ਜਲਾਲਾਬਾਦ (ਸੇਤੀਆ,ਸੁਮਿਤ): ਬੀਤੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਇਲਾਕੇ ਦੇ ਲੋਕਾਂ ਨੇ ਉਸ ਸਮੇਂ ਸੁੱਖ ਦਾ ਸਾਹ ਲਿਆ ਜਦੋਂ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਈ ਬਰਸਾਤ ਨੇ ਮੌਸਮ ਨੂੰ ਪੂਰੀ ਤਰ੍ਹਾਂ ਤਬਦੀਲ ਕਰਕੇ ਰੱਖ ਦਿੱਤਾ। ਮੋਹਲੇਧਾਰ ਮੀਂਹ ਕਾਰਨ ਜਿੱਥੇ ਸ਼ਹਿਰ ਦੀਆਂ ਵੱਖ-ਵੱਖ ਗਲੀਆਂ 'ਚ 4 ਫੁੱਟ ਤੱਕ ਪਾਣੀ ਭਰ ਗਿਆ ਉੱਥੇ ਹੀ ਮੀਂਹ ਕਾਰਨ ਆਵਾਜਾਈ ਵੀ ਕਾਫੀ ਪ੍ਰਭਾਵਿਤ ਰਹੀ। ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਸ਼ੁਰੂ ਹੋਏ ਮੀਂਹ ਨੇ ਬੁੱਧਵਾਰ ਬਾਅਦ ਦੁਪਿਹਰ ਤੱਕ ਪੈਂਦਾ ਰਿਹਾ। ਤੇਜ਼ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕੇ ਗਲੀ ਬਾਬਾ ਬਚਨ ਦਾਸ, ਇੰਦਰ ਨਗਰੀ, ਬਜਾਜ ਸਟਰੀਟ, ਅਨਾਜ ਮੰਡੀ, ਸ਼ਹੀਦ ਭਗਤ ਸਿੰਘ ਕਾਲੋਨੀ, ਪਾਰਕ ਦੀ ਬੈਕ ਸਾਈਡ ਤੇ ਹੋਰ ਕਈ ਇਲਾਕਿਆਂ 'ਚ ਬਰਸਾਤ ਦਾ ਪਾਣੀ ਭਰ ਗਿਆ। ਇਥੋਂ ਤੱਕ ਕਿ ਗਲੀਆਂ 'ਚ ਖੜ੍ਹੇ ਵਹੀਕਲ ਵੀ ਅੱਧੇ ਪਾਣੀ 'ਚ ਡੁੱਬੇ ਹੋਏ ਦਿਖਾਈ ਦਿੱਤੇ।

ਇਥੇ ਦੱਸ ਦੇਈਏ ਕਿ ਸ਼ਹਿਰ ਅੰਦਰ ਨੀਵੇਂ ਇਲਾਕਿਆਂ ਵਾਲੀਆਂ ਗਲੀਆਂ ਦੇ ਲੇਵਲ ਨੂੰ ਉੱਚਾ ਚੁੱਕਣ ਲਈ ਵਿਧਾਇਕ ਰਮਿੰਦਰ ਆਵਲਾ ਨਗਰ ਕੌਂਸਲ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕੇ ਹਨ ਅਤੇ ਇਸ ਸਬੰਧੀ ਏਜੰਡਾ ਵੀ ਤਿਆਰ ਕੀਤਾ ਗਿਆ ਹੈ ਪਰ ਜਿੰਨੀ ਦੇਰ ਤੱਕ ਗਲੀਆਂ ਨੂੰ ਉੱਚਾ ਚੁੱਕਣ ਦਾ ਕੰਮ ਸ਼ੁਰੂ ਨਹੀਂ ਹੁੰਦਾ ਉਨੀਂ ਦੇਰ ਤੱਕ ਇਨ੍ਹਾਂ ਗਲੀਆਂ-ਮੁਹੱਲਿਆਂ 'ਚ ਮੀਂਹ ਦੇ ਪਾਣੀ ਦਾ ਨਿਕਾਸੀ ਦਾ ਹਾਲ
ਸੁਧਰਣਾ ਸੌਖਾ ਨਹੀਂ ਹੈ।

ਉਧਰ ਗਲੀ ਬਾਬਾ ਬਚਨ ਦਾਸ ਵਾਲੀ 'ਚ ਬਰਸਾਤ ਦੇ ਜਮ੍ਹਾ ਪਾਣੀ ਨੂੰ ਲੈ ਕੇ ਇਕ ਵਿਅਕਤੀ ਵਲੋਂ ਸੋਸ਼ਲ ਮੀਡੀਆ ਤੇ ਨਗਰ ਪ੍ਰਸ਼ਾਸਨ ਦਾ ਮਜ਼ਾਕ ਉਡਾਇਆ ਗਿਆ ਅਤੇ ਉਸਨੇ ਲਿਖਿਆ ਕਿ ਉਨ੍ਹਾਂ ਦੀ ਗਲੀ ਨੂੰ 100 ਮੀਟਰ ਲੰਬਾ ਤੇ ਚਾਰ ਫੁੱਟ ਡੂੰਘਾ ਸਵੀਮਿੰਗ ਪੂਲ ਦੇਣਾ ਵੱਡੀ ਮਿਹਨਤ ਦਾ ਨਤੀਜਾ ਹੈ ਅਤੇ ਇਸ ਪੂਲ ਨੇ ਕਈ ਅੰੰਤਰਾਸ਼ਟਰੀ ਤੈਰਾਕ ਦਿੱਤੇ ਹਨ ਅਤੇ ਜਿਨ੍ਹਾਂ ਲੋਕਾਂ ਦੀ ਬਦੌਲਤ ਸਵੀਮਿੰਗ ਪੂਲ ਮਿਲਿਆ ਹੈ ਉਨ੍ਹਾਂ ਦਾ ਧੰਨਵਾਦ।ਇਸੇ ਤਰ੍ਹਾਂ ਹੋਰ ਵੀ ਕਈ ਸੋਸ਼ਲ ਮੀਡੀਆ ਪ੍ਰੇਮੀਆਂ ਨੇ ਸ਼ਹਿਰ 'ਚ ਬਰਸਾਤ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਵਾਲ ਚੁੱਕੇ ਹਨ।

ਦੂਜੇ ਪਾਸੇ ਇਹ ਬਰਸਾਤ ਝੋਨੇ ਦੀ ਫਸਲ ਲਈ ਕਾਫੀ ਲਾਹੇਵੰਦ ਹੈ ਕਿਉਂਕਿ ਝੋਨੇ ਨੂੰ ਅਕਸਰ ਹੀ ਸਿੰਚਾਈ ਦੀ ਲੋੜ ਹੁੰਦੀ ਹੈ ਅਤੇ ਇਸ ਬਰਸਾਤ ਨਾਲ ਸਿੰਚਾਈ ਦੀ ਘਾਟ ਕਾਫ਼ੀ ਹੱਦ ਤੱਕ ਪੂਰੀ ਹੋਈ ਹੈ ਅਤੇ ਹੁਣ ਕਿਸਾਨਾਂ ਨੂੰ ਕੁੱਝ ਦਿਨ ਮੋਟਰਾਂ ਚਲਾਉਣ ਦੀ ਲੋੜ ਨਹੀਂ ਪੈਣੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕੁੱਝ ਦਿਨਾਂ ਦੇ ਅੰਤਰਾਲ ਦੌਰਾਨ ਬਰਸਾਤ ਹੁੰਦੀ ਰਹੇ ਤਾਂ ਇਕ ਤਾਂ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ ਦੂਜਾ ਝੋਨੇ ਦੀ ਫ਼ਸਲ ਨੂੰ ਬਿਮਾਰੀ ਵੀ ਘੱਟ ਲੱਗਦੀਆਂ ਹਨ।
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਨਾਲ ਇਕ ਹੋਰ ਮੌਤ
NEXT STORY