ਮੇਰੇ ਦਾਦਾ ਜੀ ਇਹ ਗੱਲ ਬੜੇ ਮਾਣ ਜਾਂ ਕਹਿ ਲਉ ਹੰਕਾਰ ਨਾਲ ਕਿਹਾ ਕਰਦੇ ਸਨ ਕਿ ਉਹਨਾਂ ਦੇ ਵੱਡੇ ਵਡੇਰੇ ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਸਨ, “ਹਨਾ ਦੀਆ ਭੜੋਲੀਆ ਸਦਾ ਦਾਣਿਆ ਨਾਲ ਭਰੀਆ ਰਹਿੰਦੀਆ ਸਨ। ਸਰਕਾਰੇ ਦਰਬਾਰੇ ਉਹਨਾਂ ਦੀ ਪਹੁੰਚ ਸੀ ਪਰ ਮੈ ਆਪਣੇ ਪਿਤਾ ਜੀ ਨੂੰ ਮਿੱਟੀ ਨਾਲ ਮਿੱਟੀ ਹੁੰਦਿਆ ਵੇਖਿਆ।ਪੈਸੇ ਧੇਲੇ ਵੱਲੋ ਉਹਨਾਂ ਦੀ ਹਾਲਤ ਚੰਗੀ ਨਹੀਂ ਸੀ। ਇਸ ਲਈ ਰੋਜੀ ਰੋਟੀ ਦੀ ਤਲਾਸ਼ ਵਿਚ ਉਹ ਪਿੰਡ ਛੱਡ ਕੇ ਸ਼ਹਿਰ ਆ ਗਏ ਅਤੇ ਫਿਰ ਜਦੋਂ ਸ਼ਹਿਰ ਵਿਚ ਵੀ ਗੱਲ ਨਾ ਬਣੀ ਤਾਂ ਉਹ ਹਿੰਦੂਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਭਟਕਦੇ ਹੋਏ ਬਰਮਾ ਦੇ ਜੰਗਲਾਂ ਵਿਚ ਪਹੁੰਚ ਗਏ। ਸਖਤ ਮਿਹਨਤ ਕਰਨ ਕਾਰਣ ਉਹਨਾਂ ਦੀ ਵਿੱਤੀ ਹਾਲਾਤ ਵਿਚ ਸੁਧਾਰ ਹੋਇਆ।ਜਦੋਂ ਵਾਪਿਸ ਪੰਜਾਬ ਆਊਂਦੇ ਤਾਂ ਦਾਰੂ ਦਾ ਦੌਰ ਚਲਦਾ ਉਹ ਜ਼ਿਆਦਾ ਦਾਰੂ ਨਾ ਪੀਣ ਦੀ ਸਲਾਹ ਦਿੰਦੇ।
“ਦਾਰੂ ਹਾਥੀ ਨਿਵਾ ਦਿੰਦੀ ਹੈ, ਇਨਸਾਨ ਕੀ ਚੀਜ਼ ਹੈ । ਇਹ ਗੱਲ ਸਾਬਿਤ ਕਰਨ ਲਈ ਉਹ ਦਸਦੇ ਕਿ ਜੰਗਲ ਵਿਚ ਹਾਥੀਆਂ ਤੋਂ ਜ਼ਿਆਦਾ ਕੰਮ ਲੈਣ ਲਈ ਹਾਥੀਆਂ ਨੂੰ ਪੀਪਿਆਂ ਨਾਲ ਦਾਰੂ ਪਿਆਈ ਜਾਂਦੀ। ਕਈ ਵਾਰ ਹਾਥੀ ਜ਼ਿਆਦਾ ਦਾਰੂ ਪੀ ਕੇ ਨੀਮ ਬੇਹੋਸ਼ੀ ਦੀ ਹਾਲਤ ਵਿਚ ਚਲਾ ਜਾਂਦਾ ਅਤੇ ਕੰਮ ਕਰਨ ਤੋਂ ਇਨਕਾਰ ਹੀ ਨਾ ਕਰ ਦਿੰਦਾ ਸਗੋਂ ਮਹਾਵਤ ਨੂੰ ਵੀ ਮਾਰਨ ਨੂੰ ਪੈਂਦਾ।
ਇਕ ਵਾਰ ਜਦੋਂ ਉਹ ਵਾਪਿਸ ਆਪਣੇ ਕਮਰੇ ਵਿਚ ਆਏ (ਜਿਸ ਦਾ ਦਰਵਾਜਾ ਅਤੇ ਖਿੜਕੀ ਬਿਲਕੁਲ ਆਮੋ ਸਾਹਮਣੇ ਸਨ) ਤਾਂ ਉਹਨਾਂ ਦਾ ਰੋਟੀ ਪਕਾਉਣ ਵਾਲਾ ਨੌਕਰ ਬੜਾ ਘਬਰਾਇਆ ਹੋਇਆ ਸੀ ।ਉਸ ਕੋਲੋ ਬੋਲਿਆ ਵੀ ਨਹੀਂ ਸੀ ਜਾਂਦਾ। ਜਦੋਂ ਇਸ ਦਾ ਕਾਰਣ ਪੁਛਿਆ ਤਾਂ ਮਸਾਂ ਹੀ ਬੋਲਿਆ,
ਸ. ਸ. ਸ. ਸਾਬ ਜੀ, ਨਿਕਲ ਗਿਆ
ਕੌਣ ਨਿਕਲ ਗਿਆ?
ਸ. ਸ. ਸ. ਸ਼ੇਰ, ਦਰਵਾਜੇ ਵਿਚੋ ਨਿਕਲ ਕੇ ਖਿੜਕੀ ਰਸਤੇ ਨਿਕਲ ਗਿਆ
ਚੰਗਾ ਹੋਇਆ, ਨਿਕਲ ਗਿਆ, ਹੁਣ ਤੂੰ ਕਿਉਂ ਘਬਰਾਇਆ ਹੋਇਆ ਹੈ?''
ਤਾਂ ਉਸ ਨੇ ਆਪਣੇ ਪਜਾਮੇ ਵੱਲ ਇਸ਼ਾਰਾ ਕੀਤਾ ।ਉਸ ਦਾ ਪਜਾਮਾ ਪਿਸ਼ਾਪ ਨਾਲ ਗਿੱਲਾ ਹੋਇਆ ਸੀ। ਲੋਕਾ ਲਈ ਇਹ ਗੱਲਾ ਚੁਟਕਲੇ ਮਾਤਰ ਸਨ ਪਰ ਮੈਂ ਸੋਚਦਾ ਸੀ ਕਿ ਪਿਤਾ ਜੀ ਖੂੰਖਾਰ ਜਾਨਵਰਾ ਵਿਚ ਵਿਚਰਦੇ ਹੋਏ, ਜਾਨ ਹਥੇਲੀ ਤੇ ਰੱਖ ਕੇ ਕਿਵੇਂ ਪੈਸੇ ਕਮਾਉਂਦੇ ਸਨ। ਕਿਤੇ ਕੋਈ ਭਾਣਾ ਹੀ ਨਾ ਵਾਪਰ ਜਾਏ। ਇਹ ਸੋਚ ਕੇ ਮੈਂ ਉਦਾਸ ਹੋ ਜਾਂਦਾ ।
ਪਿਤਾ ਜੀ ਕੁਛ ਚਿਰ ਠਹਿਰਦੇ ਅਤੇ ਫਿਰ ਵਾਪਿਸ ਚਲੇ ਜਾਂਦੇ ਮੇਰੀ ਮਾਂ ਇਕਲਤਾ ਦਾ ਸਰਾਪ ਭੋਗਦੀ। ਫਿਰ ਇਕ ਦਿਨ ਪਿਤਾ ਜੀ ਨੇ ਮੇਰੀ ਮਾਂ ਨੂੰ ਨਾਲ ਲਿਜਾਣ ਦਾ ਫੈਸਲਾ ਕਰ ਲਿਆ।ਘਰ ਔਰਤ ਬਣਾਉਂਦੀ ਹੈ। ਇਸ ਲਈ ਘਰ ਨਾਲ ਉਸ ਨੂੰ ਮਰਦ ਨਾਲੋਂ ਜ਼ਿਆਦਾ ਮੋਹ ਹੁੰਦਾ ਹੈ। ਮੇਰੀ ਮਾਂ ਨੂੰ ਘਰ ਨਾਲ ਬਹੁਤ ਪਿਆਰ ਸੀ । ਇਸ ਲਈ ਜਦੋਂ ਉਸ ਨੂੰ ਘਰ ਛੱਡਣਾ ਪਿਆ ਤਾਂ ਇਹ ਸਦਮਾ ਬਰਦਾਸ਼ਤ ਨਾ ਕਰ ਸਕੀ ਅਤੇ ਆਪਣਾ ਦਿਮਾਗੀ ਤਵਾਜਨ ਗਵਾ ਬੈਠੀ ਅਤੇ ਫਿਰ ਕਦੀ ਵੀ ਸਹਿਜ ਨਾ ਹੋ ਸਕੀ। ਡਾਕਟਰ ਵੀ ਉਸ ਦੀ ਬੀਮਾਰੀ ਦੀ ਧਾਹ ਨਾ ਪਾ ਸਕੇ। ਪਰਵਾਸ ਦੀ ਇਸ ਪੀੜ ਨੇ ਮੜੀਆ ਤਕ ਉਸ ਦਾ ਪਿੱਛਾ ਕੀਤਾ। ਮਾਂ ਦੀ ਮੌਤ ਦਾ ਪਿਤਾ ਜੀ ਨੂੰ ਗਹਿਰਾ ਸਦਮਾ ਲੱਗਾ ਅਤੇ ਮੈਂ ਤੇ ਪੈ ਗਏ ਅਤੇ ਫਿਰ ਮੰਜੇ ਜੌਗੇ ਹੀ ਰਹਿ ਗਏ ।ਘਰ ਦੀ ਵਿੱਤੀ ਹਾਲਤ ਹੁਣ ਫਿਰ ਪਿੰਡ ਵਾਲੀ ਹੀ ਹੋ ਗਈ।ਹੁਣ ਭਟਕਣ ਦੀ ਮੇਰੀ ਵਾਰੀ ਸੀ।
ਅਖਬਾਰ ਵਿਚ ਛਪੀ ਮੇਰੀ ਕਹਾਣੀ ਦੇ ਪ੍ਰਤੀਕਰਮ ਵਜੋ ਇਕ ਤਿਮਾਹੀ ਛਪਦੇ ਮੈਗਜੀਨ ਦੇ ਐਡੀਟਰ ਨੇ ਮੈਂ ਮੈਨੂੰ ਕਈ ਪੁਰਾਣੇ ਅੰਕ ਭੇਂਟ ਦਿੱਤੇ। ਫਿਰ ਮੈਂ ਉਸ ਦਾ ਲਾਈਫ ਮੈਂਬਰ ਬਣ ਗਿਆ।ਮੈਂ ਕਿਸੇ ਵੀ ਸ਼ਹਿਰ ਵਿਚ 45 ਸਾਲ ਤੋਂ ਵਧ ਟਿਕ ਨਹੀਂ ਸਕਿਆ। ਮੈਂ ਜਦੋਂ ਵੀ ਸ਼ਹਿਰ ਬਦਲਦਾ,ਉਸ ਮੈਗਜੀਨ ਦੇ ਐਡੀਟਰ ਨੂੰ ਨਵਾ ਪਤਾ ਲਿੱਖ ਕੇ ਭੇਜਦਾ। ਇਹ ਸਿਲਸਿਲਾ ਲਗਾਤਾਰ ਚਲਦਾ ਰਿਹਾ। ਫਿਰ ਕੁਛ ਚਿਰ ਜਦੋਂ ਮੈਗਜੀਨ ਨਾ ਆਇਆ ਜਦੋਂ ਮੈਂ ਕਾਰਣ ਜਾਨਣਾ ਚਾਹਿਆ ਤਾਂ ਜਵਾਬ ਮਿਲਿਆ,ਆਪਣਾ ਪੱਕਾ ਪਤਾ, ਤੁਸੀ ਦੂਜੇ ਦਿਨ ਤਾ ਪਤਾ ਬਦਲ ਲੈਂਦੇ ਹੋ। ਇਸ ਤਰ੍ਹਾਂ ਮੈਗਜੀਨ ਭੇਜਣਾ ਸੰਭਵ ਨਹੀਂ ਹੈ। ਪੱਕਾ ਪਤਾ ਇਹ ਦੋ ਲਫਜਾਂ ਨੇ ਮੈਨੂੰ ਧੁਰ ਤੱਕ ਹਿਲਾ ਕੇ ਰੱਖ ਦਿੱਤਾ।ਕਿਹੜਾ ਹੈ ਮੇਰਾ ਸ਼ਹਿਰ... 1984 ਵਿਚ ਮੇਰੀਆ ਅੱਖਾਂ ਸਾਹਮਣੇ ਗਲਾ ਵਿਚ ਪਏ ਬਲਦੇ ਟਾਇਰ ਨਾਲ ਜਦੋਂ ਇਨਸਾਨ ਤੜਫਦਾ ਸੀ ਤਾਂ ਗਾਂਧੀ ਦੇ ਵਾਰਿਸ ਭੰਗੜਾ ਪਾਉਂਦੇ , ਚਾਂਗਰਾ ਮਾਰਦੇ, ਨਾਅਰੇ ਲਗਾਉਂਦੇ।ਵਸਦੇ ਰਸਦੇ ਘਰਾਂ ਵਿਚੋ ਸਿਵਿਆਂ ਤੋਂ ਵੀ ਉਚੀਆ ਅੱਗ ਦੀਆਂ ਲਾਟਾ, ਬੇਵੱਸ ਔਰਤਾਂ ਦਾ ਬਲਾਤਕਾਰ, ਬੱਚਿਆ ਦੀਆਂ ਚੀਖਾਂ,। ਕਿੱਥੇ ਹੈ ਬੇਗਮਪੁਰਾ?। ਇਹ ਮੇਰੇ ਸ਼ਹਿਰ ਨਹੀਂ। ਕਿੱਥੇ ਹੈ ਅਨੰਦਪੁਰ ? ਉਥੇ ਵੀ ਤਾਂ ਬੇਗੁਨਾਹਗਾਰ ਲੋਕਾਂ ਨੂੰ ਬੱਸਾ ਵਿਚੋ ਕੱਢ ਕੇ ਅਤੇ ਨੌਜਵਾਨਾਂ ਨੂੰ ਝੂਠੇ ਮੁਕਾਬਿਲਆ ਵਿਚ ਮਾਰਿਆ ਗਿਆ । ਇਹ ਤਾ ਨੇਤਾਵਾ ਦੇ ਸ਼ਹਿਰ ਹਨ ਅਤੇ ਇਥੇ ਵੱਸਦੇ ਲੌਕ ਸਿਰਫ ਵੋਟਾ।ਮੇਰਾ ਕੋਈ ਸ਼ਹਿਰ ਨਹੀਂ।
ਫਿਰ ਮੈਗਜੀਨ ਆਉਣੋ ਬੰਦ ਹੋ ਗਿਆ ਕਿਉਂਕਿ ਮੇਰੇ ਕੋਲ ਪੱਕਾ ਪਤਾ ਨਹੀਂ ਸੀ।
ਪਰਵਾਸ ਦਾ ਪਹੀਆ ਪੂਰੇ ਜੋਰ ਨਾਲ ਘੁੰਮਦਾ ਹੈ । ਹਵਾਈ ਅੱਡੇ ਤੇ ਖੜਾ ਮੈਂ ਅਸਮਾਨ ਵਿਚ ਪੰਛੀਆਂ ਵਾਂਗ ਉੱਡਦੇ ਹਵਾਈ ਜਹਾਜ਼ਾਂ ਵਿਚੋਂ , ਰੋਜੀ ਰੋਟੀ ਦੀ ਤਲਾਸ਼ ਵਿਚ ਵਿਦੇਸ਼ ਜਾ ਰਹੇ ਆਪਣੇ ਇਕਲੋਤੇ ਪੁੱਤਰ ਦੇ ਨਕਸ਼ ਭਾਲ ਰਿਹਾ ਹਾਂ।ਮੈਂ ਅਸਹਿਜ ਹਾਂ । ਬੈੱਚ ਖਾਲੀ ਪਿਆ ਹੈ ਪਰ ਮਂੈ ਬੈਠਦਾ ਨਹੀਂ। ਮੈਂ ਬਿਨਾ ਕਾਰਣ, ਇੱਧਰ ਉਧਰ ਜਾ ਰਿਹਾ ਹਾਂ। ਮੈਂ ਬੇਚਾਨ ਹਾਂ।
ਉਹ ਵਿਦੇਸ਼ ਜਾਣ ਲਈ ਦ੍ਰਿੜ ਸੀ। ਆਨੇ-ਬਹਾਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹਾਂ ।ਉਹ ਵਿਦੇਸ਼ ਦਾ ਆਪਣੇ ਦੇਸ਼ ਨਾਲ ਤੁਲਨਾ ਕਰਕੇ ਉਥੋ ਦੇ ਵਧੀਆ ਸਿਸਟਮ ਦੀ ਗੱਲ ਕਰਦਾ ਹਾਂ। ਅਖੀਰ ਉਸ ਦੀਆ ਦਲੀਲਾ ਅੱਗੇ ਹਥਿਆਰ ਸੁੱਟ ਦਿੰਦਾ ਹਾਂ। ਬੈਂਕ ਵਿਚ ਪੈਸੇ ਜਮ੍ਹਾਂ ਕਰਨ ਵਾਲੀ ਕਲਰਕ ਨੂੰ ਪੁਛਦਾ ਹਾਂ, ਕਿ ਕਿੰਨੇ ਕੁ ਬੱਚੇ ਰੋਂ ਵਿਦੇਸ਼ ਜਾਣ ਲਈ ਫੀਸ ਜਮ੍ਹਾਂ ਕਰਾਉਂਦੇ ਹਨ, ਇਹ ਗਿਣਤੀ ਰੋਜ਼ਾਨਾ ਉਹ ਅੰਦਾਜਨ 15 ਕੁ ਦੱਸਦਾ ਹੈ। ਇਹ ਸਿਰਫ ਇਕ ਬਰਾਂਚ ਦੀ ਗਿਣਤੀ ਸੀ। ਪੰਜਾਬ ਵਿਚ ਕਿੰਨੇ ਅਜਿਹੇ ਬੈਂਕ ਹਨ।ਮੈਂ ਅਜਿਹੀ ਗਿਣਤੀ ਕਰਨ 'ਤੋਂ ਡਰਦਾ ਹਾਂ, ਕਿਉਂਕਿ ਇਹ ਗਿਣਤੀ ਲੱਖਾ ਵਿਚ ਹੋਵੇਗੀ।
ਸ਼ਫਿਰ ਉਸ ਦਾ ਫੋਨ ਆਉਂਦਾ ਹੈ 'ਪਾਪਾ ਮੈਂ ਜਹਾਜ਼ ਵਿਚ ਬੈਠ ਗਿਆ ਹੈ। ਬੱਸ ਇਹ ਚਲਣ ਵਾਲਾ ਹੈ।ਤੁਸੀਂ ਹੁਣ ਘਰ ਜਾ''।ਬੱਸ ਚਾਰ ਪੰਜ ਸਾਲ ਦੀ ਗੱਲ ਹੈ, ਮੈਨੂੰ ਪੀ ਆਰ ਮਿਲ ਜਾਣੀ ਹੈ। ਫਿਰ ਮੈਂ ਤੁਹਾਨੂੰ ਵੀ ਇਥੇ ਸੱਦ ਲੈਣਾ ਹੈ। ਤੁਸੀਂ ਇਥੇ ਕੀ ਕਰਨਾ ਹੈ।ਇਥੇ ਹੈ ਵੀ ਕੀ ਹੈ।ਹੁਣ ਮੈਂ ਫੋਨ ਬੰਦ ਕਰਦਾ ਹਾਂ।ਆਪਣੇ ਟਿਕਾਣੇ ਪਹੁੰਚ ਕੇ ਹੀ ਫੋਨ ਕਰਾਂਗਾ' ਇਸ ਤੋ ਪਹਿਲਾਂ ਕਿ ਮੈਂ ਕੁਝ ਕਹਿੰਦਾ, ਫੋਨ ਬੰਦ ਹੋ ਜਾਂਦਾ ਹੈ।
'ਚਲੋ ਘਰ ਚਲੀਏ', ਮੈਂ ਆਪਣੀ ਪਤਨੀ ਨੂੰ ਆਖਦਾ ਹਾਂ।
'ਕਿਹੜਾ ਘਰ? ਕਿਸ ਦਾ ਘਰ?, ਕਦੋ ਤੱਕ?
'ਪੰਜਾਬ ਦੇ ਵਾਰਿਸ , ਆਪਣੇ ਪੁਰਖਿਆ ਦੀ ਧਰਤੀ ਜਿਸ ਨੂੰ ਉਹਨਾ ਨੇ ਆਪਣੇ ਲਹੂ ਨਾਲ ਸਿੰਜਿਆ ਸੀ, ਨੂੰ ਬੇਦਾਵਾ ਦੇ ਕੇ, ਵਿਦੇਸ਼ੀ ਧਰਤੀ ਨੂੰ ਆਪਣਾ ਪੱਕਾ ਪਤਾ ਬਣਾਉਣ ਲਈ ਕਿਉਂ ਆਪਣੀਆ ਜਾਨਾਂ ਤੇ ਹੂਲ ਰਹੇ ਹਨ, ਕਿਉਂ?, ਕਿ''?'
ਫਿਰ ਉਹ ਜਾਰੋਂ-ਜਾਰ ਰੋ ਪਈ।ਇੱਕ ਟਰੱਕ ਦੇ ਪਿਛੇ ਲਿਖੀ ਇਕ ਲਾਈਨ ਮੈਨੂੰ ਯਾਦ ਆਉਂਦੀ ਹੈ, ਵਿਦੇਸ਼ਾਂ ਨੂੰ ਪੁੱਤ ਤੋਰ ਕੇ ਬੂਹੇ ਢੋ ਕੇ ਰੋਦੀਆ ਮਾਵਾ। ਇਹ ਮਾਂ ਤਾਂ ਸ਼ਰੇਆਮ ਰੋ ਰਹੀ ਸੀ ਪਰ ਪਿਤਾ ਤਾਂ ਰੋ ਵੀ ਨਹੀਂ ਸਕਦਾ।
ਮੈਂ ਚੁਪ ਸੀ। ਉਹ ਚੁੱਪ ਦੀ ਭਾਸ਼ਾ ਜਾਣਦੀ ਸੀ।ਉਹ ਇਹ ਵੀ ਜਾਣਦੀ ਸੀ ਕਿ ਉਸ ਦੇ ਕਿਸੇ ਵੀ ਸਵਾਲ ਦਾ ਜਵਾਬ ਮੇਰੇ ਕੋਲ ਨਹੀਂ ਸੀ। ਇਸ ਲਈ ਉਹ ਬਿਨਾ ਮੇਰਾ ਜਵਾਬ ਉਡੀਕੇ,ਉਥੋ ਤੁਰ ਪੈਂਦੀ ਹੈ । ਮੈਂ ਵੀ ਉਸ ਦੇ ਨਾਲ ਤੁਰ ਪੈਂਦਾ ਹਾਂ। ਅਸੀਂ ਤੁਰੇ ਜਾ ਰਹੇ ਸੀ। ਸਾਡਾ ਕੋਈ ਪੱਕਾ ਪਤਾ ਨਹੀਂ ਸੀ। ਪਰਵਾਸ ਜਾਰੀ ਹੈ।
ਹਰਜੀਤ ਸਿੰਘ,
ਏ 290,ਨਿਊ ਅਮ੍ਰਿਤਸਰ।
ਮੋਬਾਇਲ 92177 01415
ਹੁਣ ਛੂਛਕ ਵਿਚੋਂ ਸੱਭਿਆਚਾਰ ਨਹੀਂ ਝਲਕਦਾ
NEXT STORY