ਜ਼ਿੰਦਗੀ ਹਰ ਨਵੇਂ ਵਰ੍ਹੇ
365 ਸਫਿਆਂ ਦੀ ਕਿਤਾਬ ਲਿਖਦੀ ਹੈ
ਕੱਚਾ ਖਰੜਾ ਲੈ ਕੇ ਇਸ ਦੇ ਪਾਤਰ
ਰੋਜ਼ ਬਿਊਟੀਪਾਰਲਰ ਤੇ ਸੈਲੂਨ ਜਾਂਦੇ ਹਨ
ਕਹਿੰਦੇ ਨੇ ਫਿਰ ਕਿਤਾਬ ਵਿਕਦੀ ਹੈ
ਜ਼ਿੰਦਗੀ ਹਰ ਨਵੇਂ ਵਰ੍ਹੇ
365 ਸਫਿਆਂ ਦੀ ਕਿਤਾਬ ਲਿਖਦੀ ਹੈ
ਨਿੱਖਰੇ ਚਿਹਰਿਆਂ ਤੋਂ ਭਾਫਾਂ ਛੱਡਦਾ ਪ੍ਰਭਾਵ
ਕਿਤਾਬ ਦੇ ਉੱਤੇ ਪੈਂਦਾ ਹੈ
ਹੁਣ ਕਿਤਾਬ ਧੂੜ ਫੱਕਦੀ ਹੈ
ਅਤੇ ਹਰ ਰੋਜ਼ ਇਕ ਸਫਾ ਮੈਲਾ ਕਰਦੀ ਹੈ
ਜਦੋਂ ਇਹ ਬਜ਼ਾਰ ਵਿਚ ਆ ਟਿਕਦੀ ਹੈ
ਜ਼ਿੰਦਗੀ ਹਰ ਨਵੇਂ ਵਰ੍ਹੇ
365 ਸਫਿਆਂ ਦੀ ਕਿਤਾਬ ਲਿਖਦੀ ਹੈ
ਕੋਈ ਟੀ.ਵੀ 'ਚ ਦੇਖਦਾ ਕੋਈ ਅਖਬਾਰ ਵਿਚੋਂ ਪੜ੍ਹਦਾ ਹੈ
ਹੁਣ ਨਵਾਂ ਵਰ੍ਹਾ ਬਹੁਤਾ ਮੁਬਾਇਲ ਵਿਚੋਂ ਈ ਚੜ੍ਹਦਾ ਹੈ
ਅੱਖਾਂ ਨਜ਼ਾਰਾਂ ਦੇਖਦੀਆਂ ਹਨ
ਹੁਣ ਨਜ਼ਰਾਂ ਚਿਹਰੇ ਨਹੀਂ ਪੜ੍ਹਦੀਆਂ
ਜੋ ਖੁੱਲ੍ਹੀ ਕਿਤਾਬ ਹੁੰਦੇ ਨੇ
ਹੁਣ ਚਿਹਰੇ ਫੇਸਬੁੱਕ ਤੋਂ ਜਾਣੇ ਜਾਂਦੇ ਨੇ
ਜਾਂ ਫਿਰ ਲੁੱਕ ਤੋਂ ਪਛਾਣੇ ਜਾਂਦੇ ਨੇ
ਬਸ ਹੁਣ ਇਹ ਗੀਤ ਬਰੈਂਡਡ ਸਿੱਖਦੀ
ਜ਼ਿੰਦਗੀ ਹਰ ਨਵੇਂ ਵਰ੍ਹੇ
365 ਸਫਿਆਂ ਦੀ ਕਿਤਾਬ ਲਿਖਦੀ ਹੈ
ਫਿਰ ਵੀ ਵਧਾਈ ਹੋਵੇ ਨਵੇਂ ਵਰ੍ਹੇ ਦੀ
ਲਿਖੀ ਜਾ ਰਹੀ ਨਵੀਂ ਸਕਰਿਪਟ ਦੀ
ਇਸ਼ਤਿਹਾਰ ਉੱਤੇ ਕਰਕੇ ਖਰਚ ਜੇ ਤੂੰ ਡਰਦਾ ਨੀਂ
ਸਹੀ ਗਲਤ ਦੀ ਪਰਖ ਵੀ ਫੇਰ ਕੋਈ ਕਰਦਾ ਨੀਂ
ਇਸ ਸਦੀ ਦੀ ਤਾਂ ਹਰ ਚੀਜ਼ ਹੀ ਵਿਕਦੀ ਹੈ
ਜ਼ਿੰਦਗੀ ਹਰ ਨਵੇਂ ਵਰ੍ਹੇ
365 ਸਫਿਆਂ ਦੀ ਕਿਤਾਬ ਲਿਖਦੀ ਹੈ
ਇਸ ਸਾਲ ਦੇ ਅੰਤ ਵਿਚ ਕਰੀਂ ਤਿਆਰੀ ਛਾਪਣ ਦੀ
ਮੁੱਖ ਬੰਦ ਵੀ ਮੁੱਲ ਦਾ ਲੈਲੀਂ
ਲੋੜ ਨੀ ਕਦਰਾਂ ਕੀਮਤਾਂ ਨਾਪਣ ਦੀ
ਭਾਵੇਂ ਜ਼ਿੰਦਗੀ “ਸਾਦਗੀ'' ਪਸੰਦ ਕਰਦੀ ਹੈ
ਪਰ ਕਿਤਾਬ ਲਿਛਕਦੇ ਸਿਰਲੇਖ ਦੀ ਮੰਗ ਕਰਦੀ ਹੈ
ਇਸ ਲਈ ਹਰ ਸ਼ੈਅ 'ਚ ਬਨਾਵਟ ਦਿਸਦੀ ਹੈ
ਜ਼ਿੰਦਗੀ ਹਰ ਨਵੇਂ ਵਰ੍ਹੇ
365 ਸਫਿਆਂ ਦੀ ਕਿਤਾਬ ਲਿਖਦੀ ਹੈ
ਗੁਰਵਰਿੰਦਰ ਸਿੰਘ ਗਰੇਵਾਲ
ਮੋਬਾਇਲ ਨੰ. 9814655167