ਸੀਮਾਂ ਹਰ ਹਫਤੇ ਡੇਰੇ ਵਿਚ ਸਤਿਸੰਗ ਸੁਨਣ ਲਈ ਜਾਂਦੀ ਤੇ ਉੱਥੇ ਵਧ ਚੜ੍ਹ ਕੇ ਸੇਵਾ ਕਰਦੀ,ਭਾਂਡੇ ਮਾਂਜਦੀ,ਝਾੜੂ ਕਰਦੀ ਤੇ ਲੋਕਾਂ ਦੇ ਬੂਟ ਸਾਫ ਕਰਦੀ ਅਤੇ ਨਾਲ ਹੀ ਉਹ ਗਰੀਬ ਲੋਕਾਂ ਨੂੰ ਪੁੰਨ-ਦਾਨ ਕਰਨ ਲਈ ਕੁੱਝ ਨਾ ਕੁੱਝ ਖਾਣ-ਪੀਣ ਅਤੇ ਪਹਿਨਣ ਲਈ ਕੱਪੜੇ ਆਦਿ ਦੀ ਸੇਵਾ ਵੀ ਜ਼ਰੂਰ ਕਰਦੀ।ਸਰਦੀ ਸ਼ੁਰੂ ਹੋਣ ਕਰਕੇ ਅੱਜ ਉਹ ਆਪਣੇ ਸੱਤ ਕੁ ਸਾਲ ਦੇ ਬੇਟੇ ਨਾਲ ਗਰੀਬ ਲੋਕਾਂ ਨੂੰ ਵੰਡਣ ਲਈ ਕੱਪੜੇ ਵਾਲੀ ਦੁਕਾਨ ਤੋਂ ਕੰਬਲ ਖਰੀਦ ਰਹੀ ਸੀ ਤਾਂ ਬੇਟੇ ਨੇ ਪੁੱਛਿਆ 'ਮੰਮਾ ਇਹ ਕੰਬਲ ਕਿਸ ਲਈ ਖਰੀਦ ਰਹੇ ਹੋ' ਤਾਂ ਉਸਨੇ ਆਪਣੇ ਬੇਟੇ ਦਾ ਸਿਰ ਪੁਚਕਾਰਦੇ ਹੋਏ ਕਿਹਾ 'ਬੇਟਾ ਸਰਦੀ ਜਿਆਦਾ ਪੈਣ ਕਰਕੇ ਗਰੀਬ ਲੋਕ ਠੰਡ ਵਿਚ ਮਰ ਰਹੇ ਹਨ,ਇਹ ਕੰਬਲ ਗਰੀਬ ਲੋਕਾਂ ਨੂੰ ਵੰਡਣ ਲਈ ਖਰੀਦ ਰਹੀ ਹਾਂ,ਇਸ ਤਰਾਂ ਪੁੰਨ ਕਰਾਂਗੇ ਤਾਂ ਆਪਾਂ ਨੂੰ ਉਸਦਾ ਫਲ ਜ਼ਰੂਰ ਮਿਲੇਗਾ'।ਮਾਸੂਮ ਜਿਹਾ ਚਿਹਰਾ ਬਣਾ ਕੇ ਬੇਟੇ ਨੇ ਆਪਣੀ ਮੰਮਾ ਨੂੰ ਕਿਹਾ 'ਮੰਮਾ ਦਾਦਾ ਜੀ ਕਿੰਨੇ ਦਿਨ ਹੋ ਗਏ ਕਹਿ ਰਹੇ ਸੀ ਠੰਡ ਬਹੁਤ ਐ,ਮੈਨੂੰ ਕੋਟ ਲਿਆ ਦੋ ਪਰ ਤੁਸੀਂ ਲਿਆ ਕੇ ਨਹੀਂ ਦਿੱਤਾ,ਸੀਮਾਂ ਆਪਣੇ ਬੇਟੇ ਵੱਲ ਘੂਰਦੀ ਨਜ਼ਰ ਨਾਲ ਦੇਖਦੇ ਹੋਏ ਮੂੰਹੋਂ ਕੁਝ ਬੋਲਣਾਂ ਚਾਹੁੰਦੀ ਵੀ ਬੋਲ ਨਹੀਂ ਸਕੀ ਕਿਉਂਕਿ ਉਸ ਬੁੱਢੇ ਤੋਂ ਕੋਈ ਫਲ ਮਿਲਣ ਦੀ ਉਮੀਦ ਨਹੀਂ ਸੀ।
ਮਨਜੀਤ ਪਿਉਰੀ
ਮਨਜੀਤ ਸਟੂਡੀਓ,ਨੇੜੇ ਭਾਰੂ ਗੇਟ ਗਿੱਦੜਬਾਹਾ
94174 47986