ਰਿਸ਼ਤੇ ਮਰਦੇ ਨਹੀਂ
ਕਤਲ ਹੁੰਦੇ ਨੇ...
ਕਿਤੇ ਧੋਖੇ ਦੇ ਖੰਜ਼ਰ
ਖੋਭੇ ਜਾਂਦੇ ਨੇ...
ਕਿਤੇ ਆਕੜਾਂ ਦੀਆਂ ਬੰਦੂਕਾਂ
ਦਾਗੀਆਂ ਜਾਂਦੀਆਂ ਨੇ...
ਕਿਤੇ ਮੈਂ ਕਿਉਂ ਝੁਕਾਂ
ਇਹ ਤਰਕ ਜੁੜਨ ਨਹੀਂ ਦਿੰਦਾ
ਕਿਤੇ ਬੇਰੁਖ਼ੀਆਂ ਦੇ ਝੱਖੜ
ਚਮਨ ਉਜਾੜ ਦਿੰਦੇ ਨੇ...
ਕਿਤੇ-ਕਿਤੇ ਚੰਗੇ-ਚੰਗੇ
ਰਿਸ਼ਤੇ ਚਲਦੇ-ਚਲਦੇ
ਡਿਗ ਪੈਂਦੇ ਨੇ
ਗਲਤਫ਼ਹਿਮੀ ਦੀ ਡੂੰਘੀ ਖਾਈ 'ਚ
ਉੱਤੇ ਹੀ ਦਮ ਤੋੜ ਜਾਂਦੇ ਨੇ
ਕਿਤੇ ਮਤੱਲਬ ਦੀਆਂ ਕੱਚੀਆਂ
ਰੱਸੀਆਂ ਨਾਲ ਫ਼ਾਹਾ ਲੈ
ਖੁਦਕੁਸ਼ੀ ਵੀ ਕਰ ਜਾਂਦੇ ਨੇ ਰਿਸ਼ਤੇ
ਕਿਤੇ ਮਜ਼ਬੂਰੀਆਂ ਦਾ ਜ਼ਹਿਰ
ਰਿਸ਼ਤੇ ਨੂੰ ਪੀਣਾ ਪੈਂਦਾ ਹੈ
ਬੇਵਫ਼ਾਈ ਦਾ ਤਗਮਾਂ ਲੈ
ਜਿਉਣਾ ਪੈਂਦਾ ਹੈ
ਕਿਤੇ-ਕਿਤੇ ਇਨਸਾਨ
ਇਕ ਪਾਸੜ ਨਿਭਾਉਂਦਾ ਹਾਰ ਜਾਂਦਾ
ਫਿਰ ਉਹ ਸੱਜਣਾ ਦੇ
ਚੁਬਾਰੇ ਤੋਂ ਉਡਾਰੀ ਮਾਰ ਜਾਂਦਾ
ਰਿਸ਼ਤੇ ਜਦੋਂ ਚੀਜਾਂ ਦੇ ਵਾਂਗ
ਵਰਤੇ ਜਾਣ ਲੱਗ ਪੈਣ
ਉਹ ਅਹਿਸਾਸ ਸੱਖਣੇ
ਹੌਲੇ-ਹੌਲੇ ਸੁੱਕ ਜਾਂਦੇ ਨੇ
ਸੁੱਕਦੇ-ਸੁੱਕਦੇ ਫਿਰ
ਇਕ ਦਿਨ ਮੁੱਕ ਜਾਂਦੇ ਨੇ...
ਰਿਸ਼ਤੇ ਮਰਦੇ ਨਹੀਂ
ਕਤਲ ਕੀਤੇ ਜਾਂਦੇ ਨੇ....
ਰਵਿੰਦਰ ਲਾਲਪੁਰੀ
94634-52261
ਇੱਕ ਫੌਜੀ ਦਾ ਸੁਨੇਹਾ
NEXT STORY