਾਕਿ ਤੋਂ ਆਏ 144 ਸ਼ਰਧਾਲੂਆਂ ਨਾਲ ਵੀ ਮੁਲਾਕਾਤ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪਾਕਿਸਤਾਨੀ ਸ਼ਰਧਾਲੂਆਂ ਦੇ ਵੀਜ਼ੇ 'ਚ ਹੋਈ ਦੇਰੀ ਕਾਰਨ ਸਾਲਾਨਾ ਉਰਸ ਵਿਚ ਸ਼ਾਮਲ ਨਾ ਹੋ ਸਕਣ 'ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਅੱਗੇ ਤੋਂ ਦੋਵੇਂ ਦੇਸ਼ ਆਪਣੀ ਵੀਜ਼ਾ ਪ੍ਰਣਾਲੀ ਨੂੰ ਹੋਰ ਦਰੁਸਤ ਕਰ ਕੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਾ ਖਿਆਲ ਰੱਖਣ ਦੀ ਕੋਸ਼ਿਸ਼ ਕਰਨ।
ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਪਾਕਿ ਹਾਈ ਕਮਿਸ਼ਨਰ ਨੇ ਕਿਹਾ ਕਿ ਦੋਵੇਂ ਮੁਲਕਾਂ ਪਾਕਿਸਤਾਨ ਅਤੇ ਭਾਰਤ ਵਿਚਕਾਰ ਸਬੰਧ ਚੰਗੇ ਰਹਿਣ, ਜਿਸ ਨੂੰ ਲੈ ਕੇ ਗੱਲਬਾਤ ਵੀ ਚੱਲ ਰਹੀ ਹੈ ਅਤੇ ਇਸ ਵਿਚ ਮੀਡੀਆ ਵੀ ਅਹਿਮ ਰੋਲ ਅਦਾ ਕਰ ਸਕਦਾ ਹੈ। ਇਸ ਮੌਕੇ ਰੋਜ਼ਾ ਸ਼ਰੀਫ ਦੇ ਖਲੀਫਾ ਸਈਅਦ ਮੁਹੰਮਦ ਸਾਦਿਕ ਰਜ਼ਾ ਮੁਜ਼ੱਦੀ ਵੀ ਹਾਜ਼ਰ ਸਨ। ਪਾਕਿਸਤਾਨੀ ਹਾਈ ਕਮਿਸ਼ਨਰ ਦੇ ਰੋਜ਼ਾ ਸ਼ਰੀਫ ਵਿਖੇ ਪਹੁੰਚਣ 'ਤੇ ਜ਼ਿਲਾ ਪੁਲਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ, ਜਿਸ ਨੂੰ ਲੈ ਕੇ ਰੋਜ਼ਾ ਸ਼ਰੀਫ ਦੇ ਚਾਰੇ ਪਾਸੇ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਤਾਇਨਾਤ ਸਨ। ਮੌਕੇ 'ਤੇ ਐੱਸ. ਪੀ. (ਡੀ) ਹਰਪਾਲ ਸਿੰਘ, ਏ. ਐੱਸ. ਪੀ. ਡਾ. ਰਵਜੋਤ ਗਰੇਵਾਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।
ਇਥੇ ਵਣਨਨਯੋਗ ਹੈ ਕਿ ਰੋਜ਼ਾ ਸ਼ਰੀਫ ਫਤਿਹਗੜ੍ਹ ਸਾਹਿਬ ਵਿਖੇ ਸਾਲਾਨਾ ਉਰਸ ਪਿਛਲੇ ਬੁੱਧਵਾਰ ਨੂੰ ਸਮਾਪਤ ਹੋ ਚੁੱਕਾ ਹੈ, ਜਿਸ ਵਿਚ ਅਫਗਾਨਿਸਤਾਨ, ਬੰਗਲਾਦੇਸ਼ ਤੋਂ ਇਲਾਵਾ ਹੋਰ ਵੀ ਵੱਖ-ਵੱਖ ਦੇਸ਼ਾਂ ਤੋਂ ਸ਼ਰਧਾਲੂ ਸ਼ਾਮਲ ਹੋਏ ਸਨ ਪਰ ਪਾਕਿਸਤਾਨੀ ਸ਼ਰਧਾਲੂਆਂ ਦੇ ਵੀਜ਼ਿਆਂ 'ਚ ਹੋਈ ਦੇਰੀ ਕਾਰਨ ਪਾਕਿ ਦੇ 144 ਸ਼ਰਧਾਲੂ ਉਰਸ ਦੀ ਸਮਾਪਤੀ ਤੋਂ ਬਾਅਦ ਸ਼ੁੱਕਰਵਾਰ ਨੂੰ ਇਥੇ ਪਹੁੰਚੇ ਹਨ, ਜੋ ਕਿ 14 ਨਵੰਬਰ ਨੂੰ ਵਾਪਸ ਪਾਕਿਸਤਾਨ ਲਈ ਰਵਾਨਾ ਹੋਣਗੇ।
ਅਕਾਲੀ ਦਲ ’ਚ ਕੱਢੇ ਆਗੂ ਜਲਦ ਕਰਨਗੇ ਧਮਾਕਾ
NEXT STORY