ਕਾਸ਼ ਮੈਂ ਹੁੰਦਾ ਧੁੱਪ ਦਾ ਟੋਟਾ
ਛਾਵਾਂ ਤਾਂ ਪੀ ਲੈਂਦਾ
ਠੰਢ ਕਿਸੇ ਦੀ ਪਿੰਡੇ ਮਲ ਕੇ
ਠੰਢਕ ਵਿਚ ਜੀਅ ਲੈਂਦਾ ।
ਕਾਸ਼ ਮੈਂ ਹੁੰਦਾ ਕਾਲਾ ਬੱਦਲ
ਵਰ੍ਹਦਾ ਵਿਚ ਬਰੇਤੇ
ਪੀ ਲੈਂਦਾ ਮੈਂ ਤਪਸ਼ ਰੇਤ ਦੀ
ਕਰਦੀ ਮੈਨੂੰ ਚੇਤੇ ।
ਕਾਸ਼ ਮੈਂ ਹੁੰਦਾ ਚੰਨ ਚਾਨਣੀ
ਨੇਰ੍ਹਾ ਤਾਂ ਪੀ ਲੈਂਦਾ
ਨੇਰ੍ਹ ਕਿਸੇ ਦਾ ਹਸ ਕੇ ਪੀ ਕੇ
ਹਸ ਕੇ ਤਾਂ ਜੀਅ ਲੈਂਦਾ ।
ਕਾਸ਼ ਮੈਂ ਹੁੰਦਾ ਵਾ ਦਾ ਰੁਮਕਾ
ਮੁੜ੍ਹਕਾ ਤਾਂ ਪੀ ਲੈਂਦਾ
ਮਿਹਨਤਕਸ਼ ਦਾ ਪੀ ਕੇ ਮੁੜ੍ਹਕਾ
ਤ੍ਰੇਹ ਆਪਣੀ ਜੀਅ ਲੈਂਦਾ ।
ਕਾਸ਼ ਮੈਂ ਹੁੰਦਾ ਤ੍ਰੇਲ ਦਾ ਤੁਪਕਾ
ਪੱਤੀਆਂ ਤਾਂ ਚੁੰਮ ਲੈਂਦਾ
ਪੀਂਦਾ ਜਾਂ ਮਕਰੰਦ ਫੁੱਲ ਦੀ
ਖ਼ੁਸ਼ਬੋ ਤਾਂ ਜੀਅ ਲੈਂਦਾ ।
ਕਾਸ਼ ਮੈਂ ਹੁੰਦਾ ਟੁੱਟਿਆ ਤਾਰਾ
ਮੁਰਾਦ ਕਿਸੇ ਦੀ ਬਣਦਾ
ਆਸਾਂ ਦੇ ਮੈਂ ਉਡਦੇ ਜੁਗਨੂੰ
ਚੁੱਪ ਚੁਪੀਤੇ ਫੜਦਾ ।
ਕਾਸ਼ ਮੈਂ ਹੁੰਦਾ ਚੰਨ ਦਾ ਗੋਲਾ
ਨਾ ਘਟਦਾ ਨਾ ਵਧਦਾ
ਨੇਰ੍ਹ ਪੱਖ ਵੀ ਚਾਨਣ ਵੰਡਦਾ
ਵੰਡਦਾ ਕਦੇ ਨਾ ਥੱਕਦਾ ।
ਕਾਸ਼ ਮੈਂ ਹੁੰਦਾ ਬੂੰਦ ਸਵਾਤੀ
ਚਾਤ੍ਰਿਕ ਪਿਆਸ ਬਝਾਉਂਦਾ
ਜਾਂ ਡਿਗਦਾ ਮੈਂ ਸਿੱਪੀ ਦੇ ਮੂੰਹ
ਇਕ ਮੋਤੀ ਬਣ ਜਾਂਦਾ ।
ਕਾਸ਼ ਮੈਂ ਹੁੰਦਾ ਨਿਰਮਲ ਝਰਨਾ
ਕੱਲ ਕੱਲ ਕਰਦਾ ਵਹਿੰਦਾ
ਮੈਲ ਹੂੰਝਦਾ ਪਿਆਸ ਬੁਝਾਉਂਦਾ
ਸਾਗਰ ਵਿਚ ਮਿਲ ਜਾਂਦਾ ।
ਕਾਸ਼ ਮੈਂ ਹੁੰਦਾ ਸੁੱਕਾ ਰੁੱਖੜਾ
ਵੇਲ ਨੂੰ ਹੱਥ ਫੜ੍ਹਾਉਂਦਾ
ਮੌਤ ਵਿਚ ਵੀ ਜੀਵਨ ਜਿਉਂਦਾ
ਕਿਸਮਤ 'ਤੇ ਇਤਰਾਉਂਦਾ ।
ਕਾਸ਼ ਮੈਂ ਹੁੰਦਾ ਗੈਂਦੇ ਦਾ ਫੁੱਲ
ਕੋਈ ਤਾਂ ਹਾਰ ਬਣਾਉਂਦਾ
ਹੱਥ ਜੋੜ ਕੇ ਸੀਸ ਨਿਵਾ ਕੇ
ਪ੍ਰਭ ਚਰਨਾਂ ਰੱਖ ਆਉਂਦਾ ।
ਕਾਸ਼ ਮੈਂ ਹੁੰਦਾ ਪਾਕ ਤਮੰਨਾ
ਦਿਲ ਜ਼ਿਹਨ ਵਸ ਜਾਂਦਾ
ਪਸ਼ੂ ਬਿਰਤੀਆਂ ਛੱਡ ਘਾਟ 'ਤੇ
ਗੰਗਾ ਡੁਬਕੀ ਲਾਉਂਦਾ ।
ਸਵਰਨ ਸਿੰਘ
ਸ਼ਿਮਲਾ