ਮਾਏ ਮੈਂ ਧੀ ਤੇਰੇ ਅੰਦਰ ਦੀ,
ਇਕ ਹੂਕ ਉਠਾਉਣਾ ਚਾਹੁੰਦੀ ਹਾਂ,
ਮੈਂ ਜੀਅ ਨਹੀਂ ਸਕਣਾ, ਏ ਜ਼ਿੰਦਗੀ ਜਿਲਤ ਦੀ,
ਤੇਰੇ ਅੰਦਰ ਹੀ ਮਰ ਮੁੱਕ ਜਾਣਾ ਚਾਹੁੰਦੀ ਹਾਂ।
ਮੈਂ ਵੇਖਿਆ ਨਹੀਂ ਇਹ ਜੱਗ ਤੇਰਾ,
ਜਿਸ ਨੂੰ ਬੜਾ ਹੀ ਸੋਹਣਾ ਕਹਿੰਦੇ ਨੇ,
ਪਰ ਇਸ ਜੱਗ ਵਿਚ ਸੁਣਿਆ ਮਾਏ ਨੀ,
ਬੰਦੇ ਘੱਟ ਤੇ ਸ਼ੈਤਾਨ ਵੱਧ ਰਹਿੰਦੇ ਨੇ,
ਸੁਣ ਕੇ ਬਾਹਰ ਦੀ ਛੂਕ ਹਵਾ,
ਤੇਰੇ ਅੰਦਰ ਹੀ ਸਮਾਉਣਾ ਚਾਹੁੰਦੀ ਹਾਂ,
ਮੈਂ ਜੀਅ ਨਹੀਂ ਸਕਣਾ, ਏ ਜ਼ਿੰਦਗੀ ਜਿਲਤ ਦੀ,
ਤੇਰੇ ਅੰਦਰ ਹੀ ਮਰ ਮੁੱਕ ਜਾਣਾ ਚਾਹੁੰਦੀ ਹਾਂ।
ਵੇਖ ਕੇ ਰੌਣਕ ਦੁਨੀਆ ਦੀ,
ਮੇਰਾ ਬਾਹਰ ਆਉਣ ਨੂੰ ਜੀਅ ਕਰਦਾ,
ਪਰ ਡਰ ਲੱਗਦਾ ਇਹਨਾਂ ਭੰਵਰਿਆਂ ਤੋਂ,
ਕੋਈ ਫੁੱਲ ਖਿੜਨ ਤੋਂ ਪਹਿਲਾਂ ਪੀ ਸਕਦਾ,
ਇਸ ਲਈ ਮੈਂ ਮੌਜ ਜ਼ਿੰਦਗੀ ਦੀ,
ਤੇਰੇ ਅੰਦਰ ਦਫਨਾਉਣਾ ਚਾਹੁਦੀ ਹਾਂ,
ਮੈਂ ਜੀਅ ਨਹੀਂ ਸਕਣਾ, ਏ ਜ਼ਿੰਦਗੀ ਜਿਲਤ ਦੀ,
ਤੇਰੇ ਅੰਦਰ ਹੀ ਮਰ ਮੁੱਕ ਜਾਣਾ ਚਾਹੁੰਦੀ ਹਾਂ।
ਉਂਝ ਤਾਂ ਪਤਾ ਮੇਰੇ ਬਾਬਲ “ਪਾਲ ਬਰਾੜ'' ਦਾ,
ਮੈਨੂੰ ਪਲਕਾਂ ਤੇ ਬਿਠਾਉਗਾ,
ਪਾਲ ਪੋਸ ਕਰ ਵੱਡਾ ਮੈਨੂੰ,
ਫਿਰ ਰੀਝਾਂ ਨਾਲ ਵਿਆਉਗਾ,
ਨਹੀਂ ਚਾਹੁੰਦੀ 'ਤੱਪੇਵਾਲੀ' ਸੜਨਾ ਹੱਥੋਂ ਬੇਗਾਨਿਆਂ ਦੇ,
ਤੇਰੇ ਅੰਦਰ ਹੀ ਸੜਨਾ ਚਾਹੁੰਦੀ ਹਾਂ,
ਮੈਂ ਜੀਅ ਨਹੀਂ ਸਕਣਾ, ਏ ਜ਼ਿੰਦਗੀ ਜਿਲਤ ਦੀ,
ਤੇਰੇ ਅੰਦਰ ਹੀ ਮਰ ਮੁੱਕ ਜਾਣਾ ਚਾਹੁੰਦੀ ਹਾਂ।
ਗਗਨਦੀਪ ਕੌਰ ਸਿਵੀਆ