“ਬੱਸ ਕਰ ਮਾਂ ..ਰਹਿਣ ਦੇ, ਨਹੀਂ ਤਾਂ ਪਿੱਠ ਦੀ ਤਕਲੀਫ ਹੋਰ ਵਧ ਜਾਵੇਗੀ“।ਅਸਿਸਥਾ ਨੇ ਨੱਲੀ ਦੀ ਵਾਟ ਪੁਗਾਨ ਵਾਤਤੇ ਸਿਰ ਤੇ ਧਰੀ, ਮੱਛਿਆਂ ਭਰੀ ਟੋਕਰੀ ਗਹਾਂ ਲੈ ਜਾਕੇ ਅਗਲੇ ਬੰਦੇ ਨੂੰ ਫੜਾ ਦਿੱਤੀ ਤੇ ਵਾਪਸੀ ਵਿਚ ਤੁਰਦਿਆਂ-ਤੁਰਦਿਆਂ ਉਹਦੀ ਪਿੱਠ ਤੇ ਹੱਥ ਰੱਖ ਫਿਰ ਆਖਿਆ…ਠੀਕ ਹਂੈ ਨਾ ਦੁੱਖਦਾ ਤਾਂ ਨਹੀਂ ?
ਨੱਲੀ ਨੇ ਉਸ ਵੱਲ ਹਲਕਾ ਜਿਹਾ ਮੂੰਹ ਘੁਮਾਇਆ, ਤੇ ਨਾ ਵਿਚ ਇਸ਼ਾਰਾ ਕੀਤਾ….ਸ਼ਾਇਦ ਸਨੇਹ ਦੇ ਸਪੱਰਸ਼ ਨਾਲ ਉਸਦਾ ਅੰਦਰ ਠਰ ਗਿਆ ਸੀ ।ਜਿਸਦਾ ਝੌਲਾ ਉਸਦੇ ਮੂੰਹ ਤੇ ਵੀ ਪੈ ਰਿਹਾ ਸੀ।ਆਸ ਪਾਸ, ਕਤਾਰ ਵਿਚ ਖਲੋਤੇ ਮਰਦ ਔਰਤਾਂ 'ਚੋਂ ਕੁੱਝ ਕੁ ਲੋਕਾਂ ਦੀ ਕੰਨੀ ਵੀ ਇਹ ਗੱਲ ਪਈ ਤਾਂ ਕਈ ਹਮੇਸ਼ਾਂ ਵਾਂਗ ਅਵਿਸ਼ਵਾਸ ਤੇ ਇਰਖਾ ਨਾਲ ਭਰ ਗਏ ਤਾਂ ਕੁਝ–ਕੁ ਹਮੇਸ਼ਾ ਮੁਸਕਣੀ ਨਾਲ ਉਨਾਂ ਵੱਲ ਤੱਕਨ ਲੱਗੇ।ਅਸਿਸਥਾ ਦਾ ਸੱਸ ਪ੍ਰਤੀ ਇਹ ਵਰਤਾਰਾ ?? …. ਸਾਰਾ ਹਾਤਾ ਹੈਰਾਨ ਹੁੰਦਾ “ਇਹ ਕੀ ਘੋਲ ਕੇ ਖਵਾ ਛੱਡਿਆ ਈ ਅਸਿਸਥਾ..ਸੱਸ ਨੂੰ .. ਇਹ ਤੈਨੂੰ ਕਿੰਨਾ ਲਾਡ ਲਡਾਉਂਦੀ ਹੈ ..ਤੇ ਤੂੰ ਉਸ ਨੂੰ..“
ਟੋਕਰੀ ਵਾਲਿਆਂ ਬਹੁਤਿਆਂ ਮੱਛਿਆਂ ਤਾਂ ਮਹਾਂਪ੍ਰਯਾਣ ਨੂੰ ਪਰਾਪਤ ਹੋ ਚੁੱਕੀਆਂ ਹੁੰਦੀਆਂ ਪਰ ਕੋਈ ਇੱਕੀ ਦੁੱਕੀ ਅੱਧ ਜਿਉਂਦੀ ਮੱਛੀ ਵੱਡੀ ਟੋਕਰੀ ਵਿਚ ਪਈ ਬਰਫ ਨਾਲ ਛੁੰਹਦਿਆਂ ਹੀ ਮਾੜਾ ਜਿਹਾ ਤੜਫਦੀ ਤੇ ਕਿਸੇ ਅਗਲੀ ਜੂਨ ਦੀ ਤਿਆਰੀ ਕਰ ਚੁੱਕੀ ਹੁੰਦੀ।
ਮੱਛਿਆਂ ਦੇ ਭਾਰ ਨਾਲ ਰੀੜ ਦੀ ਹੱਡੀ ਦੇ ਅਖੀਰਲੇ ਮਣਕੇ ਕਦੇ-ਕਦੇ ਕੰਬ ਉਠਦੇ..ਐਪਰ ਕੋਈ ਉਦਾਸ ਜਾਂ ਔਖਾ ਨਹੀਂ ਸੀ ਹੁੰਦਾ ਸਗੋਂ ਇਹ ਤਾਂ ਸ਼ੁੱਭ ਹੈ। ਮਨ ਦੇ ਅੰਦਰ ਤਕ ਵੀ ਇਕ ਤਸੱਲੀ ਤੇ ਖੁਸ਼ੀ ਹੁੰਦੀ…।
ਪੂਰਨਮਾਸ਼ੀ ਦਾ ਚੰਨ ਆਪਣੇ ਪੂਰੇ ਜਲੋ ਤੇ ਹੈ। ਸਮੁੰਦਰ ਦੀਆਂ ਛੱਲਾਂ ਪੂਰੀ ਸਮਰੱਥਾ ਨਾਲ ਆਪਣੇ ਮਹਿਬੂਬ ਨੂੰ ਸਲਾਮੀ ਦੇ ਰਹੀਆਂ ਹਨ। ਵੇਗ ਨਾਲ ਤੱਟ ਤੇ ਆਉਂਦਿਆਂ ਛੱਲਾਂ ਇੰਝ ਜਾਪਦਿਆਂ, ਜਿਵੇਂ ਪੂਰੇ ਹੋਸ਼ੋ-ਹਵਾਸ ਵਿਚ ਮਹਿਬੂਬਾ ਆਪਣੇ ਪ੍ਰੀਤਮ ਦੇ ਆਗੋਸ਼ ਵਿਚ ਆਉਂਦਿਆਂ ਹੀ ਸਮਰਪਣ ਕਰ ਦਵੇ ਤੇ ਸ਼ਾਂਤ ਹੋ ਕੇ ਢੈ ਜਾਵੇ।
ਅਸਿਸਥਾ ਸਮੁੰਦਰ ਦੇ ਨਾਲ-ਨਾਲ ਤੁਰਦੀ ਉਸਦੀ ਅਵਾਜ ਤੇ ਗੱਲਾਂ ਸੁਣ ਰਹੀ ਹੈ।ਇਕ ਹੱਥ ਨਾਲ ਜੁੱਤੀ ਫੜੀ ਨੰਗੀ ਪੈਰੀਂ…ਸਿੱਲੀ ਰੇਤ ਦੀ ਠੰਡਕ ਉਸਦੇ ਪੈਰਾਂ 'ਚੋਂ ਹੁੰਦੀ ਸਾਰੇ ਪਿੰਡੇ ਨੰੂੰ ਠਾਰ ਰਹੀ ਹੈ ਉਸ ਨੂੰ ਪਤਾ ਹੈ ਉਹ ਗੱਲਾਂ ਕਰਦਾ ਹੈ..ਹਰ ਉਸ ਇਨਸਾਨ ਨਾਲ,ਜੋ ਸਦਿਆਂ ਲਹਿਰਾਂ ਰਾਹੀਂ ਸਦੇ ਵਾਰਤਾਲਾਪ ਨੂੰ ਸਮਝਣ ਦੀ ਸਮੱਰਥਾ ਰੱਖਦਾ ਹੈ । ਹਰ ਰੁੱਤ ਨਾਲ ਕਾਇਨਾਤ ਨੂੰ ਸਮਰਪਿਤ ਸੰਮੁਦਰ, ਆਪਣੀ ਅਵਾਜ, ਰਵਾਨਗੀ, ਸੁਭਾ, ਸਭ ਕੁਝ ਬਦਲਦਿਆਂ ਰੁੱਤਾਂ ਨਾਲ ਢਾਲ ਲੈਂਦਾ ਹੈ।ਅਸਿਸਥਾ ਨੇ ਵੀ ਉੱਸੇ ਕੋਲੋਂ ਸਿੱਖਿਆ ਹੈ.. ਸਮਰਪਣ, ਸਹਿਣਾ, ਤੁਰਨਾ, ਸਮਝਣਾ ਤੇ ਸਭ ਤੋਂ ਉਪਰ, ਲੋੜ ਪੈਨ ਤੇ, ਜਵਾਰ ਭਾਟੇ ਵਰਗਾ ਅੱਗੇ ਆਇਆਂ ਨੂੰ ਆਪਣੀ ਰੌ 'ਚ ਵਹਾ ਲੈਣਾ।
ਉਹ ਇੰਤਜਾਰ ਵਿਚ ਹੈ ਆਪਣੀ ਸਾਥਣ ਸਹੇਲੀ ਦੀ.. ਜੋ ਆਪਣੀ ਨਿੱਕੀ ਧੀ ਲਈ ਰੰਗ-ਬਿਰੰਗੇ ਖਿਡੌਣਿਆਂ 'ਚੋਂ ਕੋਈ ਲਾਇਟਾਂ ਵਾਲਾ ਖਿਡੌਣਾ ਲਿਆਉਣ ਗਈ ਹੈ। “ਅਸਿਸਥਾ.. “ ਅਵਾਜ ਸੁਣ ਪਿੱਛੇ ਮੁੜ ਤੱਕਿਆ ਹੈ ਉਸ.. ਉਹ !!ਫਿਰ ਇੰਨੀ ਅੱਗੇ ਆ ਗਈ ਹਾਂ ਮੈਂ…ਉਹ ਕਾਹਲੀ ਨਾਲ ਵਾਪਸ ਮੁੜ ਕੇ ਦੋੜਨ ਵਾਲੀ ਚਾਲ ਨਾਲ ਸਾਥਨਾਂ ਤਕ ਜਾ ਅਪੜਦੀ ਹੈ।
“ਤੂੰ ਵੀ ਲੈ-ਲੈ ਕੁਝ“ਸਾਥਨ ਹੱਥ-ਲਾ ਗੇਂਦ ਉਸ ਨੂੰ ਵਿਖਾਉਂਦੀ ਹੈ, ਜਿਸ ਵਿਚੋਂ ਨਿਕਲਣ ਵਾਲਿਆਂ ਰੰਗ-ਬਿਰੰਗੀਆਂ ਰੋਸ਼ਨੀਆਂ ਚਾਰੀ ਪਾਸੀਂ ਇਕ ਘੇਰਾ ਜਿਹਾ ਬਣਾ ਰਹਿਆਂ ਨੇ… “ਨਹੀਂ,“ ਅਸਿਸਥਾ ਇਕ ਨਿੱਘੀ ਮੁਸਕਣੀ ਨਾਲ ਰੇਤ ਵੱਲ ਤੱਕਦੀ ਆਖਦੀ ਹੈ ।ਉਸਦਾ ਸੱਜਾ ਹੱਥ ਅਪਣੇ ਖੱਬੇ ਪਾਸੇ ਟੰਗੇ ਹੋਏ ਝੋਲੇ ਤੇ ਜਾਂਦਾ ਹੈ ਤੇ ਫਿਰ ਉਹ ਝੋਲੇ ਤੇ ਪਕੜ ਢਿੱਲੀ ਕਰ ,ਝੱਟ ਸਾਥਣ ਦਾ ਹੱਥ ਫੜ੍ਹ , ਉਸ ਤੋਂ ਅੱਗੇ ਹੋ ਤੁਰਨ ਲੱਗਦੀ ਹੈ। ਨਾਲ ਦਿਆਂ ਸਾਥਣਾ ਵੀ ਇਕੱਠਿਆਂ ਹੋ ਗਈਆਂ ਹਨ ਤੇ ਹੁਣ ਸਭ ਨੇ ਆਪੋ ਆਪਣੇ ਘਰਾਂ ਨੂੰ ਪਰਤਨਾ ਹੈ। ਯੂਨੀਅਨ ਦੀ ਗੱਡੀ ਰੋਜ ਸਾਰਿਆਂ ਮਛੁਆਰਨਾ ਨੂੰ ਇਕ ਥਾਂ ਤੋਂ ਕੱਠਾ ਕਰ ,ਲੈ ਕੇ ਔਣ, ਤਾਂ ਵਾਪਸ ਛੱਡਣ ਦਾ ਕੰਮ ਕਰਦੀ ਹੈ।
ਸਾਰਿਆਂ ਵਾਰੋ-ਵਾਰੀ ਛੋਟੇ ਜਿਹੇ ਖੁੱਲ੍ਹੇ ਟੈਂਪੂ ਟਰੱਕ ਉਪਰ ਚੜ੍ਹ ਰਹੀਆਂ ਨੇ ।ਅਸਿਸਥਾ ਨੇ ਵੀ ਇਕ ਪੈਰ ਲੋਹੇ ਵਾਲੀ ਪੋੜੀ ਤੇ ਧਰਿਆ ਹੈ ਤੇ ਦੂਜੇ ਹੱਥ ਨਾਲ ਟੈਂਪੂ ਦੇ ਪਿੱਛੇ ਲੱਗੇ ਗੋਲ ਕੁੰਡੇ ਵਿਚ ਹੱਥ ਫਸਾਇਆ ਹੈ ਤੇ ਝਟਕੇ ਨਾਲ ਉਪਰ ਜਾ ਅਪੜੀ ਹੈ। ਦੋਹੇ ਪਾਸਿਓਂ ਬਣੇ ਹੋਏ ਛੋਟੇ ਜਿਹੇ ਜੰਗਲੇ ਨਾਲ ਆਪਣੇ ਹੱਥਾਂ ਦੀਆਂ ਉਂਗਲਾਂ ਫਸਾ ਕੇ ਸਭ ਇਕ ਦੂਜੇ ਨੂੰ ਥਾਂ ਦੇਣ ਦੇ ਖਿਆਲ ਨਾਲ ਸੱਜੇ-ਖੱਬੇ ਹੋ ਜਾਂਦਿਆਂ ਹਨ। ਟੈਂਪੂ ਦੇ ਤੁਰਦਿਆਂ ਹੀ ਠੰਡੀ ਹਵਾ ਦਾ ਸਪਰਸ਼ ਤਨ ਮਨ ਨੂੰ ਠੰਡ ਪਾਉਂਦਾ ਜਾਪਦਾ ਹੈ ।ਕੁੱਝ ਮਿੰਟਾਂ ਦੀ ਚੁੱਪੀ ਮਗਰੋਂ ਆਪੇ ਵਿਚ ਗੱਲਾਂ ਸ਼ੁਰੂ ਹੋ ਜਾਂਦਿਆਂ ਹਨ..ਪਰ ਗੱਲ਼ਾਂ ਦਾ ਦਾਇਰਾ ਉਹੋ ਹੀ ਹੈ ,ਰੋਜ਼-ਮੱਰਾ ਵਾਂਗ। ਅਸਿਸਥਾ ਅਪਣੀ ਖੱਬੀ ਬਾਂਹ ਵਾਲੇ ਪਾਸੇ ਟੰਗੇ
ਥੈਲੇ 'ਚੋਂ' ਗਜਰੇ ਵਾਲਾ ਦੋਨਾ ਕਡਦੀ ਹੈ ... ਮਹਿਕ ਸਾਰੇ ਪਾਸੇ ਫੈਲ ਜਾਂਦੀ ਹੈ..ਉਹ ਤੱਸਲੀ ਨਾਲ ਉਸਨੂੰ ਵਾਪਸ ਫਿਰ ਥੈਲੇ ਵਿੱਚ ਰੱਖਣ ਦਾ ਉਪਰਾਲਾ ਕਰਦੀ ਹੈ ਤੇ ਨਾਲ ਖਲੋਤਿਆਂ ਸਾਥਨਾ ਫੇਰ ਹੱਸ ਪੈਂਦਿਆਂ ਹਨ।“ਰੋਜ਼ ਸੱਸ ਵਾਸਤੇ ਗਜਰਾ ਲੈ ਜਾਂਦੀਂ ਹੈਂ.. ਕਿ ਪਹਿਲੇ ਦਿਨ ਤੋਂ ਹੀ ਤੈਅ ਉਸ ਨਾਲ ਇੰਨਾ ਪਿਆਰ ਪਾ ਲਿਆ??“…ਹੈਰਾਨ ਹੁੰਦਿਆਂ ਸਾਥਣਾ ਪੁੱਛਣੋਂ ਨਹੀਂ ਹਟਦਿਆਂ।ਹਾਲਾਂਕੀ ਕਇਆਂ ਨੂੰ ਇਹ ਪਤਾ ਵੀ ਹੈ।ਅਸਿਸਥਾ ਖੁੱਲੇ ਜੰਗਲੇ ਵਾਲੇ ਪਾਸੇ ਮੂੰਹ ਕਰ ਇਕ ਲੰਬਾਂ ਸੌਖਾ ਸਾਹ ਲੈਂਦੀ ਹੈ, ਉਸਦੇ ਮੂੰਹ ਤੇ ਤੱਸਲੀ ਤੇ ਸਕੁਨ ਦੇ ਭਾਵ ਦਿੱਸਦੇ ਹਨ ਤੇ ਅਵਾਜ ਜਿਵੇਂ ਧੁਰ ਅੰਦਰੋਂ ਆਉਂਦੀ ਹੈ…
“ਉਹ ਮੇਰੀ ਜਿੰਦਗੀ ਦੀ ਪਾਲ ਹੈ। ਸਮੁੰਦਰ ਵਾਂਗ ਹੀ ਮਾਂ ਬਣ ਬੈਠੀ ਹੈ ਮੇਰੀ..। ਮੇਰਿਆਂ ਲੋੜਾਂ ਤੇ ਜਜ਼ਬਾਤਾਂ ਤੋਂ ਜਾਣੂ।ਜਿਸ ਤਰਾਂ ਕੀ ਮੈਂ ਉਸਦੀ ਅਪਣੀ ਮਿੱਟੀ ਚੋਂ ਨਿਕਲੀ ਹੋਵਾਂ.. ਸਦੇ ਹੀ ਵਹੁਦ ਦਾ ਕੋਈ ਅੰਗ ਜਦ ਮੈਂ ਘਰ ਜਾਂਦੀ ਹਾਂ ਤਾਂ ਮੈਨੂੰ ਕੁਮਾਰ ਦੀ ਜੂਠੀ ਥਾਲੀ ਵਿਚ ਰੋਟੀ ਨਹੀਂ ਖਾਣੀ ਪੈਂਦੀ...ਜਿਸ ਤਰਾਂ ਤੁਸੀਂ ਸਭ ਖਾਂਦਿਆਂ ਉ..“ਆਖਦੀ ਦੀ ਧੌਣ ਮਾਨ ਨਲ ਤਨ ਜਾਂਦੀ ਹੈ।
“ ਉਹ ਮੇਰੇ ਲਈ ਸਵਾਰ ਕੇ ਰੋਟੀ ਰੱਖਦੀ ਹੈ ਸੁੱਚੀ ਥਾਲੀ ਵਿਚ ..ਮੈਨੂੰ ਹਰ ਰੋਜ਼ ਕੁਮਾਰ ਨਾਲ ਸੌਣਾ ਵੀ ਨਹੀਂ ਪੈਂਦਾ। ਪਹਿਲਾਂ ਰਾਤੀਂ ਸੌਣ ਵੇਲੇ ਥੋੜੀ ਥਾਂ ਕਰਕੇ ਮੈਨੂੰ ਵੀ ਉਥੇ ਹੀ ਪੈਣਾ ਪੈਂਦਾ ਆਖਦੀ ਅਸਿਸਥਾ ਜਰਾ ਨਾ ਝੱਕੀ ਤੇ ਨਾਹੀਂ ਇਹ ਗੱਲ ਕਰਨ ਵੇਲੇ ਉਸ ਦੇ ਮਨ ਤੇ ਕੋਇ ਬੋਝ ਪਿਆ ਜਾਪਿਆ.. “ਹਵਾੜ ਨਾਲ ਕਈ ਵਾਰ ਉਲਟਿਆਂ ਵੀ ਸ਼ੁਰੂ ਹੋ ਜਾਣਿਆਂ ਤੇ ਅਗਲੇ ਦਿਨ ਕੰਮ ਕਰਨ ਹੱਥੋਂ ਖੁੰਝ ਜਾਣਾ। ਹੁਣ ਉਹ ਕੁਮਾਰ ਨੂੰ ਰੋਟੀ ਖਵਾ, ਸੋਣ ਲਈ ਪਰੇਰਦੀ ਹੈ ਤੇ ਕਈ ਵਾਰ ਮੇਰੇ ਨਾਲ ਹੀ ਪੈ ਜਾਂਦੀ ਹੈ , ਤਾਂ ਕੀ ਮੈਂ ਬਚ ਜਾਵਾਂ“ ਗੱਲ ਪੁਰੀ ਕਰਦੀ ਉਹ ਉੱਚੀ ਦਣੀ ਹੱਸ ਪਈ'' ਤਾਂ ਕਈ ਅੰਦਰੋ-ਅੰਦਰੀ ਇਰਖਾ ਤੇ ਹੈਰਾਨੀ ਨਾਲ ਭਰ ਗੱਇਆਂ।ਇੱਦਾਂ ਤੇ ਨਹੀਂ ਵੇਖਿਆ.. ਸੁਣਿਆ ਕਿਤੇ..!!!
ਕਿੰਨੇ ਸਾਲ ਹੋ ਗਏ ਅਸਿਸਥਾ ਨੂੰ ਇਸ ਕੰਮ ਵਿਚ ਲੱਗਿਆਂ.. ਪਰ ਸਮੁੰਦਰ ਦੇ ਨੇੜੇ ਜਾਂਦਿਆਂ ਹੀ ਉਸਦਾ ਸਾਰਾ ਅਕੇਵਾਂ-ਥਕੇਵਾਂ ਲਹਿ ਜਾਂਦਾ ਹੈ।ਜਿੰਦਗੀ ਦੀ ਸਾਰੀ ਕੁੜੱਤਨ ਭੁਲ ਜਾੰਦੀ ਹੈ ਤੇ ਇਕ ਬਾਲੜੀ ਵਾਂਗ ਚਾਅ ਨਾਲ ਭਰ ਆਪਣੇ ਕੰਮ ਵਿਚ ਰੁਝ ਜਾਂਦੀ ਹੈ।
ਪਹਿਲਾਂ ਪਹਿਲਾਂ ਤਾਂ ਨੱਲੀ ਤੇ ਅਸਿਸਥਾ ਦੋਹੇ ਕੱਠਿਆਂ ਜਾਂਦਿਆਂ ਸਨ.. ਕਿੰਨੇ ਸਾਲ .. ਪਰ ਫੇਰ ਪਿੱਠ ਦੀ ਦਰਦ ਕਰਕੇ ਅਸਿਸਥਾ ਜਾਣ ਲੱਗ ਪਈ ..ਕੱਲੀ ਹੀ.. ਨੱਲੀ ਉਸਦੇ ਜਵਾਕਾਂ ਨੂੰ ਸਾਂਬਦੀ ਤੇ ਘਰ ਦੀ ਰੋਟੀ ਪਾਣੀ ਵੀ ਵਿਆਹ ਪਿੱਛੋਂ ਅਸਿਸਥਾ ਜਦੋਂ ਇਸ ਘਰ ਵਿਚ ਆਈ ਤਾਂ ਛੇਤੀ ਹੀ ਉਸ ਨੂੰ ਪਤਾ ਲਗ ਗਿਆ ,ਮਾਂਪਿਆ ਦਾ ਕੱਲਾ ਲਾਡਲਾ ਕੁਮਾਰ ਗੱਲੀਂ-ਗੱਲੀਂ ਰੂਸਣ ਵਾਲਾ ਅੜਿਅਲ ਕਿਸ਼ੋਰ ਹੈ। ਗੁੱਸਾ ਆਉਣ ਤੇ ਉਸਨੂੰ ਕੁੱਟਣਾ ਤੇ ਭੰਨ ਤੋੜ ਉਸਦੇ ਲਈ ਨਿਤ ਦੀ ਖੇਡ ਸੀ। ਉਸਦਾ ਪਿਉ ਵੀ ਦਾਰੂ ਪੀ ਇਸੇ ਤਰਾਂ ਕਰਦਾ ਸੀ। ਨੱਲੀ ਰਾਤੀਂ ਥੱਕ ਹਾਰ ਕੇ ਕੰਮ ਤੋਂ ਆਈ ਹੁੰਦੀ, ਮਸਾਂ ਹੀ ਸੌਂਦੀ ਤਾਂ ਸਵੇਰੇ ਉਹ ਚੀਕ-ਝਾੜਾ ਪਾ ਕੇ ਉਸ ਨੂੰ ਉਠਾ ਛੱਡਦਾ।ਅਸਿਸਥਾ ਨੇ ਉਸਨੂੰ ਕਈ ਵਾਰ ਕੁੱਟ ਖਾਂਦਿਆਂ ਤੱਕਿਆ... ਉਹ ਡਰ ਜਾਂਦੀ ਤਾਂ ਲਚਾਰ ਹੋ ਬਾਹਰ ਨੂੰ ਨੱਠ ਖੜ੍ਹਦੀ।ਪਹਿਲਾਂ ਪਹਿਲ ਤਾਂ ਉਸਨੂੰ ,ਅਪਣੀ ਸੱਸ ਵੀ ਹੋਰ ਸੱਸਾਂ ਵਾਂਗ ਹੀ ਦਿਸਦੀ.. ਚੁਗਲਖੋਰਨ,ਕੰਜੁਸ ਤੇ ਡਾਡੀ ਪਰ ਛੇਤੀ ਹੀ ਉਸਨੂੰ ਅਪਣੀ ਸੋਚ ਤੇ ਮੁੜ ਵਿਚਾਰ ਕਰਨ ਨੂੰ ਮਜ਼ਬੂਰ ਹੋਣਾ ਪਿਆ ਕਿਉਂਕੇ ਉਹ ਸੱਚਮੁੱਚ ਹੋਰਾਂ ਨਾਲੋਂ ਵੱਖਰੀ ਸੀ। ਹਾਲਾਂ ਕੀ ਮਾਰ ਕੁਟਾਈ ਵਾਲੇ ਇਸ ਵਰਤਾਰੇ ਨੂੰ ਸਵੀਕਾਰ ਕਰਨ ਵਾਲੀ ਉਹ ਕੱਲੀ ਮਛੁਆਰਣ ਨਹੀਂ ਸੀ..ਬਹੁਤਿਆਂ ਤੀਵਿਆਂ ਨਾਲ ਇਂਝ ਹੀ ਹੁੰਦਾ ਸੀ।ਅੋਰਤਾਂ ਨੂੰ ਪਤੀ ਦੀ ਜੁੱਠੀ ਥਾਲੀ 'ਚ' ਰੋਟੀ ਖਾਣੀ ਪੈੰਦੀ ਤੇ ੁਨਾਂ ਦੇ ਸਸਤੀ ਦਾਰੁ ਦੀ ਹਵਾੜ ਨਾਲ ਮੁਸ਼ਕਦੇ ਮੁਹਾਂ ਨਾਲ ਲਗਣਾ ਪਇੰਦਾ…ਉਨ੍ਹਾਂ ਕੁਮਾਰ ਵੀ ਮੱਛੀ ਫੜਨ ਦਾ ਪੁਸ਼ਤੈਨੀ ਕੰਮ ਹੀ ਕਰਦਾ ਸੀ ਤੇ ਪਹਿਲਾਂ ਤਾਂ ਦਾਰੂ ਵੀ ਨਹੀਂ ਸੀ ਪੀਂਦਾ ਪਰ ਮਗਰੋਂ ਸਾਰਿਆਂ ਨਾਲ ਰਲ ਉਹਵੀ ਪਿਉ ਵਰਗਾ ਹੀ ਹੋ ਗਿਆ ਸੀ।
ਉਸ ਦਿਨ ਵੀ ਕੰਮ ਤੇ ਜਾਣ ਲੱਗੀ ਨੂੰ ਕੁਮਾਰ ਵਾਜਾਂ ਮਾਰ ਰਿਹਾ ਸੀ.. ਉਹ ਚਾਹੁੰਦਾ ਸੀ ਕੇ ਅੱਜ ਅਸਿਸਥਾ ਕੰਮ ਤੇ ਨਾ ਜਾਵੇ.. ਉਸ ਦੇ ਨਾਲ ਘਰ ਹੀ ਰਹੇ,ਪਰ ਉਹ ਇਸ ਤਰਾਂ ਨਹੀਂ ਸੀ ਚਾਹੁੰਦੀ। ਉਸ ਲਈ ਅਪਣਾ ਕੰਮ ਤੇ ਸਮੁੰਦਰ ਨਾਲ ਹੋਣ ਦਾ ਅਹਿਸਾਸ ਬਹੁਤਾ ਲਾਲਚ ਭਰਿਆ ਸੀ।ਉਸ ਦੇ ਨਾਹ ਕਰਨ ਸਾਰ ਹੀ ਕੁਮਾਰ ਨੇ ਨਾ ਅੱਗਾ ਵੇਖਿਆ ਨਾ ਪਿੱਛਾ, ਹੀਨਤਾ ਦੇ ਭਾਵ ਨਾਲ ਮਗਰ ਦੌੜਿਆ ਤੇ ਅਸਿਸਥਾ ਦੇ ਵਾਲ ਪੁੱਟ ਉਸ ਨੂੰ ਧ੍ਰਰੂ ਛਡਿਆ।
ਅਸਿਸਥਾ ਪੀੜ ਨਾਲ ਤੜਫ ਉੱਠੀ ਤੇ ਨਾਲ ਹੀ ਨੱਲੀ ਪੁਰੀ ਤਾਕਤ ਨਾਲ ਚੀਖ ਉਠੀ “ਹਰਾਮਿਆਂ …ਜੇ ਢਿੱਡੋਂ ਜਾਇਆ ਨਾ ਹੁੰਦੋਂ ਤੇ ਕਦ ਦਾ ਚੀਰ ਛੱਡਦੀ .. ਛੱਡ.. ਛੱਡ ਉਸਨੂੰ ਨਹੀਂ ਤੇ, ਮੱਛੀ ਵੱਡਣ ਵਾਲੇ ਟੋਕੇ ਨਾਲ ਹੱਥ ਲਾਹ ਛੱਡੂੰ ਤੇਰਾ..“ਉਸ ਨੇ ਕੁੱਦ ਕੇ ਅਸਿਸਥਾ ਦੇ ਉਪਰ ਆਪਣੀ ਦੇਹੀ ਦੀ ਢਾਲ ਬਣਾਈ ਤਾਂ ਅੱਗ ਵਰਗਿਆਂ ਅੱਖਾਂ ਨਾਲ ਕੁਮਾਰ ਵੱਲ ਤੱਕਿਆ। ਉਸਦੀਆਂ ਅੱਖਾਂ ਵਿਚ ਆਪਣੇ ਸਰੀਰ ਤੇ ਹੰਡਾਈ ਪੀੜ ਤੇ ਦੁੱਖ ਦੀ ਪਰਛਾਈ ਸੀ ਤੇ ਨਾਲ ਹੀ ਮਰਨ ਮਾਰਨ ਵਾਲਾ ਜਜ਼ਬਾ, ਮਾਂ ਦਾ ਇਹ ਰੂਪ ਤਕ ਕੁਮਾਰ ਡੈਸ ਗਿਆ ਤੇ ਸਕਿੰਟਾਂ ਵਿਚ ਬਾਹਰ ਨੂੰ ਭੱਜ ਗਿਆ। ਨੱਲੀ ਨੇ ਉਸਨੂੰ ਜੀ ਭਰ ਕੇ ਗਾਲਾਂ ਕੱਢੀਆਂ, ਸਰਾਪਿਆ ਤੇ ਫਿਰ ਅਸਿਸਥਾ ਦਿਆਂ ਅੱਖਾਂ ਵਿਚ ਤਕ ਉਸਨੂੰ ਗਲ ਵਕੜੀ ਵਿਚ ਲੈ ਲਿਆ । ਸੱਸ ਦੀ ਬੁੱਕਲ ਵਿਚ ਆਂਦਿਆਂ ਹੀ ਮੌਨ ਕ੍ਰਨਦਨ ਦੇ ਬਾਵਜੂਦ ਉਸਨੂੰ ਜਾਪਿਆ ਜਿਵੇਂ ਉਹ ਸਮੁੰਦਰ ਕੰਡੇ ਖਲੋਤੀ ਹੋਵੇ ,ਸ਼ਾਂਤ ਤੇ ਸਕੁਨ ਨਾਲ ਭਰੀ ਹੋਈ…।ਨੱਲੀ ਨੇ ਨਾਰੀਅਲ ਤੇਲ ਕੋਸਾ ਕਰਕੇ ਉਸਦੇ ਵਾਲਾਂ ਵਿਚ ਪਾਇਆ।। ਹਲਕੇ ਹੱਥਾਂ ਨਾਲ ਟਕੋਰ ਕੀਤੀ। “ਅਸਿਸਥਾ.. ਮੇਰੀ ਧੀ.. ਸਤਾਆਨਾਸ ਹੋਵੇ ਸੂ ਕਪੂਤ ਦਾ.. ਕੀੜੇ ਪੈਣ ਸੁ ਹੱਥੀਂ.. ਜਿਹੜੇ ਹਥਾਂ ਨਾਲ ਤੈਨੂੰ ਕੁੱਟਦਾ ਹੈ..“ ਰੋਂਦੀ ਨੱਲੀ ਦੇ ਮੁਹੋਂ ਇਹ ਸੁਣ ਕੇ ਅਸਿਸਥਾ ਨੂੰ ਕੁੱਟ ਤੇ ਅਪਮਾਨ ਦੀ ਪੀੜ ਭੁੱਲ ਗਈ ਤੇ ਉਹ ਚੁੱਪ ਚੁਪਿਤੀ ਉਸਦੇ ਹੱਥਾਂ ਦੇ ਪਿਆਰ ਭਰੇ ਸਪੱਰਸ਼ ਦਾ ਨਿੱਘ ਮਾਣਦੀ ਰਹੀ ।ਤੇ ਅਪਣੇ ਪ੍ਰਤੀ ਸੱਸ ਦਾ ਮੋਹ ਭਰਿਆ ਵਰਤਾਰਾ ਵੇਖ ਸੋਚਦੀ ਰਹੀ ..“ ਇਹੋ ਤਾਂ ਹੈ ਮੇਰੀ ਅਸਲੀ ਮਾਂ .. ਮੇਰੇ ਸੁੱਖ–ਦੁੱਖ ਦੀ ਸਾਥਨ..।ਹੌਲੀ ਹੌਲੀ ਪਤਾ ਵੀ ਨਾਂ ਲੱਗਾ .. ਕਿ ਦੂਜੇ ਨੂੰ ਦਿਲਾਸੇ ਦਿੰਦਿਆਂ ..ਟਕੋਰਾਂ ਕਰਦਿਆਂ ਕਦ ਇਕ ਦੁਜੇ ਦੇ ਅੰਦਰਾਂ 'ਚ' ਜਾ ਵੜਿਆਂ।ਦਿਨ ਮਹਿਨਿਆਂ ਵਿਚ ਤੇ ਫਿਰ ਸਾਲ਼ਾਂ ਵਿਚ ਰਲੀ ਗਏ ਤੇ ਨਾਲ ਹੀ ਉਹ ਵੀ ਇਕ ਦੂਜੇ ਵਿਚ…ਹਾਲਾਂਕਿ ਕਇ ਵਾਰ ਨਿੱਕੇ-ਮੋਟੇ ਮਤ-ਭੇਦ ਵੀ ਹੁੰਦੇ ਪਰ ਛੇਤੀ ਹੀ ਪਾਣੀ ਦੇ ਬੁਲਬੁੱਲੇਆਂ ਵਾਂਗ ਬਹਿ ਜਾਂਦੇ।ਉਹ ਖੁਸ਼ ਸੀ ਇਕ ਪੀੜ ਹੰਡਾਉਂਦੀ ਵੀ..ਚਾਣ ਚੱਕ ਉਸਦੀ ਨਜ਼ਰ ਦੁਰ ਰੌਸ਼ਨੀ ਦੀ ਕਤਾਰ ਤੇ ਪਈ ਜੋ ਸਮੁੰਦਰ ਦੇ ਨਾਲ ਨਾਲ ਤੁਰ ਰਹੀ ਸੀ.. ਉਹ ਬਾਲੜੀ ਵਾਂਗ ਫੇਰ ਮੁਸਕੁਰਾ ਉੱਠੀ।
ਅਚਾਨਕ ਹਵਾ ਦਾ ਰੁਖ ਦੂਜੇ ਪਾਸੇ ਨੂੰ ਹੋ ਗਿਆ ਸੀ,ਸਾਥਨਾਂ ਆਪਣੇ ਦੁੱਖ-ਸੁੱਖ ਫਰੋਲਦਿਆਂ ,ਉਸਦਿਆਂ ਗੱਲਾਂ ਵੀ ਹੈਰਾਨੀ ਨਾਲ ਸੁਨ ਰਹੀਆਂ ਸਨ£
ਤੇਲ ਚੁਪੜੇ ਜੁੜਿਆਂ 'ਚੋਂ ਵੀ ਕਿਸੇ-ਕਿਸੇ ਦੇ ਬਾਲ ਉਡ ਰਹੇ ਸਨ..ਕਿਸੇ ਨੇ ਤਾਨ ਛੇੜ ਲਈ ਸੀ ਤੇ ਕੁਛ ਮਛੁਆਰਨਾ ਗੌਣ ਵਾਲੀ ਦਾ ਸਾਥ ਦੇ ਰਹਿਆਂ ਸਨ।ਅਸਿਸਥਾ ਜੇਤੁ ਭਾਵ ਨਾਲ ਮੁਸਕੁਰਾਉਂਦੀ ਸੱਜੇ-ਖੱਬੇ ਤੱਕ ਰਹੀ ਸੀ£ ਟੈਂਪੂ ਜਿੱਦਾਂ ਹੀ ਰੁਕਿਆ ਇੱਕ ਹੱਥ ਨਾਲ ਫੁੱਲਾਂ ਵਾਲਾ ਦੋਣਾ ਸਾਂਭਦੀ ਉਹ ਹੋਲੀ ਜਿਹੀ ਉਤਰੀ ਤੇ ਸੱਜੇ ਹੱਥ ਨਾਲ ਉਡਦੇ ਬਾਲਾਂ ਨੂੰ ਠੀਕ ਕਰਦੀ ਘਰ ਨੂੰ ਤੁਰ ਪਈ।
ਜਸਮੀਤ ਕੌਰ , ਲੁਧਿਆਣਾ, 9872081117
ਮੇਰੇ ਕੋਲ ਨਹੀਂ ਮੈਂ ਉਹਨਾਂ ਕੋਲ ਰਹਿੰਦਾ ਹਾਂ
NEXT STORY