ਕਿੰਨਾ ਖੁਸ਼ ਹੁੰਦਾ ਸੀ ਤੂੰ ਕਦੇ ਪੰਜਾਬ!
ਮਸਤੀ ਹੁੰਦੀ ਸੀ ਤੇਰੀਆਂ ਹਵਾਵਾਂ ਵਿਚ
ਲੋਹੜੇ ਦਾ ਨਿੱਘ ਸੀ ਤੇਰੀਆਂ ਬਾਹਵਾਂ ਵਿਚ
ਮੇਲਿਆਂ ਵਰਗੀ ਰੌਣਕ ਰਾਹਾਂ ਖੇੜਿਆਂ ਵਿਚ
ਮੋਹ ਹੁੰਦਾ ਸੀ ਬੈਠਾ ਤੇਰੇ ਵਿਹੜਿਆਂ ਵਿਚ
ਦੀਵਾਰਾਂ ਇਕ ਦੂਸਰੀ ਨੂੰ
ਕਦੇ ਅੱਡੀਆਂ ਚੱਕ-ਚੱਕ ਮਿਲਦੀਆਂ ਹੁੰਦੀਆਂ ਸਨ
ਮੌਸਮ ਤੈਨੂੰ ਪੁੱਛ ਕੇ ਬਦਲਦੇ ਹੁੰਦੇ ਸਨ ਆਪਣੇ ਲਿਬਾਸ
ਫੁੱਲਾਂ 'ਤੇ ਤੇਰੇ ਰੰਗ ਸਨ ਵੰਨ-ਸੁਵੰਨੇ
ਤੇ ਨਿਖਾਰ ਤੇਰਾ ਜੁਆਨੀ ਤੇ
ਤੜਕੇ ਨਵੇਂ ਸਵੇਰਿਆਂ 'ਚ
ਬਲਦਾਂ ਦੀਆਂ ਟੱਲੀਆਂ ਸੰਗ ਸ਼ਬਦ ਨਾਨਕ ਦਾ
ਰਾਗ ਮਰਦਾਨੇ ਦਾ ਵਿਛਦਾ ਸੀ
ਤਰਨਮ ਤੇਰੇ ਸਾਹਾਂ ਦੀਆਂ ਤਾਰਾਂ 'ਚੋਂ ਕਿਰਦੀ ਹੁੰਦੀ ਸੀ
ਬਹਾਰਾਂ ਆ ਵੜਦੀਆਂ ਸਨ
ਖੇਤਾਂ ਬਾਗਾਂ ਵਿਚ ਤੇਰੇ ਇਕ ਵਾਰ ਕਹਿਣ ਤੇ ਹੀ
ਸ਼ਾਮਾਂ 'ਚ ਰਹਿਰਾਸ ਆਸਰਾ ਸੀ
ਗਰੀਬ ਦੇ ਚੁੱਲੇ ਚੌਂਕੇ ਦਾ
ਕਿਤੇ ਓਹਲੇ ਜੇਹੇ ਡੱਟ ਖੁੱਲ੍ਹਦੇ
ਨੁੱਕਰ 'ਚ ਦੱਬੀ ਪਈ ਦੇ
ਹਿਲਾ ਕੇ ਝਾਂਜਰ ਜਾਂ ਗਾਨੀ ਬਣਾਉਂਦੇ ਤੁਪਕਿਆਂ ਦੀ
ਹਰੇ ਗੱਠੇ ਮੂਲੀ ਗਾਜਰ ਹੀ ਸਾਡੇ
ਸੁਰਗ ਸਨ ਗਲਾਸਾਂ ਨਾਲ ਬਹਿੰਦੇ ਉੱਠਦੇ
ਦਿਨ ਦੀ ਥਕਾਵਟ ਲਾਉਣ ਦੇ ਸਾਡੇ ਬਹਾਨੇ ਹੁੰਦੇ
ਤੇ ਹਾਸੇ ਠੱਠੇ ਭੁਜੀਆ ਬਣ ਜਾਂਦੇ ਸਨ ਬਾਣੀਏ ਦਾ
ਕੀ ਸਰੂਰ ਹੁੰਦਾ ਸੀ ਘਰ ਦੀ ਕੱਢੀਦਾ
ਕਿਸੇ ਦੀ ਯਾਦ ਆਉਂਦੀ ਸੀ
ਘੁੱਟ-ਘੁੱਟ ਕਿਸੇ ਮੁਹੱਬਤ ਦਾ ਚੁੰਮਣ ਬਣਦਾ
ਓਹ ਵੇਲਾ ਹੀ ਹੋਰ ਸੀ-ਪੰਜਾਬ
ਓਦੋਂ ਅਜੇ ਕੋਇਲ ਦੀ ਕੂ-ਕੂ ਨਹੀਂ ਸੀ ਮਰੀ
ਗਿੱਧੇ ਦੇ ਗਿੱਟੇ ਚ ਮੋਚ ਨਹੀਂ ਸੀ ਆਈ ਪੁੜੀਆਂ ਦੀ
ਸਰਿੰਜਾਂ ਨੇ ਭੰਗੜੇ ਦੀ ਲੋਰ ਨੂੰ ਨਹੀਂ ਸੀ ਵਿੰਨਿਆ
ਸਮੇਂ ਦੀ ਅੱਖ ਨਹੀਂ ਸੀ ਨਿੱਕਲੀ
ਸੁਰਮਈ ਬੱਦਲੀਆਂ ਪਿੰਡਾਂ ਦੀ ਛੱਤ ਤੋਂ
ਉਦਾਸ ਹੋ ਕੇ ਨਹੀਂ ਸਨ ਅਜੇ ਮੁੜੀਆਂ
ਲੋਹੜੀਆਂ ਕਦੇ ਬਲਦੀਆਂ ਨਹੀਂ ਸਨ ਬੁਝੀਆਂ
ਮੰਜਿਆਂ ਤੇ ਕਦੇ ਜੁਆਨੀਆਂ ਨੇ
ਰੋਟੀ ਦੀ ਥਾਂ ਟੀਕੇ ਨਹੀਂ ਸੀ ਮੰਗੇ
ਹਜੂਮ ਨਹੀਂ ਸਨ ਜੁੜੇ ਅਜੇ
ਰਾਤਾਂ 'ਚ ਕਿਤੇ
ਓਹਲੇ ਨੁੱਕਰੇ ਬੁਝ ਗਏ ਤਾਰਿਆਂ ਦੀ ਲਾਸ਼ ਕੋਲ
ਸੂਰਜਾਂ ਨੇ ਅਜੇ
ਸਕੀਆਂ ਗਲੀਆਂ ਨੂੰ ਨਹੀਂ ਸੀ ਨਿਕਾਰਿਆ
ਰੁੱਤਾਂ ਨੂੰ ਅਜੇ ਇਬਾਦਤਾਂ ਨਹੀਂ ਸਨ ਭੁੱਲੀਆਂ
ਜਨੂੰਨ ਨਹੀਂ ਸਨ ਅਜੇ ਮਰੇ ਮਹਿਫਲਾਂ 'ਚੋਂ
ਕਿਸੇ ਨੇ ਕੱਚੇ ਨੂੰ ਵੀ ਨਹੀਂ ਸੀ ਤਰਨ ਤੋਂ ਰੋਕਿਆ
ਥਲਾਂ ਚ ਪੱਬੀਂ ਪਏ ਛਾਲਿਆਂ ਨੂੰ ਵੀ ਨਹੀਂ ਸੀ ਵਰਜਿਆ
ਕਿ ਉਹ ਇਸ਼ਕ ਨੂੰ ਵੀ ਵਾਜਾਂ ਨਾ ਮਾਰੇ
ਜੋਗੀ ਵੀ ਆਮ ਆ ਜਾਂਦੇ ਸਨ
ਟਿੱਲਿਆਂ ਤੋਂ ਵਿਹਲੇ
ਹੀਰਾਂ ਦੀਆਂ ਪੈੜਾਂ ਪਛਾਣਦੇ
ਹਵਾਵਾਂ ਦੇ ਸ਼ੌਕ ਕਿੰਨੇ ਮਹਿੰਗੇ ਹੁੰਦੇ ਸਨ
ਓਦੋਂ ਅਜੇ ਜਮੀਰਾਂ ਏਨੀਆਂ ਸੱਸਤੀਆਂ ਨਹੀਂ ਸੀ ਹੋਈਆਂ
ਘਰ ਦਰ ਅਜੇ ਕਬਰਾਂ ਵੱਲ ਆਪ ਨਹੀਂ ਸੀ ਮੁੜੇ
ਕਿਸੇ ਨਹੀਂ ਸਨ ਛਪੇ
ਅਜੇ ਲਾਸ਼ਾਂ 'ਚ ਲਟਕਦੀਆਂ ਸਰਿੰਜਾਂ ਦੇ
ਅਜੇ ਦੁਰਲਾਹਨਤਾਂ ਨਹੀਂ ਸਨ ਲੈ ਕੇ ਘਰੀਂ ਪਰਤੇ
ਸਕੂਲੀਂ ਜਾਂ ਕਾਲਜ ਗਏ ਭਵਿੱਖਤ
ਅਜੇ ਬੁੱਲਬੁਲਾਂ ਆਪਣੇ ਗੀਤ
ਆਪ ਲੈ ਕੇ ਨਹੀਂ ਸਨ ਮਰਨ ਲੱਗੀਆਂ
ਫੁੱਲ ਆਪਣੀਆਂ ਮਹਿਕਾਂ 'ਚ
ਡੁੱਬ-ਡੁੱਬ ਨਹੀਂ ਸਨ ਕਦੇ ਮਰੇ
ਦਿਨ ਰਾਤ ਬੇਫਿਕਰ ਹੁੰਦੇ ਸਨ
ਗੱਲਾਂ ਗੋਬਿੰਦ ਦੀ ਕਿਰਪਾਨ ਦੀਆਂ ਚੱਲਦੀਆਂ ਸਨ ਅਜੇ
ਜਾਂ ਜੁਝਾਰ ਸਿੰਘ ਦੀ ਕਲਗੀ ਦੀਆਂ
ਓਦੋਂ ਅਜੇ ਸੂਰਜ ਵਿਹੜਿਆਂ ਦੇ
ਵੀ ਨਹੀਂ ਸਨ ਮਰੇ
ਪੰਜਾਬ
ਪਾਣੀਆਂ ਨੂੰ ਕਹਿ ਜ਼ਹਿਰਾਂ ਨਾ ਲੈ ਕੇ ਟੁਰਨ
ਨਾਨਕ ਨੂੰ ਕਹੋ ਫਿਰ ਸੱਚ ਦਾ ਸੌਦਾ ਆ ਕੇ ਸਮਝਾਵੇ
ਗੋਬਿੰਦ ਨੂੰ ਕਹੋ ਕਿ ਫਿਰ ਕਿਸੇ ਸਵੇਰ 'ਨੰਦਪੁਰ ਫੇਰਾ ਪਾਵੇ
— ਡਾ ਅਮਰਜੀਤ ਟਾਂਡਾ
ਆਓ ਬਰਸਾਤ ਦੇ ਪਾਣੀ ਨੂੰ ਸੰਭਾਲੀਏ
NEXT STORY