1- ਅੱਜ ਦਾ ਲੀਡਰ
ਉਹ ਵੀ ਹੈਨ ਜੋ ਵਾਰ ਸਰਬੰਸ ਆਖਣ ,
ਦਾਤਾ ਕੌਮ ਦਾ ਉੱਚਾ ਨਿਸ਼ਾਨ ਹੋਵੇ।
ਚਮਨ ਦੇਸ਼ ਤੇ ਕੌਮ ਦਾ ਰਹੇ ਖਿੜਿਆ ,
ਮੇਰਾ ਆਪਣਾ ਭਾਵੇਂ ਵੀਰਾਨ ਹੋਵੇ।
ਉਹ ਵੀ ਹੈਨ ਜੋ ਕਿ ਸਾਡੇ ਭਲੇ ਖਾਤਰ ,
ਹੁੰਦੀ ਚਾਹੇ ਤਾਂ ਕੌਮ ਕੁਰਬਾਨ ਹੋਵੇ।
ਸਾਡੀ ਲੀਡਰੀ ਵਿਚ ਨਾ ਫਰਕ ਆਵੇ ,
ਹਿੰਦੋਸਤਾਨ ਭਾਵੇਂ ਪਾਕਿਸਤਾਨ ਹੋਵੇ।
-----0-----
2- ਜਨਮ ਭੂਮੀ ਨੂੰ ਨਮਸਕਾਰ
ਤੇਰੇ ਢਾਰਿਆਂ ਅੰਦਰ ਹੀ ਮੈਂ ਜੀਵਨ ਦੀ ਅੱਖ ਖ੍ਹੋਲੀ,
ਏਥੋਂ ਸਿੱਖੀ ਸ਼ੈਹਦੋਂ ਮਿੱਠੀ ਇਹ ਪੰਜਾਬੀ ਬੋਲੀ।
ਏਥੇ ਮੇਰੇ ਘਰਦਿਆਂ ਮੇਰੇ ਸੌ ਸੌ ਲਾਡ ਲਡਾਏ,
ਏਥੇ ਵੰਡੀਆਂ ਗਈਆਂ ਲੋਹੜੀਆਂ ਏਥੇ ਸ਼ਗਨ ਮਨਾਏ।
ਦਿੱਤੀਆਂ ਲੋਰੀਆਂ ਦਾਦੀ ਨੇ ਤੇ ਵੱਡਿਆਂ ਭੈਣ ਭਰਾਵਾਂ,
ਮੇਰੇ ਪਿੰਡ ਦੀਏ ਮਿੱਟੀਏ ਤੈਨੂੰ ਮੁੜ ਮੁੜ ਸੀਸ ਝੁਕਾਵਾਂ।
ਚਾਨਣੀਆਂ ਰਾਤਾਂ ਵਿੱਚ ਖੇਡੀਆਂ ਰੱਜ ਰੱਜ ਲੁਕਣ ਮਚਾਈਆਂ,
ਪਿੰਡ ਵਿਚ ਫਿਰ ਕੇ ਮੰਗੀਆਂ ਲੋਹੜੀਆਂ,ਏਥੇ ਧੂਣੀਆਂ ਲਾਈਆਂ।
ਰੱਜ ਰੱਜ ਖਾਧਾ ਗੁੜ ਭਗਤਾਂ ਦਾ ਪੁੱਛੀਆਂ ਕਦੇ ਨਾ ਜਾਤਾਂ,
ਦਾਦੀ ਪੁੱਨਾਂ ਕੋਲੋਂ ਸੁਣੀਆਂ ਦੇਵਤਿਆਂ ਦੀਆਂ ਬਾਤਾਂ।
ਮੁੜ ਕੇ ਫੇਰ ਕਦੇ ਨਾ ਮਿਲੀਆਂ ਮਾਂਵਾਂ ਠੰਡੀਆਂ ਛਾਂਵਾਂ,
ਮੇਰੇ ਪਿੰਡ ਦੀਏ ....................।
ਏਥੇ ਖੇਡੇ ਅੱਡੇ ਖੱਡੇ ਏਥੇ ਨੱਕਾ ਪੂਰਾਂ ,
ਏਥੇ ਖੇਡੇ ਗੁੱਲੀ ਡੰਡੇ ਤੇ ਲੱਲੇ ਦੀਆਂ ਕੂਰਾਂ।
ਪਿੱਪਲਾਂ ਦੇ ਟਹਿਣਿਆਂ ਤੇ ਚੜ੍ਹ ਕੇ ਖੇਡੇ ਜੰਗ ਪਲੰਗੇ ,
ਮੁੜ ਕੇ ਫਿਰ ਕਦੇ ਨਾ ਆਏ ਦਿਨ ਸਨ ਕਿੰਨੇ ਚੰਗੇ।
ਤੇਰੇ ਖੇਤਾਂ ਵਿਚ ਚਰਾਈਆਂ ਫਿਰ ਫਿਰ ਮੱਝਾਂ ਗਾਵਾਂ ,
ਮੇਰੇ ਪਿੰਡ ਦੀਏ....................।
ਅਲੀਏ ਤੇਲੀ ਦੀ ਹੱਟੀ ਤੋਂ ਖਾਧੇ ਬੇਰ ਮਖਾਣੇ,
ਫੌਜੇ ਦੀ ਭੱਠੀ ਦੇ ਉਤੇ ਬੜੇ ਭੁਨਾਏ ਦਾਣੇ।
ਕੁੜੀਆਂ ਦੇ ਸਿਰ ਗੁੰਦਦੀ ਦੇਖੀ ਘਰ ਘਰ ਪੂਰੋ ਰਾਣੀ,
ਮਣਸੋ ਝੀਰੀ ਘੜਿਆਂ ਦੇ ਵਿਚ ਢੋਂਦੀ ਦੇਖੀ ਪਾਣੀ।
ਕੁੜੀਆਂ ਮੁੰਡੇ ਖੇਡਦੇ ਦੇਖੇ ਵਾਂਗਰ ਭੈਣ ਭਰਾਵਾਂ,
ਮੇਰੇ ਪਿੰਡ ਦੀਏ.....................।
ਫੱਤੂ ਚੌਂਕੀਦਾਰ ਦੇਖਿਆ ਰਾਤ ਨੂੰ ਦੇਂਦਾ ਪਹਿਰਾ,
ਉਸ ਦੀ ਸੀਟ ਸੰਭਾਲ ਕੇ ਬਹਿ ਗਿਆ ਮਗਰੋਂ ਤੁਲਸੀ ਮਹਿਰਾ।
ਖ੍ਹੈਰੂ ਗੁੱਜਰ ਵੱਗ ਚਰਾਉਂਦਾ ਘਰ ਘਰ ਮੰਗਦਾ ਆਟਾ,
ਫਿਰਦੇ ਦੇਖੇ ਸੰਤ ਗਜ਼ਾ ਨੂੰ ਨਾ ਕੋਈ ਵਾਧਾ ਘਾਟਾ।
ਮਾਇਆ ਵੰਤੀ ਹਰ ਸੰਗਰਾਂਦੇ ਦੇਂਦੀ ਫਿਰੇ ਦੁਆਵਾਂ,
ਮੇਰੇ ਪਿੰਡ ਦੀਏ......................।
ਚੂੜ੍ਹ ਗੁੱਜਰ ਮੈਂ ਅੱਖੀਂ ਤੱਕਿਆ ਪੰਜ ਪੰਜ ਫੁੱਟੀਆਂ ਲੱਤਾਂ,
ਕਾਦਰ, ਮਿਸਰੀ, ਫੱਤੂ, ਭੀਖਾ ਕਿੱਸ ਕਿੱਸ ਦੇ ਨਾਂ ਦੱਸਾਂ।
ਸੰਨ 47 ਵੇਲੇ ਜਿਹੜੇ ਬਣ ਗਏ ਪਾਕਿਸਤਾਨੀ,
ਲਾਲ ਚੰਦ ਤੇ ਸਾਈਂ ਦਾਸ ਬਣ ਗਏ ਹਿੰਦੋਸਤਾਨੀ।
ਉਸ ਵੇਲੇ ਵੀ ਫਰਜ਼ ਨਿਭਾਇਆ ਸਭ ਨੇ ਵਾਂਗ ਭਰਾਵਾਂ,
ਮੇਰੇ ਪਿੰਡ ਦੀਏ ..................।
ਰਹਿਮਤ, ਜ਼ਾਲੀ, ਸ਼ੈਂਕਰ, ਡੈਂਕਾ,ਨੰਜਣ ਸਿੰਘ ਜਿਹੇ ਲੱਠੇ,
ਹੱਸਣ ਖੇਡਣ ਕੌਡੀਆਂ ਪਾਉਂਦੇ ਖਾਂਦੇ ਪੀਂਦੇ ਕੱਠੇ।
ਪਿੰਡ ਦੇ ਵਾਸੀ ਰਹਿੰਦੇ ਸੀ ਸਭ ਬਣਕੇ ਭਾਈ ਭਾਈ,
ਨਾ ਕੋਈ ਵੈਰ ਨਾ ਝਗੜਾ ਝਾਂਜਾ ਕਰਦੇ ਨੇਕ ਕਮਾਈ।
ਆਏ ਸਾਲ ਦੁਸਹਿਰਾ ਲੱਗਦਾ ਬਣ ਜਾਏ ਸਮਾਂ ਸੁਹਾਵਾਂ,
ਮੇਰੇ ਪਿੰਡ ਦੀਏ .................।
ਏਥੇ ਬਾਬਾ ਗੌਰ ਸਿੰਘ ਨੇ ਕੀਤੀ ਨੇਕ ਕਮਾਈ,
ਤੇਰੀ ਗੋਦ 'ਚ ਬਹਿ ਕੇ ਬਾਬੇ ਚੜ੍ਹਤੂ ਕਿੰਗ ਵਜਾਈ।
ਖੇਤਾਂ ਦੇ ਵਿਚ ਮੰਦਰ ਸਜਦਾ ਪਿੰਡ ਵਿਚ ਗੁਰਦੁਆਰਾ,
ਦੋਨਾਂ ਦੇ ਵਿਚ ਭੇਦ ਨਾ ਕੋਈ ਮਨਦਾ ਹੈ ਜੱਗ ਸਾਰਾ।
ਲੋਕੀ ਏਥੇ ਸੁੱਖਾਂ ਸੁੱਖਣ ਪੂਰੀਆਂ ਹੋਣ ਦੁਆਵਾਂ,
ਮੇਰੇ ਪਿੰਡ ਦੀਏ ...................।
ਏਥੇ ਬਾਬਾ ਨਿਹਾਲ ਸਿੰਘ ਜੀ ਜੱਗ ਨੂੰ ਰਾਹੇ ਪਾ ਗਏ,
ਏਥੇ ਭਾਈ ਸੁਰਜਣ ਸਿੰਘ ਜੀ ਸਿੱਖੀ ਲਹਿਰ ਚਲਾ ਗਏ।
ਬੰਨ੍ਹ ਗਿਆ ਹੈ ਨਾਨਕ ਪਿੰਡੀ ਬਾਬਾ ਨਾਨਕ ਤੇਰਾ,
ਭਗਤ ਘਨੱਈਆ ਭੇਟਾ ਗਾ ਕੇ ਲਾ ਗਿਆ ਜੋਰ ਬਥੇਰਾ।
ਧੰਨ ਹਨ ਇਥੋਂ ਦੀਆਂ ਜਾਈਆਂ ਧੰਨ ਇਥੋਂ ਦੀਆਂ ਮਾਵਾਂ,
ਮੇਰੇ ਪਿੰਡ ਦੀਏ ................।
ਜ਼ਿਲ੍ਹੇਦਾਰ ਨੇ ਦੁਨੀਆਂ ਦੇ ਵਿਚ ਤੇਰਾ ਨਾਮ ਚਮਕਾਇਆ,
ਐਪਰ ਉਸ ਦੇ ਵਾਰਸਾਂ ਪਿੱਛੋਂ ਸਭ ਕੁੱਝ ਖਾਕ ਰਲਾਇਆ।
ਲਾਲਾ ਅਮਰਨਾਥ ਨੇ ਇਥੇ ਚੰਗੀ ਘੜ੍ਹੀ ਲੰਘਾਈ,
ਐਪਰ ਉਸ ਦੇ ਪੁੱਤ ਪੋਤਿਆਂ ਉਹ ਨ ਰੱਖ ਰਖਾਈ।
ਮੁੜ ਕੇ ਫੇਰ ਗਲ਼ੇ ਨਾ ਲੱਗੀਆਂ ਭੱਜੀਆਂ ਹੋਈਆਂ ਬਾਹਾਂ,
ਮੇਰੇ ਪਿੰਡ ਦੀਏ ......................।
ਤੇਰੇ ਬੇਲੇ ਪਹਿਲਵਾਨ ਨੇ ਜੱਗ ਵਿਚ ਧੁੰਮਾਂ ਪਾਈਆਂ,
ਮਿਲਖਾ ਸਿੰਘ ਤੇ ਨੰਦ ਬੁੜ੍ਹਾ ਵੀ ਖੱਟ ਗਏ ਨੇ ਵਡਿਆਈਆਂ।
ਮੋਹਣ ਸਿੰਘ ਸਰਪੰਚ ਹੁੰਦਿਆਂ ਕਰ ਗਿਆ ਬਹੁਤ ਉਸਾਰੀ,
ਠੇਕੇਦਾਰ ਤੇ ਜਗਤ ਸਿੰਘ ਨੇ ਚੰਗੀ ਘੜੀ ਗੁਜਾਰੀ।
ਰੱਬ ਪਾਸੋਂ ਮੰਗਾਂ ਸੁੱਖਾਂ ਤੇਰੀਆਂ ਹੋਣ ਦੂਰ ਬਲਾਵਾਂ,
ਮੇਰੇ ਪਿੰਡ ਦੀਏ .....................।
ਤੇਰੇ ਖੇਤ ਉਗਲਦੇ ਸੋਨਾ ਹਰ ਪਾਸੇ ਹਰਿਆਈ,
ਬਿਜਲੀ ਨਾਲ ਚਲਦੀਆਂ ਬੰਬੀਆਂ ਕਰਦੀ ਨਹਿਰ ਸੰਚਾਈ।
ਸ਼ਹਿਰਾਂ ਵਰਗੀ ਦਿੱਖ ਹੈ ਤੇਰੀ ਪੱਕੀਆਂ ਨਾਲੀਆਂ ਗਲੀਆਂ,
ਚੜ੍ਹਦੇ ਪਾਸੇ ਰੇਲ ਗੁਜਰਦੀ ਲਹਿੰਦੇ ਬੱਸਾਂ ਚੱਲੀਆਂ।
ਪੱਕੀਆਂ ਸੜਕਾਂ ਪੱਕੀ ਫਿਰਨੀ ਤੇਰੀਆਂ ਠੰਢੀਆਂ ਛਾਂਵਾਂ,
ਮੇਰੇ ਪਿੰਡ ਦੀਏ .................।
ਲਾ ਗਏ ਹੱਥੀਂ ਬੂਟਾ ਤੇਰਾ ਮੇਰੇ ਵੱਡ ਵਡੇਰੇ,
ਚਾਰ ਚੰਨ ਲੌਣਗੇ ਤੈਨੂੰ ਪੁੱਤ ਪੜੋਤੇ ਮੇਰੇ।
ਲੱਗਦਾ ਰਹੇ ਦੀਵੇ ਨਾਲ ਦੀਵਾ ਚੱਲਦੀ ਰਹੇ ਕਹਾਨੀ,
ਸ਼ਾਲ੍ਹਾ! ਤੇਰੇ ਤੇ ਆਏ ਦਿਨ ਚੜ੍ਹਦੀ ਰਹੇ ਜਵਾਨੀ।
'ਦਰਦੀ' ਵਰਗਾ ਸ਼ਾਇਰ ਤੇਰਾ ਮੰਗਦਾ ਰਹੇ ਦੁਆਵਾਂ,
ਮੇਰੇ ਪਿੰਡ ਦੀਏ ......................।
-----0-----
3- ਭਲਾ ਸਰਬੱਤ ਦਾ ਮੰਗਦੇ ਹਾਂ
ਇੱਕੋ ਜੋਤ ਇਨਸਾਨ ਦੀ ਜਾਣਦੇ ਹਾਂ, ਹਾਮੀ ਅਮਨ ਦੇ ਹਾਂ ਵੈਰੀ ਜੰਗ ਦੇ ਹਾਂ।
ਆਪਣੇ ਦੇਸ਼ ਦੀ ਅਣਖ਼ ਤੇ ਆਣ ਬਦਲੇ, ਸੀਸ ਆਪਣੇ ਸੂਲੀ 'ਤੇ ਟੰਗਦੇ ਹਾਂ।
ਦੇਸ਼ ਧਰਮ ਤੇ ਚੁੱਕੇ ਹੱਥ ਕੋਈ, ਹੱਥ ਉਸਦੇ ਖ਼ੂਨ ਵਿਚ ਰੰਗਦੇ ਹਾਂ।
ਜਾਵੇ ਗਲ਼ ਪਰ ਗੱਲ ਨਾ ਮੂਲ ਜਾਵੇ, ਆਖੀ ਗੱਲ ਨਾ ਕਦੀ ਉਲੰਘ ਦੇ ਹਾਂ।
ਪਹਿਰਾ ਦੇਂਦੇ ਹਾਂ ਹੱਕ ਤੇ ਸੱਚ ਉਤੇ,ਇਹ ਗੱਲ ਆਖਣੋ ਕਦੇ ਨਾ ਸੰਗਦੇ ਹਾਂ।
ਬੰਦ ਬੰਦ ਕਰ ਕੱਟਿਆ ਜਿਸਮ ਜਾਵੇ, ਤਾਂ ਵੀ ਭਲਾ ਸਰਬੱਤ ਦਾ ਮੰਗਦੇ ਹਾਂ।
ਅਸੀਂ ਲਾਲ ਹਾਂ ਗੁਰੂ ਗੋਬਿੰਦ ਸਿੰਘ ਦੇ, ਪੈਦਾ ਹੋਏ ਹਾਂ ਖੰਡੇ ਦੀ ਧਾਰ ਵਿੱਚੋਂ।
ਸਿੱਖੀ ਲਈ ਹੈ ਸੀਸ ਦੀ ਭੇਟ ਦੇ ਕੇ, ਗੁੱਝੀ ਗੱਲ ਨਹੀਂ ਸਾਰੇ ਸੰਸਾਰ ਵਿੱਚੋਂ।
ਸਾਰੇ ਜੱਗ ਤੋਂ ਵੱਖ ਪਹਿਚਾਣ ਸਾਡੀ, ਸਾਫ਼ ਦਿਸ ਰਿਹਾ ਪੰਜ ਕਾਕਾਰ ਵਿੱਚੋਂ।
ਪਾਸ ਹੋਏ ਹਾਂ ਗੜ੍ਹੀ ਚਮਕੌਰ ਦੀ 'ਚੋਂ, ਫਤਹਿਗੜ੍ਹ ਦੀ ਖ਼ੂਨੀ ਦੀਵਾਰ ਵਿੱਚੋਂ।
ਸੀਸ ਤਲੀ ਧਰ ਯਾਰ ਦੀ ਗਲੀ ਜਾਣਾ, ਆਸ਼ਕ ਮੁੱਢ ਤੋਂ ਏਸ ਉਮੰਗ ਦੇ ਹਾਂ।
ਨੋਚੇ ਨਾਲ ਜੰਬੂਰਾਂ ਦੇ ਮਾਸ ਕੋਈ, ਤਾਂ ਵੀ ਭਲਾ ਸਰਬੱਤ ਦਾ ਮੰਗਦੇ ਹਾਂ।
ਹਾਕਮ ਕੋਈ ਹਕੂਮਤ ਦੇ ਨਸ਼ੇ ਅੰਦਰ,ਸਾਡੇ ਧਰਮ ਅਸਥਾਨ ਨੂੰ ਸਾੜ ਦੇਵੇ।
ਬੱਚੇ ਬੀਬੀਆਂ ਬੁੱਢਿਆਂ ਸੰਗਤਾਂ 'ਤੇ, ਫੌਜਾਂ ਬੇਮੁਹਾਰੀਆਂ ਚਾੜ੍ਹ ਦੇਵੇ।
ਅੱਤਵਾਦੀ ਵੱਖ ਵਾਦੀ ਦੇ ਨਾਮ ਦੇ ਕੇ, ਘਰ ਬਾਰ ਸਭ ਸਾਡੇ ਉਜਾੜ ਦੇਵੇ।
ਸ਼ਾਨ ਕੌਮ ਦੀ ਫੜ ਕੇ ਜਵਾਨ ਮੁੰਡੇ,ਗੋਲੀ ਮਾਰ ਦੇਵੇ ਜਿਹਲੀਂ ਤਾੜ ਦੇਵੇ।
ਵੀਹ ਵੀਹ ਲੱਖ ਕੋਈ ਸਿਰਾਂ ਦਾ ਮੁੱਲ ਪਾਵੇ,ਹੱਸ ਹੱਸ ਮਰਨ ਲਈ ਰੂਪ ਪਤੰਗ ਦੇ ਹਾਂ।
ਸਾੜ ਦੇਣ ਚਾਹੇ ਗਲ਼ਾਂ ਵਿੱਚ ਟਾਇਰ ਪਾ ਕੇ, ਤਾਂ ਵੀ ਭਲਾ ਸਰਬੱਤ ਦਾ ਮੰਗਦੇ ਹਾਂ।
ਲਏ ਬਹੁਤ ਵਾਰੀ ਇਮਤਹਾਨ ਸਾਡੇ, ਰਾਜਨੀਤੀ ਅਸੂਲਾਂ ਦੇ ਗੰਦਿਆਂ ਨੇ।
ਦੇਗਾਂ ਵਿੱਚ ਉਬਾਲੇ ਸਰੀਰ ਸਾਡੇ, ਭੱਰੇ ਮੱਜ੍ਹਬੀ ਜਨੂਨ ਦੇ ਬੰਦਿਆਂ ਨੇ।
ਸਾਨੂੰ ਪਰਖਿਆ ਹੈ ਘੱਲੂਘਾਰਿਆਂ ਨੇ ,ਸਾਨੂੰ ਪਰਖਿਆ ਫਾਂਸੀ ਦੇ ਫੰਦਿਆਂ ਨੇ।
ਲਿਖਿਆ ਖ਼ੂਨ ਦੇ ਨਾਲ ਇਤਿਹਾਸ ਸਾਡਾ, ਖ਼ੂਨ ਲਿੱਬੜੇ ਆਰੇ ਦੇ ਦੰਦਿਆਂ ਨੇ।
ਚਾਹੇ ਮੁਗ਼ਲ ਫਰੰਗੀ ਜਾਂ ਹੋਣ ਗਾਂਧੀ, ਅਸੀਂ ਸਾਰਿਆ ਲਈ ਇੱਕੋ ਰੰਗਦੇ ਹਾਂ।
ਜੇਲ੍ਹਾਂ ਵਿੱਚ ਸੜ ਕੇ ਚੜ੍ਹ ਕੇ ਫਾਂਸੀਆਂ 'ਤੇ, ਫਿਰ ਵੀ ਭਲਾ ਸਰਬੱਤ ਦਾ ਮੰਗਦੇ ਹਾਂ।
ਤੋਪਾਂ ਗੋਲੀਆਂ ਆਰਿਆਂ ਰੰਬੀਆਂ ਨੇ, ਸਾਨੂੰ ਹਰ ਹਥਿਆਰ ਨੇ ਪਰਖਿਆ ਹੈ।
ਮੁਗ਼ਲਾਂ ਅਤੇ ਫ਼ਰੰਗੀਆਂ ਪਰਖਿਆ ਹੈ, ਸਾਨੂੰ ਕੌਮੀ ਸਰਕਾਰ ਨੇ ਪਰਖਿਆ ਹੈ।
ਪਿੱਛੋਂ ਮਿਲੀ ਏ ਸਿੱਖੀ ਦੀ ਦਾਤ ਸਾਨੂੰ, ਪਹਿਲਾਂ ਤੇਗ਼ ਦੀ ਧਾਰ ਨੇ ਪਰਖਿਆ ਹੈ।
ਜਿਸ ਦੀ ਜੱਗ ਦੇ ਵਿੱਚ ਮਿਸਾਲ ਕੋਈ ਨਈਂ,ਅਸੀਂ ਨਾਇਕ ਇਕ ਐਸੇ ਪ੍ਰਸੰਗ ਦੇ ਹਾਂ।
ਝੋਲੀ ਵਿੱਚ ਸੰਸਾਰ ਦੇ ਦੁੱਖ ਪਾ ਕੇ, ਫਿਰ ਵੀ ਭਲਾ ਸਰਬੱਤ ਦਾ ਮੰਗਦੇ ਹਾਂ।
ਸਤਨਾਮ ਸਿੰਘ ਦਰਦੀ ਚਾਨੀਆਂ
ਜਨਮ ਦਿਹਾੜੇ 'ਤੇ ਵਿਸ਼ੇਸ਼ : ਮਹਾਨ ਯੋਧਾ ਬਾਬਾ ਦੀਪ ਸਿੰਘ ਜੀ
NEXT STORY