ਇਸ ਜੀਵਿਤ ਸੰਸਾਰ ਦੀ ਫ਼ਿਤਰਤ ਹੈ ਕਿ ਹਰ ਇਨਸਾਨ ਦਾ ਬੌਧਿਕ ਵਿਕਾਸ ਉੱਚ ਪਾਏ ਦਾ ਨਹੀਂ ਹੋ ਸਕਦਾ। ਹਰ ਇਨਸਾਨ ਅਲੱਗ-ਅਲੱਗ ਸੋਚ ਦਾ ਧਾਰਨੀ ਹੁੰਦੈ। ਇਨਸਾਨ ਜਦੋਂ ਬਚਪਨ 'ਚ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸਦੇ ਪਰਿਵਾਰਕ ਮੈਂਬਰ ਉਸਨੂੰ ਜ਼ਿੰਦਗੀ ਪ੍ਰਤੀ ਉਸਦੇ ਫਰਜਾਂ ਦੀ ਪਛਾਣ ਕਰਾਉਣੀ ਸ਼ੁਰੂ ਕਰ ਦਿੰਦੇ ਹਨ। ਉਸ ਤੋਂ ਬਾਅਦ ਉਸ ਦੇ ਸਕੂਲ ਸਮੇਂ ਉਸਦੇ ਅਧਿਆਪਕ ਉਸ ਨੂੰ ਫਰਜਾਂ ਸਬੰਧੀ ਸਿੱਖਿਆ ਦੇਣੀ ਸ਼ੁਰੂ ਕਰ ਦਿੰਦੇ ਹਨ। ਹੌਲੀ-ਹੌਲੀ ਇਨਸਾਨ ਸਮਾਜ ਪ੍ਰਤੀ ਖੁਦ ਆਪਣੇ ਫਰਜ ਪਛਾਣਨੇ ਸ਼ੁਰੂ ਕਰ ਦਿੰਦਾ ਹੈ ਪਰ ਇਨਸਾਨਾਂ ਵਿਚਕਾਰ ਫਰਕ ਸਿਰਫ ਇੰਨਾ ਕੁ ਹੈ ਕਿ ਕੁੱਝ ਇਨਸਾਨ ਆਪਣੇ ਫਰਜਾਂ ਨੂੰ ਅੰਜਾਮ ਤੱਕ ਬਾਖੂਬੀ ਨਿਭਾਉਂਦੇ ਹਨ ਅਤੇ ਕੁੱਝ ਕੁ ਇਨਸਾਨ ਆਪਣੇ ਫਰਜ਼ਾਂ ਪ੍ਰਤੀ ਅਵੇਸਲੇ ਹੋ ਜਾਂਦੇ ਹਨ। ਸਾਡੀ ਬਿਉਰੋਕ੍ਰੇਸੀ ਅੰਦਰ ਚੰਦ ਕੁ ਬਿਊਰੋਕ੍ਰੇਟਾਂ ਨੂੰ ਛੱਡ ਦੇਈਏ ਤਾਂ ਬਾਕੀ ਆਪਣੇ ਫ਼ਰਜਾਂ ਪ੍ਰਤੀ ਅਵੇਸਲੇ ਹੀ ਜਾਪਦੇ ਹਨ। ਇਕ ਬਿਊਰੋਕ੍ਰੇਟ ਹੋਣਾ ਹੀ ਕਾਫੀ ਨਹੀਂ ਹੁੰਦਾ। ਇਕ ਬਿਊਰੋਕ੍ਰੇਟ ਨੂੰ ਆਪਣੇ ਫਰਜਾਂ ਦਾ ਅਹਿਸਾਸ ਹੋਣਾ ਚਾਹੀਦਾ ਹੈ। ਆਮ ਇਨਸਾਨ ਦੀ ਬਿਊਰਕ੍ਰੇਟ ਤੱਕ ਪਹੁੰਚ ਆਸਾਨ ਹੋਣੀ ਚਾਹੀਦੀ ਹੈ ਨਾਂ ਕਿ ਅਸੰਭਵ। ਆਮ ਇਨਸਾਨ ਤਾਂ ਛੋਟੇ ਤੋਂ ਛੋਟੇ ਕੰਮ ਲਈ ਬਿਊਰੋਕ੍ਰੇਟਾਂ ਦੀਆਂ ਮਿੰਨਤਾਂ-ਤਰਲੇ ਕਰਦਾ ਹੀ ਥੱਕ ਜਾਂਦਾ ਹੈ। ਉਸ ਦੀ ਕਿੱਤੇ ਕੋਈ ਵੀ ਸੁਣਵਾਈ ਨਹੀਂ ਹੁੰਦੀ। ਆਮ ਇਨਸਾਨ ਨੂੰ ਬਿਊਰਕ੍ਰੇਟ ਤੱਕ ਪਹੁੰਚਣ ਲਈ ਕਈ-ਕਈ ਸਹਾਰੇ ਲੱਭਣੇ ਪੈਂਦੇ ਹਨ। ਕਿਸੇ ਵੀ ਇਨਸਾਨ ਦਾ ਕੁਰਸੀ ਤੱਕ ਪਹੁੰਚਣਾ ਹੀ ਕਾਫੀ ਨਹੀਂ ਹੁੰਦਾ। ਉਸ ਇਨਸਾਨ ਦੇ ਆਮ ਜਨਤਾ ਪ੍ਰਤੀ ਫਰਜ ਵੀ ਹੁੰਦੇ ਹਨ ਜੋ ਸਮੇਂ ਸਿਰ ਨਿਭਾਉਣੇ ਪੈਂਦੇ ਹਨ। ਪਰ ਕੁੱਝ ਇਨਸਾਨ ਵੱਡੀਆਂ ਕੁਰਸੀਆਂ ਤੇ ਬੈਠ ਆਪਣੇ ਫਰਜ਼ਾਂ ਨੂੰ ਭੁੱਲ ਕੇ ਸਿਰਫ ਤੇ ਸਿਰਫ ਆਪਣਾ ਵਕਤ ਟਪਾਉਂਦੇ ਹਨ। ਉਨ੍ਹਾਂ ਨੂੰ ਅਜਿਹਾ ਕੋਈ ਅਹਿਸਾਸ ਨਹੀਂ ਹੁੰਦਾ ਕਿ ਕਿਸੇ ਆਮ ਇਨਸਾਨ ਦੀ ਜ਼ਿੰਦਗੀ ਸਬੰਧਿਤ ਕੁੱਝ ਫੈਸਲੇ ਉਨ੍ਹਾਂ ਦੀ ਦਿਆਨਤਦਾਰੀ ਤੇ ਹੀ ਨਿਰਭਰ ਹੁੰਦੇ ਹਨ।
ਅਧਿਆਪਕ ਸਭ ਤੋਂ ਚੰਗਾ ਸਮਾਜ ਸਿਰਜਕ ਸਮਝਿਆ ਜਾਂਦਾ ਹੈ।ਅਧਿਆਪਕ ਦਾ ਫਰਜ ਸਿਰਫ ਪੜ੍ਹਾਈ ਤੱਕ ਹੀ ਸਬੰਧਿਤ ਨਹੀਂ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਅਧਿਆਪਕਾਂ ਦਾ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਵਧਾਉਣ ਲਈ ਅਹਿਮ ਯੋਗਦਾਨ ਹੈ। ਇਕ ਚੰਗਾ ਅਧਿਆਪਕ ਆਪਣੇ ਸਿਖਿਆਰਥੀਆਂ ਨੂੰ ਰੋਜ਼ਾਨਾ ਹੋ ਰਹੀਆਂ ਵਿਸ਼ਵ ਵਿਆਪੀ ਘਟਨਾਵਾਂ ਸਬੰਧੀ ਦੱਸਦਾ ਹੈ, ਉਨ੍ਹਾਂ ਨੂੰ ਖੇਡਾਂ ਦੀ ਮਹੱਤਤਾ ਦੱਸ ਕੇ ਖੇਡਣ ਲਈ ਪ੍ਰੇਰਿਤ ਕਰਦਾ ਹੈ, ਉਨ੍ਹਾਂ ਨੂੰ ਸਮਾਜ 'ਚ ਕਿਵੇਂ ਵਿਚਰਨਾ ਹੈ, ਸੁਸਾਇਟੀ 'ਚ ਰਹਿੰਦੇ ਹੋਏ ਉਹ ਆਪਣੇ ਸਿੱਖਿਆਰਥੀਆਂ ਨੂੰ ਕੀ ਚੰਗਾ ਹੈ ਅਤੇ ਕੀ
ਬੁਰਾ ਹੈ ਸਬੰਧੀ ਬਾਖੂਬੀ ਦੱਸਦਾ ਹੈ। ਇਹ ਉਪਰੋਕਤ ਗੱਲਾਂ ਸਿਰਫ ਉਹ ਅਧਿਆਪਕ ਹੀ ਦੱਸੇਗਾ ਜੋ ਆਪਣੇ ਫਰਜਾਂ ਨੂੰ ਨਿਭਾਉਣ ਦੀ ਸੰਪੂਰਨ ਕਾਬਲੀਅਤ ਰੱਖਦਾ ਹੋਵੇ।
ਨੌਜਵਾਨ ਪੀੜ੍ਹੀ ਤੇ ਹੀ ਕਿਸੇ ਦੇਸ਼ ਦਾ ਦਾਰਮਦਾਰ ਹੁੰਦਾ ਹੈ। ਜੇਕਰ ਨੌਜਵਾਨ ਪੀੜ੍ਹੀ ਆਪਣੇ ਫਰਜਾਂ ਪ੍ਰਤੀ ਸੁਹਿਰਦ ਹੋਵੇਗੀ ਤਾਂ ਦੇਸ਼ ਵੀ ਤਰੱਕੀ ਦੀ ਰਾਹ ਤੇ ਹੋਵੇਗਾ ਅਤੇ ਨੌਜਵਾਨੀ ਠੋਸ ਸਮਾਜ ਸਿਰਜਕ ਹੋ ਨਿਬੇੜਗੀ। ਇਥੇ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਜੇਕਰ ਹਰ ਇਨਸਾਨ ਆਪਣੇ ਫਰਜਾਂ ਪ੍ਰਤੀ ਸੁਹਿਰਦ ਹੋਵੇ ਤਾਂ ਸਮਾਜ ਅੰਦਰ ਫੈਲੀ ਹਰ ਪ੍ਰਕਾਰ ਦੀ ਬੁਰਾਈ ਖਤਮ ਹੋ ਸਕਦੀ ਹੈ ਅਤੇ ਇਕ ਸੱਭਿਅਕ ਸਮਾਜ ਸਿਰਜਿਆ ਜਾ ਸਕਦਾ ਹੈ।
ਕਮਲਜੀਤ ਸਿੰਘ ਢੀਂਡਸਾ
ਪਿੰਡ ਟੱਪਰੀਆਂ (ਨੂਰਪੁਰ ਬੇਦੀ)
ਫੋਨ:-98150-87267
ਮੇਰੇ ਪਿੰਡ ਦੀ ਮਿੱਟੀ
NEXT STORY