ਬੱਸੀ ਪਠਾਣਾ (ਰਾਜਕਮਲ) : ਸੋਨੇ ਦੀ ਚਿੜੀ ਕਿਹਾ ਜਾਣ ਵਾਲਾ ਭਾਰਤ ਦੇਸ਼ ਕਈ ਦਹਾਕਿਆਂ ਤੱਕ ਗੁਲਾਮੀ ਦੀਆਂ ਜ਼ੰਜੀਰਾਂ ’ਚ ਜਕੜਿਆ ਰਿਹਾ, ਜਿਸ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾਉਣ ਲਈ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ ਤੇ ਹੋਰ ਕ੍ਰਾਂਤੀਕਾਰੀ ਸੂਰਮਿਆਂ ਸਹਿਤ ਹਜ਼ਾਰਾਂ ਲੋਕਾਂ ਨੇ ਸ਼ਹੀਦੀ ਦਾ ਜਾਮ ਪੀਤਾ ਤਾਂ ਜੋ ਆਉਣ ਵਾਲੀ ਪੀੜ੍ਹੀ ਖੁੱਲੀ ਫ਼ਿਜ਼ਾ ਵਿਚ ਸਾਹ ਲੈ ਸਕੇ। ਲੰਮੇ ਸੰਘਰਸ਼ ਉਪਰੰਤ ਬੇਸ਼ੱਕ ਅੱਜ ਦੇਸ਼ ਨੂੰ ਆਜ਼ਾਦ ਹੋਏ ਕਰੀਬ 75 ਸਾਲਾਂ ਦਾ ਸਮਾਂ ਲੰਘ ਚੁੱਕਾ ਹੈ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਤੇ ਰੋਜ਼ਗਾਰ ਦੇ ਮੌਕੇ ਨਾ ਦੇਣ ਕਾਰਨ ਨੌਜਵਾਨ ਹੁਣ ਖੁਦ ਵਿਦੇਸ਼ਾਂ ’ਚ ਜਾ ਕੇ ਗੁਲਾਮੀ ਕਰਨ ਲਈ ਮਜਬੂਰ ਹੋ ਰਹੇ ਹਨ। ਬੇਰੋਜ਼ਗਾਰੀ, ਰੋਜ਼ੀ ਰੋਟੀ ਤੇ ਆਪਣੇ ਭਵਿੱਖ ਲਈ ਫਿਕਰਮੰਦ ਨੌਜਵਾਨ ਨਾ ਚਾਹੁੰਦੇ ਹੋਏ ਵੀ ਆਪਣੇ ਵਤਨ ਨੂੰ ਛੱਡ ਕੇ ਆਪਣਿਆਂ ਤੋਂ ਦੂਰ ਰਹਿਣ ਲਈ ਮਜਬੂਰ ਹਨ ਜੋ ਕਿ ਸਰਕਾਰਾਂ ਦੀ ਨਾਕਾਮੀ ਦਾ ਪ੍ਰਤੱਖ ਪ੍ਰਮਾਣ ਹੈ। ਅੱਜ ਪੰਜਾਬ ਦੇ ਨਾਲ ਨਾਲ ਦੇਸ਼ ਦੇ ਹੋਰ ਸੂਬਿਆਂ ਤੋਂ ਲੱਖਾਂ ਦੀ ਤਦਾਦ ਵਿਚ ਨੌਜਵਾਨ ਅਤੇ ਵਪਾਰੀ ਵਰਗ ਆਪਣੇ ਸੂਬਿਆਂ ਨੂੰ ਛੱਡ ਕੇ ਵਿਦਸ਼ਾਂ ਦਾ ਰੁਖ ਕਰ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਇਹ ਖ਼ਬਰ ਵੀ ਪੜ੍ਹੋ - ਢਾਈ ਲੱਖ ਸਿੱਖ ਤੇ 2 ਲੱਖ ਹਿੰਦੂ ਜਮਾਂਦਰੂ ਹਨ ਕੈਨੇਡੀਅਨ ਨਾਗਰਿਕ, ਅੰਕੜਿਆਂ 'ਚ ਜਾਣੋ ਪੂਰਾ ਵੇਰਵਾ
ਪੰਜਾਬ ’ਚ 20 ਲੱਖ ਤੋਂ ਵੱਧ ਬੇਰੋਜ਼ਗਾਰ ਨੌਜਵਾਨ-ਪੰਜਾਬ ਜੋ ਕਿ ਕਿਸੇ ਸਮੇਂ ਇਕ ਖੁਸ਼ਹਾਲ ਸੂਬਾ ਹੁੰਦਾ ਸੀ ਪਰ ਬਰਬਾਦ ਹੋ ਰਹੀ ਕਿਸਾਨੀ, ਠੱਪ ਹੋ ਰਹੇ ਕਾਰੋਬਾਰ ਤੇ ਬੇਰੋਜ਼ਗਾਰੀ ਕਾਰਨ ਅੱਜ ਆਰਥਿਕ ਸੰਕਟ ਤੋਂ ਜੂਝ ਰਿਹਾ ਹੈ। ਹਾਲਾਤ ਹੁਣ ਇਹ ਹਨ ਕਿ ਇਕ ਅਨੁਮਾਨ ਮੁਤਾਬਕ ਪੰਜਾਬ ’ਚ 20 ਲੱਖ ਤੋਂ ਵੱਧ ਨੌਜਵਾਨ ਕਈ ਤਰ੍ਹਾਂ ਦੀਆਂ ਡਿਗਰੀਆਂ ਲੈਣ ਦੇ ਬਾਵਜੂਦ ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਹਨ ਅਤੇ ਸਰਕਾਰੀ ਨੌਕਰੀ ਦੀ ਤਲਾਸ਼ ਵਿਚ ਉਮਰ ਦੇ ਪੜ੍ਹਾਅ ਵੱਲ ਵੱਧਦੇ ਜਾ ਰਹੇ ਹਨ, ਜਿਸ ਦਾ ਪ੍ਰਮੁੱਖ ਕਾਰਨ ਸਰਕਾਰ ਵਲੋਂ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ’ਚ ਕੋਈ ਖਾਸ ਦਿਲਚਸਪੀ ਨਾ ਦਿਖਾਉਣਾ ਹੈ। ਅਜਿਹੇ ਨੌਜਵਾਨ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਤੇ ਆਪਣੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਲੈ ਕੇ ਨਾ ਚਾਹੁੰਦੇ ਹੋਏ ਵੀ ਵਿਦੇਸ਼ਾਂ ’ਚ ਜਾ ਕੇ ਨੌਕਰੀ ਕਰਨ ਨੂੰ ਤਰਜੀਹ ਦੇ ਰਹੇ ਹਨ।
ਵਿਦੇਸ਼ਾਂ ’ਚ ਫਸ ਜਾਂਦੇ ਹਨ ਕਈ ਲੋਕ
ਕੁੱਝ ਨੌਜਵਾਨ ਵਿਦੇਸ਼ ਜਾਣ ਲਈ ਆਪਣੀ ਜ਼ਮੀਨ ਵੇਚ ਕੇ ਜਾਂ ਲੱਖਾਂ ਰੁਪਏ ਦਾ ਕਰਜ਼ ਲੈ ਕੇ ਗਲਤ ਏਜੇਂਟਾਂ ਦੇ ਹੱਥੀ ਚੜ੍ਹ ਜਾਂਦੇ ਹਨ ਵਿਦੇਸ਼ਾਂ ’ਚ ਜਾ ਕੇ ਫਸ ਜਾਂਦੇ ਹਨ, ਜਿਨ੍ਹਾਂ ਨੂੰ ਉੱਥੇ ਦੀ ਪੁਲਸ ਵਲੋਂ ਜੇਲ ਦੀਆਂ ਸਲਾਖਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ ਅਤੇ ਇੱਥੇ ਉਨ੍ਹਾਂ ਦਾ ਪਰਿਵਾਰ ਇੰਤਜ਼ਾਰ ਕਰਦਾ ਰਹਿੰਦਾ ਹੈ। ਪਰ ਜਦੋਂ ਅਜਿਹੀ ਘਟਨਾ ਬਾਰੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਸਰਕਾਰਾਂ ਤੇ ਆਗੂਆਂ ਅੱਗੇ ਕਈ ਸਾਲਾਂ ਤੱਕ ਗੁਹਾਰ ਲਗਾਉਂਦੇ ਰਹਿੰਦੇ ਹਨ ਜਿਸ ਤੋਂ ਬਾਅਦ ਕੁਝ ਹੀ ਨੌਜਵਾਨਾਂ ਦੀ ਵਤਨ ਵਾਪਸੀ ਹੁੰਦੀ ਹੈ। ਇਸ ਤਰ੍ਹਾਂ ਦੇ ਕਈ ਮਾਮਲੇ ਅਕਸਰ ਦੇਖਣ ’ਚ ਆਉਂਦੇ ਹਨ ਪਰ ਇਸ ਦੇ ਬਾਵਜੂਦ ਵੀ ਲੋਕ ਬਾਹਰ ਜਾਣ ਦਾ ਰਿਸਕ ਚੁੱਕ ਰਹੇ ਹਨ, ਜਿਸ ਦਾ ਕਾਰਨ ਰੋਜੀ ਰੋਟੀ ਹੀ ਹੈ। ਜੇਕਰ ਸੇਂ ਦੀਆਂ ਸਰਕਾਰਾਂ ਚੋਣਾ ਦੌਰਾਨ ਬੇਰੁਜ਼ਗਾਰੀ ਦੂਰ ਕਰਨ ਦੇ ਆਪਣੇ ਵਾਅਦੇ ’ਤੇ ਖਰੀ ਉੱਤਰਦੀਆਂ ਤਾਂ ਅਜਿਹੀਆਂ ਘਟਨਾਵਾਂ ਦੇ ਗ੍ਰਾਫ ਵਿਚ ਜਰੂਰ ਕਮੀ ਆਉਣੀ ਸੀ।
ਵਿਦੇਸ਼ਾਂ ’ਚ ਵੱਸਦੇ ਜਾ ਰਹੇ ਹਨ ਵਪਾਰੀ
ਸਰਕਾਰਾਂ ਵੱਲੋਂ ਵਪਾਰੀ ਵਰਗ ’ਤੇ ਲਾਏ ਗਏ ਕਈ ਤਰ੍ਹਾਂ ਦੇ ਟੈਕਸਾਂ ਤੇ ਰਿਆਇਤਾਂ ਨਾ ਮਿਲਣ ਕਾਰਨ ਕਈ ਵਾਪਰੀ ਆਪਣਾ ਕਾਰੋਬਾਰ ਬੰਦ ਕਰ ਚੁੱਕੇ ਹਨ। ਬੱਸੀ ਪਠਾਣਾ ਦੇ ਜਿਆਦਾਤਰ ਨੌਜਵਾਨ ਲੜਕੇ-ਲੜਕੀਆਂ ਤੇ ਹੋਰ ਲੋਕ ਆਪਣਾ ਵਪਾਰ ਬੰਦ ਕਰਕੇ ਅਤੇ ਆਪਣੀਆਂ ਦੁਕਾਨਾਂ ਵੇਚ ’ਚ ਵਿਦੇਸ਼ਾਂ ਜਾ ਵਸੇ ਹਨ ਤੇ ਕਈ ਤਿਆਰੀ ਵਿਚ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਠੋਸ ਨੀਤੀ ਬਨਾਉਣ ਦੀ ਬਜਾਏ ਕਈ ਤਰ੍ਹਾਂ ਦੇ ਟੈਕਸ ਲਗਾ ਦਿੱਤੇ ਗਏ ਹਨ, ਜਿਸ ਕਾਰਨ ਅੱਜ ਪੰਜਾਬ ਦੇ ਵਪਾਰੀ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਤਰ੍ਹਾਂ ਦੇ ਉਦਯੋਗ ਤੇ ਵਪਾਰ ਬੰਦ ਹੋ ਚੁੱਕੇ ਹਨ। ਅਜਿਹੇ ਵਪਾਰੀ ਆਪਣੇ ਪਰਿਵਾਰ ਤੇ ਬੱਚਿਆਂ ਸਮੇਤ ਵਿਦੇਸ਼ਾਂ ’ਚ ਹੀ ਕੋਈ ਛੋਟਾ ਮੋਟਾ ਕਾਰੋਬਾਰ ਕਰਨ ਨੂੰ ਤਰਜੀਹ ਦੇ ਰਹੇ ਹਨ।
ਕੀ ਕਰਨਾ ਹੈ ਸਰਕਾਰ ਨੂੰ
-ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਮੌਕੇ ਮੁਹੱਈਆ ਕਰਵਾਏ ਜਾਣਾ
-ਸਰਕਾਰੀ ਨੌਕਰੀਆਂ ਲਈ ਉਮਰ ਸੀਮਾ ਵਧਾਈ ਜਾਵੇ
-ਵੱਖ ਵੱਖ ਵਿਭਾਗਾਂ ’ਚ ਖਾਲੀ ਪੋਸਟਾਂ ਨੂੰ ਭਰਿਆ ਜਾਵੇ
-ਸਵੈ ਰੋਜ਼ਗਾਰ ਲਈ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ
-ਵਪਾਰ ਨੂੰ ਪ੍ਰਫੁੱਲਿਤ ਕੀਤਾ ਜਾਵੇ ਤੇ ਰਿਆਇਤਾਂ ਦਿੱਤੀਆਂ ਜਾਵੇ
ਸਾਬਕਾ ਸੈਨਿਕ ਦੀ ਪਤਨੀ ਦੀ ਸ਼ੱਕੀ ਹਾਲਾਤਾਂ 'ਚ ਹੋਈ ਮੌਤ, ਪਰਿਵਾਰ ਨੇ ਪਤੀ ਖ਼ਿਲਾਫ਼ ਕਤਲ ਕੇਸ ਦਰਜ ਕਰਨ ਦੀ ਕੀਤੀ ਮੰਗ
NEXT STORY