ਭਾਵੇ ਮੈ ਵਿਦੇਸ਼ਾਂਂ ਵਿਚ ਕਈ ਥਾਵਾਂ ਤੇ ਗਿਆ ਸਾਂ ਪਰ ਜਦੋ ਮੈਨੂੰ ਇਕ ਡੈਲਗੇਸ਼ਨ ਨਾਲ ਪਾਕਿਸਤਾਨ ਦੀ ਯਾਤਰਾਂ ਦਾ ਸਦਾ ਮਿਲਿਆ ਤਾਂ ਇਹ ਮੇਰੇ ਲਈ ਇਸ ਕਰਕੇ ਸਭ ਤੋਂ ਵਡੀ ਖੁਸ਼ੀ ਦਾ ਕਾਰਨ ਸੀ ਕਿ ਮੈ ਵੰਡ ਦੇ ਸਮੇ ਤੇ ਸਿਰਫ 3 ਕੁ ਸਾਲ ਦਾ ਸਾਂ, ਪਰ ਵੰਡ ਤੋ ਪਹਿਲਾਂ ਵਾਲੇ ਸਾਡੇ ਪਿੰਡ ਚਕ ਨੰਬਰ 96 ਜਿਲਾਂ ਸਰਗੋਧੇ ਵਾਲਾ ਸਾਡਾ ਘਰ ਅਜ ਵੀ ਮੈਨੂੰ ਯਾਦ ਸੀ ਅਤੇ ਮੈ ਉਸ ਨੂੰ ਇਕ ਵਾਰ ਵੇਖਣ ਦੀ ਖਾਹਿਸ਼ ਆਪਣੇ ਦਿਲ ਵਿਚ ਸਮੋਈ ਬੈਠਾ ਸਾਂ। ਇਤਫਾਕ ਨਾਲ ਉਸ ਡੈਲੀਗੇਸ਼ਨ ਦਾ ਸਰਗੋਧੇ ਵਿਚ ਠਹਿਰਣ ਦਾ ਦੋ ਦਿਨਾ ਦਾ ਪ੍ਰੋਗਰਾਮ ਸੀ। ਸਾਡਾ ਇਹ ਪਿੰਡ ਸਰਗੋਧੇ ਤੋ ਸਿਰਫ 8 ਕਿਲੋਮੀਟਰ ਚਰਨਾਂਲੀ ਸਟੇਸ਼ਨ ਦੇ ਕੋਲ ਸੀ ਅਤੇ ਮੈ ਆਸਾਨੀ ਨਾਲ ਆਪਣਾਂ ਪਿੰਡ ਅਤੇ ਆਪਣੀਆਂ ਪਿਛੇ ਛਡੀਆਂ ਪੈਲੀਆਂ ਨੂੰ ਵੇਖ ਸਕਦਾ ਸਾਂ। ਪਰ ਕਿਸੇ ਰੁਕਾਵਟ ਕਰਕੇ, ਸਾਡੇ ਡੈਲੀਗੇਸ਼ਨ ਦਾ ਅੰਮ੍ਰਿਤਸਰ ਤੋ ਚਲਣਾਂ ਇਕ ਦਿਨ ਲੇਟ ਹੋ ਗਿਆ ਅਤੇ ਫਿਰ ਇਸਲਾਮਾਬਾਦ ਅਤੇ ਪਿਸ਼ਾਵਰ ਵਿਚ ਹੋਰ ਵੱਧ ਸਮਾਂ ਲਗਣ ਕਰਕੇ ਸਰਗੋਧੇ ਜਾਣ ਦੇ ਪ੍ਰੋਗਰਾਮ ਨੂੰ ਪ੍ਰਬੰਧਕਾਂ ਨੇ ਕੈਸਲ ਕਰ ਦਿਤਾ।
ਪਰ ਸਰਗੋਧੇ ਜਿਲੇ ਦੀ ਸ਼ਾਹਪੁਰ ਤਸੀਲ ਵਿਚ ਇਕ ਬਹੁਤ ਵਡੇ ਸਵਾਗਤੀ ਸਮਾਗਮ ਦਾ ਇੰਤਜਾਮ ਸੀ ਅਤੇ ਉਥੋ ਹੀ ਸਾਰੇ ਡੈਲੀਗੇਸ਼ਨ ਨੇ ਸਿਧੇ ਮੁਲਤਾਨ ਚਲੇ ਜਾਣਾ ਸੀ। ਸ਼ਾਮ ਨੂੰ ਜਦੋ ਅਸੀ ਸ਼ਾਹਪੁਰ ਪਹੁੰਚੇ ਤਾਂ ਸਾਡਾ ਬਹੁਤ ਵੱਡਾ ਸੁਆਗਤ ਹੋਇਆ ਅਤੇ ਸਟੇਜ਼ ਤੇ ਵੱਖ-2 ਲੋਕ ਬੋਲ ਰਹੇ ਸਨ। ਭਾਰਤੀ ਡੈਲੀਗੇਸ਼ਨ ਵਲੋ ਪਤਾ ਨਹੀ ਕਿਸ ਤਰਾਂ ਸਟੇਜ਼ ਤੇ ਬੋਲਣ ਵਾਲਿਆਂ ਵਿਚ ਮੇਰਾ ਵੀ ਨਾਂ ਸੀ ਅਤੇ ਮੇਰੇ ਬੋਲਣ ਤੋ ਪਹਿਲਾਂ ਇਹ ਦੱਸਿਆ ਗਿਆ ਕਿ ਭਾਰਤ ਤੋ ਡਾ. ਛੀਨਾ ਜਿੰਨਾਂ ਦਾ ਜਨਮ ਸਰਗੋਧੇ ਦਾ ਹੈ ਉਹ ਵੀ ਕੁਝ ਸ਼ਬਦ ਕਹਿਣਗੇ। ਮੇਰੀ ਬੋਲੀ ਦੇ ਕਈ ਸ਼ਬਦ ਅਜੇ ਵੀ ਉਥੋ ਦੀ ਬੋਲੀ ਨਾਲ ਮਿਲਦੇ ਸਨ ਅਤੇ ਫਿਰ ਸਰਗੋਧੇ ਦੀ ਉਪਜਾਊ ਧਰਤੀ ਅਤੇ ਰਿਵਾਇਤਾਂ, ਘੋੜੀਆਂ ਅਤੇ ਲੋਕਾਂ ਦੀ ਜਿੰਦਾ ਦਿਲੀ ਦੀਆਂ ਗੱਲਾਂ ਬਚਪਨ ਤੋ ਹੀ ਸੁਣਦਾ ਰਿਹਾ ਸਾਂ। ਮੇਰੇ ਬੋਲਣ ਤੋ ਪਹਿਲਾਂ ਜਦ ਮੈ ਸਟੇਜ਼ ਤੇ ਗਿਆ, ਤਾਂ ਮੇਰੇ ਗੱਲ ਵਿਚ ਇੰਨੇ ਹਾਰ ਪਾਏ ਗਏ ਕਿ ਮੈ ਪਹਿਲਾਂ ਜਿੰਨੇ ਹਾਰ ਉਤਾਰਦਾ ਸਾਂ ਉਨੇ ਹੀ ਹੋਰ ਪਾ ਦਿਤੇ ਜਾਂਦੇ ਸਨ ਅਤੇ ਮੇਰੇ ਬੋਲਣ ਦੇ ਸਮੇਂ ਬਾਰ-2 ਤਾੜੀ ਵਜਦੀ ਰਹੀ।
ਉਸ ਸਵਾਗਤੀ ਸਮਾਗਮ ਦੇ ਖਤਮ ਹੋਣ ਤੇ ਸ਼ਾਮ ਪੈ ਚੁਕੀ ਸੀ, ਪ੍ਰੋਗਰਾਮ ਦੇ ਕੋਆਡੀਨੇਟਰ ਸ੍ਰੀ ਸਬੂਰ ਨੇ ਇਕ ਲੜਕੇ ਫਰੂਕ ਨੂੰ ਮਿਲਾਇਆ ਅਤੇ ਦੱਸਿਆ ਕਿ ਉਸ ਨੇ ਮੇਰੇ ਪਿੰਡ ਵੇਖਣ ਦਾ ਇੰਤਜਾਮ ਕਰ ਦਿਤਾ ਹੈ ਅਤੇ ਇਹ ਲੜਕਾਂ ਕੱਲ ਤੁਹਾਨੂੰ ਤੁਹਾਡਾ ਪਿੰਡ ਵਿਖਾ ਕੇ, ਮੁਲਤਾਨ ਵਾਲੀ ਬੱਸ ਤੇ ਚੜਾ ਦੇਵੇਗਾ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਭਾਵੇ ਥੋੜਾ ਚਿਰ ਹੀ ਸਹੀ, ਮੈ ਆਪਣਾ ਪਿੰਡ ਵੇਖ ਸਕਾਗਾਂ।
ਡੈਲੀਗੇਸ਼ਨ ਦੇ ਬਾਕੀ ਲੋਕ ਬੱਸ ਵਿਚ ਬੈਠਕੇ ਚਲੇ ਗਏ ਅਤੇ ਫਰੂਕ ਮੈਨੂੰ ਆਪਣੀ ਕਾਰ ਵਿਚ ਬਿਠਾ ਕੇ ਕੁਝ ਲੋਕਾਂ ਨੂੰ ਮਿਲਣ ਚਲਾ ਗਿਆ। ਮੈ ਵੇਖਿਆ ਕਿ ਇਕ ਸੂਟ ਪਹਿਨੀ ਵਿਅਕਤੀ ਕਾਰ ਦੇ ਨਜਦੀਕ ਆ ਕੇ ਕਾਰ ਦਾ ਨੰਬਰ ਨੋਟ ਕਰ ਰਿਹਾ ਸੀ ਅਤੇ ਫਿਰ ਮੇਰੇ ਕੋਲ ਆ ਕੇ ਪੁੱਛਣ ਲੱਗਾ, ''ਸਰਦਾਰ ਜੀ ਤੁਸੀ ਕਿਉਂ ਨਹੀ, ਗਏ,'' ਮੈ ਉਸ ਨੂੰ ਦੱਸਿਆ ਕਿ ਮੇਰਾ ਜਨਮ ਸਰਗੋਧੇ ਦਾ ਨੇੜੇ ਦੇ ਇਕ ਪਿੰਡ ਦਾ ਹੈ, ਅਤੇ ਕੱਲ ਮੈ ਉਹ ਵੇਖਣਾ ਹੈ।''
ਫਿਰ ਉਸ ਨੇ ਕਈ ਸੁਆਲ ਕੀਤੇ ਜਿਵੇ ਉਸ ਪਿੰਡ ਦਾ ਨਾਜਿਮ ਕੌਣ ਹੈ, ਇਸ ਕਾਰ ਵਾਲੇ ਨਾਲ ਤੁਹਾਡੇ ਕਿ ਸਬੰਧ ਹਨ, ਤੁਸੀ ਕਿਸ ਹੋਟਲ ਵਿਚ ਰਹਿਣਾ ਹੈ ਆਦਿ। ਸੱਪਸ਼ਟ ਸੀ ਕਿ ਉਹ ਸੀ.ਆਈ.ਡੀ ਦਾ ਕਰਮਚਾਰੀ ਸੀ।
ਪਰ ਮੈਨੂੰ ਇਹੋ ਡਰ ਕਿ ਕਿਤੇ ਪਿੰਡ ਜਾਣ ਦੇ ਕੰਮ ਵਿਚ ਕੋਈ ਰੁਕਾਵਟ ਨਾ ਪਾ ਦੇਵੇ। ਫਿਰ ਉਹ ਕਹਿਣ ਲੱਗਾ ਮੁਆਫ ਕਰਣਾਂ ਜੇ ਮੇਰੀ ਜਗਾਹ ਤੁਸੀ ਹੁੰਦੇ ਤਾਂ ਤੁਸੀ ਵੀ ਇਹੋ ਕਰਦੇ ਜਿਸ ਦਾ ਅਰਥ ਸੀ ਕਿ ਇਹ ਸਿਰਫ ਇੰਨਾਂ ਦੋਵਾਂ ਦੇਸ਼ਾਂ ਦੇ ਯਾਤਰੀਆਂ ਨਾਲ ਆਮ ਹੀ ਹੁੰਦਾ ਹੈ।
ਪਰ ਜਦ ਅਸੀਂ ਸ਼ਾਹਪੁਰ ਤੋ ਸਰਗੋਧੇ ਨੂੰ ਚਲੇ ਤਾਂ ਰਾਤ ਪੈ ਚੁਕੀ ਸੀ ਅਤੇ ਅਜੇ ਅਸੀ ਕੋਈ ਚਾਰ ਪੰਜ ਕਿਲੋਮੀਟਰ ਹੀ ਆਏ ਹੋਵਾਂਗੇ ਕਿ ਫਰੂਕ ਨੂੰ ਉਸ ਦੇ ਬਾਪ ਦਾ ਫੋਨ ਆਇਆ ਜਿਸ ਵਿਚ ਉਹ ਪੁੱਛ ਰਿਹਾ ਸੀ ਕਿ ਤੇਰੇ ਨਾਲ ਭਾਰਤ ਤੋ ਕੌਣ ਹੈ ਅਤੇ ਉਹ ਤੇਰੇ ਨਾਲ ਕਿਉ ਹੈ ਅਤੇ ਮੈ ਸੁਣ ਰਿਹਾ ਸਾਂ ਕਿ ਪੁਲੀਸ ਇਨਸਪੈਕਟਰ ਘਰ ਆਇਆ ਹੈ ਅਤੇ ਪੁੱਛ ਰਿਹਾ ਹੈ ਕੀ ਉਸ ਨੇ ਤੁਹਾਡੇ ਘਰ ਰਹਿਣਾਂ ਹੈ ਆਦਿ। ਫਰੂਕ ਉਨਾਂ ਗੱਲਾਂ ਦੇ ਜਵਾਬ ਦੇ ਰਿਹਾ ਸੀ ਤਾਂ ਮੈ ਕਿਹਾ ਜੇ ਠੀਕ ਸਮਝੇ ਤਾਂ ਮੈ ਇਨਸਪੈਕਟਰ ਸਾਹਿਬ ਨਾਲ ਗੱਲ ਕਰਾਂ ਤਾਂ ਉਸ ਨੇ ਆਪਣੇ ਬਾਪ ਨੂੰ ਕਿਹਾ ਕਿ ਫੋਨ ਇਨਸਪੈਕਟਰ ਸਾਹਿਬ ਨੂੰ ਦਿਉ ਅਤੇ ਉਸ ਨੇ ਫੋਨ ਮੈਨੂੰ ਫੜਾ ਦਿਤਾ। ਮੈ ਇਨਸਪੈਕਟਰ ਸਾਹਿਬ ਨੂੰ ਕਿਹਾ ਕਿ ਮੇਰਾ ਪਿੰਡ ਸਰਗੋਧੇ ਦੇ ਨਜਦੀਕ ਹੈ ਅਤੇ ਜੇ ਇਜ਼ਾਜ਼ਤ ਹੋਈ ਤਾਂ ਮੈ ਵੇਖਣਾਂ ਚਾਹੁੰਦਾ ਹਾਂ। ਪਰ ਇਨਸਪੈਕਟਰ ਇਕ ਦਮ ਗੱਲ ਬਦਲ ਗਿਆ ਅਤੇ ਕਹਿਣ ਲਗਾ ਕਿ ਨਹੀ ਤੁਹਾਨੂੰ ਭੁਲੇਖਾ ਹੈ ਤੁਸੀ ਜ਼ਰੂਰ ਆਪਣਾਂ ਪਿੰਡ ਵੇਖੋ ਮੈਨੂੰ ਤਾਂ ਸਾਡੇ ਅਫਸਰਾਂ ਦਾ ਆਰਡਰ ਹੈ ਕਿ ਤੁਸੀ ਉਚੇ ਡੈਲੀਗੇਗਸ਼ਨ ਦੇ ਮੈਬਰ ਹੋ ਅਤੇ ਤੁਹਾਡੀ ਸਕਿਉਰਟੀ ਦਾ ਇੰਤਜਾਮ ਕਰਨ ਹੈ ਤੁਸੀ ਦਸੋ ਕਿ ਤੁਸੀ ਕਿਸ ਹੋਟਲ ਵਿਚ ਰਹਿਣਾ ਹੈ। ਮੈਨੂੰ ਤਾਂ ਕਿਸੇ ਹੋਟਲ ਦਾ ਨਾਂ ਵੀ ਨਹੀ ਸੀ ਆਉਦਾ ਪਰ ਫਰੂਕ ਨੇ ਕਿਹਾ ਕਿ ਇਹ ਸਾਡੇ ਘਰ ਹੀ ਰਹਿਣਗੇ।
ਸਵੇਰੇ ਜਦੋ ਅਸੀ ਚਾਹ ਪੀ ਕੇ ਵਿਹਲੇ ਹੋਏ ਤਾਂ ਸਾਹਪੁਰ ਵਾਲਾ ਉਹ ਸੀ.ਆਈ.ਡੀ. ਇਨਸਪੈਕਟਰ ਫਿਰ ਫਰੂਕ ਦੇ ਘਰ ਆ ਗਿਆ। ਕੁਝ ਚਿਰ ਬੈਠਣ ਤੋ ਬਾਦ ਮੈਨੂੰ ਪੁੱਛਣ ਲੱਗਾ ਕਿ ਕੀ ਤੁਹਾਡੇ ਕੋਲ ਸਰਗੋਧੇ ਦਾ ਵੀਜਾ ਹੈ, ਤਾਂ ਮੈ ਪਾਸਪੋਰਟ ਤੇ ਲੱਗੇ ਸਰਗੋਧੇ ਦਾ ਵੀਜਾ ਉਸ ਨੂੰ ਵਿਖਾ ਦਿਤਾ, ਪਰ ਉਹ ਕਹਿਣ ਲੱਗਾ ਕਿ ਮੇਰਾ ਮਤਲਬ ਸਿਰਫ ਇੰਨਾਂ ਹੈ ਕਿ ਜੇ ਨਹੀ ਤਾਂ ਮੈ ਇੰਤਜਾਮ ਕਰਵਾ ਦਿਆ ਅਤੇ ਉਸ ਤੋ ਉਸ ਨੇ ਉਸ ਵੀਜੇ ਨੂੰ ਫੋਟੋ ਸਟੇਟ ਕਰਵਾ ਲਿਆ। ਪਰ ਮੇਰੇ ਮਨ ਵਿਚ ਇਹ ਖਿਆਲ ਆ ਰਿਹਾ ਸੀ, ਵੰਡ ਤੋ ਪਹਿਲਾਂ ਮੇਰੇ ਬਾਪ, ਤਾਇਆ ਜੀ, ਚਾਚਾ ਜੀ ਅਤੇ ਹੋਰ ਮੈਬਰਾਂ ਨੇ ਕਦੀ ਇਹ ਕਲਪਨਾ ਵੀ ਨਹੀ ਕੀਤੀ ਹੋਵੇਗੀ ਕਿ ਕਦੀ ਇਸ ਸ਼ਹਿਰ ਤੋ ਪਿੰਡ ਜਾਣ ਲਈ ਇਸ ਤਰਾਂ ਦੇ ਵੀਜੇ ਦੀ ਲੋੜ ਹੋਵੇਗੀ।
ਜਦ ਮੈ ਫਰੂਕ ਦੇ ਨਾਲ ਆਪਣੇ ਪਿੰਡ ਪਹੁੰਚਿਆ ਤਾਂ ਮੈ ਆਪਣਾ ਉਹ ਉਚਾ ਚੁਬਾਰਾ ਲਭਣ ਦੀ ਕੋਸਿਸ ਕਰ ਰਿਹਾ ਸਾਂ ਪਰ ਉਸ ਪਿੰਡ ਵਿਚ ਤਾਂ ਇਕ ਹੀ ਚੁਬਾਰਾ ਨਹੀ ਸੀ। ਫਿਰਨੀ ਤੋ ਬਾਹਰ ਪਿੰਡ ਵੇਖਿਆ ਵੀ ਨਹੀ ਸੀ। ਮੈਨੁੰ ਤਾਂ ਸ਼ੱਕ ਪੈ ਗਿਆ ਕਿ ਸ਼ਾਇਦ ਇਹ ਉਹ ਪਿੰਡ ਨਹੀ ਪਰ ਚੌਕ ਵਿਚ ਜਾ ਕੇ ਜਦੋ ਅਸੀ ਕਾਰ ਖੜੀ ਕੀਤੀ ਤਾਂ ਸੀ.ਆਈ.ਡੀ. ਵਾਲਾ ਉਹ ਇਨਸਪੈਕਟਰ ਚੌਕ ਵਿਚ ਹੀ ਇਕ ਹੋਰ ਵਿਅਕਤੀ ਦਾ ਨਾਲ ਕੁਰਸੀ ਤੇ ਬੈਠਾ ਨਜ਼ਰ ਆਇਆ। ਕੁਝ ਲੋਕ ਮੇਰੀ ਪਗੜੀ ਵੇਖ ਕੇ ਹੈਰਾਨ ਹੋ ਗਏ। ਜਦੋ ਮੈ ਦਸਿਆ ਕਿ ਮੈ ਨੰਬਰਦਾਰ ਲੱਛਮਣ ਸਿੰਘ ਦਾ ਪੋਤਰਾਂ ਹਾਂ, ਤਾਂ ਇਕ ਸਿਆਣੀ ਉਮਰ ਦਾ ਵਿਅਕਤੀ ਕਹਿਣ ਲਗਾ 'ਹਾਂ ਉਹ ਨਜੀਰ ਅਹਿਮਦ ਵਾਲਾ ਘਰ।
ਛੇਤੀ ਹੀ ਉਥੇ ਕਾਫੀ ਲੋਕ ਇੱਕਠੇ ਹੋ ਗਏ। ਕਈ ਲੋਕ ਕੁਰਸੀਆਂ ਲੈ ਕੇ ਆ ਗਏ, ਅਤੇ ਕੁਝ ਮੰਜੀਆਂ ਲੈ ਆਏ। ਅਸੀ ਸਭ ਉਥੇ ਬੈਠ ਗਏ। ਇੰਨੇ ਚਿਰ ਨੂੰ ਇਕ ਆਦਮੀ ਨਜੀਰ ਅਹਿਮਦ ਨੂੰ ਸਦਣ ਚਲਾ ਗਿਆ। ਕਈ ਲੋਕ ਮੈਨੂੰ ਕਈ ਸੁਆਲ ਪੁੱਛ ਰਹੇ ਸਨ ਅਤੇ ਇੰਜ ਲਗਦਾ ਸੀ ਕਿ ਉਹਨਾਂ ਵਿਚ ਕਾਫੀ ਕੁਝ ਪੁੱਛਣ ਦੀ ਉਤਸੁਕਤਾ ਸੀ ਕਿਉ ਜੋ ਉਹ ਸਾਡੇ ਪ੍ਰੀਵਾਰ ਬਾਰੇ ਕਾਫੀ ਕੁਝ ਸੁਣਦੇ ਰਹੇ ਜਾਪਦੇ ਸਨ। ਇੰਨੇ ਚਿਰ ਨੂੰ ਇਕ ਵਿਅਕਤੀ ਨੇ ਮਸਜਿਦ ਦੇ ਸਪੀਕਰ ਤੋ ਇਹ ਘੋਸ਼ਨਾ ਕੀਤੀ ਕਿ ਸਾਡੇ ਪਿੰਡ ਦੇ ਪੁਰਾਣੇ ਨੰਬਰਦਾਰ ਸ. ਲੱਛਮਣ ਸਿੰਘ ਦਾ ਪੋਤਰਾਂ ਪਿੰਡ ਆਇਆ ਹੈ ਸਭ ਲੋਕ ਪਿੰਡ ਦੇ ਚੌਕ ਵਿਚ ਆ ਜਾਉ ਅਤੇ ਕੁਝ ਮਿੰਟਾਂ ਵਿਚ ਹੀ ਉਥੇ ਇੰਨੀ ਭੀੜ ਹੋ ਗਈ ਜਿਵੇ ਸਾਰਾ ਹੀ ਪਿੰਡ ਜਮਾਂ ਹੋ ਗਿਆ ਸੀ। ਮੈ ਆਪਣਾ ਘਰ ਵੇਖਣ ਦੀ ਖਾਹਿਸ਼ ਜਾਹਿਰ ਕੀਤੀ ਤਾਂ ਇਕ ਵਿਅਕਤੀ ਕਹਿਣ ਲਗਾ, ਪਹਿਲਾਂ ਚਾਹ ਪੀ ਲਉ ਅਤੇ ਇਹ ਵੱਡੀ ਹੈਰਾਨੀ ਵਾਲੀ ਗੱਲ ਸੀ ਕਿ ਕੁਝ ਹੀ ਮਿੰਟਾਂ ਵਿਚ ਚਾਹ, ਪਕੌੜੇ ਅਤੇ ਸਮੋਸੇ ਵਡੀ ਮਾਂਤਰਾ ਵਿਚ ਆ ਗਏ ਜਿਵੇ ਕੋਈ ਂਜਸ਼ਨ ਹੋਵੇ। ਪਰ ਮੈਨੂੰ ਅੱਜ ਵੀ ਹੈਰਾਨੀ ਸੀ ਕਿ ਪਿੰਡ ਵਿੱਚ ਇੰਨੀ ਛੇਤੀ ਇਹ ਸਾਰੀਆਂ ਚੀਜਾਂ ਕਿਥੋ ਆ ਗਈਆਂ।
ਫਿਰ ਅਸੀਂ ਆਪਣੇ ਪੁਰਾਣੇ ਘਰ ਗਏ ਉਹ ਨਜ਼ੀਰ ਅਹਿਮਦ ਦਾ ਘਰ ਸੀ ਜੋ ਪਿਛੋ ਅਬਾਲੇ ਤੋ ਗਏ ਹੋਏ ਸਨ। ਪਰ ਮੈਨੂੰ ਉਹ ਆਪਣਾ ਘਰ ਨਾ ਲਗਾ। ਸਾਡਾ ਤਾਂ ਬਹੁਤ ਵਡਾ ਘਰ ਸੀ; ਘਰ ਦੇ ਬਰਾਂਡੇ ਵਿਚ ਹੀ ਸੌ ਮੰਜੀਆਂ ਡੱਠ ਜਾਦੀਆਂ ਸਨ, “ਚੇ ਚੁਬਾਰੇ ਜਿੰਨਾਂ ਵਿਚ ਰੰਗਦਾਰ ਸ਼ੀਸ਼ਿਆਂ ਦੀਆਂ ਬਾਰੀਆਂ, ਰੋਸ਼ਨਦਾਨ ਤਾਂ ਮੈਨੂੰ ਅਜੇ ਵੀ ਚੇਤੇ ਸਨ, ਬਹੁਤ ਖੁਲਾ ਵਿਹੜਾ। ਪਰ ਮੇਰਾ ਸ਼ੱਕ ਨਜੀਰ ਅਹਿਮਦ ਨੇ ਦੂਰ ਕੀਤਾ ਅਤੇ ਦੱਸਿਆ ਹੁਣ ਇਹ ਘਰ ਘਟੋ ਘੱਟ 30-ਹਿੱਸਿਆ ਵਿਚ ਵੰਡਿਆ ਗਿਆ ਹੈ ਉਸ ਦੇ ਪੁਤਰ, ਪੋਤਰਿਆਂ ਵਿਚ ਇਹ ਵੰਡਿਆ ਗਿਆ ਹੈ। ਘਰ ਦੇ ਇਕ ਹਿੱਸੇ ਵਿਚ ਇਕ ਸਕੂਲ ਚਲ ਰਿਹਾ ਸੀ। ਘਰ ਦੇ ਬਚਿਆਂ ਨੇ ਮੇਰੇ ਨਾਲ ਖੜੇ ਹੋ ਕੇ ਫੋਟੋਆਂ ਖਿਚਵਾਈਆਂ।
ਅਸੀ ਫਿਰ ਪਿੰਡ ਦੇ ਉਸ ਹੀ ਚੌਕ ਵਿਚ ਆ ਗਏ ਜਿਥੇ ਸਭ ਲੋਕ ਇਕਠੇ ਹੋਏ ਸਨ। ਉਸ ਵੇਲੇ ਮੈ ਇਹ ਕਲਪਨਾ ਕਰ ਰਿਹਾ ਸਾਂ ਕਿ ਜੇ ਅਸੀ ਸਭ ਭਰਾਂ, ਚਾਚੇ, ਤਾਏ ਇਧਰ ਹੀ ਹੁੰਦੇ ਤਾਂ ਕਿਸ ਤਰ੍ਹਾਂ ਹੁੰਦਾ। ਮੈ ਉਹ ਡਾਇਰੀ ਕੱਢੀ ਜਿਸ ਤੇ ਭਾਪਾ ਜੀ ਦੇ ਕਿੰਨੇ ਹੀ ਲੋਕਾਂ ਦੇ ਨਾਂ ਲਿਖਵਾਏ ਸਨ। ਪਰ ਜਿਸ ਵਿਅਕਤੀ ਦਾ ਵੀ ਮੈ ਨਾਂ ਬੋਲਦਾ, ਦੱਸਿਆ ਜਾਂਦਾ ਕਿ ਉਹ ਫੋਤ ਹੋ ਗਿਆ ਹੈ, ਉਹ ਕੁਝ ਸਮਾਂ ਪਹਿਲਾਂ ਹੀ ਫੋਤ ਹੋਇਆ ਹੈ। ਮੈਨੂੰ ਇਹ ਸੁਣ ਕੇ ਉਦਾਸੀ ਹੋਈ ਕਿ ਭਾਪਾ ਜੀ ਤਾਂ ਇੰਨਾਂ ਵਿਅਕਤੀਆਂ ਬਾਰੇ ਜਾਨਣਾਂ ਚਾਹੁੰਦੇ ਸਨ। ਫਿਰ ਇਕ ਆਦਮੀ ਰਸ਼ੀਦ ਦਾ ਪਤਾ ਲੱਗਾ ਜਿਸ ਦੇ ਬਾਪ ਨੇ ਸਾਡੇ ਦਾਦੇ ਦੀ ਬਹੁਤ ਸੇਵਾ ਕੀਤੀ ਸੀ, ਪਰ ਉਹ ਉਥੇ ਨਹੀ ਸੀ ਇਕ ਲੜਕੇ ਨੂੰ ਉਸ ਨੂੰ ਲੈਣ ਭੇਜਿਆ।
ਚੌਕ ਵਿਚ ਇੱਕਠੀ ਹੋਈ ਭੀੜ ਇਸ ਤਰਾਂ ਲੱਗਦਾ ਸੀ ਜਿਸ ਤਰਾਂ ਕੋਈ ਮੇਲਾ ਹੋਵੇ ਅਤੇ ਲੋਕਾਂ ਵਲੋ ਜਿਸ ਤਰਾਂ ਦਾ ਮੇਰਾ ਸੁਆਗਤ ਕੀਤਾ ਗਿਆ, ਮੈ ਉਸ ਦਾ ਧੰਨਵਾਦੀ ਸਾਂ ਕਿਉ ਜੋ ਮੈ ਮਹਿਸੂਸ ਕਰ ਰਿਹਾ ਸਾਂ ਕਿ ਇਹ ਸਤਿਕਾਰ ਮੇਰੇ ਦਾਦਾ, ਬਾਪ, ਤਾਇਆ, ਚਾਚਿਆਂ ਦੇ ਉਸ ਸਮੇ ਦੇ ਚੰਗੇ ਵਿਵਹਾਰ ਦਾ ਸਿਟਾ ਸੀ। ਫਿਰ ਰਸ਼ੀਦ ਆ ਗਿਆ ਅਤੇ ਉਸ ਨੇ ਸਭ ਤੋ ਪਹਿਲਾਂ ਮੇਰੇ ਦਾਦਾ ਜੀ, ਤਾਇਆ ਜੀ, ਚਾਚਾ ਜੀ ਅਤੇ ਮੇਰੇ ਤਾਏ ਦੇ ਲੜਕਿਆਂ ਬਾਰੇ ਪੁੱਛਿਆ ਜਿੰਨਾਂ ਨੂੰ ਉਹ ਜਾਣਦਾ ਸੀ ਫਿਰ ਉਸ ਮਹਿਫਲ ਵਿਚ ਉਸ ਨੇ ਇਕ ਗੱਲ ਦੱਸੀ ਕਿ ਜਦੋ ਤਹਿ ਹੀ ਹੋ ਗਿਆ ਕਿ ਹੁਣ ਤੁਹਾਨੂੰ ਜਾਣਾ ਹੀ ਪੈਣਾਂ ਹੈ ਤਾਂ ਤੁਹਾਡੇ ਦਾਦਾ ਜੀ ਮੇਰੇ ਅਬਾ ਨੂੰ ਲੈ ਕੇ ਆਪਣੇ ਘਰ ਲੈ ਆਏ ਤਾਂ ਕਹਿਣ ਲਗੇ, ਅਸੀ ਤਾਂ ਚਲੇ ਜਾਣਾ ਹੈ, ਤੁਸੀ ਇਹ ਘੋੜੀਆਂ, ਇਹ ਮੱਝਾਂ, ਸਮਾਨ ਲੈ ਜਾਉ ਅਸੀ ਇਹ ਖੜ ਨਹੀ ਸਕਦੇ ਅਤੇ ਲੋਕ ਲੈ ਜਾਣਗੇ। ਪਰ ਮੇਰੇ ਅਬਾ ਕਿੰਨਾ ਚਿਰ ਚੁੱਪ ਰਹੇ ਅਤੇ ਫਿਰ ਉਚੀ ਧਾਹ ਮਾਰ ਕੇ ਆਪਣੇ ਘਰ ਆ ਗਏ ਅਤੇ ਕਹਿਣ ਲੱਗੇ ਕਿ ਅਸੀ ਕਦੋ ਚਾਹੁੰਦੇ ਸਾਂ ਕਿ ਤੁਸੀ ਜਾਉ। ਕਈ ਦਿਨ ਉਹ ਸਮਾਨ ਉਸ ਤਰਾਂ ਹੀ ਪਿਆ ਰਿਹਾ। ਫਿਰ ਹੋਰ ਪਿੰਡਾਂ ਦੇ ਲੋਕ ਆ ਕੇ ਲੈ ਗਏ। ਆਉਣ ਲਗਿਆ ਰਸ਼ੀਦ ਅਗੇ ਆਇਆ ਅਤੇ ਮੈਨੂੰ ਜਫੀ ਪਾ ਲਈ ਅਤੇ ਕਹਿਣ ਲਗਾ ਆਪਣੇ ਭਾਪਾ ਜੀ ਨੂੰ ਮੇਰੀ ਸਲਾਮ ਕਹਿਣੀ ਅਤੇ ਫਿਰ ਕੁਝ ਕਹਿਣ ਲੱਗਾ ਪਰ ਉਸ ਦਾ ਗੱਲ ਭਰ ਗਿਆ ਅਤੇ ਉਹ ਕੁਝ ਨਾ ਬੋਲ ਸਕਿਆ ਆਂ ਮੇਰੇ ਕੋਲੋ ਵੀ ਕੁਝ ਨਾ ਬੋਲਿਆ ਗਿਆ।
ਇੰਡੀਅਨ ਕੌਂਸਿਲ ਆਫ ਸੋਸ਼ਲ ਸਾਇੰਸਸ ਰਿਸਰਚ
ਨਿਊ ਦਿੱਲੀ ਦਾ ਸੀਨੀਅ
ਡਾ. ਸ.ਸ. ਛੀਨਾ
ਮੈਂ ਕੀ ਰੁਲ ਜਾਣਾ
NEXT STORY