ਉਜਾਗਰ ਸਿੰਘ
ਅਜੋਕੇ ਜ਼ਮਾਨੇ ਵਿਚ ਹਰ ਉਭਰਦਾ ਨੌਜਵਾਨ ਅਤੇ ਇਨਸਾਨ ਇਸ਼ਕ ਮੁਹੱਬਤ ਦੇ ਸੋਹਲੇ ਗਾਉਂਦਾ ਰਹਿੰਦਾ ਹੈ। ਭਾਵੇਂ ਉਸਨੂੰ ਇਸ਼ਕ ਮੁਹੱਬਤ ਦੇ ਅਰਥਾਂ ਦੀ ਸਮਝ ਵੀ ਨਾ ਹੋਵੇ। ਇਸ਼ਕ ਮੁਹੱਬਤ ਆਮ ਤੌਰ ’ਤੇ ਦੋ ਤਰ੍ਹਾਂ ਦੇ ਕਹੇ ਜਾਂਦੇ ਹਨ। ਇਸ਼ਕ ਮਿਜ਼ਾਜ਼ੀ ਅਤੇ ਇਸ਼ਕ ਹਕੀਕੀ। ਇਸ਼ਕ ਹਕੀਕੀ ਵਲ ਤਾਂ ਕੋਈ ਟਾਵਾਂ-ਟਾਵਾਂ ਹੀ ਜਾਂਦਾ ਹੈ। ਸਾਰੇ ਇਸ਼ਕ ਮਿਜ਼ਾਜ਼ੀ ਦੇ ਚਕਰਾਂ ਵਿਚ ਉਲਝੇ ਰਹਿੰਦੇ ਹਨ। ਕੁਝ ਇਨਸਾਨ ਅਜਿਹੇ ਹੁੰਦੇ ਹਨ ਕਿ ਜਿਹੜੇ ਇਕ ਵੱਖਰੇ ਕਿਸਮ ਦੇ ਇਸ਼ਕ ਵਿਚ ਪਾਗਲ ਹੋਏ ਰਹਿੰਦੇ ਹਨ। ਵੱਖਰੀ ਕਿਸਮ ਦੇ ਇਸ਼ਕ ਨੂੰ ਸ਼ੌਕ ਦਾ ਇਸ਼ਕ ਕਹਿੰਦੇ ਹਨ, ਕਿਉਂਕਿ ਸ਼ੌਕ ਦੇ ਇਸ਼ਕ ਦਾ ਕੋਈ ਮੁਲ ਨਹੀਂ ਹੁੰਦਾ। ਉਸਦਾ ਮੁੱਲ ਤਾਂ ਇਨਸਾਨ ਨੂੰ ਆਪ ਉਤਾਰਨਾ ਪੈਂਦਾ ਹੈ।
ਅਦਾਕਾਰ ਅਤੇ ਨਿਰਦੇਸ਼ਕਾ ਪ੍ਰਮਿੰਦਰਪਾਲ ਕੌਰ
ਸ਼ੌਕ ਦੇ ਇਸ਼ਕ ਦੀ ਤਿਤਲੀ ਹੈ। ਅਦਾਕਾਰ ਅਤੇ ਨਿਰਦੇਸ਼ਕਾ ਪ੍ਰਮਿੰਦਰਪਾਲ ਕੌਰ, ਜਿਹੜੀ ਹਰ ਵਕਤ ਅਦਾਕਾਰੀ ਅਤੇ ਨਿਰਦੇਸ਼ਨਾਂ ਦੇ ਇਸ ਵਿਚ ਰੰਗੀ ਹੋਈ ਸੁਧ ਬੁਧ ਗਵਾਈ ਮਸਤ ਮਲੰਗ ਦੀ ਤਰ੍ਹਾਂ ਆਪਣੇ ਆਪ ਵਿਚ ਗਵਾਚੀ ਰਹਿੰਦੀ ਹੈ। ਅਦਾਕਾਰੀ ਅਤੇ ਨਿਰਦੇਸ਼ਨਾ ਹੀ ਉਸਦਾ ਸੰਸਾਰ ਹੈ। ਉਸਦੇ ਜੀਵਨ ਦਾ ਮੰਤਵ ਹੈ। ਉਹ ਅਜਿਹੇ ਇਨਸਾਨਾਂ ਵਿਚੋਂ ਹੈ, ਜਿਹੜੇ ਆਪਣੀ ਸਮਾਜਕ, ਪਰਿਵਾਰਿਕ ਅਤੇ ਦੁਨਿਆਵੀ ਜ਼ਿੰਦਗੀ ਨਾਲੋਂ ਆਪਣੀ ਕਲਾਤਮਿਕ ਪ੍ਰਵਿਰਤੀ ਨੂੰ ਸੰਤੁਸ਼ਟ ਕਰਨ ਨੂੰ ਤਰਜ਼ੀਹ ਦਿੰਦੇ ਹਨ। ਉਹ ਫ਼ਕਰ ਕਿਸਮ ਦੀ ਹੈ, ਜਿਹੜੀ ਹਮੇਸ਼ਾ ਆਪਣੀ ਕਲਾ ਨੂੰ ਪ੍ਰਣਾਈ ਰਹਿੰਦੀ ਹੈ। ਉਹ ਉਠਦਿਆਂ, ਬੈਠਦਿਆਂ, ਖਾਂਦਿਆਂ, ਪੀਂਦਿਆ ਅਤੇ ਸਮਾਜ ਵਿਚ ਵਿਚਰਦਿਆਂ ਕਲਾ ਵਿਚ ਸਮੋਈ ਰਹਿੰਦੀ ਹੈ। ਅਜਿਹੇ ਕਲਾਕਾਰਾਂ ਵਿਚ ਪੰਜਾਬੀ ਸਭਿਆਚਾਰ, ਸਭਿਅਤਾ, ਪਹਿਰਾਵਾ ਅਤੇ ਪਰੰਪਰਾਵਾਂ ਤੇ ਪਹਿਰਾ ਦੇਣ ਵਾਲੇ ਸਰਬਕਲਾ ਸੰਪੂਰਨ ਇਨਸਾਨ ਅਤੇ ਕਲਾਕਾਰ ਵਾਲੇ ਗੁਣ ਹੁੰਦੇ ਹਨ।
ਰੰਗਮੰਚ ਨੂੰ ਸਮਰਪਤ
ਪ੍ਰਮਿੰਦਰਪਾਲ ਕੌਰ ਜਿਹੜੀ ਕਲਾ ਨੂੰ ਸਮੁੱਚੇ ਤੌਰ ’ਤੇ ਸਮਰਪਤ ਹੈ, ਉਹ ਕਲਾ ਉਨ੍ਹਾਂ ਦੇ ਰੋਮ ਰੋਮ ਵਿਚ ਰਚੀ ਹੋਈ ਹੈ। ਖਾਸ ਤੌਰ ’ਤੇ ਰੰਗਮੰਚ ਦੀ ਉਹ ਲੱਟੂ ਹੈ। ਨਾਟਕ ਤਿਆਰ ਕਰਨੇ ਉਨ੍ਹਾਂ ਦੀ ਨਿਰਦੇਸ਼ਨਾ ਕਰਨੀ ਅਤੇ ਆਪ ਹੀ ਉਨ੍ਹਾਂ ਨਾਟਕਾਂ ਵਿਚ ਨਾਇਕਾ ਦੀ ਭੂਮਿਕਾ ਨਿਭਾਉਣੀ, ਉਸਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਘਰ ਫ਼ੂਕ ਤਮਾਸ਼ਾ ਵੇਖਣ ਵਾਲੀ ਨਾਇਕਾ ਹੈ। ਉਸਦੇ ਨਾਟਕਾਂ ਦੇ ਵਿਸ਼ੇ ਹਮੇਸ਼ਾ ਵਿਲੱਖਣ ਅਤੇ ਸਮਾਜਿਕ ਬੁਰਾਈਆਂ ਦੇ ਵਿਰੁਧ ਹੁੰਦੇ ਹਨ। ਖਾਸ ਤੌਰ ’ਤੇ ਇਸਤਰੀ ਜਾਤੀ ਤੇ ਹੋ ਰਹੀਆਂ ਘਿਨਾਉਣੀਆਂ ਹਰਕਤਾਂ ਦਾ ਪਰਦਾ ਫਾਸ ਕਰਨ ਵਾਲੇ ਹੁੰਦੇ ਹਨ। ਉਹ ਅਜਿਹੇ ਵਿਸ਼ੇ ਚੁਣਦੀ ਹੈ, ਜਿਨ੍ਹਾਂ ਦੇ ਕਈ ਵਾਰ ਆਮ ਲੋਕ ਨਾਮ ਲੈਣ ਤੋਂ ਵੀ ਝਿਜਕਦੇ ਹਨ। ਬਲਾਤਕਾਰ, ਨਸ਼ੇ, ਵਿਧਵਾ ਇਸਤਰੀਆਂ ਦਾ ਜੀਉਣਾ, ਦਾਜ ਅਤੇ ਆਦਿ। ਪ੍ਰੰਤੂ ਉਨ੍ਹਾਂ ਵਿਚ ਇੱਕ ਖ਼ੂਬੀ ਇਹ ਵੀ ਹੈ ਕਿ ਉਸਨੇ ਪਹਿਲਾਂ ਆਪਣੇ ਪਰਿਵਾਰ ਨੂੰ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਅਤੇ ਫਿਰ ਆਪਣੀ ਪ੍ਰਵਿਰਤੀ ਨੂੰ ਅਮਲੀ ਰੂਪ ਦੇਣ ਲਈ ਆਪਣੇ ਆਪ ਨੂੰ ਸਮਰਪਤ ਕੀਤਾ।
ਜਨਮ, ਪਰਿਵਾਰ, ਸਿੱਖਿਆ
ਪ੍ਰਮਿੰਦਰ ਪਾਲ ਕੌਰ ਦਾ ਜਨਮ ਪਿਤਾ ਅਵਤਾਰ ਸਿੰਘ ਅਤੇ ਮਾਤਾ ਸੁਖਵੰਤ ਕੌਰ ਦੇ ਘਰ ਪਟਿਆਲਾ ਜ਼ਿਲ੍ਹੇ ਦੇ ਨਾਭਾ ਸ਼ਹਿਰ ਵਿਚ 16 ਜਨਵਰੀ 1950 ਨੂੰ ਹੋਇਆ। ਉਨ੍ਹਾਂ ਨੇ ਗ੍ਰੈਜੂਏਸ਼ਨ ਸਰਕਾਰੀ ਗਰਲਜ਼ ਕਾਲਜ ਪਟਿਆਲਾ ਤੋਂ ਪਾਸ ਕੀਤੀ। ਐੱਮ.ਏ. ਸੰਗੀਤ ਵਿਚ ਵੀ ਦਾਖਲਾ ਲੈ ਲਿਆ ਸੀ ਪ੍ਰੰਤੂ 24 ਦਸੰਬਰ 1972 ਵਿਚ ਉਨ੍ਹਾਂ ਦਾ ਵਿਆਹ ਗੁਰਬਖਸ਼ ਸਿੰਘ ਨਾਲ ਹੋ ਗਿਆ, ਜਿਸ ਕਰਕੇ ਉਨ੍ਹਾਂ ਨੂੰ ਅੱਗੋਂ ਆਪਣੀ ਪੜ੍ਹਾਈ ਛੱਡਣੀ ਪਈ। ਵਿਆਹ ਤੋਂ ਬਾਅਦ ਉਸਨੇ ਨਾਟਕਾਂ ਨਾਲ ਆਪਣੀ ਸਾਂਝ ਬਰਕਰਾਰ ਰੱਖੀ। ਗੁਰਬਖਸ਼ ਸਿੰਘ ਬਟਾਲਾ ਦੇ ਨੇੜੇ ਬਹਾਦਰਪੁਰਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਰੁੜਕੀ ਤੋਂ ਉਸ ਨੇ ਐੱਮ.ਐੱਸ.ਸੀ.ਕੈਮਿਸਟਰੀ ਕਰਕੇ ਲੈਕਚਰਾਰ ਲੱਗ ਗਏ। ਉਹ ਵਿਗਿਆਨਕ ਸੋਚ ਦਾ ਮਾਲਕ ਸੀ।
ਕੋਮਲ ਕਲਾ ਵਾਲੀ ਕਲਾਕਾਰ
ਪ੍ਰਮਿੰਦਰ ਪਾਲ ਕੌਰ ਕੋਮਲ ਕਲਾ ਵਾਲੀ ਕਲਾਕਾਰ ਸੀ। ਉਹ 1975 ਵਿਚ ਪੰਜਾਬ ਰਾਜ ਬਿਜਲੀ ਬੋਰਡ ਵਿਚੋਂ ਸੀਨੀਅਰ ਅਕਾਊਂਟਸ ਆਫੀਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਇਹ ਵੀ ਅਜੀਬ ਇਤਫਾਕ ਹੈ ਕਿ ਲੇਖਾ ਵਰਗੇ ਰੁੱਖੇ ਵਿਸ਼ੇ ਦੀ ਮਾਹਿਰ ਅਤੇ ਨਾਲ ਹੀ ਅਦਾਕਾਰੀ ਦੀ ਮੁਹਾਰਤ ਰਖਦੀ ਹੋਵੇ। ਆਪ ਨੂੰ ਸਕੂਲ ਦੇ ਸਮੇਂ ਤੋਂ ਨੱਚਣ ਦਾ ਸ਼ੌਕ ਸੀ। ਇਸ ਲਈ ਸਕੂਲ ਦੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲ ਦੇ ਮੋਨੋ ਐਕਟਿੰਗ, ਭਾਸ਼ਣ ਪ੍ਰਤੀਯੋਗਤਾ ਅਤੇ ਗਿੱਧੇ ਦੇ ਮੁਕਾਬਲਿਆਂ ਵਿਚ ਵੀ ਹਿੱਸਾ ਲੈਣਾ ਸ਼ੁਰੂ ਕੀਤਾ, ਜਿਸ ਕਰਕੇ ਅਧਿਆਪਕਾਂ ਨੇ ਉਨ੍ਹਾਂ ਨੂੰ ਸਾਰੇ ਸਭਿਆਚਾਰਕ ਪ੍ਰੋਗਰਾਮਾਂ ਖਾਸ ਤੌਰ ’ਤੇ ਨਾਟਕਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਬਸ ਫਿਰ ਉਨ੍ਹਾਂ ਨੂੰ ਆਪਣੀ ਕਲਾ ਦੇ ਜੌਹਰ ਵਿਖਾਉਣ ਦਾ ਮੌਕਾ ਮਿਲ ਗਿਆ। ਵਿਮੈਨ ਕਾਲਜ ਵਿਚ ਆਪ ਦੀ ਕਲਾ ਨੂੰ ਚੰਗਾ ਮੌਕਾ ਮਿਲਿਆ, ਜਦੋਂ ਉਨ੍ਹਾਂ ਨੂੰ 15 ਅਗਸਤ ਅਤੇ 26 ਜਨਵਰੀ ਦੇ ਸਮਾਗਮਾਂ ਵਿਚ ਸ਼ਾਮਲ ਕੀਤਾ ਜਾਣ ਲੱਗ ਪਿਆ। ਆਪ ਨੂੰ 26 ਜਨਵਰੀ 1969 ਵਿਚ ਰਾਜ ਪੱਧਰ ਦੇ ਪ੍ਰੋਗਰਾਮ ਵਿਚ ਫੋਕ ਡਾਨਸਜ਼ ਵਿਚ ਚੰਗੀ ਕਲਾ ਦੇ ਜ਼ੌਹਰ ਵਿਖਾਉਣ ਕਰਕੇ ਸਟੇਟ ਕਲਰ ਮਿਲਿਆ, ਜਿਸਤੋਂ ਬਾਅਦ ਆਪਦੀ ਕਲਾ ਵਿਚ ਹੋਰ ਨਿਖਾਰ ਆ ਗਿਆ।
ਯੂਨੀਵਰਸਿਟੀ ਦੇ ਯੂਥ ਫ਼ੈਸਟੀਵਲਾਂ ਦਾ ਸ਼ਿੰਗਾਰ
ਯੂਨੀਵਰਸਿਟੀ ਦੇ ਯੂਥ ਫ਼ੈਸਟੀਵਲਾਂ ਦਾ ਵੀ ਉਹ ਸ਼ਿੰਗਾਰ ਰਹੇ। ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਮੋਨੋ ਐਕਟਿੰਗ ਵਿਚ ਸੋਨੇ ਦਾ ਤਮਗ਼ਾ ਪ੍ਰਦਾਨ ਕੀਤਾ। ਇਸ ਉਤਸ਼ਾਹ ਨਾਲ ਉਨ੍ਹਾਂ ਨੇ ਨਾਟਕਾਂ ਵਿਚ ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ 1978 ਵਿਚ ਆਈ.ਸੀ.ਨੰਦਾ ਦਾ ਨਾਟਕ ਕਿਰਾਏਦਾਰ ਨਿਰਦੇਸ਼ਤ ਕੀਤਾ। ਉਸ ਵਿਚ ਉਨ੍ਹਾਂ ਨੇ ਐਕਟਿੰਗ ਵੀ ਕੀਤੀ। ਇਸ ਤੋਂ ਬਾਅਦ ਕਈ ਨਾਟਕਾਂ ਵਿਚ ਐਕਟਿੰਗ ਕੀਤੀ। ਕਲਾ ਤੇ ਨਾਟਕ ਨਿਰਦੇਸ਼ਨ ਦੀ ਪ੍ਰਤਿਭਾ ਨੂੰ ਵੇਖਕੇ ਪੰਜਾਬ ਰਾਜ ਬਿਜਲੀ ਬੋਰਡ ਨੇ ਉਨ੍ਹਾਂ ਨੂੰ ਡਿਪਟੀ ਡਾਇਰੈਕਟਰ ਸਭਿਆਚਾਰਕ ਲਗਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਰੇਡੀਓ ਅਤੇ ਟੀ.ਵੀ. ਨੇ ਵੀ ਏ.ਗਰੇਡ ਕਲਾਕਾਰ ਪ੍ਰਵਾਣਤ ਕਰ ਦਿੱਤਾ। ਇਨ੍ਹਾਂ ਟੀ.ਵੀ., ਫਿਲਮਾਂ ਅਤੇ ਟੈਲੀ ਫਿਲਮਾਂ ਵਿਚ ਵੀ ਕੰਮ ਕੀਤਾ ਅਤੇ ਫਿਲਮਾਂ ਵਿਚ ਕੰਮ ਕਰਨ ਦੀਆਂ ਪੇਸ਼ਕਸ਼ਾਂ ਆਉਣ ਲੱਗ ਪਈਆਂ। ਪਤੀ ਗੁਰਬਖਸ਼ ਸਿੰਘ ਦੀ ਅਚਾਨਕ 24 ਦਸੰਬਰ 1977 ਨੂੰ ਦਿਲ ਫੇਲ੍ਹ ਹੋਣ ਕਰਕੇ ਮੌਤ ਹੋ ਗਈ, ਜਿਸ ਕਰਕੇ ਆਪਣੇ ਛੋਟੇ ਬੱਚਿਆਂ ਦੀ ਪਰਵਰਿਸ਼ ਦੇ ਮੱਦੇਨਜ਼ਰ ਇਨ੍ਹਾਂ ਨੇ ਪਟਿਆਲਾ ਤੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ।
ਸਰਵੋਤਮ ਨਿਰਦੇਸ਼ਕ ਦੇ ਅਵਾਰਡ
ਇਹ ਇੱਕ ਦਬੰਗ ਨਿਰਦੇਸ਼ਕ ਅਤੇ ਕਲਾਕਾਰ ਹਨ। ਇਸਤਰੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਵਚਨਬੱਧ ਹੈ। ਇਨ੍ਹਾਂ ਨੂੰ ਪੰਜਾਬੀ ਅਕਾਦਮੀ ਨਵੀਂ ਦਿੱਲੀ ਨੇ 1989 ਵਿਚ ਨਾਟਕ 'ਕੰਧਾਂ ਤੋਂ ਬਿਨਾ' ਅਤੇ 1992 ਵਿਚ 'ਉਧਾਰੀ ਕੁੱਖ' ਕਿਰਪਾਲ ਕਜਾਕ ਵਲੋਂ ਲਿਖੇ ਨਾਟਕਾਂ ਨੂੰ ਨਿਰਦੇਸ਼ਤ ਕਰਨ ਲਈ ਸਰਵੋਤਮ ਨਿਰਦੇਸ਼ਕ ਦੇ ਅਵਾਰਡ ਦਿੱਤੇ ਗਏ। ਇਨ੍ਹਾਂ ਨੇ ਇੱਕ ਕਲਾਤਮਕ ਸੰਸਥਾ ਕਲਾਕ੍ਰਿਤੀ ਬਣਾਈ ਹੋਈ ਹੈ, ਜਿਸਦੇ ਇਹ ਡਾਇਰੈਕਟਰ ਹਨ। ਇਸ ਸੰਸਥਾ ਪਿਛਲੇ 20 ਸਾਲਾਂ ਤੋਂ ਇਸਤਰੀਆਂ ਦੀਆਂ ਸਮੱਸਿਆਵਾਂ ਜਿਨ੍ਹਾਂ ਵਿਚ ਦਾਜ, ਭਰੂਣ ਹੱਤਿਆ, ਬਲਾਤਕਾਰ ਵਰਗੇ ਸੰਜੀਦਾ ਵਿਸ਼ਿਆਂ ਤੇ ਸੈਮੀਨਾਰ ਕਰਵਾਕੋ ਇਸਤਰੀਆਂ ਨੂੰ ਸਮਾਜਕ ਬੁਰਾਈਆਂ ਬਾਰੇ ਜਾਗਰੂਕ ਕਰ ਰਹੇ ਹਨ। ਉਦਾਹਰਨ ਲਈ ਵਿਧਵਾ ਇਸਤਰੀਆਂ ਦੀ ਜ਼ਿੰਦਗੀ, ਜਦੋਜਹਿਦ ਅਤੇ ਮੁਸ਼ਕਲਾਂ ਅਤੇ ਬਲਾਤਕਾਰ ਵਰਗੇ ਗੰਭੀਰ ਵਿਸ਼ਿਆਂ ’ਤੇ ਵੀ ਇਨ੍ਹਾਂ ਨੇ ਆਪਣੀ ਪ੍ਰਤਿਭਾ ਨਾਲ ਨਾਟਕ ਨਿਰਦੇਸ਼ਤ ਕਰਕੇ ਨਾਮਣਾਂ ਖੱਟਿਆ ਹੈ। ਨਸ਼ਿਆਂ ਦੀ ਸਮਾਜਕ ਬੁਰਾਈ ਬਾਰੇ ਆਪਦਾ ਨਿਰਦੇਸ਼ਤ ਕੀਤਾ ਨਾਟਕ 'ਕੋਈ ਦਿਓ ਜਵਾਬ' ਦੇ ਅਨੇਕਾਂ ਸ਼ੋਅ ਹੋ ਚੁੱਕੇ ਹਨ, ਜਿਸਨੂੰ ਲੋਕਾਂ ਵਲੋਂ ਬੇਹਦ ਸਲਾਹਿਆ ਜਾ ਰਿਹਾ ਹੈ।
ਇਸਤਰੀ ਜਾਤੀ ਦਾ ਮਾਰਗ ਦਰਸ਼ਨ
ਇਨ੍ਹਾਂ ਨੇ ਅਗਸਤ 1989 ਵਿਚ ਜਾਪਾਨ ਵਿਚ ਹੋਏ ਥੇਟਰ ਫੈਸਟੀਵਲ ਵਿਚ ਹਿੱਸਾ ਲਿਆ। ਨੌਕਰੀਆਂ ਕਰ ਰਹੀਆਂ ਇਸਤਰੀਆਂ ਤੇ ਦਫਤਰਾਂ ਵਿਚ ਹੋ ਰਹੇ ਜ਼ੁਲਮਾਂ ਬਾਰੇ ਬਣੀਆਂ ਕਮੇਟੀਆਂ ਦੇ ਵੀ ਇਹ ਮੈਂਬਰ ਹਨ। ਰੋਟਰੀ ਕਲੱਬ ਦੇ ਵੀ ਪ੍ਰਧਾਨ ਰਹੇ ਹਨ। ਇਨ੍ਹਾਂ ਨੂੰ ਫਾਊਂਡੇਸ਼ਨ ਆਫ ਰੋਟਰੀ ਇੰਟਰਨੈਸ਼ਨਲ ਵਲੋਂ ਪਾਲ ਹੈਰਿਸ ਫੈਲੋ ਆਫ ਦਾ ਰੋਟਰੀ ਮਿਲੀ ਹੋਈ ਹੈ। ਪ੍ਰਮਿੰਦਰ ਪਾਲ ਕੌਰ ਇੱਕ ਸੰਸਥਾ ਤੋਂ ਵੀ ਵੱਧ ਕੰਮ ਕਰ ਰਹੀ ਹੈ। ਪ੍ਰਮਿੰਦਰ ਪਾਲ ਕੌਰ ਦੀ ਸਭ ਤੋਂ ਵੱਡੀ ਖ਼ੂਬੀ, ਦਲੇਰੀ ਅਤੇ ਬਹਾਦਰੀ ਇਸੇ ਵਿਚ ਹੈ ਕਿ ਉਸਨੇ ਜ਼ਿੰਦਗੀ ਦੀਆਂ ਠੋਕਰਾਂ, ਵਕਤ ਦੀਆਂ ਕਰੋਪੀਆਂ, ਸਮਾਜ ਦੀਆਂ ਪਾਬੰਦੀਆਂ, ਹਾਲਾਤ ਦੀਆਂ ਮਜ਼ਬੂਰੀਆਂ, ਦਿਲ ਦੀਆਂ ਤਨਹਾਈਆਂ ਅਤੇ ਅਨੇਕਾਂ ਔਕੜਾਂ ਜਿਹੜੀਆਂ 27 ਸਾਲ ਦੀ ਭਰ ਜਵਾਨੀ ਵਿਚ ਸਿਰ ਦੇ ਸਾਂਈ ਦਾ ਸਾਇਆ ਉੱਠ ਜਾਣ ’ਤੇ ਆਉਂਦੀਆਂ ਹਨ, ਦੇ ਬਾਵਜੂਦ ਵੀ ਦਿਲ ਨਹੀਂ ਛੱਡਿਆ। ਹਥਿਆਰ ਨਹੀਂ ਸੁੱਟੇ ਅਤੇ ਨਾ ਹੀ ਹਾਰ ਮੰਨੀ ਹੈ ਸਗੋਂ ਤਲਖ ਹਕੀਕਤਾਂ ਦਾ ਮੁਕਾਬਲਾ ਕਰਦਿਆਂ ਜ਼ਿੰਦਗੀ ਨੂੰ ਖ਼ੁਸੀ ਖ਼ੁਸ਼ੀ ਜੀਵਿਆ, ਬੱਚਿਆਂ ਦੀ ਜ਼ਿੰਦਗੀ ਨੂੰ ਸੰਵਾਰਕੇ, ਉਨ੍ਹਾਂ ਨੂੰ ਸਮਾਜ ਵਿਚ ਇੱਜਤ ਤੇ ਮਾਣ ਨਾਲ ਜੀਵਨ ਜਿਓਣ ਦਾ ਢੰਗ ਸਿਖਾਇਆ ਹੈ। ਹਮੇਸ਼ਾ ਚੜ੍ਹਦੀ ਕਲਾ ਵਿਚ ਜੀਵਨ ਜਿਓਣ ਨੂੰ ਅਪਣਾਇਆ ਹੈ। ਅਸਲ ਵਿਚ ਉਨ੍ਹਾਂ ਹਾਲਾਤ ਨੂੰ ਹਰਾਕੇ ਸਮੁੱਚੀ ਇਸਤਰੀ ਜਾਤੀ ਦਾ ਮਾਰਗ ਦਰਸ਼ਨ ਕੀਤਾ ਹੈ ਅਤੇ ਇਹ ਦੱਸਿਆ ਹੈ ਕਿ ਔਰਤ ਅਬਲਾ ਨਹੀਂ ਸਗੋਂ ਜ਼ਿੰਦਗੀ ਦੇ ਹਰ ਸੋਹਬੇ ਵਿਚ ਸਫਲਤਾ ਪ੍ਰਾਪਤ ਕਰਨ ਦੇ ਸਮਰੱਥ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ਆਉਣ ਵਾਲੇ ਸਾਲ ਨਹੀਂ ਹੋਵੇਗੀ ਸਬਸਿਡੀ ਵਾਲੇ ਕੀਟਨਾਸ਼ਕਾਂ ਦੀ ਖਰੀਦ ਤੇ ਸਪਲਾਈ
NEXT STORY