ਸੋਚਾਂ ਦਾ ਪਾਣੀ ਵਗਦਾ ਰਹੇ
ਤਾਂ ਚੰਗਾ ਹੈ
ਆਸਾਂ ਦਾ ਦੀਵਾ ਜਗਦਾ ਰਹੇ
ਤਾਂ ਚੰਗਾ ਹੈ।
ਬੈਠੇ ਬਿਠਾਇਆਂ ਕੁਝ ਵੀ
ਸਿਖਿਆ ਨਹੀਂ ਜਾ ਸਕਦਾ
ਖੇਡ ਦੇ ਮੈਦਾਨ ਵਿਚ
ਫੱਟ ਵੱਜਦਾ ਰਹੇ
ਤਾਂ ਚੰਗਾ ਹੈ।
ਪੱਕੀਆਂ ਪਕਾਈਆਂ ਖਾਣੀਆਂ
ਸੌਖੀਆਂ ਨੇ ਬਾਹਲੀਆਂ
ਖੁਦ ਪਕਾਉਂਦੇ ਸਮੇਂ
ਹੱਥ ਸੜਦਾ ਰਹੇ
ਤਾਂ ਚੰਗਾ ਹੈ।
ਬਹੁਤਾ ਵਧੀਆ ਇਨਸਾਨ ਵੀ
ਘਮੰਡ ਕਦੇ ਕਰ ਜਾਂਦਾ
ਕਦੇ-ਕਦੇ ਇਲਜ਼ਾਮ ਕੋਈ
ਉਸਤੇ ਵੀ ਲੱਗਦਾ ਰਹੇ
ਤਾਂ ਚੰਗਾ ਹੈ।
ਵਿਸ਼ਵਾਸ ਕਰਨਾ ਹਰ ਕਿਸੇ ਤੇ
ਬਾਹਲੀ ਬੁਰੀ ਇਹ ਆਦਤ ਹੈ
ਚੰਗਾ ਬਣਕੇ ਬੁਰਾ ਕੋਈ
ਤੁਹਾਨੂੰ ਠੱਗਦਾ ਰਹੇ
ਤਾਂ ਚੰਗਾ ਹੈ।
ਕੱਲਿਆਂ ਦਾ ਕੀ ਜੀਣਾ
ਜਦ ਮਰਨਾ ਹਰ ਇਕ ਨੇ
ਕੱਲਾ-ਕੱਲਾ ਏ
ਮਰਨੇ ਤੋਂ ਬਾਅਦ ਵੀ ਕਬਰ
ਤੇ ਮੇਲਾ ਲੱਗਦਾ ਰਹੇ
ਤਾਂ ਚੰਗਾ ਹੈ।
ਰਸਤੇ ਸਭ ਦੇ ਜੁਦਾ ਨੇ
ਜੁਦਾ ਨੇ ਸਭ ਦੀਆਂ ਮੰਜ਼ਿਲਾਂ
ਪਰ ਦੁਨੀਆ ਲਈ ਕੁਝ ਕਰਨ ਲਈ
ਨਿਰਮਾਣ ਕਾਰਵਾਂ ਬਣ ਕੇ
ਚੱਲਦਾ ਰਹੇ ਤਾਂ ਚੰਗਾ ਹੈ ।
— ਰਮਨਦੀਪ ਕੌਰ ਨਿਰਮਾਣ