ਮਚੀ ਹੋਈ ਹੈ ਚੋਰ-ਬਾਜ਼ਾਰੀ, ਕਲਪ ਰਹੀ ਏ ਰੂਹ ਬੇਚਾਰੀ,
ਹੇਰਾ-ਫੇਰੀ ਦੀ ਚਾਰੇ ਪਾਸੇ, ਲਾ-ਇਲਾਜ਼ ਫੈਲੀ ਬੀਮਾਰੀ,
ਕਿੰਝ ਜ਼ੁਬਾਨੋਂ ਆਖ ਸੁਣਾਵਾਂ, ਚੱਲਦੀ ਜੋ ਚਾਲਾਕੀ ਏ,
ਮਾਨਵਤਾ ਦੀ ਦਰਦ ਕਹਾਣੀ, ਦੱਸਣਾ ਹਾਲੇ ਬਾਕੀ ਏ।
ਮਾਨਵ ਤਾਈਂ ਲੋਕ ਸਤਾਉਂਦੇ, ਪਰ ਦਾਨਵ ਨੂੰ ਬੜਾ ਸਲਾਹੁੰਦੇ,
ਚੰਿਗਆਂ ਤਾਈਂ ਮਾਰ ਠੋਕਰਾਂ, ਗਧੇ ਦੇ ਤਾਈਂ ਬਾਪ ਬਣਾਉਂਦੇ,
ਸੱਚ ਦਾ ਏਥੇ ਜਲੂਸ ਨਿਕਲਦਾ, ਕੂੜ ਪਿਆ ਕੱਢਦਾ ਝਾਕੀ ਏ,
ਮਾਨਵਤਾ ਦੀ ਦਰਦ ਕਹਾਣੀ, ਦੱਸਣਾ ਹਾਲੇ ਬਾਕੀ ਏ।
ਡਿਗਰੀਆਂ ਪੱਲੇ ਹੈ ਰੁਸ਼ਵਾਈ, ਐਜੋਕੇਸ਼ਨ ਕਦਰ ਗਵਾਈ,
ਗੰਵਾਰਾਂ ਨੂੰ ਤਾਜ਼ ਪਹਿਨਾ ਕੇ, ਮਾਨਵ ਰਾਹ ਵਿਚ ਪੱਟੀ ਖਾਈ,
ਸੱਚ ਲਈ ਤਾਂ ਦਰਵਾਜ਼ੇ ਭੇੜੇ, ਪਰ ਕੂੜ ਦੀ ਖੋਲੀ ਤਾਕੀ ਏ,
ਮਾਨਵਤਾ ਦੀ ਦਰਦ ਕਹਾਣੀ, ਦੱਸਣਾ ਹਾਲੇ ਬਾਕੀ ਏ।
ਪੜ੍ਹੇ-ਲਿਖੇ ਨੂੰ ਮਿਲਦੀਆਂ ਡਾਗਾਂ, ਚੰਗੇ ਦਿਨਾਂ ਦੀਆਂ ਨਾਹੀਂ ਤਾਘਾਂ,
ਉੱਜਵਲ ਭਵਿੱਖ ਵੀ ਅੱਖ ਬਚਾਵੇ, ਉਸ ਵੱਲ ਕਿੰਝ ਪੁੱਟੇ ਪੁਲਾਂਘਾਂ,
ਕੂੜੀਆਂ ਆਪਣੇ ਹੱਥ ਵਿਚ ਫੜ ਲਈ, ਮਾਰਨ ਵਾਸਤੇ ਹਾਕੀ ਏ।
ਮਾਨਵਤਾ ਦੀ ਦਰਦ ਕਹਾਣੀ, ਦੱਸਣਾ ਹਾਲੇ ਬਾਕੀ ਏ।
ਆਪਣਾ ਹੀ ਪਿਆ ਡੰਗ ਚਲਾਵੇ, ਮੂਰਖ ਏ ਪਰ ਚਤੁਰ ਕਹਾਵੇ,
ਏਸੇ ਨੂੰ ਲੋਕੀ ਜੀਵਨ ਮੰਨਦੇ, ਦੁਨੀਆਦਾਰੀ ਦੇ ਕਰਦੇ ਦਾਅਵੇ,
ਦੋ ਲੱਤਾਂ ਦਾ ਪਸ਼ੂ ਇਸ ਸੱਚ ਤੋਂ, ਹੋਇਆ ਲੱਗਦੈ ਆਕੀ ਏ,
ਮਾਨਵਤਾ ਦੀ ਦਰਦ ਕਹਾਣੀ, ਦੱਸਣਾ ਹਾਲੇ ਬਾਕੀ ਏ।
ਚਤੁਰ-ਚਾਲਾਕੀ ਜਿੱਥੇ ਹੋਵੇ ਭਾਰੀ, ਦੁਨੀਆ ਲਈ ਹੈ ਰਿਸ਼ਤੇਦਾਰੀ,
ਭਵੀਸ਼ਣ ਵਾਲਾ ਪਹਿਨ ਕੇ ਚੋਲਾ, ਭਾਈ ਜਾਂਦੇ ਨੇ ਗੱਲ ਵਿਗਾੜੀ,
ਪਰਸ਼ੋਤਮ ਹੁਣ ਤਾਂ ਰਿਸ਼ਤੇ ਵੀ, ਫਟੀ ਪੈਂਟ 'ਤੇ ਲੱਗੀ ਹੋਈ ਟਾਕੀ ਏ,
ਮਾਨਵਤਾ ਦੀ ਦਰਦ ਕਹਾਣੀ, ਦੱਸਣਾ ਹਾਲੇ ਬਾਕੀ ਏ।
ਸਕੇ ਪਿਓ ਤਾਈਂ ਲੋਕੀ ਭੁੱਲੇ, ਚੌਧਰ, ਕੁਰਸੀ, ਮਾਇਆ 'ਤੇ ਡੁੱਲੇ,
ਮਾਲਕ ਬਣਨ ਦੀ ਦੌੜ ਲੱਗ ਗਈ, ਪਸ਼ੂਆਂ ਦੇ ਜਿਉਂ ਸੰਗਲ ਖੁਲ੍ਹੇ,
ਸਰੋਏ ਆਖਦਾ ਦੁਨੀਆ ਉੱਤੋਂ, ਉੱਠ ਗਈ ਇਤਫਾਕੀ ਏ।
ਮਾਨਵਤਾ ਦੀ ਦਰਦ ਕਹਾਣੀ, ਦੱਸਣਾ ਹਾਲੇ ਬਾਕੀ ਏ।
ਪਰਸ਼ੋਤਮ ਲਾਲ ਸਰੋਏ
ਮੋਬਾ : 91-92175-44348
ਝੋਨੇ ਅਤੇ ਬਾਸਮਤੀ ਦੇ ਬਚਾਅ ਲਈ ਪੀ.ਏ.ਯੂ. ਮਾਹਿਰਾਂ ਨੇ ਦਿੱਤੇ ਸੁਝਾਅ
NEXT STORY