ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਜੀ ਸੀ। ਉਨ੍ਹਾਂ ਨੇ ਆਪਣੀ ਸੇਵਾ, ਭਗਤੀ ਤੇ ਹੁਕਮ ਮੰਨਣ ਵਿਚ ਗੁਰੂ ਨਾਨਕ ਦੇਵ ਜੀ ਦੇ ਮਨ ਨੂੰ ਮੋਹ ਲਿਆ ਤੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ ਜੱਫੀ ਪਾ ਕੇ ਲਹਿਣੇ ਤੋਂ ਅੰਗਦ ਦੇਵ ਬਣਾ ਦਿੱਤਾ। ਭਾਈ ਲਹਿਣਾ ਜੀ ਦੀ ਆਪਣੇ ਗੁਰੂ ਪ੍ਰਤੀ ਸੇਵਾ ਤੇ ਸਮਰਪਣ ਭਾਵ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਚਲਾਏ ਨਿਰਮਲ ਪੰਥ ਦੇ ਮੁਖੀ ਵਜੋਂ ਸਥਾਪਿਤ ਕਰ ਗਿਆ। ਇਕ ਸਿੱਖ, ਗੁਰੂ ਬਣ ਗਿਆ। ਭਾਈ ਲਹਿਣਾ ਜੀ ਨੇ ਸਾਰੀ ਦੁਨੀਆ ਨੂੰ ਦੱਸਿਆ ਤੇ ਕਰ ਕੇ ਵਿਖਾਇਆ ਹੈ ਕਿ ਆਪਣੇ ਗੁਰੂ ਦੇ ਹੁਕਮ ਤੋਂ ਵੱਡਾ ਹੋਰ ਕੋਈ ਵੀ ਨਹੀਂ ਹੋ ਸਕਦਾ।
ਗੁਰੂ ਨਾਨਕ ਦੇਵ ਜੀ ਦੀਆਂ ਪ੍ਰੀਖਿਆਵਾਂ ਵਿਚ ਜਿਥੇ ਉਨ੍ਹਾਂ ਦੇ ਪੁੱਤਰ ਵੀ ਖਰੇ ਨਾ ਉਤਰੇ, ਉੱਥੇ ਭਾਈ ਲਹਿਣਾ ਜੀ ਹੀ ਇਕੋ-ਇਕ ਅਜਿਹੇ ਸੇਵਕ ਸਨ, ਜਿਹੜੇ ਕਿ ਆਪਣੇ ਖਸਮ, ਮਾਲਕ ਗੁਰੂ ਨਾਨਕ ਦੇਵ ਜੀ ਦੇ ਮਨ ਨੂੰ ਭਾਏ। ਜਦੋਂ ਆਪ ਆਪਣੇ ਮਾਲਕ ਦੇ ਮਨ ਨੂੰ ਭਾ ਗਏ ਤਾਂ ਮਨੋ ਚਿੰਦਿਆ ਫਲ ਤਾਂ ਮਿਲਣਾ ਹੀ ਸੀ। ਇੰਝ ਗੁਰੂ ਨਾਨਕ ਦੇਵ ਜੀ ਨੇ ਆਪਣੇ ਜਿਊਂਦੇ ਜੀ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾ ਕੇ ਸਿੱਖਾਂ ਦਾ ਦੂਜਾ ਗੁਰੂ ਥਾਪ ਦਿੱਤਾ।
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਪਿੰਡ ਸਰਾਇ ਨਾਗਾ ਵਿਖੇ 1504 ਈਸਵੀ ਮੁਤਾਬਕ 1561 ਬਿਕ੍ਰਮੀ ਸੰਮਤ ਨੂੰ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਂ ਭਾਈ ਫੇਰੂ ਮੱਲ ਸੀ ਜੋ ਕਿ ਜਾਤ ਦੇ ਖੱਤਰੀ ਸਨ। ਗੁਰੂ ਜੀ ਦੀ ਮਾਤਾ ਜੀ ਦਾ ਨਾਂ ਦਇਆ ਕੌਰ (ਨਿਹਾਲ ਦੇਈ) ਸੀ।
ਆਪ ਦੇ ਪਿਤਾ ਭਾਈ ਫੇਰੂ ਮੱਲ ਜੀ ਇਕ ਛੋਟੇ ਪਰ ਸਫ਼ਲ ਵਪਾਰੀ ਸਨ। ਭਾਈ ਫੇਰੂ ਜੀ ਪਹਿਲਾਂ ਪਿੰਡ ਹਰੀ ਕੇ ਵਿਖੇ ਗਏ ਤੇ ਉਸ ਤੋਂ ਬਾਅਦ ਆਪ ਜੀ ਆਪਣੇ ਪਰਿਵਾਰ ਨੂੰ ਲੈ ਕੇ ਪਿੰਡ ਖਡੂਰ ਵਿਖੇ ਜਾ ਵਸੇ। ਗੁਰੂ ਜੀ ਦੇ ਬਚਪਨ ਦੇ 11 ਸਾਲ ਇਸ ਪਿੰਡ ਸਰਾਇ ਨਾਗਾ ਵਿਖੇ ਹੀ ਬੀਤੇ। ਪਿੰਡ ਦਾ ਚੌਧਰੀ ਤਖ਼ਤ ਮੱਲ ਸੀ ਜੋ ਕਿ 70 ਪਿੰਡਾਂ ’ਤੇ ਚੌਧਰ (ਰਾਜ) ਕਰਦਾ ਸੀ। ਭਾਈ ਫੇਰੂ ਮੱਲ ਜੀ ਚੌਧਰੀ ਤਖ਼ਤ ਮੱਲ ਦੇ ਮੁਨਸ਼ੀ ਸਨ ਤੇ ਸਾਰਾ ਹੀ ਹਿਸਾਬ ਕਿਤਾਬ ਰੱਖਦੇ ਸਨ। 16 ਸਾਲ ਦੀ ਉਮਰ ਵਿਚ ਆਪ ਜੀ ਦੀ ਸ਼ਾਦੀ ਮਾਤਾ ਖੀਵੀ ਜੀ ਨਾਲ ਹੋਈ ਤੇ ਆਪ ਜੀ ਦੇ ਦੋ ਸਪੁੱਤਰ ਦਾਤੂ ਜੀ ਤੇ ਦਾਸੂ ਜੀ ਅਤੇ ਦੋ ਧੀਆਂ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਸਨ। ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿਚ ਆਉਣ ਤੋਂ ਪਹਿਲਾਂ ਦੁਰਗਾ ਦੇਵੀ ਦੇ ਉਪਾਸ਼ਕ ਸਨ ਤੇ ਹਰ ਸਾਲ ਸੰਗਤ ਨੂੰ ਨਾਲ ਲੈ ਕੇ ਮਾਂ ਦੁਰਗਾ ਦੇਵੀ ਜੀ ਦੇ ਦਰਸ਼ਨਾਂ ਲਈ ਜਾਇਆ ਕਰਦੇ ਸਨ। ਆਪ ਜੀ ਦੇ ਮਨ ਨੂੰ ਸ਼ਾਂਤੀ ਨਹੀਂ ਸੀ ਤੇ ਆਪ ਸੱਚੇ ਗੁਰੂ ਦੀ ਭਾਲ ਵਿਚ ਸਨ। ਇਕ ਵਾਰੀ ਜਦੋਂ ਆਪ ਜੀ ਪਿੰਡ ਸੰਗਰ ਵਿਖੇ ਜਾ ਰਹੇ ਸਨ ਤਾਂ ਆਪ ਨੇ ਭਾਈ ਜੋਧਾ ਜੀ ਨੂੰ ਆਸਾ ਦੀ ਵਾਰ ਦਾ ਪਾਠ ਕਰਦਿਆਂ ਸੁਣਿਆ। ਆਪ ਜੀ ਦੇ ਮਨ ਨੂੰ ਇਸ ਬਾਣੀ ਨੇ ਬਹੁਤ ਟੁੰਬਿਆ। ਆਪ ਉਦੋਂ ਤਕ ਉਥੇ ਬੈਠੇ ਪਾਠ ਸੁਣਦੇ ਰਹੇ, ਜਦੋਂ ਤਕ ਕਿ ਭਾਈ ਜੋਧਾ ਜੀ ਨੇ ਪਾਠ ਦਾ ਭੋਗ ਨਹੀਂ ਪਾ ਦਿੱਤਾ। ਫਿਰ ਆਪ ਨੇ ਭਾਈ ਜੋਧਾ ਜੀ ਨੂੰ ਪੁੱਛਿਆ ਕਿ ਇਹ ਬਾਣੀ ਕਿਸ ਦੀ ਹੈ।
ਭਾਈ ਜੋਧਾ ਜੀ ਦੇ ਇਹ ਦੱਸਣ ’ਤੇ ਕਿ ਇਹ ਪਵਿੱਤਰ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ, ਤਾਂ ਆਪ ਜੀ ਦੇ ਮਨ ਵਿਚ ਗੁਰੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ। ਆਪ ਘੋੜੀ ’ਤੇ ਸਵਾਰ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਵਿਖੇ ਜਾ ਪੁੱਜੇ। ਉਥੇ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਰਸਤਾ ਪੁੱਛਿਆ। ਦਿਲਚਸਪ ਗੱਲ ਇਹ ਰਹੀ ਕਿ ਜਿਸ ਤੋਂ ਰਸਤਾ ਪੁੱਛਿਆ, ਉਹ ਖ਼ੁਦ ਗੁਰੂ ਨਾਨਕ ਦੇਵ ਜੀ ਹੀ ਸਨ ਪਰ ਭਾਈ ਲਹਿਣਾ ਜੀ ਨੂੰ ਗੁਰੂ ਜੀ ਦੀ ਪਛਾਣ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਲਹਿਣਾ ਜੀ ਦੀ ਘੋੜੀ ਦੀ ਵਾਗ ਫੜ੍ਹ ਲਈ ਤੇ ਉਨ੍ਹਾਂ ਨੂੰ ਮੰਜ਼ਿਲ ’ਤੇ ਪਹੁੰਚਾ ਕੇ ਕਿਹਾ ਕਿ ਜਿਸ ਨੂੰ ਤੁਸੀਂ ਮਿਲਣਾ ਹੈ, ਉਹ ਜਲਦੀ ਹੀ ਸਾਹਮਣੇ ਚਬੂਤਰੇ ’ਤੇ ਆ ਜਾਣਗੇ। ਲਹਿਣਾ ਜੀ ਸੰਗਤ ਵਿਚ ਬੈਠ ਗਏ।
ਕੁਝ ਸਮੇਂ ਬਾਅਦ ਗੁਰੂ ਜੀ ਆਏ ਤੇ ਸਤਿਸੰਗ ਸ਼ੁਰੂ ਹੋ ਗਿਆ। ਜਦੋਂ ਆਪ ਜੀ ਨੇ ਵੇਖਿਆ ਕਿ ਇਹ ਤਾਂ ਉਹੀ ਹਨ, ਜੋ ਕਿ ਉਨ੍ਹਾਂ ਦੇ ਘੋੜੇ ਦੀ ਵਾਗ ਫੜ ਕੇ ਇਥੋਂ ਤਕ ਲੈ ਕੇ ਆਏ ਹਨ ਤਾਂ ਆਪ ਦਾ ਮਨ ਗੁਨਾਹ ਦੀ ਭਾਵਨਾ ਨਾਲ ਭਰ ਗਿਆ।
ਸਤਿਸੰਗ ਦੀ ਸਮਾਪਤੀ ਤੋਂ ਬਾਅਦ ਆਪ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ’ਤੇ ਢਹਿ ਪਏ ਤੇ ਵਾਰ-ਵਾਰ ਮੁਆਫੀ ਮੰਗੀ। ਗੁਰੂ ਨਾਨਕ ਦੇਵ ਜੀ ਨੇ ਆਪ ਤੋਂ ਨਾਂ ਪੁੱਛਿਆ। ਆਪ ਨੇ ਕਿਹਾ, ‘ਲਹਿਣਾ’। ਗੁਰੂ ਜੀ ਨੇ ਕਿਹਾ ਕਿ ਜਿਸ ਨੇ ਲੈਣਾ ਹੁੰਦਾ ਹੈ, ਉਹ ਘੋੜੀ ’ਤੇ ਚੜ੍ਹ ਕੇ ਹੀ ਆਉਂਦਾ ਹੁੰਦਾ ਹੈ। ਤੁਸੀਂ ਲੈਣਾ ਤੇ ਅਸੀਂ ਦੇਣਾ। ਗੁਰੂ ਜੀ ਦੇ ਉਪਦੇਸ਼ ਸੁਣ ਕੇ ਆਪ ਜੀ ਦੇ ਮਨ ਨੂੰ ਸ਼ਾਂਤੀ ਮਿਲੀ ਤੇ ਆਪ ਜੀ ਗੁਰੂ ਜੀ ਦੀ ਸੇਵਾ ਵਿਚ ਹੀ ਲੱਗ ਗਏ।
ਇਕ ਵਾਰੀ ਆਪ ਨੇ ਕੀਮਤੀ ਕੱਪੜੇ ਪਹਿਨੇ ਹੋਏ ਸਨ ਤੇ ਗੁਰੂ ਜੀ ਨੇ ਆਪ ਦੇ ਸਿਰ ’ਤੇ ਕੱਖਾਂ ਦੀ ਉਹ ਪੰਡ ਚੁਕਾ ਦਿੱਤੀ, ਜਿਸ ਵਿਚੋਂ ਚਿੱਕੜ ’ਤੇ ਗੰਦਾ ਪਾਣੀ ਚੋਅ ਰਿਹਾ ਸੀ। ਆਪ ਦੇ ਸਾਰੇ ਕੱਪੜੇ ਖ਼ਰਾਬ ਹੋ ਗਏ ਪਰ ਆਪ ਗੁਰੂ ਜੀ ਦਾ ਹੁਕਮ ਮੰਨ ਕੇ ਬਹੁਤ ਹੀ ਖ਼ੁਸ਼ ਸਨ।
ਅਜਿਹੀਆਂ ਅਨੇਕਾਂ ਪ੍ਰੀਖਿਆਵਾਂ ਵਿਚ ਭਾਈ ਲਹਿਣਾ ਜੀ ਨੇ ਸਿੱਧ ਕੀਤਾ ਕਿ ਗੁਰੂ ਦਾ ਹਰ ਹੁਕਮ ਬਿਨਾਂ ਦੇਰੀ ਕੀਤਿਆਂ ਮੰਨਣਾ ਹੀ ਸੱਚੀ ਭਗਤੀ ਹੈ। ਗੁਰੂ ਨਾਨਕ ਦੇਵ ਜੀ ਨੇ ਹਰ ਪੱਖ ਤੋਂ ਯੋਗ ਜਾਣ ਕੇ ਆਪ ਜੀ ਨੂੰ 23 ਜੂਨ 1539 ਈਸਵੀ ਨੂੰ ਗੁਰਤਾਗੱਦੀ ’ਤੇ ਬਿਰਾਜਮਾਨ ਕਰ ਦਿੱਤਾ। ਗੁਰੂ ਨਾਨਕ ਦੇਵ ਜੀ 2 ਅਕਤੂਬਰ 1539 ਨੂੰ ਜੋਤੀ-ਜੋਤ ਸਮਾਏ।
ਗੁਰੂ ਅੰਗਦ ਦੇਵ ਜੀ ਨੇ ਕਈ ਇਨਕਲਾਬੀ ਕੰਮ ਕੀਤੇ। ਪੰਜਾਬੀ ਲਿਖਣ ਲਈ ਆਪ ਜੀ ਨੇ ਗੁਰਮੁਖੀ ਅੱਖਰਾਂ ਨੂੰ ਤਰਤੀਬ ਦਿੱਤੀ ਤੇ ਕਾਇਦਾ ਤਿਆਰ ਕਰਵਾਇਆ। ਆਪ ਬੱਚਿਆਂ ਨੂੰ ਗੁਰਮੁਖੀ ਪੜ੍ਹਾਇਆ ਕਰਦੇ ਸਨ। ਆਪ ਨੇ ਲੰਗਰ ਪ੍ਰਥਾ ਨੂੰ ਇਕ ਸੰਗਠਿਤ ਰੂਪ ਦਿੱਤਾ। ਨੌਜਵਾਨਾਂ ਨੂੰ ਵਾਲੰਟੀਅਰ ਤੌਰ ’ਤੇ ਲੋਕਾਂ ਅਤੇ ਸੰਗਤ ਦੀ ਸੇਵਾ ਕਰਨ ਦੀ ਜਾਚ ਦੱਸੀ। ਆਪ ਜੀ ਦੇ 62 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਜੋ ਕਿ ਵਾਰ ਸ੍ਰੀ ਰਾਗ (2 ਸਲੋਕ), ਵਾਰ ਮਾਝ (12 ਸਲੋਕ), ਵਾਰ ਆਸਾ (14 ਸਲੋਕ), ਵਾਰ ਸੋਰਠਿ (1 ਸਲੋਕ), ਵਾਰ ਸੂਹੀ (11 ਸਲੋਕ), ਵਾਰ ਰਾਮਕਲੀ (7 ਸਲੋਕ), ਵਾਰ ਮਾਰੂ (ਇਕ ਸਲੋਕ), ਵਾਰ ਸਾਰੰਗ (9 ਸਲੋਕ), ਵਾਰ ਮਲਾਰ (5 ਸਲੋਕ) ਵਿਚ ਸ਼ਾਮਲ ਹਨ।
-ਗੁਰਪ੍ਰੀਤ ਸਿੰਘ ਨਿਆਮੀਆਂ
5-ਜੀ ਤਕਨੀਕ ਨਾਲ ਨਵੇਂ ਭਾਰਤ ਨੂੰ ਮਿਲਦਾ ਆਯਾਮ
NEXT STORY