ਨਵੀਂ ਦਿੱਲੀ : ਮਹਾਕੁੰਭ 'ਚ ਜਾਣ ਵਾਲੇ ਸ਼ਰਧਾਲੂਆਂ ਦੀ ਵੱਡੀ ਭੀੜ ਕਾਰਨ ਸ਼ਨੀਵਾਰ ਰਾਤ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਾਜੜ ਮਚ ਗਈ। ਇਸ ਕਾਰਨ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦਰਜਨਾਂ ਜ਼ਖਮੀ ਹਨ। ਜ਼ਖਮੀਆਂ ਨੂੰ ਇਲਾਜ ਲਈ ਲੋਕਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ। ਭਾਜੜ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ 9 ਔਰਤਾਂ, 4 ਮਰਦ ਅਤੇ 5 ਬੱਚੇ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਰਾਤ ਪ੍ਰਯਾਗਰਾਜ ਟ੍ਰੇਨ ਪਲੇਟਫਾਰਮ ਨੰਬਰ 14 'ਤੇ ਖੜ੍ਹੀ ਸੀ। ਇਸ 'ਤੇ ਸਵਾਰ ਹੋਣ ਲਈ ਵੱਡੀ ਗਿਣਤੀ 'ਚ ਲੋਕ ਪੁੱਜੇ ਹੋਏ ਸਨ। ਸਵਤੰਤਰ ਸੈਨਾਨੀ ਐਕਸਪ੍ਰੈਸ ਅਤੇ ਭੁਵਨੇਸ਼ਵਰ ਰਾਜਧਾਨੀ ਦੇ ਦੇਰੀ ਨਾਲ ਚੱਲਣ ਕਾਰਨ ਇਸ ਦੇ ਯਾਤਰੀ ਪਲੇਟਫਾਰਮ ਨੰਬਰ 12, 13 ਅਤੇ 14 'ਤੇ ਵੀ ਸਨ। ਇਸ ਦੌਰਾਨ ਪ੍ਰਯਾਗਰਾਜ ਟਰੇਨ ਦੇ ਹੋਰ ਯਾਤਰੀ ਆਉਣੇ ਸ਼ੁਰੂ ਹੋ ਗਏ। ਇਸ ਕਾਰਨ ਪਲੇਟਫਾਰਮ ਨੰਬਰ 16 ਦੇ ਐਸਕੇਲੇਟਰ ਨੇੜੇ ਅਤੇ ਪਲੇਟਫਾਰਮ ਨੰਬਰ 14 ਤੇ 15 ’ਤੇ ਭਾਜੜ ਮੱਚ ਗਈ। ਇਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕ ਡਿੱਗ ਗਏ। ਲੋਕ ਉਨ੍ਹਾਂ ਨੂੰ ਪਾਰ ਕਰਨ ਲੱਗੇ।

ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਲੋਕਨਾਇਕ ਸਮੇਤ ਹੋਰ ਹਸਪਤਾਲਾਂ ਵਿੱਚ ਭੇਜਿਆ ਗਿਆ। ਲੋਕਨਾਇਕ ਹਸਪਤਾਲ ਪ੍ਰਸ਼ਾਸਨ ਨੇ 15 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਐਤਵਾਰ ਨੂੰ ਛੁੱਟੀ ਹੋਣ ਕਾਰਨ ਸ਼ਨੀਵਾਰ ਨੂੰ ਵੱਡੀ ਗਿਣਤੀ 'ਚ ਲੋਕ ਪ੍ਰਯਾਗਰਾਜ ਜਾਣ ਲਈ ਇਕੱਠੇ ਹੋਏ ਸਨ। ਸ਼ਨੀਵਾਰ ਨੂੰ ਵੀ ਆਮ ਟਿਕਟਾਂ ਦੀ ਕਾਫੀ ਵਿਕਰੀ ਹੋਈ।
ਭਾਜੜ ਪਲੇਟਫਾਰਮ 'ਤੇ ਨਹੀਂ ਸਗੋਂ ਪੌੜੀਆਂ 'ਤੇ ਮਚੀ
ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਵਾਪਰੀ ਘਟਨਾ 'ਚ ਆਪਣੀ ਮਾਂ ਨੂੰ ਗੁਆਉਣ ਵਾਲੇ ਇਕ ਚਸ਼ਮਦੀਦ ਨੇ ਦੱਸਿਆ ਕਿ ਭਾਜੜ ਪਲੇਟਫਾਰਮ 'ਤੇ ਨਹੀਂ ਸਗੋਂ ਪਲੇਟਫਾਰਮ 'ਤੇ ਜਾਣ ਵਾਲੀਆਂ ਪੌੜੀਆਂ 'ਤੇ ਮਚੀ। ਚਸ਼ਮਦੀਦ ਨੇ ਦੱਸਿਆ, ''ਮੈਂ ਆਪਣੇ ਪਰਿਵਾਰ ਨਾਲ ਛਪਰਾ ਜਾ ਰਿਹਾ ਸੀ। ਅਸੀਂ ਪੌੜੀਆਂ ਉਤਰ ਰਹੇ ਸਾਂ ਅਤੇ ਸਾਹਮਣੇ ਪਲੇਟਫਾਰਮ ਸਾਧਾਰਨ ਲੱਗ ਰਿਹਾ ਸੀ। ਕਿਸੇ ਵਿਗਾੜ ਦਾ ਕੋਈ ਸੰਕੇਤ ਨਹੀਂ ਸੀ। ਪੌੜੀਆਂ 'ਤੇ ਅਚਾਨਕ ਭੀੜ ਇਕੱਠੀ ਹੋ ਗਈ ਅਤੇ ਵੱਡੀ ਗਿਣਤੀ 'ਚ ਲੋਕ ਹੇਠਾਂ ਆਉਣ ਲੱਗੇ। ਮੇਰੀ ਮਾਂ ਅਤੇ ਕਈ ਔਰਤਾਂ ਡਿੱਗ ਪਈਆਂ, ਜਦੋਂਕਿ ਹੋਰ ਉਨ੍ਹਾਂ ਨੂੰ ਲਤਾੜਦੀਆਂ ਲੰਘ ਗਈਆਂ। ਹੋਰ ਚਸ਼ਮਦੀਦਾਂ ਨੇ ਦੱਸਿਆ ਕਿ ਪ੍ਰਯਾਗਰਾਜ ਮਹਾਕੁੰਭ ਲਈ ਜਾਣ ਵਾਲੀਆਂ ਰੇਲਗੱਡੀਆਂ 'ਤੇ ਚੜ੍ਹਨ ਲਈ ਬਹੁਤ ਸਾਰੇ ਯਾਤਰੀ ਬਿਨਾਂ ਟਿਕਟ ਦੇ ਪਲੇਟਫਾਰਮ 'ਤੇ ਪਹੁੰਚ ਗਏ ਸਨ।
ਹਾਦਸੇ 'ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਤਾਇਆ ਦੁੱਖ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮਚੀ ਭਾਜੜ 'ਤੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰਪਤੀ ਦਫਤਰ ਨੇ ਟਵਿੱਟਰ 'ਤੇ ਲਿਖਿਆ, ''ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਾਜੜ ਵਿਚ ਲੋਕਾਂ ਦੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਮੈਂ ਦੁਖੀ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦੀ ਹਾਂ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਦਸੇ 'ਤੇ ਜਤਾਇਆ ਦੁੱਖ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਬੁਰੀ ਖ਼ਬਰ ਹੈ। ਰੇਲਵੇ ਪਲੇਟਫਾਰਮ 'ਤੇ ਮਚੀ ਭਾਜੜ ਕਾਰਨ ਜਾਨੀ ਨੁਕਸਾਨ ਤੋਂ ਮੈਂ ਬਹੁਤ ਦੁਖੀ ਹਾਂ। ਇਸ ਦੁੱਖ ਦੀ ਘੜੀ ਵਿੱਚ ਮੇਰੀ ਹਮਦਰਦੀ ਦੁਖੀ ਪਰਿਵਾਰਾਂ ਨਾਲ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਡਾਕਟਰਾਂ ਅਤੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਢੁਕਵੇਂ ਨਿਰਦੇਸ਼ ਦਿੱਤੇ ਹਨ। ਦਿੱਲੀ ਦੇ ਮੁੱਖ ਸਕੱਤਰ ਨੇ ਵੱਖ-ਵੱਖ ਹਸਪਤਾਲਾਂ 'ਚ ਵੱਡੀ ਮੈਡੀਕਲ ਟੀਮ ਨੂੰ ਡਿਊਟੀ 'ਤੇ ਲਗਾਇਆ ਹੈ। ਰੇਲਵੇ ਨੇ ਜਾਂਚ ਲਈ ਬਣਾਈ ਕਮੇਟੀ ਰੇਲਵੇ ਬੋਰਡ ਦੇ ਸੂਚਨਾ ਅਤੇ ਪ੍ਰਚਾਰ ਦੇ ਕਾਰਜਕਾਰੀ ਨਿਰਦੇਸ਼ਕ ਦਲੀਪ ਕੁਮਾਰ ਨੇ ਦੱਸਿਆ ਕਿ ਅੱਜ ਸ਼ਾਮ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਗਿਣਤੀ ਆਮ ਨਾਲੋਂ ਕਿਤੇ ਜ਼ਿਆਦਾ ਸੀ, ਜਿਸ ਨੂੰ ਦੇਖਦੇ ਹੋਏ ਰੇਲਵੇ ਨੇ ਨਿਯਮਤ ਟਰੇਨਾਂ ਦੇ ਨਾਲ-ਨਾਲ ਸਪੈਸ਼ਲ ਟਰੇਨਾਂ ਵੀ ਚਲਾਈਆਂ ਮਾਮਲੇ ਦੀ ਜਾਂਚ ਲਈ ਦੋ ਮੈਂਬਰੀ ਹਾਈ ਕੋਰਟ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 10 ਫਰਵਰੀ 2013 ਨੂੰ ਪ੍ਰਯਾਗਰਾਜ ਸਟੇਸ਼ਨ 'ਤੇ ਭਾਜੜ ਮੱਚ ਗਈ ਸੀ।
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਟਵੀਟ ਕਰਕੇ ਘਟਨਾ 'ਤੇ ਜਤਾਇਆ ਦੁੱਖ
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ ਇਸ ਦੁਖਾਂਤ ਦੇ ਪੀੜਤ ਪਰਿਵਾਰਾਂ ਦੇ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਮੁੱਖ ਸਕੱਤਰ ਨੂੰ ਰਾਹਤ ਕਰਮਚਾਰੀ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਸਕੱਤਰ ਅਤੇ ਪੁਲਸ ਕਮਿਸ਼ਨਰ ਨੂੰ ਮੌਕੇ 'ਤੇ ਰਹਿਣ ਅਤੇ ਰਾਹਤ ਕਾਰਜਾਂ ਨੂੰ ਕੰਟਰੋਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੈਂ ਲਗਾਤਾਰ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਿਹਾ ਹਾਂ।
ਨਵੀਂ ਦਿੱਲੀ ਰੇਲਵੇ ਸਟੇਸ਼ਨ ਹਾਦਸੇ 'ਚ ਲੋਕਾਂ ਦੀ ਮੌਤ ਬਹੁਤ ਦਿਲ ਕੰਬਾਊ ਘਟਨਾ : ਸੀਐੱਮ ਯੋਗੀ
ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਹੋਏ ਹਾਦਸੇ ਵਿੱਚ ਲੋਕਾਂ ਦੀ ਮੌਤ ਬਹੁਤ ਦੁਖਦ ਅਤੇ ਦਿਲ ਕੰਬਾਊ ਘਟਨਾ ਹੈ। ਮੇਰੀ ਸੰਵੇਦਨਾ ਦੁਖੀ ਪਰਿਵਾਰਾਂ ਨਾਲ ਹੈ। ਮੈਂ ਭਗਵਾਨ ਸ਼੍ਰੀ ਰਾਮ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖਸ਼ਣ, ਦੁਖੀ ਪਰਿਵਾਰਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣ ਅਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।
ਉਧਰ, ਇਸ ਦੌਰਾਨ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਹਾਲਾਂਕਿ, ਇਸ ਤੋਂ ਪਹਿਲਾਂ ਉੱਤਰੀ ਰੇਲਵੇ ਦੇ ਸੀਪੀਆਰਓ (ਮੁੱਖ ਲੋਕ ਸੰਪਰਕ ਅਧਿਕਾਰੀ) ਨੇ ਭਾਜੜ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਕੋਈ ਭਾਜੜ ਨਹੀਂ ਹੋਈ, ਇਹ ਸਿਰਫ਼ ਅਫ਼ਵਾਹ ਹੈ।

ਭਾਜੜ 'ਚ ਕਿਹੜੇ ਲੋਕਾਂ ਨੇ ਗੁਆਈ ਜਾਨ?
1. ਆਹਾ ਦੇਵੀ (79 ਸਾਲ) ਪਤਨੀ ਰਵਿੰਦਰ ਨਾਥ ਵਾਸੀ ਬਕਸਰ, ਬਿਹਾਰ
2. ਪਿੰਕੀ ਦੇਵੀ (41 ਸਾਲ) ਪਤਨੀ ਉਪੇਂਦਰ ਸ਼ਰਮਾ, ਵਾਸੀ ਸੰਗਮ ਵਿਹਾਰ, ਦਿੱਲੀ
3. ਸ਼ੀਲਾ ਦੇਵੀ (50 ਸਾਲ) ਪਤਨੀ ਉਮੇਸ਼ ਗਿਰੀ, ਵਾਸੀ ਸਰਿਤਾ ਵਿਹਾਰ, ਦਿੱਲੀ
4. ਵਿਓਮ (25 ਸਾਲ) ਪੁੱਤਰ ਧਰਮਵੀਰ ਵਾਸੀ ਬਵਾਨਾ, ਦਿੱਲੀ
5. ਪੂਨਮ ਦੇਵੀ (40 ਸਾਲ) ਪਤਨੀ ਮੇਘਨਾਥ ਵਾਸੀ ਸਾਰਨ, ਬਿਹਾਰ
6. ਲਲਿਤਾ ਦੇਵੀ (35 ਸਾਲ) ਪਤਨੀ ਸੰਤੋਸ਼ ਵਾਸੀ ਪਰਨਾ, ਬਿਹਾਰ
7. ਸੁਰੁਚੀ ਪੁੱਤਰੀ (11 ਸਾਲ) ਮਨੋਜ ਸ਼ਾਹ ਵਾਸੀ ਮੁਜ਼ੱਫਰਪੁਰ, ਬਿਹਾਰ
8. ਕ੍ਰਿਸ਼ਨਾ ਦੇਵੀ (40 ਸਾਲ) ਪਤਨੀ ਵਿਜੇ ਸ਼ਾਹ ਵਾਸੀ ਸਮਸਤੀਪੁਰ, ਬਿਹਾਰ
9. ਵਿਜੇ ਸ਼ਾਹ (15 ਸਾਲ) ਪੁੱਤਰ ਰਾਮ ਸਰੂਪ ਸ਼ਾਹ ਵਾਸੀ ਸਮਸਤੀਪੁਰ, ਬਿਹਾਰ
10. ਨੀਰਜ (12 ਸਾਲ) ਪੁੱਤਰ ਇੰਦਰਜੀਤ ਪਾਸਵਾਨ ਵਾਸੀ ਵੈਸ਼ਾਲੀ, ਬਿਹਾਰ
11. ਸ਼ਾਂਤੀ ਦੇਵੀ (40 ਸਾਲ) ਪਤਨੀ ਰਾਜ ਕੁਮਾਰ ਮਾਂਝੀ, ਵਾਸੀ ਨਵਾਦਾ, ਬਿਹਾਰ
12. ਪੂਜਾ ਕੁਮਾਰ (8 ਸਾਲ) ਪੁੱਤਰੀ ਰਾਜ ਕੁਮਾਰ ਮਾਂਝੀ ਵਾਸੀ ਨਵਾਦਾ, ਬਿਹਾਰ
13. ਸੰਗੀਤਾ ਮਲਿਕ (34 ਸਾਲ) ਪਤਨੀ ਮੋਹਿਤ ਮਲਿਕ, ਵਾਸੀ ਭਿਵਾਨੀ, ਹਰਿਆਣਾ
14. ਪੂਨਮ (34 ਸਾਲ) ਪਤਨੀ ਵਰਿੰਦਰ ਸਿੰਘ ਵਾਸੀ ਮਹਾਵੀਰ ਐਨਕਲੇਵ, ਦਿੱਲੀ
15. ਮਮਤਾ ਝਾਅ (40 ਸਾਲ), ਪਤਨੀ ਵਿਪਨ ਝਾਅ ਵਾਸੀ ਨੰਗਲੋਈ, ਦਿੱਲੀ
16. ਰੀਆ ਸਿੰਘ (7 ਸਾਲ) ਪੁੱਤਰੀ ਓਪੀਲ ਸਿੰਘ ਵਾਸੀ ਸਾਗਰਪੁਰ, ਦਿੱਲੀ
17. ਬੇਬੀ ਕੁਮਾਰੀ (24 ਸਾਲ) ਪੁੱਤਰੀ ਪ੍ਰਭੂ ਸ਼ਾਹ, ਵਾਸੀ ਬਿਜਵਾਸਨ, ਦਿੱਲੀ
18. ਮਨੋਜ (47 ਸਾਲ) ਪੁੱਤਰ ਪੰਚਦੇਵ ਕੁਸ਼ਵਾਹਾ ਵਾਸੀ ਨੰਗਲੋਈ, ਦਿੱਲੀ
ਰੇਲਵੇ ਨੇ ਜਾਂਚ ਲਈ ਬਣਾਈ ਕਮੇਟੀ
ਰੇਲਵੇ ਬੋਰਡ ਦੇ ਸੂਚਨਾ ਅਤੇ ਪ੍ਰਚਾਰ ਦੇ ਕਾਰਜਕਾਰੀ ਨਿਰਦੇਸ਼ਕ ਦਲੀਪ ਕੁਮਾਰ ਨੇ ਦੱਸਿਆ ਕਿ ਅੱਜ ਸ਼ਾਮ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਗਿਣਤੀ ਆਮ ਨਾਲੋਂ ਕਿਤੇ ਜ਼ਿਆਦਾ ਸੀ, ਜਿਸ ਨੂੰ ਦੇਖਦੇ ਹੋਏ ਰੇਲਵੇ ਨੇ ਨਿਯਮਤ ਟਰੇਨਾਂ ਦੇ ਨਾਲ-ਨਾਲ ਸਪੈਸ਼ਲ ਟਰੇਨਾਂ ਵੀ ਚਲਾਈਆਂ ਮਾਮਲੇ ਦੀ ਜਾਂਚ ਲਈ ਦੋ ਮੈਂਬਰੀ ਹਾਈ ਕੋਰਟ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 10 ਫਰਵਰੀ 2013 ਨੂੰ ਪ੍ਰਯਾਗਰਾਜ ਸਟੇਸ਼ਨ 'ਤੇ ਭਾਜੜ ਮੱਚ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮਚੀ ਭਾਜੜ 'ਚ ਹੁਣ ਤੱਕ 18 ਮੌਤਾਂ, ਮੁਆਵਜ਼ੇ ਦਾ ਐਲਾਨ
NEXT STORY