'ਕਿਹੜੀ ਜਗ੍ਹਾ ਤੇ ਜਾ ਕਯਾਮ ਕਰਸੈਂ,
ਦੱਸੀ ਜਾਓ ਠਿਕਾਣਾ ਪ੍ਰਦੇਸੀਆ ਓਏ।'
"ਅਸੀਂ ਚੰਦੀ ਕੰਬੋਜ ਸਿੱਖ ਹੁੰਨੇ ਆਂ। ਪਿਛਲਾ ਜੱਦੀ ਪਿੰਡ ਸ਼ਾਹਪੁਰ-ਫਿਲੌਰ ਆ ਸਾਡਾ।ਪਹਿਲੀ ਆਲਮੀ ਜੰਗ ਦਾ ਸਮਾਂ ਸੀ ਜਦ ਗੋਰਾ ਸਰਕਾਰ ਵਲੋਂ ਮੇਰੇ ਬਾਬਾ ਅਮਰ ਸਿੰਘ ਨੂੰ ਗੰਜੀ ਬਾਰ ਦੇ ਜ਼ਿਲ੍ਹਾ ਵਾ ਤਸੀਲ ਮਿੰਟਗੁਮਰੀ ਕੰਬੋਆਂ ਦੇ ਚੱਕ 47/5L ਵਿੱਚ ਘੋੜੀ ਪਾਲ ਮੁਰੱਬਾ ਅਲਾਟ ਕੀਤਾ। ਇਹ ਉਹ ਮੁਰੱਬੇ ਹੁੰਦੇ ਜਿਨ੍ਹਾਂ ਦੇ ਇਵਜ ਵਿੱਚ ਕਿਸਾਨਾਂ ਨੂੰ ਪ੍ਰਤੀ ਘੋੜੀ ਪਾਲ ਮੁਰੱਬਾ,ਇੱਕ ਸਰਕਾਰੀ ਘੋੜੀ ਪਾਲਣੀ ਪੈਂਦੀ।ਇਹ ਘੋੜੀਆਂ ਗੋਰਾ ਸਰਕਾਰ ਆਵਾਜਾਈ ਦੇ ਸਾਧਨ ਅਤੇ ਖਾਸ ਕਰ ਘੋੜ ਚੜ੍ਹੇ ਫ਼ੌਜ ਲਈ ਵਰਤਦੇ। ਬਾਅਦ ਵਿਚ ਅੱਧਾ ਮੁਰੱਬਾ ਲੰਬੜਦਾਰੀ ਦਾ ਵੱਖਰਾ ਮਿਲਿਆ।
ਬਾਬੇ ਘਰ,ਹਜਾਰਾ ਸਿੰਘ,ਗੁੱਜਰ ਸਿੰਘ ਅਤੇ ਇਕ ਬੇਟੀ ਨੇ ਜਨਮ ਲਿਆ। ਹਜ਼ਾਰਾ ਸਿੰਘ,ਸਾਡਾ ਬਾਪ ਹੋਇਐ। ਉਨ੍ਹਾਂ ਦੀ ਸ਼ਾਦੀ ਓਧਰ ਹੀ ਹੋਈ। ਅਸੀਂ ਦਰਜਾ ਬ ਦਰਜਾ ਸੇਵਾ ਸਿੰਘ,ਚਰਨ ਸਿੰਘ, ਮੈਂ ਲਛਮਣ ਸਿੰਘ,ਰਤਨ ਸਿੰਘ, ਦਰਸ਼ਨ ਸਿੰਘ ਅਤੇ ਪ੍ਰੀਤਮ ਕੌਰ,5 ਭਰਾ ਅਤੇ ਇੱਕ ਭੈਣ ਹੋਏ।
ਗੁਆਂਢੀ ਪਿੰਡਾਂ ਵਿੱਚ 44 ਚੱਕ ਸਿੱਖ ਫੌਜੀਆਂ ਦਾ,45 ,46,49,50 ਅਤੇ 60ਮੁਸਲਿਮ ਚੱਕ ਵੱਜਦੇ।ਠਾਣਾ 60 ਚੱਕ ਵਿੱਚ ਹੁੰਦਾ।36/4L ਜਾਂਗਲੀਆਂ ਦਾ ਪਿੰਡ ਸੀ। ਚੜ੍ਹਦੇ ਵੰਨੀ 5L ਨਹਿਰ ਵਗਦੀ। 'ਟੇਸ਼ਣ ਯੂਸਫ਼ ਵਾਲਾ ਲੱਗਦਾ ਜੋ ਲਾਹੌਰ-ਮੁਲਤਾਨ ਰੇਲਵੇ ਟਰੈਕ ਤੇ ਸੀ।
ਪ੍ਰਾਇਮਰੀ ਸਕੂਲ 47-48 ਚੱਕ ਦੇ ਵਿਚਕਾਰ ਪੈਂਦਾ। ਇਥੋਂ ਹੀ ਮੈਂ ਚੌਥੀ ਜਮਾਤ ਪਾਸ ਕੀਤੀ। ਉਪਰੰਤ ਬਾਪ ਦੀ ਮੌਤ ਹੋ ਗਈ ਤੇ ਪੜ੍ਹਾਈ ਛੱਡਣੀ ਪਈ।ਉਥੇ ਉਸਤਾਦ,46 ਚੱਕ ਦਾ ਗੁਲਾਮ ਮੁਹੰਮਦ,50 ਚੱਕ ਤੋਂ ਇਕ ਹੋਰ ਮੁਸਲਿਮ ਉਸਤਾਦ ਅਤੇ ਹੈੱਡ ਮਾਹਟਰ ਸਾਈਂ ਦਿੱਤਾ ਮੇਰੇ 47 ਚੱਕ ਤੋਂ ਸੀ। ਬਸ਼ੀਰ ਕੁਰੈਸ਼ ਵਲਦ ਸਲਾਬਤ, ਬਸ਼ੀਰ ਮੁਹੰਮਦ ਅਤੇ ਨੱਥੂ ਨਾਈ ਮੇਰੇ ਹਮ ਜਮਾਤੀ ਹੁੰਦੇ। ਪਿੰਡ ਵਿੱਚ ਮੇਰੇ ਹਮਰਾਹ ਸੂਬਾ ਸਿੰਘ ਕੰਬੋਜ, ਮਹਿੰਗਾ ਸਿੰਘ, ਜਥੇਦਾਰ ਸਿੰਗਾਰਾ ਸਿੰਘ ਲੋਹੀਆਂ ਦਾ ਛੋਟਾ ਭਾਈ ਅਤੇ ਮੇਰੇ ਪਿਛਲੇ ਜੱਦੀ ਪਿੰਡ ਸ਼ਾਹ ਪੁਰ ਤੋਂ ਆਦਿ ਧਰਮੀ ਗੁਲਜ਼ਾਰੀ ਹੁੰਦਾ।ਇਕ ਨਿਹੰਗ ਘਰਤੋੜ ਸਿੰਘ ਹੁੰਦਾ ਜੋ ਪਿੰਡ ਵਿੱਚ ਸਿੱਖੀ ਲਹਿਰ ਮਘਾਈ ਰੱਖਦਾ। ਸਾਲਾਨਾ ਮੇਲਿਆਂ ਉਤੇ ਜਥਾ ਲੈ ਕੇ ਆਨੰਦਪੁਰ ਸਾਹਿਬ ਵੀ ਢੁਕਦਾ।ਪਿੰਡ ਦਾ ਜ਼ੈਲਦਾਰ ਵਧਾਵਾ ਸਿੰਘ ਹੁੰਦਾ ਜਿਸ ਦਾ ਪਿਛਲਾ ਪਿੰਡ ਟੁਰਨਾ-ਲੋਹੀਆਂ ਵੱਜਦਾ। ਲੰਬੜਦਾਰ ਮੇਰਾ ਬਾਪ ਸੀ।ਉਸ ਦੀ ਮੌਤ ਉਪਰੰਤ ਮੇਰਾ ਵੱਡਾ ਭਾਈ ਸੇਵਾ ਸਿੰਘ ਬਣਿਆਂ। 89 ਚੱਕ ਵਿੱਚ ਚੌਧਰੀ ਮਾਮਦੀਨ ਜ਼ੈਲਦਾਰ,ਚੰਗਾ ਕਹਿੰਦ ਬੰਦਾ ਸੁਣੀਂਦਾ।ਉਸ ਦਾ ਪਿਛਲਾ ਪਿੰਡ ਇਹੀ ਤੇਹਿੰਗ ਸੀ।ਇਸੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਉਹ ਮੇਰੇ ਬਾਬਾ ਅਮਰ ਸਿੰਘ ਦਾ ਹਮ ਜਮਾਤੀ ਰਿਹੈ।
ਲੁਹਾਰ ਤਰਖਾਣ ਦੀ ਦੁਕਾਨ, ਬਾਣੀਆਂ ਅਤੇ ਕੰਬੋਆਂ ਦੀਆਂ 5 ਹੱਟੀਆਂ, ਖਰਾਸ,ਕੋਹਲੂ ਅਤੇ 2 ਖੂਹ ਹੁੰਦੇ। ਲੋਅਰ ਬਾਰੀ ਦੋਆਬ ਨਹਿਰ ਜੋ ਬੱਲੋ ਕੀ ਹੈੱਡ ਤੋਂ ਨਿੱਕਲਦੀ,ਖੇਤਾਂ ਨੂੰ ਸੈਰਾਬ ਕਰਦੀ। ਫ਼ਸਲਾਂ ਖ਼ੂਬ ਪੁਰ ਬਹਾਰ ਹੁੰਦੀਆਂ। ਜ਼ਯਾਦਾ ਕਣਕ,ਗੰਨਾ,ਕਪਾਹ ਅਤੇ LS ਨਰਮੇ ਦੀ ਕਿਸਮ ਬੀਜਦੇ।ਜਿਣਸ ਓਕਾੜਾ ਮੰਡੀ ਵਿੱਚ ਗੱਡਿਆਂ ਤੇ ਲੱਦ ਕੇ ਵੇਚਦੇ ਜੋ ਪਿੰਡੋਂ 7-8 ਕੋਹ ਦੀ ਵਾਟ ਸੀ। ਇਧਰੋਂ ਸਾਡੇ ਪਿੰਡੋਂ ਗਏ ਆਦਿ ਧਰਮੀ ਸਾਧੂ ਅਤੇ ਉਸ ਦੇ ਘਰੋਂ ਰਾਓ ਸਾਡੇ ਕਾਮੇ ਹੁੰਦੇ।
ਜਦ ਭਾਰਤ ਵੰਡ ਦਾ ਰਾਮ ਰੌਲਾ ਸ਼ੁਰੂ ਹੋਇਆ ਤਾਂ ਮੁਸਲਮਾਨ ਜ਼ੋਰ ਪਾਉਣ ਕਿ ਪਿੰਡ ਛੱਡ ਜਾਓ ਨਹੀਂ ਤਾਂ ਮਾਰੇ ਜਾਓਂਗੇ। ਪਿੰਡ ਦੇ ਮੋਹਤਬਰਾਂ ਨੇ ਦੋ ਕੰਬੋਅ ਸਿੱਖ ਜੋ ਇੱਧਰੋਂ ਫੁੱਲ-ਲੋਹੀਆਂ ਪਿੰਡ ਤੋਂ ਸਨ ਮਿੰਟਗੁਮਰੀਓਂ ਡੋਗਰਾ ਮਿਲਟਰੀ ਲੈਣ ਭੇਜੇ। ਮਿਲਟਰੀ ਨਾ ਮਿਲੀ ਤਾਂ ਉਹ ਮੁੜੇ ਨਾ ਸਗੋਂ ਬਿਨ ਇਤਲਾਹ ਹੀ ਚੜ੍ਹਦੇ ਪੰਜਾਬ ਆਪਣੇ ਜੱਦੀ ਪਿੰਡਾਂ ਵੰਨੀ ਚਲੇ ਆਏ। ਦੂਜੇ ਤੀਜੇ ਹੀ ਆਲੇ ਦੁਆਲੇ ਪਿੰਡਾਂ ਦਿਆਂ ਦੰਗੱਈਆਂ ਨੇ ਪਿੰਡ ਉਤੇ 48 ਚੱਕ ਵਲੋਂ ਹਮਲਾ ਬੋਲਤਾ।ਲੋਕ ਉਭੜਵਾਹੇ ਉਲਟ ਦਿਸ਼ਾ ਵੰਨੀ ਫਸਲਾਂ ਵੱਲ ਭੱਜੇ।ਇਸ ਸਮੇਂ ਹੋਈ ਕਤਲੋਗਾਰਤ 'ਚ ਜਿੱਥੇ ਲੁੱਟ ਮਾਰ ਦੇ ਨਾਲ ਕਈ ਜਵਾਨ ਬਹੂ ਬੇਟੀਆਂ ਤਾਈਂ ਧਾੜਵੀਆਂ ਵਲੋਂ ਜਬਰੀ ਉਠਾ ਲਿਆ ਗਿਆ ਉਥੇ ਕੰਬੋਜ ਸਿੱਖ ਮੇਹਰ ਸਿੰਘ,ਚਾਨਣ ਸਿੰਘ,ਹਜ਼ਾਰਾ ਸਿੰਘ ਵਗੈਰਾ ਜੋ ਕਿ ਕੁੱਲ ਛੇ ਭਾਈ ਸਨ, ਉਨ੍ਹਾਂ ਦੀ ਮਾਂ ਅਤੇ ਹੋਰ ਬਾਲ ਪਰਿਵਾਰ ਮਾਰਿਆ ਗਿਆ।ਚਾਨਣ ਦਾ ਬੇਟਾ ਫੁੰਮਣ ਸਿੰਘ ਜੋ ਹੁਣ ਭੱਟੀਆਂ-ਫਿਲੌਰ ਵਾਸ ਕਰਦੈ,ਫੁੰਮਣ ਦੀ ਚਾਚੀ ਸੰਤੀ ਅਤੇ ਉਸ ਦੀ ਬੇਟੀ, ਹਜ਼ਾਰਾ ਸਿੰਘ ਦੀ ਬੇਟੀ ਬਚਨੀ ਜੋ ਇਧਰ ਆ ਕੇ ਸੁਲਤਾਨ ਪੁਰ ਲੋਧੀ ਕੰਬੋਜ ਹਲਵਾਈਆਂ ਦੇ ਵਿਆਹੀ ਗਈ,ਹੀ ਬਚ ਕੇ ਇਧਰ ਆਏ।ਸੋਹਣ ਸਿੰਘ ਦਾ ਸਾਰਾ ਪਰਿਵਾਰ ਹੀ ਮਾਰਿਆ ਗਿਆ।ਸਿਰਫ ਉਹ ਅਤੇ ਉਸ ਦਾ ਭਤੀਜਾ ਹੀ ਬਚ ਕੇ ਇਧਰ ਆਏ। ਉਨ੍ਹਾਂ ਦਾ ਪਿਛਲਾ ਪਿੰਡ ਗਿੱਦੜ ਪਿੰਡੀ-ਲੋਹੀਆਂ ਸੀ। ਉਨ੍ਹਾਂ ਨੂੰ ਜ਼ਮੀਨ ਸ਼ਾਹਕੋਟ ਅਲਾਟ ਹੋਈ। ਲੋਹੀਆਂ ਦੀ ਨਾਮੀ ਪੰਥਕ ਹਸਤੀ ਜਥੇਦਾਰ ਸ਼ਿੰਗਾਰਾ ਸਿੰਘ ਦਾ ਵੀ ਸਾਰਾ ਪਰਿਵਾਰ ਮਾਰਿਆ ਗਿਆ।ਕੇਵਲ ਉਸ ਦੀ ਮਾਂ ਮਲਾਵੀ ਅਤੇ ਛੋਟੀ ਭਾਬੀ ਹੀ ਬਚ ਕੇ ਆਉਣ ਵਾਲਿਆਂ ਚ ਸ਼ਾਮਲ ਸਨ। ਮੇਰੇ ਨਾਲ ਪੜ੍ਹਦਾ ਮਹਿੰਗਾ ਸਿੰਘ ਵੀ ਮਾਰਿਆ ਗਿਆ ਜਿਸ ਦੇ ਪਰਿਵਾਰ ਨੂੰ ਇਧਰ ਜ਼ਮੀਨ ਭਦਮਾਂ ਦੇ ਨਜ਼ਦੀਕੀ ਪਿੰਡ ਵਿੱਚ ਅਲਾਟ ਹੋਈ। ਲੋਹੀਆਂ ਤੋਂ ਹੀ ਜਥੇਦਾਰ ਸਿੰਗਾਰਾ ਸਿੰਘ ਦੇ ਸਕਾ ਮਾਮਾ ਪੂਰਨ ਸਿੰਘ ਜੋ 3-4 ਭਰਾ ਅਤੇ ਯਕੋਪੁਰ ਤੋਂ ਸੰਤਾ ਸਿੰਘ ਵਗੈਰਾ ਵੀ ਬਚ ਜਾਣ ਵਾਲਿਆਂ ਵਿੱਚ ਸ਼ਾਮਲ ਸਨ।ਸਾਡੇ ਬਾਪ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ।ਚਾਚਾ ਗੁੱਜਰ ਸਿੰਹੁ,ਲਾਵਲਦ ਛੋਟੇ ਬਾਬੇ ਸੁੰਦਰ ਸਿੰਘ ਕੋਲ਼ ਮੁਲਤਾਨ ਦੀ ਤਸੀਲ ਤੁਲੰਭਾ ਦੇ ਚੱਕ 20 ਵਿਚ ਰਹਿੰਦਾ ਸੀ।ਇਸੀ ਰੌਲਿਆਂ ਵੇਲੇ ਜਦ ਬਾਬੇ ਦਾ ਪਰਿਵਾਰ ਇਕਬਾਲ ਨਗਰ 'ਟੇਸ਼ਣ ਲਈ ਘਰੋਂ ਨਿੱਕਲਿਆ ਤਾਂ ਮੋਹਰਿਓਂ ਦੰਗੱਈ ਪੈਣ ਤੇ ਉਹ ਸਾਰੇ ਕਮਾਦੀ ਵਿਚ ਵੜ੍ਹ ਕੇ ਦੂਜੇ ਵੰਨੀਓਂ ਨਿੱਕਲ ਕੇ,ਭੱਜ ਬਚ ਗਏ।ਪਰ ਬਾਬਾ ਸੁੰਦਰ ਸਿੰਘ ਤੋਂ ਭੱਜਿਆ ਨਾ ਗਿਆ ਉਹ ਕਮਾਦੀ ਵਿਚ ਹੀ ਮਾਰਿਆ ਗਿਆ। ਜੜ੍ਹਾਂਵਾਲਾ-ਲੈਲਪੁਰ ਰਫਿਊਜੀ ਕੈੰਪ ਤੇ ਜਦ ਮੁਸਲਿਮ ਮਿਲਟਰੀ ਨੇ ਗੋਲ਼ੀ ਚਲਾਈ ਤਾਂ ਉਸ ਵਿੱਚ ਮੇਰਾ ਮਾਮਾ ਸੰਤਾ ਸਿੰਘ ਮਾਰਿਆ ਗਿਆ।ਉਸ ਦਾ ਬੇਟਾ ਲਾਸ਼ਾਂ ਦੇ ਢੇਰ 'ਚ ਦੱਬਿਆ ਗਿਆ,ਪਰ ਬਚ ਰਿਹਾ। ਉਨ੍ਹਾਂ ਦੇ ਪਰਿਵਾਰ ਨੂੰ ਇਧਰ ਜ਼ਮੀਨ ਨਵਾਂ ਪਿੰਡ ਖਾਲੇਵਾਲ-ਲੋਹੀਆਂ ਅਲਾਟ ਹੋਈ, ਪਰ ਬਾਅਦ 'ਚ ਯੂਪੀ ਵਿੱਚ ਜਾ ਆਬਾਦ ਹੋਏ।
47 ਚੱਕੋਂ ਤੁਰਦਿਆਂ ਅਸੀਂ ਸਾਰਾ ਟੱਬਰ ਸੱਜੀ ਗਲ਼ੀ ਹੋ ਗਏ ਪਰ ਵੱਡਾ ਭਾਈ ਚਰਨ ਸਿੰਹੁ ਖੱਬੀ ਗਲ਼ੀ ਮੁੜ ਗਿਆ।ਮੁੜ ਉਸ ਨਾਲ ਅੱਜ ਤੱਕ ਮੇਲ਼ ਨਈਂ ਹੋਇਆ। ਲਿਹਾਜ਼ਾ ਉਹ ਦੰਗੱਈਆਂ ਹੱਥੋਂ ਮਾਰਿਆ ਗਿਆ ।ਇਸ ਦੀ ਤਸਦੀਕ ਪਿੰਡ ਦੇ ਹਰੀਜਨਾਂ ਕੀਤੀ ਜੋ ਬਾਅਦ ਵਿਚ ਇਧਰ ਆਏ। ਮੋਹਰਿਓਂ ਫਿਰ ਘੇਰਾ ਪਿਆ ਤਾਂ ਸਾਡਾ ਟੱਬਰ ਫਿਰ ਪਿੰਡ ਵੱਲ ਭੱਜ ਕੇ ਮਾਹਟਰ ਸਾਈਂ ਦਿੱਤਾ ਦੇ ਘਰ ਜਬਰੀ ਘੁੱਸ ਗਿਆ। ਮਾਹਟਰ ਦੀ ਮਾਂ ਨੇ ਆਖਿਆ," ਤੁਸੀਂ ਤਾਂ ਸਾਨੂੰ ਵੀ ਮਰਵਾਓਗੇ।" ਦਰ ਅਸਲ ਉਨ੍ਹਾਂ ਆਪਣੇ ਸਕੂਲ ਦੇ ਮੁਸਲਿਮ ਮਾਹਟਰਾਂ ਨੂੰ ਮਦਦ ਲਈ ਸੁਨੇਹਾਂ ਭੇਜਿਆ ਹੋਇਆ ਸੀ।ਹੁਣ ਭੀੜ ਪਿੰਡ ਵਿੱਚ ਪ੍ਰਵੇਸ਼ ਕਰ ਗਈ।'ਹਾਏ ਓਏ,ਮਾਰੇ ਗਏ' ਦੀਆਂ 'ਵਾਜਾਂ ਆਉਣ ਲੱਗੀਆਂ। ਦੁਆਲੇ ਦਾ ਜਾਇਜ਼ਾ ਲੈਣ ਲਈ ਮਾਹਟਰ ਜਿਓਂ ਹੀ ਕੋਠੇ ਉਤੇ ਚੜ੍ਹਿਆ ਤਾਂ ਭੀੜ ਵਲੋਂ ਚਲਾਈ ਗੋਲੀ ਨਾਲ ਮਾਹਟਰ ਥਾਏਂ ਮਾਰਿਆ ਗਿਆ।ਇਹ ਉਹ ਸਮਾਂ ਸੀ ਜਦ ਅਸੀਂ ਮੌਤ ਨੂੰ ਬਹੁਤ ਹੀ ਕਰੀਬ ਤੋਂ ਦੇਖਿਆ।ਸੱਭ ਰੋਣ ਪਿੱਟਣ ਲੱਗ ਪਏ।ਬਾਹਰ ਦੰਗੱਈ ਦਰਵਾਜ਼ਾ ਭੰਨੀ ਜਾਣ। ਤਦੋਂ ਹੀ ਇਕ ਕੌਤਕ ਵਰਤ ਗਿਆ ਕਿ 50 ਚੱਕ ਦਾ ਮੁਸਲਿਮ ਮਾਹਟਰ, ਮਾਹਟਰ ਸਾਈਂ ਦਿੱਤਾ ਦੇ ਪਰਿਵਾਰ ਦੀ ਮਦਦ ਤੇ ਰਫ਼ਲ ਲੈ ਕੇ ਆਇਆ। ਉਸ ਦਾ ਭਰਾ ਵੀ ਨਾਲ ਸੀ। ਉਨ੍ਹਾਂ ਭੀੜ ਨੂੰ ਵੰਗਾਰਦਿਆਂ ਹਵਾ ਵਿੱਚ ਦੋ ਫਾਇਰ ਕੀਤੇ ਤਾਂ ਭੀੜ ਉਰਾਂ-ਪਰਾਂ ਖਿਸਕ ਗਈ। ਮਾਹਟਰ ਵੀ ਕੁੱਝ ਤੁਅੱਸਬੀ ਨਿੱਕਲਿਆ।ਉਸ ਦੇ ਦਿਲ ਵਿੱਚ ਖੋਟ ਸੀ।ਕਹਿੰਦਾ,"ਪਹਿਲਾਂ ਮਾਹਟਰ ਦਾ ਪਰਿਵਾਰ ਛੱਡ ਆਵਾਂ ਤੁਹਾਨੂੰ ਫਿਰ ਲੈ ਕੇ ਜਾਵਾਂਗਾ।" ਸਾਡੀ ਮਾਈ ਉਹਦੀ ਸ਼ੈਤਾਨੀ ਨੂੰ ਭਾਂਪਦਿਆਂ ਅੜ ਗਈ।ਕਹਿੰਦੀ," ਅਸੀਂ ਵੀ ਤੁਹਾਡੇ ਨਾਲ ਹੀ ਜਾਵਾਂਗੇ।ਅਸਾਂ ਪਿੱਛੇ ਨਹੀਂ ਰਹਿਣਾ।"ਮੇਰੇ ਨਿਹੰਗ ਬਾਣਾ ਪਹਿਨਿਆਂ ਸੀ। ਮੈਂ ਉਹ ਉਤਾਰ ਕੇ ਮਾਹਟਰ ਦੇ ਮੁੰਡੇ ਦੇ ਕੱਪੜੇ ਪਾ ਲਏ। ਮੈਂ, ਮੇਰੇ ਭਰਾ,ਮਾਂ ਅਤੇ ਮਾਈ, ਮਾਹਟਰ ਦੇ ਨਾਲ ਹੀ ਹੋ ਤੁਰੇ। ਨਹਿਰ ਦੇ ਪੁੱਲ ਤੇ ਜਾ ਕੇ ਉਸ ਨੇ ਮੇਰੇ ਵੱਡੇ ਭਾਈ ਸੇਵਾ ਸਿੰਘ ਉਤੇ ਰਫ਼ਲ ਤਾਣ ਲਈ। ਜਿਉਂ ਹੀ ਉਹ ਗੋਲੀ ਚਲਾਉਣ ਲੱਗਾ ਤਾਂ ਭਰਾ ਨੇ ਮਿਹਣਾ ਦਿੰਦਿਆਂ ਕਿਹਾ," ਉਸਤਾਦ ਜੀ ਇੰਝ ਨਾ ਕਰੋ। ਸਾਡੇ ਬੱਚੇ ਤੁਹਾਡੇ ਕੋਲੋਂ ਪੜ੍ਹੇ ਆ। ਤੁਸੀਂ ਤਾਂ ਖ਼ੁਦ ਬੱਚਿਆਂ ਨੂੰ ਚੰਗੀ ਤਾਲੀਮ ਦੇਣੀ ਆਂ। ਪਿਛਲੇ ਹਫ਼ਤੇ ਈ ਆਪਾਂ ਇਕ ਫ਼ੈਸਲੇ ਲਈ,60ਚੱਕ ਦੇ ਠਾਣੇ 'ਚ 'ਕੱਠੇ ਹੋਏ ਸਾਂ।"ਮਾਹਟਰ ਦੇ ਦਿਲ ਤੇ ਅਸਰ ਹੋਇਆ।ਉਨ੍ਹੇ ਰਫ਼ਲ ਸੁੱਟ ਦਿੱਤੀ।ਸੁੱਟੀ ਰਫ਼ਲ ਉਹਦੇ ਭਰਾ ਨੇ ਚੁੱਕ ਲਈ।ਹੁਣ ਉਹ ਸਾਨੂੰ ਆਪਣੇ ਚੱਕ 50 ਵਿਚ ਲੈ ਗਿਆ। ਮਾਹਟਰ ਦੇ ਪਰਿਵਾਰ ਨੂੰ ਉਸ ਆਪਣੇ ਘਰ ਠਹਿਰਾਇਆ ਪਰ,ਸਾਨੂੰ ਕਿਸੇ ਹੋਰ ਦੇ । 3 ਦਿਨ ਉਥੇ ਹੀ ਰਹੇ।ਫਿਰ ਕਹਿੰਦੇ ਖ਼ਤਰਾ ਹੈ ।ਤੀਜੇ ਦਿਨ ਉਨ੍ਹਾਂ ਸਾਨੂੰ ਪਿੰਡ ਦੀ ਜੂਹ ਲੰਘਾ ਦਿੱਤੀ। ਅੱਗੇ ਕੋਈ ਕੋਹ ਕੁ ਵਾਟ ਗਏ ਤਾਂ ਮੋਹਰਿਓਂ 3-4 ਲੁੱਟ ਖੋਹ ਕਰਨ ਵਾਲੇ ਮਿਲ ਗਏ। ਉਨ੍ਹਾਂ ਸਾਨੂੰ ਅੱਗਿਓਂ ਵੰਗਾਰਿਆ ਤਾਂ ਮਾਈ ਨੇ ਖੀਸੇ ਚੋਂ ਮੁਰਕੀਆਂ ਕੱਢ ਕੇ ਉਨ੍ਹਾਂ ਵੱਲ ਵਗਾਹ ਮਾਰੀਆਂ।ਉਹ ਮੁਰਕੀਆਂ ਤੋਂ ਆਪਸ ਵਿੱਚ ਗੁਥ -ਮ- ਗੁੱਥਾ ਹੋ ਗਏ।ਇੱਦਾਂ,ਇਥੇ ਵੀ ਸਾਡੀ ਜਾਨ ਬਚ ਰਹੀ।ਅੱਗੇ ਮੁਲਤਾਨ-ਲਾਹੌਰ ਟਰੈਕ ਤੇ ਪੈਂਦੇ ਗਾਂਬਰ 'ਟੇਸ਼ਣ ਤੇ ਰਾਤ ਰਹੇ। ਦੂਜੇ ਦਿਨ ਤੜਕੇ ਮੁਲਤਾਨ ਵੰਨੀਓਂ ਗੱਡੀ ਆਈ ਉਸ ਵਿਚ ਜਾ ਚੜ੍ਹੇ।ਸਾਡੇ ਪਿੰਡ ਦਾ ਮੱਲ ਸਿੰਘ(ਪਿਛਲਾ ਪਿੰਡ ਫੁੱਲ-ਲੋਹੀਆਂ) ਵੀ ਇਥੇ ਸਾਡੇ ਨਾਲ ਆ ਰਲਿਆ।ਉਹ ਜਿਓਂ ਹੀ ਗੱਡੀ ਚੜ੍ਹਿਆ ਤਾਂ ਕੁਝ ਮੁਸਲਿਮ ਚੋਬਰਾਂ ਉਸ ਨੂੰ ਖਿੱਚ,ਹੇਠਾਂ ਉਤਾਰ ਕੇ ਛੁੱਰਾ ਖੋਭ ਦਿੱਤਾ।ਉਹ ਥਾਂਏਂ ਕੁੱਝ ਤੜਫਣ ਤੋਂ ਬਾਅਦ ਦਮ ਤੋੜ ਗਿਆ। ਗੱਡੀ ਚੱਲੀ ਤਾਂ ਅਸਾਂ ਓਕਾੜਾ ਜਾ ਉਤਰੇ। ਉਥੋਂ 'ਟੇਸ਼ਣ ਤੋਂ ਓਕਾੜਾ ਦਾਣਾ ਮੰਡੀ ਵਿਚ ਜਾ ਪੜਾਅ ਕੀਤਾ। ਮੰਡੀ ਸਾਰੀ ਖਾਲੀ ਦੀ ਖਾਲੀ,ਕੋਈ ਜੀ ਸਾਰਖਾ ਨਾ। ਆਹਿਸਤਾ ਆਹਿਸਤਾ ਸ਼ਾਮ ਤੱਕ ਪੂਰੀ ਮੰਡੀ ਰਫਿਊਜੀਆਂ ਨਾਲ ਭਰ ਗਈ। ਨੇੜੇ ਪੈਂਦੇ ਬਾਜ਼ਾਰ ਵਿੱਚ ਸੱਭ ਹਿੰਦੂ-ਸਿੱਖ ਦੁਕਾਨਦਾਰਾਂ, ਆਪਣੀਆਂ ਦੁਕਾਨਾਂ ਦੇ ਦਰਵਾਜ਼ੇ ਰਫਿਊਜੀਆਂ ਲਈ ਮੁਫ਼ਤ 'ਚ ਖੋਲ ਦਿੱਤੇ। ਅਸੀਂ ਵੀ ਰਸਤੇ ਲਈ ਕੁੱਝ ਰਾਸ਼ਨ ਤੇ ਭਾਂਡੇ ਚੁੱਕ ਲਿਆਂਦੇ। ਰਾਤ ਕੱਟਣ ਲਈ ਸਾਡੇ ਪਾਸ ਕੋਈ ਬਿਸਤਰਾ ਚਾਦਰ ਤੱਕ ਨਾ।ਖੱਬੇ ਸੱਜੇ ਦੇਖਿਆ ਤਾਂ ਗੁਰਦੁਆਰੇ ਦਾ ਗੁੰਬਦ ਨਜ਼ਰ ਆਇਆ। ਮੈਂ ਤੇ ਮੇਰਾ ਭਰਾ ਸੇਵਾ ਸਿੰਘ ਗੁਰਦੁਆਰਾ ਸਾਹਿਬ ਗਏ।ਉਥੇ ਕੋਈ ਨਾ ਮਿਲਿਆ।ਕੋਠੇ ਤੇ ਚੜ੍ਹੇ ਤਾਂ ਇਕ ਕਮਰੇ ਚੋਂ ਸਾਨੂੰ ਬਿਸਤਰੇ ਮਿਲ ਗਏ। ਉਥੋਂ ਰਜਾਈਆਂ, ਤਲਾਈਆਂ ਦੇ ਗੁਲਾਫ ਲਾਹ ਲਿਆਂਦੇ। ਤੀਜੇ ਦਿਨ ਕਾਫ਼ਲਾ ਪਾਕਪਟਨ ਲਈ ਤੁਰਿਆ। ਬਹੁਤੇ ਗੱਡਿਆਂ ਤੇ ਕੁੱਝ ਤੁਰ ਕੇ ਹੀ ਹੋ ਤੁਰੇ। ਸੁਲੇਮਾਨ ਹੈੱਡ ਵਰਕਸ(ਇਥੋਂ ਗੋਰਾ ਸਰਕਾਰ ਵਲੋਂ ਦਰਿਆ ਸਤਲੁਜ ਤੋਂ ਇੱਕ ਵੱਡੀ ਨਹਿਰ, ਪਾਕਪਟਨ ਵੱਲ ਕੱਢੀ ਗਈ ਜੋ ਕਿ ਨੀਲੀ ਬਾਰ ਨੂੰ ਸੈਰਾਬ ਕਰਦੀ ਐ।ਇਸ ਪਾਣੀ ਦੀ ਨੀਲੀ ਭਾਅ ਕਾਰਨ ਹੀ ਇਸ ਬਾਰ ਦਾ ਨਾਂ ਨੀਲੀ ਬਾਰ ਪਿਆ।ਇਸ ਵਿੱਚ ਮਿੰਟਗੁਮਰੀ ਦੀਆਂ ਤਹਿਸੀਲਾਂ ਉਕਾੜਾ,ਪਾਕਪਟਨ ਅਤੇ ਮੁਲਤਾਨ ਦੀ ਤਹਿਸੀਲ ਵੇਹਾੜੀ ਦਾ ਕੁਝ ਇਲਾਕਾ ਆਉਂਦਾ ਹੈ।:ਲੇਖਕ) ਤੇ ਫਿਰੋਜ਼ਪੁਰ ਵੰਨੀਓ ਮੁਸਲਿਮ ਰਫਿਊਜੀਆਂ ਦਾ ਸੈਂਕੜੇ ਗੱਡਿਆਂ ਦਾ ਕਾਫ਼ਲਾ ਪਿਆ ਆਏ।ਇਥੇ ਪਹਿਲਾਂ ਲੰਘਣ ਤੋਂ, ਕਾਫ਼ੀ ਸਮਾਂ ਕਸ਼-ਮ-ਕਸ਼ ਚੱਲਦੀ ਰਹੀ। ਆਖ਼ੀਰ ਸਾਡੇ ਕਾਫ਼ਲੇ ਨੂੰ ਪਹਿਲ ਮਿਲੀ। ਭਾਰਤੀ ਇਲਾਕੇ ਵਿੱਚ ਸ਼ਾਮਲ ਹੋ ਕੇ ਵੱਡੇ ਖੁਲ੍ਹੇ ਮੈਦਾਨ ਵਿੱਚ ਜਾ ਪੜਾਅ ਕੀਤਾ। ਸ਼ਾਮ ਨੂੰ ਚੁੱਲ੍ਹੇ ਵੀ ਖ਼ੂਬ ਮਘੇ।ਜੀ ਭਰਕੇ ਖਾਣਾ ਖਾਧਾ, ਕੁੱਝ ਚੈਨ ਦੀ ਨੀਂਦ ਸੁੱਤੇ।ਇਥੇ ਮੇਰੀ ਭਰਜਾਈ ਸੇਵਾ ਸਿੰਘ ਦੇ ਘਰੋਂ, ਦੇ ਪੈਰ ਬੁਰੀ ਤਰ੍ਹਾਂ ਸੁੱਜ ਗਏ।ਇਸ ਤੋਂ ਅੱਗੇ ਦੂਜੇ ਦਿਨ ਸਾਡਾ ਉਤਾਰਾ ਫਿਰੋਜ਼ਪੁਰ ਦਾਣਾ ਮੰਡੀ ਵਿਚ ਹੋਇਆ।ਵਬਾ ਫੈਲੀ ਹੋਈ ਸੀ।ਮੇਰੀ ਸਾਲੀ ਦੀ ਜੇਠਾਣੀ ਨੰਦ ਸਿੰਘ ਦੇ ਘਰੋਂ ਵਬਾ ਦੀ ਭੇਟ ਚੜ੍ਹ ਗਈ। ਤੀਜੇ ਦਿਨ ਫਿਰੋਜ਼ਪੁਰ ਤੋਂ ਲੋਹੀਆਂ ਵਾਲੀ ਗੱਡੀ ਫੜੀ।ਭਾਰੀ ਮੀਂਹ ਅਤੇ ਹੜ੍ਹਾਂ ਤੇ ਚਲਦਿਆਂ ਇਥੋਂ ਲਾਈਨ ਟੁੱਟੀ ਹੋਣ ਕਾਰਨ,ਗੱਡੀ ਜਲੰਧਰ ਨੂੰ ਮੋੜ ਦਿੱਤੀ।ਭੁੱਖ ਮਰੀ ਅਤੇ ਵੰਡ ਦੇ ਦੁਖੜੇ ਝਾਗਦਿਆਂ ਆਪਣੇ ਜੱਦੀ ਪਿੰਡ ਸਾ਼ਹਪੁਰ-ਫਿਲੌਰ ਆਣ ਪਹੁੰਚੇ।ਪਰ ਕੱਚੀ ਉਪਰੰਤ ਪੱਕੀ ਪਰਚੀ ਤੇਹਿੰਗ-ਫਿਲੌਰ ਦੀ ਪਈ ਸੋ ਉਥੇ ਜਾ ਕਯਾਮ ਕੀਤਾ। ਭਲੇ 5-6 ਵਰ੍ਹਿਆਂ ਉਪਰੰਤ ਗੱਡੀ ਮੁੜ ਲੀਹੇ ਪੈ ਗਈ ਪਰ ਅੱਜੇ ਤੱਕ ਵੀ ਜਿੱਥੇ ਵੱਡੇ ਭਾਈ ਚਰਨ ਸਿੰਘ ਸਣੇ ਅੱਧੇ ਤੋਂ ਵੱਧ ਪਿੰਡ ਦੀ ਨਿਰਦੋਸ਼ ਲੋਕਾਈ ਦੇ ਰਾਜ ਸੱਤਾ ਦੇ ਭੁੱਖੜ ਬੁੱਚੜਾਂ ਦੀ ਵਜ੍ਹਾ ਦੰਗਿਆਂ ਦੀ ਭੇਟ ਚੜ੍ਹ ਜਾਣ ਦਾ ਸੱਲ੍ਹ ਹੈ ਉਥੇ ਉਸੇ ਦਿਨ ਹੁਣੇ ਆਇਆ ਕਹਿ ਕੇ ਘਰੋਂ ਗਏ ਛੋਟੇ ਭਾਈ ਰਤਨ ਸਿੰਘ ਦੇ ਮੁੜ ਪਰਤ ਆਉਣ ਦੀ ਉਮੀਦ ਅੱਖਾਂ ਚ ਸਮੋਈ ਹੋਈ ਹੈ।ਹੋ ਸਕਦੈ ਉਹ ਓਧਰ ਮੁਸਲਿਮ ਬਣ ਗਿਆ ਹੋਏ। ਕੋਸ਼ਠ ਕਰਿਓ, ਸ਼ੈਦ ਥੋਡੇ ਜਰੀਏ ਉਮੀਦ ਵਰ੍ਹ ਹੋ ਜਾਏ।
ਕਿਹੜੀ ਜਗ੍ਹਾ ਤੇ ਜਾ ਕਯਾਮ ਕਰਸੈਂ,
ਦੱਸੀ ਜਾਓ ਠਿਕਾਣਾ ਪ੍ਰਦੇਸੀਆ ਓਏ।
ਵਾਸਤਾ ਰੱਬ ਦਾ ਮੁੱਖੜਾ ਦਿਖਾ ਜਾਈਂ,
ਚਲਾ ਜਾਵੀਂ ਤੂੰ ਆਣ ਪ੍ਰਦੇਸੀਆ ਓਏ।"
- ਰੋਣ ਲੱਗਦਾ ਹੈ
ਸਤਵੀਰ ਸਿੰਘ ਚਾਨੀਆਂ
ਨੋਟ ਇਹ ਲੇਖਕ ਦੇ ਨਿੱਜੀ ਵਿਚਾਰ ਹਨ।
ਕਿਲ੍ਹਾ ਅਨੰਦਗੜ੍ਹ ਤੋਂ ਫਤਿਹਗੜ੍ਹ ਸਾਹਿਬ ਤੱਕ ਸ਼ਹੀਦੀ ਪੈਂਡਿਆਂ ਦਾ ਸਫ਼ਰ
NEXT STORY