ਉੱਤਰੀ ਭਾਰਤ ਦੇ ਤਿਉਹਾਰ ਦੀਵਾਲੀ ਮੌਕੇ ਰੌਸ਼ਨੀਆਂ ਦਾ ਸਬੱਬ ਬਣਨ ਵਾਲੇ ਮਿੱਟੀ ਦੇ ਦੀਵਿਆਂ ਦੀ ਲੋਅ ਨੂੰ ਬਿਜਲਈ ਲੜੀਆਂ ਤੋਂ ਬਾਅਦ ਸਰ੍ਹੋਂ ਦੇ ਤੇਲ ਦੀਆਂ ਵਧੀਆਂ ਕੀਮਤਾਂ ਦੀ ਮਾਰ ਪਈ ਹੈ। ਇਸ ਵਾਰ ਦੀਵਿਆਂ ਦੀ ਲੋਅ ਪਿਛਲੇ ਵਰ੍ਹਿਆਂ ਨਾਲੋਂ ਵੀ ਮੱਧਮ ਪੈ ਰਹੀ ਹੈ। ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਦੇ ਇਜਾਫੇ ਨੇ ਮਿੱਟੀ ਦੇ ਦੀਵੇ ਦੇ ਰੁਦਨ 'ਚ ਵੀ ਇਜਾਫਾ ਕਰ ਦਿੱਤਾ ਹੈ। ਮਹਿੰਗਾਈ ਨੇ ਰੌਸ਼ਨੀਆਂ ਵੰਡਣ ਵਾਲੇ ਦੀਵੇ ਨੂੰ ਹਨ੍ਹੇਰੇ 'ਚ ਡੋਬ ਦਿੱਤਾ ਹੈ।
ਕੋਈ ਸਮਾਂ ਸੀ ਜਦੋਂ ਦੀਵਾਲੀ ਦੀਆਂ ਰੌਸ਼ਨੀਆਂ 'ਤੇ ਮਿੱਟੀ ਦੇ ਦੀਵੇ ਦੀ ਫੁੱਲ ਸਰਦਾਰੀ ਸੀ। ਘਰ ਦੀ ਸਰ੍ਹੋਂ ਦੇ ਹੱਥੀ ਕਢਵਾਏ ਤੇਲ ਦੀਆਂ ਘਰਾਂ 'ਚ ਬਹਾਰਾਂ ਹੁੰਦੀਆਂ ਸਨ।ਅਮੀਰ ਗਰੀਬ ਕਿਸੇ ਵੀ ਪਰਿਵਾਰ ਨੂੰ ਦੀਵੇ ਲਈ ਸਰ੍ਹੋਂ ਦੇ ਤੇਲ ਦਾ ਪ੍ਰਬੰਧ ਕਰਨ ਦਾ ਕੋਈ ਫਿਕਰ ਨਹੀਂ ਸੀ ਹੁੰਦਾ। ਮਿੱਟੀ ਦਾ ਦੀਵਾ ਹਰ ਘਰ ਦੇ ਬਨੇਰੇ ਦਾ ਸ਼ਿੰਗਾਰ ਹੁੰਦਾ ਸੀ। ਘਰ ਦੀਆਂ ਸੁਆਣੀਆਂ ਦੀਵਾਲੀ ਤੋਂ ਕਈ ਕਈ ਦਿਨ ਪਹਿਲਾਂ ਹੀ ਦੀਵਿਆਂ ਅਤੇ ਇਹਨਾਂ ਵਿੱਚ ਪਾਉਣ ਲਈ ਰੂੰ ਦੀਆਂ ਬੱਤੀਆਂ ਦੀ ਤਿਆਰੀ ਵਿੱਚ ਜੁਟ ਜਾਂਦੀਆਂ ਸਨ। ਦੀਵਾਲੀ ਦੀ ਰਾਤ ਨੂੰ ਬੜੇ ਚਾਅ ਨਾਲ ਦੀਵੇ ਬਾਲ ਜਾਂਦੇ ਸਨ। ਘਰਾਂ ਦੇ ਬਨੇਰਿਆਂ 'ਤੇ ਕਤਾਰ ਬੰਨ ਕੇ ਟਿਕਾਏ ਦੀਵਿਆਂ ਦੀ ਸੁੰਦਰਤਾ ਵੇਖਿਆਂ ਹੀ ਬਣਦੀ ਸੀ। ਰੌਸ਼ਨੀਆਂ ਲਈ ਮਿੱਟੀ ਦੇ ਦੀਵੇ ਤੋਂ ਬਿਨਾਂ ਕਿਸੇ ਹੋਰ ਬਦਲ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਪਰ ਸਮੇਂ ਨੇ ਕਰਵਟ ਲਈ ਅਤੇ ਮਿੱਟੀ ਦੇ ਦੀਵਿਆਂ ਦੇ ਸ਼ਰੀਕ ਦੇ ਰੂਪ 'ਚ ਬਿਜਲਈ ਲੜੀਆਂ ਦਾ ਜਨਮ ਹੋਇਆ। ਬਿਜਲਈ ਲੜੀਆਂ ਦਾ ਐਸਾ ਜਨਮ ਹੋਇਆ ਕਿ ਲੋਕਾਂ ਨੇ ਮਿੱਟੀ ਦੇ ਦੀਵੇ ਤੋਂ ਮੁੱਖ ਫੇਰਨਾ ਸ਼ੁਰੂ ਕਰ ਦਿੱਤਾ। ਮਿੱਟੀ ਦਾ ਦੀਵਾ ਵਿਚਾਰਾ ਰਸਮਾਂ ਨਿਭਾਉਣ ਜੋਗਾ ਰਹਿ ਗਿਆ। ਰੌਸ਼ਨੀਆਂ ਦਾ ਕਾਰਜ ਬਿਜਲਈ ਲੜੀਆਂ ਨੇ ਕਰਨਾ ਸ਼ੁਰੂ ਕਰ ਦਿੱਤਾ। ਮਿੱਟੀ ਦੇ ਦੀਵਿਆਂ ਦੀ ਸਰਦਾਰੀ ਜਿਵੇਂ ਬਿਜਲਈ ਲੜੀਆਂ ਦੀ ਚਕਾਚੌਂਧ ਵਿੱਚ ਗੁੰਮ ਹੀ ਹੋ ਕੇ ਰਹਿ ਗਈ।
ਬਿਜਲਈ ਲੜੀਆਂ ਵੱਲੋਂ ਮਿੱਟੀ ਦੇ ਦੀਵੇ ਦੀ ਮੱਧਮ ਕੀਤੀ ਲੋਅ ਨਾਲ ਇਸ ਨੂੰ ਬਣਾਉਣ ਵਾਲੇ ਹਜ਼ਾਰਾਂ ਪਰਿਵਾਰਾਂ ਦੇ ਚੁੱਲਿਆਂ ਦੀ ਅੱਗ ਠੰਢੀ ਹੋਣ ਲੱਗੀ। ਕਿਸੇ ਸਮੇਂ ਦੀਵਾਲੀ ਦੇ ਤਿਉਹਾਰ ਨੂੰ ਉਤਸ਼ਾਹ ਨਾਲ ਉਡੀਕਣ ਵਾਲੇ ਹਜ਼ਾਰਾਂ ਪ੍ਰਜਾਪਤ ਪਰਿਵਾਰਾਂ ਲਈ ਦੀਵਾਲੀ ਚਾਰ ਪੈਸੇ ਕਮਾਉਣ ਦਾ ਸਬੱਬ ਨਾ ਰਹੀ। ਹਾਲਾਤ ਇਹ ਬਣ ਗਏ ਕਿ ਮਿੱਟੀ ਦੇ ਦੀਵੇ ਵੇਚਣ ਲਈ ਬਾਜ਼ਾਰਾਂ 'ਚ ਡੇਰੇ ਲਗਾਈ ਬੈਠੇ ਅਤੇ ਗਲੀਆਂ ਵਿੱਚ ਫਿਰਦੇ ਹਜ਼ਾਰਾਂ ਪ੍ਰਜਾਪਤ ਪਰਿਵਾਰ ਗਾਹਕਾਂ ਵੱਲ ਬੜੀਆਂ ਉਮੀਦਾਂ ਨਾਲ ਤੱਕਦੇ ਪਰ ਗਾਹਕ ਬੜੀ ਨਿਰਦੈਤਾ ਨਾਲ ਬਿਜਲਈ ਲੜੀਆਂ ਦੀ ਦੁਕਾਨ 'ਚ ਜਾ ਵੜਦਾ। ਮਿੱਟੀ ਦਾ ਦੀਵਾ ਅਤੇ ਇਸ ਨੂੰ ਬਣਾਉਣ ਵਾਲੇ ਸਰਦਾਰੀ ਤੋਂ ਵਿਚਾਰਗੀ ਤੱਕ ਪਹੁੰਚ ਗਏ।
ਸਰ੍ਹੋਂ ਦੇ ਤੇਲ ਦੀਆਂ ਅਸਮਾਨੀ ਪੁੱਜੀਆਂ ਕੀਮਤਾਂ ਨੇ ਮਿੱਟੀ ਦੇ ਦੀਵੇ ਅਤੇ ਇਸ ਨੂੰ ਬਣਾਉਣ ਵਾਲਿਆਂ ਦੀ ਵਿਚਾਰਗੀ 'ਚ ਇਸ ਵਾਰ ਹੋਰ ਵੀ ਇਜਾਫਾ ਕਰ ਦਿੱਤਾ ਹੈ। ਸਰ੍ਹੋਂ ਦੇ ਤੇਲ ਦੀਆਂ ਵਧੀਆਂ ਕੀਮਤਾਂ ਬਦੌਲਤ ਲੋਕਾਂ ਦਾ ਰੁਝਾਨ ਬਿਜਲਈ ਲੜੀਆਂ ਵੱਲ ਹੋਰ ਵੀ ਵਧ ਗਿਆ ਹੈ। ਮਿੱਟੀ ਦਾ ਦੀਵਾ ਖਰੀਦਣ ਸਾਰ ਖਰੀਦਦਾਰ ਦੇ ਦਿਮਾਗ 'ਚ ਇਸ ਵਿੱਚ ਪਾਉਣ ਵਾਲੇ ਸਰ੍ਹੋਂ ਦੇ ਤੇਲ ਦਾ ਖਿਆਲ ਘੁੰਮਣ ਲਗਦਾ ਹੈ। ਰੱਬ ਖੈਰ ਕਰੇ! ਮਿੱਟੀ ਦੇ ਦੀਵੇ ਅਤੇ ਇਸ ਨੂੰ ਬਣਾਉਣ ਵਾਲਿਆਂ ਦੀ ਸਰਦਾਰੀ ਦੇ ਦਿਨ ਮੁੜ ਪਰਤ ਆਉਣ। ਦੀਵਾਲੀ ਦੀਆਂ ਰੌਸ਼ਨੀਆਂ 'ਤੇ ਮਿੱਟੀ ਦੇ ਦੀਵੇ ਦੀ ਸਰਦਾਰੀ ਮੁੜ ਕਾਇਮ ਹੋ ਜਾਵੇ।
ਬਿੰਦਰ ਸਿੰਘ ਖੁੱਡੀ ਕਲਾਂ
ਮੋਬਾਇਲ: 98786-05965
ਆਓ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ
NEXT STORY