ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ। ਚੰਗੀ ਸਿਹਤ ਹੀ ਜ਼ਿੰਦਗੀ ਦੀ ਅਸਲੀ ਕਮਾਈ ਹੈ। ਕੁਦਰਤ ਵਲੋਂ ਬਖਸ਼ੇ ਇਸ ਅਨਮੋਲ ਰਤਨ ਜੀਵਨ ਦਾ ਆਨੰਦ ਤਦ ਹੀ ਮਾਣਿਆ ਜਾ ਸਕਦਾ ਹੈ ਜੇਕਰ ਸਿਹਤ ਤੰਦਰੁਸਤ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਹੈ ਕਸਰਤ ਅਤੇ ਖੇਡਾਂ ।ਖੇਡਾਂ ਸਰੀਰਕ ਅਤੇ ਮਾਨਸਿਕ ਤਣਾਅ ਨੂੰ ਦੂਰ ਕਰਨ ਵਿਚ ਮੋਹਰੀ ਰੋਲ ਅਦਾ ਕਰਦੀਆਂ ਹਨ ਪਰ ਮਨੁੱਖ ਨੇ ਆਪਣੇ ਗੁੰਝਲਦਾਰ ਰੁਝੇਵਿਆਂ ਅਤੇ ਆਦਤਾਂ ਕਰਕੇ ਬਹੁਤ ਸਾਰੀਆਂ ਖੇਡਾਂ ਨੂੰ ਅਲੋਪ ਜਾਂ ਅਲੋਪ ਹੋਣ ਦੇ ਨੇੜੇ ਕਰ ਦਿੱਤਾ ਹੈ। ਪੰਜਾਬ ਵਿਚ ਬਹੁਤ ਸਾਰੀਆਂ ਖੇਡਾਂ ਲਗਪਗ ਅਲੋਪ ਹੋ ਚੁੱਕੀਆਂ ਹਨ ਜੋ ਕਿਸੇ ਵੇਲੇ ਹਰ ਉਮਰ ਦੇ ਵਿਅਕਤੀਆਂ ਦੀਆਂ ਜ਼ਿੰਦਗੀਆਂ ਵਿਚ ਅਹਿਮ ਰੋਲ ਅਦਾ ਕਰਦੀਆਂ ਸਨ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁੱਲੀ ਡੰਡੇ ਦੀ । ਗੁੱਲੀ ਡੰਡਾ ਇੱਕ ਬਹੁਪ੍ਰਚਲਿਤ ਖੇਡ ਸੀ। ਇਹ ਖੇਡ ਅਜੋਕੀ ਖੇਡ ਕ੍ਰਿਕਟ ਅਤੇ ਬੇਸਬਾਲ ਨਾਲ ਮੇਲ ਖਾਂਦੀ ਹੈ। ਇਸ ਖੇਡ ਲਈ ਇਕ ਵੇਲਣਾਕਾਰ ਲੱਕੜ ਦੇ ਡੰਡੇ ਜਿਸ ਦੀ ਲੰਬਾਈ ਕ੍ਰਿਕਟ ਅਤੇ ਬੇਸਬਾਲ ਦੇ ਬੱਲੇ ਜਿੰਨ੍ਹੀ ਹੁੰਦੀ ਹੈ। ਇਸੇ ਤਰ੍ਹਾਂ ਇਕ ਛੋਟੀ ਕਿਨਾਰਿਆਂ ਤੋਂ ਤਿੱਖੀ ਇਕ ਲੱਕੜ ਦੀ ਗੁੱਲੀ ਹੁੰਦੀ ਹੈ।ਖੇਡ ਦਾ ਮੁੱਖ ਉਦੇਸ਼ ਡੰਡੇ ਨਾਲ ਗੁੱਲੀ ਨੂੰ ਮਾਰਨਾ ਹੁੰਦਾ ਹੈ।ਜਿਸ ਨਾਲ ਗੁੱਲੀ ਹਵਾ ਵਿਚ ਉੱਛਲ ਦੀ ਹੈ। ਹਵਾ ਵਿਚ ਜ਼ਮੀਨ ਤੋਂ ਥੱਲੇ ਡਿੱਗਣ ਤੋਂ ਪਹਿਲਾਂ ਡੰਡੇ ਨਾਲ ਮਾਰਦੇ ਹਨ । ਜਿਹੜਾ ਖਿਡਾਰੀ ਸਭ ਤੋਂ ਜ਼ਿਆਦਾ ਦੂਰੀ ਤੇ ਗੁੱਲੀ ਸੁੱਟਦਾ ਹੈ ਉਹ ਜਿੱਤਦਾ ਹੈ। ਗੁੱਲੀ ਡੰਡਾ ਖੇਡਣ ਦੇ ਹੋਰ ਵੀ ਬਹੁਤ ਸਾਰੇ ਢੰਗ ਹਨ। ਇਸ ਖੇਡ ਲਈ ਘੱਟੋ-ਘੱਟ ਦੋ ਖਿਡਾਰੀਆਂ ਦੀ ਜ਼ਰੂਰਤ ਹੁੰਦੀ ਹੈ।ਅਗਲੀ ਖੇਡ ਹੈ ਪਿੱਠੂ।ਇਹ ਖੇਡ ਵੀ ਕਿਸੇ ਸਮੇਂ ਬੱਚਿਆਂ ਦੁਆਰਾ ਬਹੁਤ ਖੇਡੀ ਜਾਣ ਵਾਲੀ ਖੇਡ ਸੀ।
ਇਸ ਖੇਡ ਲਈ ਇਕ ਗੇਂਦ ਅਤੇ ਕੁੱਝ ਲੱਕੜ ਜਾਂ ਪੱਥਰ ਦੇ ਟੁਕੜਿਆਂ ਦੀ ਲੋੜ ਹੁੰਦੀ ਹੈ।ਇਹਨਾਂ ਲੱਕੜ ਜਾਂ ਪੱਥਰ ਦੇ ਟੁੱਕੜਿਆਂ ਨੂੰ ਇਕ ਦੂਜੇ ਦੇ ਉੱਪਰ ਰੱਖਿਆ ਜਾਂਦਾ ਹੈ। ਟੀਮ ਦੇ ਇਕ ਮੈਂਬਰ ਵਲੋਂ ਗੇਂਦ , ਟੁਕੜਿਆਂ ਤੇ ਮਾਰੀ ਜਾਂਦੀ ਹੈ।ਜੇਕਰ ਗੇਂਦ ਨਾਲ ਟੁਕੜੇ ਡਿੱਗ ਪੈਣ ਤਾਂ ਟੀਮ ਵਲੋਂ ਉਹਨਾਂ ਟੁੱਕੜਿਆਂ ਨੂੰ ਦੁਬਾਰਾ ਉਸੇ ਤਰ੍ਹਾਂ ਰੱਖਣ ਦੀ ਕੋਸ਼ਿਸ ਕੀਤੀ ਜਾਂਦੀ ਹੈ। ਜੇਕਰ ਵਿਰੋਧੀ ਟੀਮ ਇਸ ਸਮੇਂ ਦੌਰਾਨ ਗੇਂਦ ਟੀਮ ਦੇ ਕਿਸੇ ਖਿਡਾਰੀ ਨੂੰ ਛੂਹ ਦਿੰਦੀ ਹੈ ਤਾਂ ਉਹ ਖਿਡਾਰੀ ਬਾਹਰ ਹੋ ਜਾਂਦਾ ਹੈ।ਇਹ ਖੇਡ ਇਸ ਤਰ੍ਹਾਂ ਹੀ ਅੱਗੇ ਜਾਰੀ ਰਹਿੰਦੀ ਹੈ।ਲੁੱਕਣ ਮੀਚੀ ਵੀ ਇਕ ਪ੍ਰਸਿੱਧ ਖੇਡ ਸੀ। ਇਸ ਖੇਡ ਵਿਚ ਇੱਕ ਬੱਚਾ ਲੁੱਕੇ ਹੋਏ ਬੱਚਿਆਂ ਨੂੰ ਇਕ–ਇਕ ਕਰਕੇ ਲੱਭਦਾ ਹੈ। ਜੇਕਰ ਉਹ ਸਾਰਿਆਂ ਨੂੰ ਲੱਭਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਲੱਭੇ ਬੱਚੇ ਦੀ ਵਾਰੀ ਆ ਜਾਂਦੀ ਹੈ। ਪਰ ਜੇਕਰ ਬੱਚਾ ਸਾਰੇ ਬੱਚਿਆਂ ਨੂੰ ਲੱਭਣ ਵਿਚ ਕਾਮਯਾਬ ਨਹੀਂ ਹੁੰਦਾ ਤਾਂ ਉਸਨੂੰ ਦੁਬਾਰਾ ਫਿਰ ਵਾਰੀ ਦੇਣੀ ਪੈਂਦੀ ਹੈ। ਚੋਰ ਸਿਪਾਹੀ ਖੇਡ ਵੀ ਇਕ ਪੁਰਾਤਨ ਖੇਡ ਹੈ। ਇਸ ਵਿਚ ਇਕ ਟੀਮ ਪੁਲਿਸ ਭਾਵ ਸਿਪਾਹੀ ਅਤੇ ਦੂਜੀ ਟੀਮ ਚੋਰ ਬਣਦੀ ਹੈ। ਸਿਪਾਹੀ ਬਣੀ ਟੀਮ ਚੋਰ ਟੀਮ ਨੂੰ ਫੜ੍ਹਦੀ ਹੈ। ਸਾਰੀ ਟੀਮ ਫੜ੍ਹੇ ਜਾਣ ਤੋਂ ਬਾਅਦ ਹੁਣ ਦੂਜੀ ਚੋਰ ਬਣੀ ਟੀਮ ਹੁਣ ਸਿਪਾਹੀ ਬਣ ਜਾਂਦੀ ਹੈ ਅਤੇ ਪਹਿਲੀ ਟੀਮ ਚੋਰ। ਇਹ ਪ੍ਰਕਿਰਿਆ ਖੇਡ ਜਾਰੀ ਰਹਿਣ ਤੱਕ ਚੱਲਦੀ ਰਹਿੰਦੀ ਹੈ।ਪੁਰਾਤਨ ਖੇਡਾਂ ਵਿਚੋਂ ਇਕ ਖੇਡ ਹੈ ਲੰਗੜੀ ਲੱਤ। ਇਸ ਖੇਡ ਵਿਚ ਇਕ ਖਿਡਾਰੀ ਆਪਣੀ ਇਕ ਲੱਤ ਜ਼ਮੀਨ ਤੋਂ ਉੱਪਰ ਕਰ ਕੇ ਇਕ ਲੱਤ ਦੇ ਸਹਾਰੇ ਬਾਕੀ ਖਿਡਾਰੀਆਂ ਨੂੰ ਫੜ੍ਹਦਾ ਹੈ । ਜੋ ਖਿਡਾਰੀ ਫੜ੍ਹਿਆ ਜਾਂਦਾ ਹੈ ਹੁਣ ਉਸ ਦੀ ਵਾਰੀ ਆ ਜਾਂਦੀ ਹੈ ਬਾਕੀ ਖਿਡਾਰੀ ਨੂੰ ਫੜ੍ਹਣ ਦੀ । ਇਹ ਖੇਡ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ। ਵਿਸ਼ ਅਤੇ ਅੰਮ੍ਰਿਤ ਵੀ ਇੱਕ ਅਜਿਹੀ ਹੀ ਖੇਡ ਹੈ। ਇਸ ਖੇਡ ਵਿਚ ਫੜ੍ਹਨ ਵਾਲਾ ਖਿਡਾਰੀ ਜਿਸ ਖਿਡਾਰੀ ਨੂੰ ਛੂਹ ਦਿੰਦਾ ਹੈ ਉਸਨੂੰ ਵਿਸ਼ ਦੇ ਦਿੰਦਾ ਹੈ।
ਵਿਸ਼ ਲੈਣ ਵਾਲਾ ਖਿਡਾਰੀ ਇਕ ਮੂਰਤ ਬਣ ਜਾਂਦਾ ਹੈ ਜਦ ਤੱਕ ਉਸ ਦੇ ਸਾਥੀ ਉਸ ਨੂੰ ਛੂਹ ਕੇ ਅੰਮ੍ਰਿਤ ਨਹੀਂ ਦਿੰਦੇ।ਇਹ ਖੇਡ ਤਦ ਖਤਮ ਹੁੰਦੀ ਹੈ ਜਦ ਫੜ੍ਹਨ ਵਾਲਾ ਖਿਡਾਰੀ ਸਾਰੇ ਖਿਡਾਰੀਆਂ ਨੂੰ ਵਿਸ਼ ਦੇ ਦੇਵੇ । ਬੰਟੇ ਇਕ ਬਹੁਤ ਹੀ ਪ੍ਰਚਲਿਤ ਖੇਡ ਹੈ। ਇਹ ਆਮ ਤੌਰ ਤੇ ਪਿੰਡਾਂ ਵਿਚ ਖੇਡੀ ਜਾਣ ਵਾਲੀ ਖੇਡ ਸੀ। ਇਸ ਖੇਡ ਵਿਚ ਕੱਚ ਦੇ ਬਣੇ ਗੋਲ ਬੰਟਿਆਂ ਦੀ ਵਰਤੋਂ ਕੀਤੀ ਜਾਂਦੀ ਹੈ।ਇਸ ਖੇਡ ਵਿਚ ਖਿਡਾਰੀ ਦੁਬਾਰਾ ਨਿਸ਼ਾਨਾ ਲਗਾ ਕੇ ਵੱਧ ਤੋਂ ਵੱਧ ਬੰਟਿਆਂ ਨੂੰ ਇੱਕਠਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਬੰਟਿਆਂ ਨਾਲ ਬਹੁ ਢੰਗਾਂ ਨਾਲ ਖੇਡਿਆ ਜਾ ਸਕਦਾ ਹੈ।ਪੁਰਾਤਨ ਖੇਡਾਂ ਵਿਚੋਂ ਇਕ ਖੇਡ ਹੈ ਪੀਚੋ। ਇਹ ਜ਼ਿਆਦਾਤਰ ਕੁੜੀਆਂ ਵਲੋਂ ਖੇਡੀ ਜਾਂਦੀ ਹੈ।ਇਸ ਖੇਡ ਵਿਚ ਜ਼ਮੀਨ ਉੱਪਰ ਆਇਤਾਕਾਰ ਡੱਬੇ ਬਣਾਏ ਜਾਂਦੇ ਹਨ । ਫਿਰ ਲੱਕੜ ਜਾਂ ਪੱਥਰ ਦੇ ਟੁੱਕੜੇ ਨੂੰ ਉਹਨਾਂ ਡੱਬਿਆਂ ਵਿਚ ਫੈਂਕਿਆਂ ਜਾਂਦਾ ਹੈ। ਫਿਰ ਉੱਛਲ ਕੇ ਇਕ ਲੱਤ ਜਾਂ ਦੋ ਲੱਤਾਂ ਰਾਹੀਂ ਉਸ ਟੁਕੜੇ ਨੂੰ ਬਾਹਰ ਲਿਆਉਂਦਾ ਜਾਂਦਾ ਹੈ। ਪੀਚੋ ਵੱਖੋ-ਵੱਖਰੇ ਢੰਗਾਂ ਨਾਲ ਖੇਡੀ ਜਾ ਸਕਦੀ ਹੈ।।ਗੀਟੇ ਵੀ ਕੁੜੀਆਂ ਵੱਲੋਂ ਖੇਡੀ ਜਾਂਦੀ ਇਕ ਹੋਰ ਖੇਡ ਹੈ। ਇਸ ਖੇਡ ਵਿਚ ਪੱਥਰ ਜਾਂ ਇੱਟਾਂ ਦੇ ਛੋਟੇ–ਛੋਟੇ 4 ਟੁਕੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਹਨਾਂ ਨੂੰ ਗੀਟੇ ਕਹਿੰਦੇ ਹਨ। ਇਸ ਵਿਚ ਕੁੜੀਆਂ ਦੁਬਾਰਾ ਜ਼ਮੀਨ ਤੇ ਇਕ ਛੋਟਾ ਚੱਕਰ ਬਣਾ ਕਿ ਉਸ ਵਿਚ ਗੀਟੇ ਸੁੱਟੇ ਜਾਂਦੇ ਹਨ। ਇਸ ਖੇਡ ਦਾ ਮੁੱਖ ਧੁਰਾ ਇਕ ਗੀਟੇ ਨੂੰ ਹਵਾ ਵਿਚ ਉਛਾਲ ਕੇ ਬਾਕੀ ਗੀਟਿਆਂ ਨੂੰ ਵਾਰੋ ਵਾਰੀ ਚੁੱਕਣਾ ਅਤੇ ਦੂਜੇ ਨੂੰ ਛੂਹਣਾ ਨਹੀਂ ਹੁੰਦਾ। ਇਸ ਵਿਚ ਸਾਰੇ ਗੀਟੇ ਇਕ ਹੀ ਹੱਥ ਵਿਚ ਰੱਖਣੇ ਹੁੰਦੇ ਹਨ।ਪੁਰਾਤਨ ਖੇਡਾਂ ਵਿਚੋਂ ਇਕ ਕੋਟਲਾ ਛਪਾਕੀ ਵੀ ਹੈ।ਇਸ ਖੇਡ ਵਿਚ ਬੱਚੇ ਇਕ ਚੱਕਰ ਬਣਾ ਕੇ ਬੈਠਦੇ ਹਨ। ਇਕ ਬੱਚਾ ਜਿਸ ਕੋਲ ਕੱਪੜੇ ਦਾ ਬਣਾਇਆ ਇਕ ਕੋਟਲਾ ਹੁੰਦਾ ਹੈ ਉਹ ਚੱਕਰ ਬਣਾ ਕਿ ਬੈਠੇ ਬੱਚਿਆਂ ਦੇ ਪਿੱਛੇ ਲੁਕਾ ਦਿੰਦਾ ਹੈ ਅਤੇ ਗਾਣਾ ਗਾ ਕੇ ਵੱਖ-ਵੱਖ ਸੰਕੇਤਾਂ ਰਾਂਹੀ ਦੱਸਦਾ ਹੈ।ਜਦੋਂ ਜਿਸ ਬੱਚੇ ਪਿੱਛੇ ਕੋਟਲਾ ਹੁੰਦਾ ਹੈ ਉਸ ਨੂੰ ਪਤਾ ਲੱਗਣ ਤੇ ਉਹ ਕੋਟਲਾ ਚੁੱਕ ਕੇ ਕੋਟਲਾ ਰੱਖਣ ਵਾਲੇ ਬੱਚੇ ਦੇ ਮਗਰ ਦੌੜਦਾ ਹੈ।ਇਸ ਤੋਂ ਇਲਾਵਾਂ ਹੋਰ ਵੀ ਬਹੁਤ ਸਾਰੀਆਂ ਜਿਵੇਂ ਖਿੱਦੋ, ਖੂੰਡੀ, ਰੱਸਾਕਸ਼ੀ, ਬਾਂਦਰ ਕਿੱਲਾ, ਥਾਲ, ਕਿੱਕਲੀ, ਅੱਡੀ ਛੜੱਪਾ, ਹਰਾ ਸਮੁੰਦਰ, ਊਚ-ਨੀਚ, ਲਾਟੂ, ਚੀਚੋ-ਚੀਚ ਗਨੇਰੀਆਂ, ਭੰਡਾ-ਭੰਡਾਰੀਆ, ਪਤੰਗਬਾਜ਼ੀ, ਸੱਪ ਸੀੜੀ, ਪੋਸ਼ਮਪਾ, ਰੁਮਾਲ ਚੁੱਕ, ਚਾਰ ਕੌਨੇ, ਚੇਨ ਆਦਿ ਖੇਡਾਂ ਹਨ ਜੋ ਲਗਪਗ ਅਲੋਪ ਹੋ ਚੁੱਕੀਆਂ ਹਨ । ਅਜੋਕੇ ਸਮੇਂ ਵਿਚ ਮੰਨੋਰਜਨ ਦੇ ਸਾਧਨਾਂ ਵਿਚ ਲਗਾਤਰ ਵਾਧਾ ਹੋ ਰਿਹਾ ਹੈ ਜਿਵੇਂ ਟੀ.ਵੀ., ਕੰਪਿਊਟਰ, ਵੀਡੀਓ ਗੇਮ, ਸ਼ੋਸਲ ਮੀਡੀਆ। ਪਰ ਇਹ ਸਾਧਨ ਮੰਨੋਰਜਨ ਦੇ ਨਾਲ-ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਵੀ ਜਨਮ ਦੇ ਰਹੇ ਹਨ। ਜੇਕਰ ਅਸਲ ਵਿਚ ਹੀ ਜ਼ਿੰਦਗੀ ਦਾ ਆਨੰਦ ਮਾਣਨਾ ਹੈ ਤਾਂ ਇਹਨਾਂ ਸਾਧਨਾਂ ਨੂੰ ਛੱਡ ਕਿ ਘਰੋਂ ਬਾਹਰ ਨਿਕਲ ਕੇ ਇਹਨਾਂ ਪੁਰਾਤਨ ਖੇਡਾਂ ਨੂੰ ਅਪਣਾਉਣਾ ਹੀ ਪੈਣਾ ਹੈ।ਤਦ ਹੀ ਅਸਲੀ ਧਨ ਸਿਹਤ ਨੂੰ ਕਮਾਇਆ ਜਾ ਸਕਦਾ ਹੈ।
ਵਿਜੈ ਕੁਮਾਰ
ਮੋ.9988989474
ਸਰਕਾਰ ਦੀ ਆਪਣੀ ਨਾਕਾਮਯਾਬੀ ਅਤੇ ਰਾਫੇਲ ਮੁੱਦੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼
NEXT STORY