ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਵਰੀ ਵਿਚ ਹੀ ਪ੍ਰਸਿੱਧ ਵਿਅਕਤੀਆਂ ਨੂੰ 5 ‘ਭਾਰਤ ਰਤਨ’ ਦੇਣ ਦਾ ਫੈਸਲਾ ਕੀਤਾ ਪਰ ਇਸ ਨਾਲ ਕਈ ਲੋਕਾ ਦੇ ਭਰਵੱਟੇ ਚੜ੍ਹ ਗਏ ਹਨ ਕਿਉਂਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ‘ਭਾਰਤ ਰਤਨ’ ਪੁਰਸਕਾਰਾਂ ਦਾ ਉਦੇਸ਼ ਐੱਨ. ਡੀ. ਏ. ਨੂੰ 400 ਲੋਕ ਸਭਾ ਸੀਟਾਂ ਜਿਤਾਉਣਾ ਤੇ ਵੋਟ ਫੀਸਦੀ ਨੂੰ 44 ਤੋਂ ਵਧ ਤੱਕ ਲਿਜਾਣਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ ਐੱਨ. ਡੀ. ਏ. ਨੂੰ 334 ਸੀਟਾਂ ਮਿਲੀਆਂ ਸਨ ਅਤੇ ਭਾਜਪਾ ਨੂੰ 38 ਫੀਸਦੀ ਵੋਟਾਂ ਮਿਲੀਆਂ ਸਨ। ਮੋਦੀ ਨੇ ਐੱਨ. ਡੀ. ਏ. ਲਈ 400 ਅਤੇ ਭਾਜਪਾ ਲਈ 370 ਸੀਟਾਂ ਦਾ ਟੀਚਾ ਰੱਖਿਆ। ਕਈ ਲੋਕ ਕਹਿੰਦੇ ਹਨ ਕਿ ਇਨ੍ਹਾਂ 5 ਪੁਰਸਕਾਰਾਂ ਦਾ ਉਦੇਸ਼ ਇਸੇ ਟੀਚੇ ਨੂੰ ਹਾਸਲ ਕਰਨ ਲਈ ਹੈ।
ਪਹਿਲਾ ਟੀਚਾ ਪਹਿਲਾਂ ਹੀ ਹਾਸਲ ਕਰ ਲਿਆ ਗਿਆ ਹੈ ਕਿਉਂਕਿ ਚੌਧਰੀ ਚਰਨ ਸਿੰਘ ਦੇ ਪੋਤੇ ਅਤੇ ਰਾਲੋਦ ਮੁਖੀ ਜਯੰਤ ਚੌਧਰੀ ਜੋ ਸਪਾ ਨਾਲ ਜਾਣ ਲਈ ਤਿਆਰ ਸਨ, ਐੱਨ. ਡੀ. ਏ. ਦੇ ਜਹਾਜ਼ ’ਤੇ ਆ ਗਏ ਹਨ। ਭਾਜਪਾ ਆਪਣੀ ਹਮਾਇਤ ਦੇ ਆਧਾਰ ਨੂੰ ਵਧਾਉਣ ਲਈ ਇਕ ਅਜਿਹੇ ਕਿਸਾਨ ਨੇਤਾ ਦੀ ਭਾਲ ਕਰ ਰਹੀ ਹੈ, ਜਿਸ ਕੋਲ ਯੂ. ਪੀ. ਅਤੇ ਹੋਰ ਸੂਬਿਆਂ ਵਿਚ ਜਾਟਾਂ ਤੇ ਕਿਸਾਨਾਂ ਦਰਮਿਆਨ ਲੋੜੀਂਦੀ ਹਮਾਇਤ ਹੋਵੇ। ਹੁਣ ਉਨ੍ਹਾਂ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਡੀਲ ’ਤੇ ਕੰਮ ਚੱਲ ਰਿਹਾ ਹੈ।
ਯੂ. ਪੀ. ਵਿਚ ਕਿਸਾਨ ਅੰਦੋਲਨ ਅਤੇ ਸੂਬਾ ਬੈਲਟ ਵਿਚ ਘਟਦੇ ਵੋਟ ਸ਼ੇਅਰ ਤੋਂ ਭਾਜਪਾ ਚਿੰਤਤ ਹੈ। ਰਾਲੋਦ ਦਾ ਸ਼ਾਮਲ ਹੋਣਾ ਬਾਗਪਤ ਤੋਂ ਭਾਜਪਾ ਦੇ ਮੌਜੂਦਾ ਲੋਕ ਸਭਾ ਸੰਸਦ ਮੈਂਬਰ ਐੱਸ. ਪੀ. ਸਿੰਘ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਪੀ. ਵੀ. ਨਰਸਿਮ੍ਹਾ ਰਾਓ ਨੂੰ ‘ਭਾਰਤ ਰਤਨ’ ਦੇਣ ਦਾ ਉਦੇਸ਼ ਆਂਧਰਾ ਪ੍ਰਦੇਸ਼ ਵਿਚ ਭਾਜਪਾ ਦੇ ਵੋਟ ਬੈਂਕ ਨੂੰ ਮਜ਼ਬੂਤ ਕਰਨਾ ਹੈ ਜਿਥੇ ਉਹ ਕਮਜ਼ੋਰ ਸਥਿਤੀ ਵਿਚ ਹੈ ਅਤੇ ਟੀ. ਡੀ. ਪੀ. ਦੇ ਚੰਦਰਬਾਬੂ ਨਾਇਡੂ ਨਾਲ ਸਮਝੌਤੇ ’ਤੇ ਮੋਹਰ ਲੱਗ ਸਕਦੀ ਹੈ।
ਆਂਧਰਾ ਪ੍ਰਦੇਸ਼ ਵਿਚ ਜ਼ੀਰੋ ਸੀਟ ਹਾਸਲ ਕਰਨ ਵਾਲੀ ਭਾਜਪਾ ਘੱਟੋ-ਘੱਟ 4-5 ਸੀਟਾਂ ਜਿੱਤਣ ਦੀ ਉਮੀਦ ਕਰ ਸਕਦੀ ਹੈ। ਭਾਜਪਾ ਤਾਮਿਲਨਾਡੂ ਵਿਚ ਪੈਠ ਬਣਾਉਣਾ ਚਾਹੁੰਦੀ ਹੈ ਅਤੇ ਡਾ. ਸਵਾਮੀਨਾਥਨ ਨੂੰ ਪੁਰਸਕਾਰ ਦੇਣ ਨਾਲ ਭਾਜਪਾ ਨੂੰ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਵਿਚ ਮਦਦ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਓ. ਬੀ. ਸੀ. ਵੋਟਰਾਂ ਅਤੇ ਆਮ ਭਾਜਪਾ ਵਰਕਰਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਲਾਲ ਕ੍ਰਿਸ਼ਨ ਅਡਵਾਨੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਸਵ. ਕਰਪੂਰੀ ਠਾਕੁਰ ਨੂੰ ‘ਭਾਰਤ ਰਤਨ’ ਦਿੱਤਾ ਗਿਆ ਸੀ।
ਬਸਪਾ ਮੁਖੀ ਮਾਇਆਵਤੀ ਨੇ ਹਲਦਵਾਨੀ 'ਚ ਹੋਈ ਹਿੰਸਾ 'ਤੇ ਜ਼ਾਹਰ ਕੀਤੀ ਚਿੰਤਾ
NEXT STORY