ਜੇਠ ਹਾੜ ਦੀਆਂ ਤਿੱਖੜ ਧੁੱਪਾਂ ਦਾ ਸਤਾਇਆ ਮਨ ਪਹਾੜਾਂ ਦੀ ਠੰਡ ਮਾਨਣ ਨੂੰ ਲੋਚਦਾ ਹੈ। ਉੱਤਰੀ ਭਾਰਤ ਵਾਸਤੇ ਹਿਮਾਚਲ ਦੀਆਂ ਵਾਦੀਆਂ ਅਤੇ ਪਹਾੜਾਂ 'ਚ ਵਗਦੀਆਂ ਠੰਡੀਆਂ ਹਵਾਵਾਂ ਮਨ ਨੂੰ ਸਕੂਨ ਦਿੰਦੀਆਂ ਹਨ। ਹਿਮਾਚਲ ਦਾ ਅੱਖਰੀ ਅਰਥ ਹੀ ਬਰਫ਼ ਦਾ ਘਰ ਹੈ। ਕੁਝ ਦਿਨਾਂ ਵਾਸਤੇ ਪਹਾੜਾਂ ਦੇ ਸ਼ਾਂਤ ਅਤੇ ਠੰਡੇ ਮਾਹੌਲ 'ਚ ਜਾਣ ਵਾਸਤੇ ਹਰ ਕੋਈ ਤਿਆਰ ਰਹਿੰਦਾ ਹੈ। ਹਿਮਾਚਲ ਪ੍ਰਦੇਸ਼ 'ਚ ਡਲਹੋਜ਼ੀ ਬਹੁਤ ਸੋਹਣੀ ਅਤੇ ਠੰਡੀ ਥਾਂ ਹੈ। ਇਸ ਨੂੰ ਲਾਰਡ ਡਲਹੋਜ਼ੀ ਨੇ ਵਸਾਇਆ ਸੀ। ਇਸ ਕਰਕੇ ਹੀ ਇਸ ਦਾ ਨਾਮ ਡਲਹੋਜ਼ੀ ਪਿਆ। ਪਠਾਨਕੋਟ ਤੋਂ ਲਗਭਗ 75 ਕਿਲੋਮੀਟਰ ਦੀ ਦੂਰੀ 'ਤੇ ਡਲਹੋਜ਼ੀ ਸਥਿਤ ਹੈ। ਪੰਜਾਬ ਦੇ ਕੇਵਲ ਦੋ ਜ਼ਿਲ੍ਹੇ ਗੁਰਦਾਸਪੁਰ ਅਤੇ ਪਠਾਨਕੋਟ ਹੀ ਹਨ ਜਿਨ੍ਹਾਂ 'ਚ ਪਹਾੜੀ ਇਲਾਕਾ ਆਉਂਦਾ ਹੈ। ਪਠਾਨਕੋਟ ਤੋਂ ਲਗਭਗ 40 ਕਿਲੋਮੀਟਰ ਦਾ ਸਫ਼ਰ ਪਹਾੜੀ ਹੈ ਜੋ ਪੰਜਾਬ 'ਚ ਪੈਂਦਾ ਹ। ਜਿਵੇਂ ਜਿਵੇਂ ਡਲਹੋਜ਼ੀ ਵਲ ਵਧਦੇ ਹਾਂ ਤਾਂ ਹਵਾ 'ਚ ਠੰਡਕ ਮਹਿਸੂਸ ਹੁੰਦੀ ਹ। ਡਲਹੋਜ਼ੀ ਤੋਂ ਸੱਤ ਕਿਲੋਮੀਟਰ ਪਹਿਲਾਂ ਇੱਕ ਨਿੱਕਾ ਜਿਹਾ ਕਸਬਾ ਬਨੀਖੇਤ ਹੈ, ਇੱਥੋਂ ਹੀ ਡਲਹੋਜ਼ੀ ਸ਼ੁਰੂ ਹੋ ਜਾਂਦਾ ਹੈ। ਡਲਹੋਜ਼ੀ ਦੀ ਸਮੁੰਦਰ ਤਲ ਤੋਂ ਉਚਾਈ ਲਗਭਗ 2036 ਮੀਟਰ ਹੈ। ਇੱਥੇ ਸਰਦੀਆਂ 'ਚ ਕਾਫੀ ਬਰਫਬਾਰੀ ਹੋ ਜਾਂਦੀ ਹੈ। ਲੱਕੜ ਮੰਡੀ ਦਾ ਇਲਾਕਾ ਤਾਂ ਚਿੱਟੀ ਚਾਦਰ ਵਾਂਗ ਹੀ ਢੱਕਿਆ ਜਾਂਦਾ ਹੈ। ਇੱਥੇ ਹੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਉੱਘੇ ਆਜ਼ਾਦੀ ਘੁਲਾਟੀਏ ਸਰਦਾਰ ਅਜੀਤ ਸਿੰਘ ਦੀ ਸਮਾਧ ਹੈ। ਬਾਜ਼ਾਰ 'ਚ ਜ਼ਿਆਦਾ ਰੌਣਕ ਵਾਲੇ ਇਲਾਕੇ ਗਾਂਧੀ ਚੌਕ ਅਤੇ ਸੁਭਾਸ਼ ਚੌਕ ਹਨ। ਮਾਲ ਰੋਡ ਦੇ ਸੱਜੇ ਅਤੇ ਖੱਬੇ ਪਾਸੇ ਦੋ ਸੜਕਾਂ ਹਨ, ਜਿਨ੍ਹਾਂ ਨੂੰ ਠੰਡੀ ਸੜਕ ਅਤੇ ਗਰਮ ਸੜਕ ਕਿਹਾ ਜਾਂਦਾ ਹੈ, ਜੋ ਗਾਂਧੀ ਚੌਕ ਅਤੇ ਸੁਭਾਸ਼ ਚੌਕ ਨੂੰ ਜੋੜਦੀਆਂ ਹਨ। ਲੱਕੜ ਮੰਡੀ ਤੋਂ ਹੀ ਕਾਲਾ ਟੋਪ ਜੋ ਕਿ ਵਾਈਲਡ ਲਾਈਫ ਸੈਂਕਚੁਰੀ ਹੈ, ਨੂੰ ਰਸਤਾ ਜਾਂਦਾ ਹੈ। ਇਸ ਤੋਂ ਇਲਾਵਾ ਰੌਕ ਗਾਰਡਨ, ਪੰਜ ਪੁਲਾ, ਸੱਤ ਧਾਰਾ, ਸੁਭਾਸ਼ ਬਾਉਲੀ, ਡਲਹੋਜ਼ੀ ਪਬਲਿਕ ਸਕੂਲ ਅਤੇ ਦਾਇਨ ਕੁੰਡ ਆਦਿ ਵੇਖਣਯੋਗ ਥਾਵਾਂ ਹਨ। ਦਾਇਨ ਕੁੰਡ ਪੀਕ ਬਹੁਤ ਉੱਚੀ ਜਗ੍ਹਾ 2745 ਮੀਟਰ 'ਤੇ ਸਥਿਤ ਹੈ। ਡਗਸ਼ਾਈ 'ਚ ਰਹਿਣ ਲਈ ਬਹੁਤ ਸਾਰੇ ਹੋਟਲ ਅਤੇ ਯੂਥ ਹੋਸਟਲ ਹੈ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੈਸਟ ਹਾਊਸ ਵੀ ਹਨ। ਅੱਜ ਤੋਂ ਕੁਝ ਵਰ੍ਹੇ ਪਹਿਲਾਂ ਡਲਹੌਜੀ ਬਹੁਤ ਸਸਤਾ ਅਤੇ ਸ਼ਾਂਤ ਮਾਹੌਲ ਸੀ ਪਰ ਹੁਣ ਉੱਥੇ ਵੀ ਬਹੁਤ ਭੀੜ ਭੜੱਕਾ ਹੋ ਗਿਆ ਹੈ।
ਡਲਹੋਜ਼ੀ ਤੋਂ ਲਗਭਗ 22 ਕਿਲੋਮੀਟਰ ਦੀ ਵਿੱਥ ਤੇ ਖਜਿਆਰ ਪੈਂਦਾ ਹੈ, ਜਿਸ ਨੂੰ ਕਿ ਭਾਰਤ ਦਾ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਇਸ ਦੀ ਸਮੁੰਦਰ ਤਲ ਤੋਂ ਉਚਾਈ 1951 ਮੀਟਰ ਹੈ। ਪਹਾੜਾਂ ਦੇ ਵਿਚਾਲੇ ਕਈ ਏਕੜਾਂ 'ਚ ਫੈਲਿਆ ਹੋਇਆ ਹਰਾ ਭਰਾ ਘਾਹ ਦਾ ਮੈਦਾਨ ਜਾਣੋ ਮਨ ਨੂੰ ਸ਼ਾਂਤ ਕਰ ਦਿੰਦਾ ਹੈ। ਇਸ ਨੂੰ ਚਾਰ ਚੁਫੇਰਿਓਂ ਦੇਵਦਾਰ ਤੇ ਚੀਲ ਦੇ ਲੰਮੇ ਸੰਘਣੇ ਦਰੱਖਤਾਂ ਨੇ ਘੇਰਿਆ ਹੋਇਆ ਹੈ, ਜਿਨ੍ਹਾਂ 'ਚੋਂ ਸੂਰਜ ਦੀ ਰੋਸ਼ਨੀ ਵੀ ਪੁਣ ਕੇ ਆਉਂਦੀ ਹ। ਕਦੇ ਧੁੱਪ ਅਤੇ ਫੇਰ ਬੱਦਲਾਂ ਦੀ ਛਾਂ ਹੋ ਜਾਂਦੀ ਹੈ। ਪੈਂਦੀਆਂ ਕਣੀਆਂ ਦੇ 'ਚ ਇੱਥੇ ਘੁੰਮਣ ਦਾ ਆਪਣਾ ਹੀ ਵੱਖਰਾ ਨਜ਼ਾਰਾ ਹੈ, ਜਿਸ ਨੂੰ ਲਫ਼ਜ਼ਾਂ 'ਚ ਬਿਆਨ ਕਰਨਾ ਅਸੰਭਵ ਹੈ। 'ਕੁੱਛ ਕੁੱਛ ਹੋਤਾ ਹੈ' ਅਤੇ ਹੋਰ ਬਹੁਤ ਸਾਰੀਆਂ ਬਾਲੀਵੁੱਡ ਫਿਲਮਾਂ ਦੀ ਇੱਥੇ ਸ਼ੂਟਿੰਗ ਹੁੰਦੀ ਹੀ ਰਹਿੰਦੀ ਹੈ। ਖਜਿਆਰ ਦਾ ਜ਼ਿਲ੍ਹਾ ਵੀ ਚੰਬਾ ਹੀ ਹੈ ਜੋ ਕਿ ਡਲਹੋਜ਼ੀ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ 'ਤੇ ਹੈ ।
ਖਜਿਆਰ ਤੋਂ 19 ਕਿਲੋਮੀਟਰ ਦੂਰ 'ਜੋਤ' ਨਾਮਕ ਕਸਬਾ ਹੈ ਜਿਸਦੀ ਉੱਚਾਈ 2650 ਮੀਟਰ ਹੈ। ਇੰਨੀ ਉੱਚਾਈ ਹੋਣ ਕਰਕੇ ਇੱਥੇ ਸਾਰਾ ਸਾਲ ਠੰਡ ਰਹਿੰਦੀ ਹੈ ਅਤੇ ਯੱਖ ਸੀਤ ਹਵਾਵਾਂ ਤੇਜ਼ ਚੱਲਣ ਕਰਕੇ ਜੂਨ ਜੁਲਾਈ ਦੇ ਮੌਸਮ 'ਚ ਵੀ ਗਰਮ ਕੱਪੜੇ ਪਾਉਣੇ ਪੈਂਦੇ ਹਨ। ਇੱਥੇ ਰਹਿਣ ਦਾ ਕੋਈ ਜ਼ਿਆਦਾ ਇੰਤਜ਼ਾਮ ਨਹੀਂ ਹੈ ਬਸ ਕੁਝ ਕੁ ਢਾਬੇ ਹਨ। ਹਰੇ ਕਚੂਰ ਪਹਾੜਾਂ ਦੇ ਉੱਤੇ ਟਰੈਕਿੰਗ ਕਰਨ ਦਾ ਵੱਖਰਾ ਜਿਹਾ ਹੀ ਅਨੰਦ ਹੈ। ਉੱਪਰ
ਗੁੱਜਰਾਂ ਦੇ ਕੁਝ ਕੱਚੇ ਘਰ ਬਣੇ ਹੋਏ ਹਨ, ਜਿਨ੍ਹਾਂ 'ਚ ਗਦਰ ਫਿਲਮ ਦੀ ਸ਼ੂਟਿੰਗ ਹੋਈ ਸੀ। ਗੁੱਜਰਾਂ ਨੇ ਮੱਝਾਂ ਰੱਖੀਆਂ ਹੋਈਆਂ ਹਨ ਅਤੇ ਮੁੱਖ ਕਿੱਤਾ ਦੁੱਧ ਦਾ ਹੈ। ਮਿਹਨਤੀ ਅਤੇ ਨਿੱਘੇ ਸੁਭਾਅ ਦੇ ਇਹ ਲੋਕ ਸੈਲਾਨੀਆਂ ਦੀ ਸੇਵਾ ਕਰਕੇ ਖ਼ੁਸ਼ ਹੁੰਦੇ ਹਨ। ਸਰਦੀਆਂ 'ਚ ਜਦੋਂ ਇੱਥੇ ਬਰਫ਼ ਪੈ ਜਾਂਦੀ ਹੈ ਤਾਂ ਇਹ ਲੋਕ ਥੱਲੇ ਪਠਾਨਕੋਟ ਚਲੇ ਜਾਂਦੇ ਹਨ। ਜੋਤ ਤੋਂ ਲਾਹਰੂ, ਸ਼ਾਹਪੁਰ ਅਤੇ ਗੱਗਲ ਹੁੰਦੇ ਹੋਏ ਧਰਮਸ਼ਾਲਾ ਪੁੱਜਿਆ ਜਾ ਸਕਦਾ ਹੈ ਜੋ ਕਿ ਜੋਤ ਤੋਂ ਲਗਭਗ ਸੋ ਕਿਲੋਮੀਟਰ ਦੂਰ ਹੈ। ਧਰਮਸ਼ਾਲਾ ਦੀ ਉੱਚਾਈ 1387 ਮੀਟਰ ਹੈ। ਧਰਮਸ਼ਾਲਾ ਕਾਂਗੜੇ ਜ਼ਿਲ੍ਹੇ 'ਚ ਪੈਂਦਾ ਹੈ। 9 ਕਿਲੋਮੀਟਰ ਦੀ ਵਿੱਥ ਤੇ ਮੈਕਲੋਡਗੰਜ ਹੈ। ਇੱਥੇ ਤਿੱਬਤੀਆਂ ਦੇ ਰੂਹਾਨੀ ਆਗੂ ਦਲਾਈਲਾਮਾ ਦਾ ਹੈੱਡਕੁਆਰਟਰ ਹੈ। ਬਾਜ਼ਾਰ 'ਚ ਬਹੁਤ ਵਿਸ਼ਾਲ ਮੰਦਰ ਬਣਿਆ ਹੋਇਆ ਹੈ ਜਿੱਥੇ ਸਾਰੇ ਬੋਧੀ ਇਕੱਠੇ ਹੋ ਕੇ ਪੂਜਾ ਅਰਚਨਾ ਕਰਦੇ ਹਨ। ਮਕਲੋਡਗੰਜ ਦੀ ਉੱਚਾਈ 1770 ਮੀਟਰ ਹੈ। ਇੱਥੇ ਦਰੱਖਤਾਂ ਦੇ ਵਿਚਾਲੇ ਇਕ ਛੋਟੀ ਜਿਹੀ ਝੀਲ ਬਣੀ ਹੈ ਜਿਸ ਨੂੰ ਕੇ ਡੱਲ ਲੇਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਹੁਤ ਵੱਡੇ ਖੇਤਰ 'ਚ ਆਰਮੀ ਦੀ ਕੰਟੋਨਮੈਂਟ ਹੈ। ਭਾਗਸੂਨਾਗ ਵਾਟਰ ਫਾਲ ਹੈ ਜਿੱਥੇ ਜਾ ਕੇ ਸੈਲਾਨੀ ਨਹਾਉਂਦੇ ਹਨ ਅਤੇ ਝਰਨੇ 'ਚ ਅਠਖੇਲੀਆਂ ਕਰਦੇ ਹਨ। ਮੈਕਲੋਡਗੰਜ ਤੋਂ ਤਿੰਨ ਚਾਰ ਕਿਲੋਮੀਟਰ ਦੀ ਵਿੱਥ ਤੇ ਨੱਡੀ ਨਾਮਕ ਕਸਬਾ ਹੈ ਇੱਥੇ ਇਕ ਸੱਨ ਪੁਆਇੰਟ ਹੈ ਜਿੱਥੇ ਸਵੇਰ ਵੇਲੇ ਸੂਰਜ ਚੜ੍ਹਨ ਦਾ ਨਜ਼ਾਰਾ ਤੱਕਿਆ ਜਾ ਸਕਦਾ ਹੈ। ਮਿੱਠੀ ਮਿੱਠੀ ਜਿਹੀ ਠੰਡ ਮਾਨੋ ਪੋਹ ਮਾਘ ਦੀਆਂ ਧੁੰਦਾਂ ਅਤੇ ਕੰਬਣੀ ਦਾ ਅਹਿਸਾਸ ਕਰਵਾਉਂਦੀ ਹੈ। ਕੁਦਰਤ ਦੀ ਗੋਦ 'ਚ ਇਕ ਮੈਡੀਟੇਸ਼ਨ ਸੈਂਟਰ ਹੈ ਜਿੱਥੇ ਕਿ ਭਰਪੂਰ ਸ਼ਾਂਤੀ ਹੈ ਅਤੇ ਕੁਦਰਤ ਨਾਲ ਇਕ-ਮਿੱਕ ਹੋਣ ਦਾ ਅਹਿਸਾਸ ਹੁੰਦਾ ਹੈ। ਰਹਿਣ ਵਾਸਤੇ ਬਹੁਤ ਸਾਰੇ ਹੋਟਲ ਅਤੇ ਰਹਿਣ ਬਸੇਰੇ ਹਨ ।
ਧਰਮਸ਼ਾਲਾ ਤੋਂ 16 ਕਿਲੋਮੀਟਰ ਦੀ ਦੂਰੀ 'ਤੇ ਪਾਲਮਪੁਰ ਜਾਂਦਿਆਂ ਰਸਤੇ 'ਚ ਚਮੁੰਡਾ ਦੇਵੀ ਮੰਦਿਰ ਹੈ। ਪਾਲਮਪੁਰ ਦੀ ਸਮੁੰਦਰ ਤਲ ਤੋਂ ਉਚਾਈ ਕੇਵਲ 1219 ਮੀਟਰ ਹੈ ਤੇ ਜ਼ਿਲ੍ਹਾ ਕਾਂਗੜਾ ਹੈ ਪਾਲਮਪੁਰ ਵੀ ਧਰਮਸ਼ਾਲਾ ਵਾਂਗ ਬਹੁਤ ਵੱਡਾ ਸ਼ਹਿਰ ਹੈ। ਬਾਜ਼ਾਰ 'ਚ ਹਰ ਵਸਤੂ ਉਪਲੱਬਧ ਹੈ। ਇੱਥੇ ਚਾਹ ਦੇ ਬਹੁਤ ਵੱਡੇ ਵੱਡੇ ਬਾਗ਼ ਹਨ। ਚਾਹ ਦੇ ਸੁਗੰਧਿਤ ਬਾਗਾਂ 'ਚ ਅਲੌਕਿਕ ਦ੍ਰਿਸ਼ ਕੈਮਰਾਬੱਧ ਕਰਨ ਦਾ ਵੀ ਅਨੋਖਾ ਹੀ ਨਜ਼ਾਰਾ ਹੈ। ਇਹ ਇੱਕ ਤਰ੍ਹਾਂ ਦਾ ਨੀਮ ਪਹਾੜੀ ਖੇਤਰ ਹੈ। ਇੱਥੋਂ ਦੀਆਂ ਪਹਾੜੀਆਂ 'ਤੇ ਕਿਆਰੀਆਂ ਬਣਾ ਕੇ ਹਰ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ। ਸ਼ਹਿਰ 'ਚ ਪਾਲਮਪੁਰ ਕੋਆਪਰੇਟਿਵ ਚਾਹ ਦੀ ਫੈਕਟਰੀ ਹੈ ਜਿਸ 'ਚ ਪੱਤੀਆਂ ਨੂੰ ਸੁਕਾਉਣ ਤੋਂ ਲੈ ਕੇ ਚਾਹ ਤਿਆਰ ਹੋਣ ਤੱਕ ਸਾਰੀ ਪ੍ਰਕਿਰਿਆ ਨੂੰ ਦਿਖਾਇਆ ਜਾਂਦਾ ਹੈ।
ਸੈਲਾਨੀ ਮਰਜ਼ੀ ਮੁਤਾਬਿਕ ਚਾਹ ਖਰੀਦ ਵੀ ਸਕਦੇ ਹਨ। ਪਾਲਮਪੁਰ ਤੋਂ 14 ਕਿਲੋਮੀਟਰ ਦੂਰ ਅੰਧਰੇਟੇ 'ਚ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਦੀ ਯਾਦ 'ਚ ਆਰਟ ਗੈਲਰੀ ਬਣੀ ਹੋਈ ਹੈ।
ਇੱਥੇ ਸੋਭਾ ਸਿੰਘ ਨੇ ਜ਼ਿੰਦਗੀ ਦੇ ਕਈ ਸਾਲ ਗੁਜ਼ਾਰੇ। ਉਨ੍ਹਾਂ ਨਾਲ ਸਬੰਧਤ ਵਸਤੂਆਂ ਅੱਜ ਵੀ ਅਜਾਇਬ ਘਰ 'ਚ ਮੌਜੂਦ ਹਨ। ਪੰਜਾਬੀ ਨਾਟਕ ਦੀ ਮਸ਼ਹੂਰ ਸ਼ਖ਼ਸੀਅਤ ਨੌਰਾ ਰਿਚਰਡਜ਼ ਨੇ ਵੀ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਅੰਧਰੇਟੇ ਦੀਆਂ ਖੂਬਸੂਰਤ ਵਾਦੀਆਂ ਵਿੱਚ ਗੁਜ਼ਾਰਿਆ। ਇੱਥੇ ਉਨ੍ਹਾਂ ਦੀ ਯਾਦਗਾਰ ਵੀ ਬਣੀ ਹੋਈ ਹੈ। ਪਾਲਮਪੁਰ ਤੋਂ ਬੈਜਨਾਥ ਹੁੰਦੇ ਹੋਏ ਬੀੜ ਬਿਲਿੰਗ ਨਾਮ ਦੀ ਬਹੁਤ ਹੀ ਸੋਹਣੀ ਜਗ੍ਹਾ ਆਉਂਦੀ ਹੈ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ। ਭਾਵੇਂ ਕਿ ਬੀੜ ਅਤੇ ਬਿਲਿੰਗ ਦਾ ਆਪਸ 'ਚ ਫੈਸਲਾ 14 ਕਿਲੋਮੀਟਰ ਦਾ ਹੈ, ਪਰ ਏਸ਼ੀਆ ਦਾ ਮਸ਼ਹੂਰ ਪੈਰਾਗਲਾਈਡਿੰਗ ਪੁਆਇੰਟ ਇੱਥੇ ਹੋਣ ਕਰਕੇ ਇਸ ਨੂੰ ਇਕੱਠਾ ਬੀੜ ਬਿਲਿੰਗ ਹੀ ਕਿਹਾ ਜਾਂਦਾ ਹੈ ਬਲਿੰਗ 'ਚ ਰਹਿਣ ਵਾਸਤੇ ਟੈਂਟਾਂ ਦਾ ਪ੍ਰਬੰਧ ਹੈ। ਟੈਂਟਾਂ 'ਚ ਰਹਿਣ ਦਾ ਵੀ ਵੱਖਰਾ ਹੀ ਸੁਆਦ ਹੈ। ਭਾਰਤ ਦੇ ਹਰ ਖਿੱਤੇ ਵਿੱਚੋਂ ਲੋਕ ਇੱਥੇ ਪੈਰਾਗਲਾਈਡਿੰਗ ਕਰਨ ਆਉਂਦੇ ਹਨ। 2015 ਦੇ ਵਿਸ਼ਵ ਪੈਰਾ ਗਲਾਈਡਿੰਗ ਮੁਕਾਬਲੇ ਇੱਥੇ ਹੀ ਹੋਏ ਸਨ। ਪੈਰਾਗਲਾਈਡਿੰਗ ਵਾਸਤੇ ਬੀੜ ਬਿਲਿੰਗ ਸੰਸਾਰ ਦਾ ਦੂਜਾ ਸਭ ਤੋਂ ਸੁਰੱਖਿਅਤ ਅਤੇ ਮਨੋਰੰਜਨ ਭਰਪੂਰ ਸਥਾਨ ਹੈ। ਬੀੜ ਬਿਲਿੰਗ ਤੋਂ ਬਰੋਟ ਜਾਂਦੇ ਹੋਏ ਰਸਤੇ 'ਚ ਜੋਗਿੰਦਰ ਨਗਰ ਸ਼ਹਿਰ ਆਉਂਦਾ ਹੈ, ਜਿੱਥੇ ਕਿ ਸ਼ਾਨਨ ਪਾਵਰ ਹਾਊਸ ਦੇਖਣਯੋਗ ਸਥਾਨ ਹੈ। ਹਿਮਾਲਾ ਪਰਬਤ ਦੀਆਂ ਧੌਲਾਧਾਰ ਪਹਾੜੀਆਂ ਦੇ ਵਿੱਚ ਘਿਰਿਆ ਹੋਇਆ ਸਮੁੰਦਰੀ ਤਲ ਤੋਂ 1820 ਮੀਟਰ ਦੀ ਉੱਚਾਈ ਤੇ ਸਥਿਤ ਛੋਟਾ ਜਿਹਾ ਕਸਬਾ ਬਰੋਟ ਬਹੁਤ ਹੀ ਠੰਡੀ ਜਗ੍ਹਾ ਹੈ। ਇਸ ਨੂੰ ਜ਼ਿਲ੍ਹਾ ਮੰਡੀ ਪੈਂਦਾ ਹੈ ਜੋ ਕਿ 66 ਕਿੱਲੋਮੀਟਰ ਦੀ ਦੂਰੀ 'ਤੇ ਹੈ। ਮੰਡੀ ਤੋਂ ਹੀ ਕੁੱਲੂ ਮਨਾਲੀ ਅਤੇ ਮਣੀਕਰਨ ਪਹੁੰਚਿਆ ਜਾ ਸਕਦਾ ਹੈ। ਬਰੋਟ 'ਚੋਂ ਲੰਘਦਾ ਦਰਿਆ ਸ਼ਹਿਰ ਨੂੰ ਦੋ ਹਿੱਸਿਆਂ 'ਚ ਵੰਡਦਾ ਹੈ ਅਤੇ ਪਾਣੀ 'ਚੋਂ ਲੰਘ ਕੇ ਆਉਂਦੀ ਠੰਡੀ ਹਵਾ ਸਰੀਰ ਨੂੰ ਠੰਡਕ ਪ੍ਰਦਾਨ ਕਰਦੀ ਹੈ। ਦਰੱਖਤਾਂ ਦੀ ਛਾਵੇਂ ਵਲ ਵਲੇਵੇਂ ਖਾਂਦੀਆਂ ਸੜਕਾਂ ਸਫਰ ਨੂੰ ਹੋਰ ਵੀ ਰੋਮਾਂਚਕ ਬਣਾਉਂਦੀਆਂ ਹਨ। ਇੱਥੇ ਰਹਿਣ ਲਈ ਹੋਟਲ, ਹੋਮ ਸਟੇਅ ਅਤੇ ਟੈਂਟਾਂ ਦਾ ਵਧੀਆ ਪ੍ਰਬੰਧ ਹੈ। ਪਹਾੜੀ ਉੱਤੇ ਟ੍ਰੈਕਿੰਗ ਕਰਦੇ ਹੋਏ ਝਰਨੇ ਤੱਕ
ਪਹੁੰਚਿਆ ਜਾ ਸਕਦਾ ਹੈ। ਝਰਨੇ ਥੱਲੇ ਨਹਾ ਕੇ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਮਨ ਆਨੰਦਿਤ ਮਹਿਸੂਸ ਕਰਦਾ ਹੈ। ਉਚਾਈ ਤੋਂ ਡਿੱਗਦਾ ਹੋਇਆ ਝਰਨੇ ਦਾ ਕਲ ਕਲ ਕਰਦਾ ਸਵੱਛ ਪਾਣੀ ਰੂਹ ਨੂੰ ਤਾਜ਼ਗੀ ਦਿੰਦਾ ਹੈ। ਇਸ ਤਰ੍ਹਾਂ ਪੰਜ ਸੱਤ ਦਿਨ ਦਾ ਇਹ ਅਨੋਖਾ ਅਤੇ ਠੰਡਾ ਸਫ਼ਰ ਤੁਹਾਡੀ ਜ਼ਿੰਦਗੀ 'ਚ ਇੱਕ ਹੋਰ ਨਾ ਭੁੱਲਣਯੋਗ ਯਾਦ ਜੋੜ ਦਿੰਦਾ ਹੈ।
ਐਡਵੋਕੇਟ ਗਗਨਦੀਪ ਸਿੰਘ ਗੁਰਾਇਆ।
(ਮੋ)-9781500050*
ਆਪਣੇ ਫਰਜ ਨਿਭਾਉਣੇ ਸਿੱਖੋ
NEXT STORY