ਪੁਰਾਣੇ ਇਤਿਹਾਸ ਵੱਲ ਨਜ਼ਰ ਮਾਰੀਏ ,ਸਿੰਧੂ ਘਾਟੀ ਦੀ ਗੱਲ ਕਰੀਏ ਜਾਂ ਵੈਦਿਕ ਕਾਲ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਔਰਤ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਪੂਰੀ ਅਜ਼ਾਦੀ ਸੀ । ਸਮਾਜ ਵਿਚ ਔਰਤਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਸੀ । ਪ੍ਰਾਚੀਨ ਕਾਲ ਵਿਚ ਔਰਤ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਸਕਦੀ ਸੀ ।ਘਰ ਦੇ ਸਾਰੇ ਕੰਮ, ਰੀਤੀ ਰਿਵਾਜ ਔਰਤ ਤੋਂ ਬਿਨਾਂ ਅਧੂਰੇ ਮੰਨੇ ਜਾਂਦੇ ਸਨ ।ਪਿਤਾ ਪੁਰਖੀ ਪਰਿਵਾਰ ਵਾਂਗ ਮਾਤਾ ਪੁਰਖੀ ਪਰਿਵਾਰ ਵੀ ਸਨ ਉਸ ਸਮੇਂ ਮਾਤਾ ਪੁਰਖੀ ਪਰਿਵਾਰਾਂ ਵਿਚ ਪਰਿਵਾਰ ਦੀ ਸਭ ਤੋਂ ਵਡੇਰੀ ਉਮਰ ਦੀ ਔਰਤ ਨੂੰ ਪਰਿਵਾਰ ਦੀ ਮੁੱਖੀ ਮੰਨਿਆ ਜਾਂਦਾ ਸੀ । ਸਮਾਜ ਵਿਚ ਮਰਦ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਰਹੀ ਹੈ ਪਰ ਇਤਿਹਾਸ ਗਵਾਹ ਹੈ ਕਿ ਔਰਤ ਤੋਂ ਬਿਨ੍ਹਾਂ ਪਰਿਵਾਰ ਅਤੇ ਸਮਾਜ ਬਿਲਕੁਲ ਅਧੂਰਾ ਹੈ। ਘਰ ਦੀ ਹੋਂਦ ਔਰਤ ਤੇ ਨਿਰਭਰ ਹੈ ਜੇਕਰ ਔਰਤ ਦੇ ਰੋਜ਼ਾਨਾ ਕੰਮਾਂ ਨੂੰ ਹੀ ਨਜ਼ਰ ਮਾਰੀਏ ਤਾਂ ਪੁਰਾਣੇ ਸਮੇਂ ਵਿਚ ਔਰਤਾਂ ਸਵੇਰੇ ਤੜਕੇ ਉੱਠਕੇ ਰੋਟੀ ਬਣਾਉਣ ਲਈ ਹੱਥ ਚੱਕੀ 'ਤੇ ਆਟਾ ਪੀਸਦੀਆਂ ਸਨ ਪੂਰੇ ਪਰਿਵਾਰ ਲਈ ਰੋਟੀਆਂ ਪਕਾਉਣ ਤੋਂ ਲੈ ਕੇ ਪਸ਼ੂਆਂ ਆਦਿ ਦਾ ਕੰੰਮ ਵੀ ਕਰਦੀਆਂ ਸਨ । ਪਰਿਵਾਰ ਇਕੱਠੇ ਹੋਣ ਕਰਕੇ ਇਕੱਠੀਆਂ ਕੰਮ ਕਰ ਲੈਦੀਆਂ ਸਨ । ਜ਼ਿਆਦਾ ਕੰਮ ਕਰਨ ਵਾਲੀ ਅਤੇ ਵਡੇਰੀ ਉਮਰ ਦੀ ਔਰਤ ਦਾ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਸੀ । ਸਮਾਂ ਬੀਤਣ ਨਾਲ ਅੱਜ ਪੁਰਾਣੇ ਸੱਭਿਆਚਾਰ ਦੀ ਤਸਵੀਰ ਪੰਜਾਬ ਵਿਚੋਂ ਅਲੋਪ ਹੁੰਦੀ ਜਾ ਰਹੀ ਹੈ ।ਅੱਜ ਇਕੱਲਤਾ ਭਾਰੂ ਹੋ ਚੁੱਕੀ ਹੈ ਹਰ ਇਕ ਨੂੰ ਦੂਜੇ ਦੀ ਦਖਲ-ਅੰਦਾਜੀ ਪਸੰਦ ਨਹੀਂ ਹੈ ।
ਅੱਜ ਦੇਸ਼ ਨੰੰੂੰ ਆਜ਼ਾਦ ਹੋਇਆ ਸੱਤਰ ਸਾਲ ਹੋ ਚੁੱਕੇ ਹਨ ਅੱਜ ਵੀ ਅਸੀਂ ਔਰਤਾਂ ਨੂੰ ਮਰਦ ਦੇ ਬਰਾਬਰ ਹੱਕ ਦੇਣ ਵਿਚ ਅਸਫਲ ਰਹੇ ਹਾਂ । ਭਾਵੇਂ ਇਸ ਸੰਬੰਧ ਵਿਚ ਸੰਵਿਧਾਨ ਦੇ ਬਰਾਬਰ ਅਧਿਕਾਰ ਦਿੱਤੇ ਹੋਏ ਹਨ। ਅੱਜ ਵੀ ਜ਼ਿਆਦਾਤਰ ਪਰਿਵਾਰਾਂ ਵਿਚ ਜਦੋਂ ਬੱਚੇ ਦਾ ਜਨਮ ਹੋਣਾ ਹੁੰਦਾ ਹੈ ਤਾਂ ਲੜਕੇ ਦੇ ਪੈਦਾ ਹੋਣ ਦੀ ਕਾਮਨਾ ਕੀਤੀ ਜਾਂਦੀ ਹੈ ਜੇਕਰ ਲੜਕੀ ਪੈਦਾ ਹੋ ਜਾਵੇ ਤਾਂ ਘਰ ਵਿਚ ਮਾਤਮ ਛਾ ਜਾਂਦਾ ਹੈ । ਸ਼ੁਰੂ ਤੋਂ ਖਾਣੇ ਪੀਣੇ, ਪੜ੍ਹਨ ਤੇ ਹੋਰ ਮਾਮਲਿਆ ਵਿਚ ਲੜਕੇ ਅਤੇ ਲੜਕੀ ਵਿਚ ਅੱਜ ਵੀ ਫਰਕ ਸਮਝਿਆ ਜਾ ਰਿਹਾ ਹੈ ।ਬੇਸ਼ੱਕ ਕਸੂਰ ਲੜਕੇ ਦਾ ਹੋਵੇ ਪਰ ਅੰਤ ਵਿਚ ਕਸੂਰਵਾਰ ਲੜਕੀ ਹੀ ਠਹਿਰਾਈ ਜਾਂਦੀ ਹੈ, ਜੇਕਰ ਲੜਕੀ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੇ ਤਾਂ ਸਮਾਜ ਉਸਨੂੰ ਦੋਸ਼ੀ ਅਤੇ ਚਰਿੱਤਰਹੀਣ ਸਮਝਣ ਲੱਗਦਾ ਹੈ, ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਔਰਤ ਪ੍ਰਤੀ ਸਮਾਜ ਦੀ ਸੌੜੀ ਮਾਨਸਿਕਤਾ ਹੈ ।ਸਮਾਜ ਦਾ ਦੂਜਾ ਪੱਖ ਇਹ ਵੀ ਹੈ ਕਿ ਮਰਦ ਨੂੰ ਹੀ ਔਰਤ ਦੇ ਉਪਰੋਕਤ ਕਾਰਨਾਂ ਦਾ ਜ਼ਿੰਮੇਵਾਰ ਸਮਝਿਆ ਜਾਂਦਾ ਹੈ ਇਹ ਪੂਰਨ ਤੌਰ 'ਤੇ ਠੀਕ ਨਹੀਂ ਹੈ ਕਿਉਂਕਿ ਕਈ ਵਾਰੀ ਦਾਜ-ਦਹੇਜ ਪ੍ਰਤੀ ਕੇਸਾਂ ਵਿਚ ਲੜਕੀ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਤੰਗ ਕਰਨ ਵਾਲਿਆਂ ਵਿਚ ਲੜਕਾ ਜਾਂ ਸਹੁਰਾ ਹੀ ਜ਼ਿੰਮੇਵਾਰ ਨਹੀਂ ਹੁੰਦੇ, ਵੱਡੇ ਤੌਰ ਤੇ ਸੱਸ ਅਤੇ ਨਨਾਣ ਜ਼ਿੰਮੇਵਾਰ ਨਿਕਲਦੀਆਂ ਹਨ ਇਸੇ ਤਰ੍ਹਾਂ ਭਰੂਣ ਹੱਤਿਆਵਾਂ ਵਿਚ ਔਰਤਾਂ ਦੀ ਮਰਜੀ ਜ਼ਿਆਦਾ ਸ਼ਾਮਿਲ ਹੁੰਦੀ ਹੈ ।ਸ਼ਰੀਰਕ ਸ਼ੋਸ਼ਣ ਵਿਚ ਇਕੱਲੇ ਮਰਦ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ ਪਰ ਕਈ ਵਾਰੀ ਔਰਤ ਦੀ ਚੁੱਪ ਅਤੇ ਮਰਜੀ ਵੀ ਸ਼ਾਮਿਲ ਹੁੰਦੀ ਹੈ ਜੇਕਰ ਔਰਤ ਸ਼ੁਰੂ ਤੋਂ ਡਟ ਕੇ ਵਿਰੋਧ ਕਰੇ ਤਾਂ ਮਰਦ ਦੀ ਹਿੰਮਤ ਨਹੀਂ ਕਿ ਮਰਦ ਗਲਤੀ ਕਰਨ ਦੀ ਕੋਸ਼ਿਸ਼ ਕਰੇ ਇੱਥੇ ਇਹ ਕਹਿਣਾ ਜ਼ਰੂਰੀ ਹੈ ਕਿ ਸਾਰੇ ਪੁਰਸ਼ ਮਾੜੇ ਨਹੀਂ ਹੁੰਦੇ ਕੁਝ ਘਟੀਆਂ ਜ਼ਰੂਰ ਹੋ ਸਕਦੇ ਹਨ।
ਅੱਜ ਦੀ ਔਰਤ ਪਹਿਲਾਂ ਨਾਲੋਂ ਕਾਫੀ ਤਰੱਕੀ ਕਰ ਚੁੱਕੀ ਹੈ ਔਰਤ ਅਤੇ ਮਰਦ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ ਅਤੇ ਦੋਵੇਂ ਇਕ ਦੂਜੇ ਦੇ ਪੂਰਕ ਹਨ ਔਰਤ ਮਾਂ,ਭੈਣ,ਪਤਨੀ ਅਤੇ ਬੇਟੀ ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ ਜੋ ਸਮਾਜ ਵਿੱਚ ਵੱਖ-ਵੱਖ ਤਰਾਂ ਦੇ ਰਿਸਤੇ ਨਿਭਾਂਉਦੀ ਹੈ ਲੜਕੀ ਵਿਆਹ ਤੋਂ ਪਿੱਛੋ ਦੌ ਪਰਿਵਾਰਾਂ ਦਾ ਮਾਣ ਸਨਮਾਨ ਰੱਖਦੀ ਹੈ । ਔਰਤ ਹੀ ਹੈ ਜੋ ਮਰਦ (ਪੁੱਤਰ) ਨੂੰ ਜਨਮ ਦਿੰਦੀ ਹੈ ਮਾਂ ਹੀ ਬੱਚਿਆਂ ਦੀ ਪਹਿਲੀ ਗੁਰੁ ਹੈ ਜੋ ਬੱਚਿਆਂ ਨੂੰ ਚੰਗੇ ਸੰਸ਼ਕਾਰ ਦਿੰਦੀ ਹੈ ਜਿਸ ਮਾਂ ਜਾਂ ਪਤਨੀ ਨੇ ਆਪਣੇ ਘਰ ਨੂੰ ਸਵਰਗ ਬਣਾ ਲਿਆ ਹੈ ਉਸ ਘਰ ਦੇ ਪਰਿਵਾਰਿਕ ਮੈਬਰਾਂ ਨੂੰ ਕਿਸੇ ਹੋਰ ਸਵਰਗ ਦੀ ਲੋੜ ਨਹੀਂ ਰਹਿੰਦੀ ।ਬੇਸ਼ੱਕ ਪੁਰਸ਼ ਪ੍ਰਧਾਨ ਸਮਾਜ ਅੱਜ ਵੀ ਔਰਤਾਂ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਜ਼ਿਆਦਾ ਯੋਗਦਾਨ ਨਹੀਂ ਪਾ ਰਿਹਾ ਪਰੰਤੂ ਸੱਚਾਈ ਇਹ ਹੀ ਹੈ ਕਿ ਔਰਤ ਤੋਂ ਬਿਨਾਂ ਘਰ, ਮਕਾਨ ਹੀ ਰਹਿੰਦਾ ਹੈ ਅਤੇ ਔਰਤ ਤੋਂ ਬਿਨਾ ਘਰ ਅਤੇ ਸਮਾਜ ਦੀ ਨੀਂਹ ਨਹੀਂ ਰੱਖੀ ਜਾ ਸਕਦੀ।
ਮਾ. ਗੁਰਜਤਿੰਦਰਪਾਲ ਸਿੰਘ ਸਾਧੜਾ
ਅਨੰਦਪੁਰ ਸਾਹਿਬ
9463148284
ਭੁੱਖੇ ਕਾਮੇ ਮੁਲਕ ਨੂੰ ਸ਼ਰਾਪ ਦਿੰਦੇ ਹਨ
NEXT STORY