ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ’ਚ ਗ਼ੈਰ-ਕਾਨੂੰਨੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਦੀ ਪਛਾਣ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਯੋਗੀ ਸਰਕਾਰ ਦੇ ਸਖ਼ਤ ਰੁਖ਼ ਤੋਂ ਬਾਅਦ ਹੁਣ ਰਾਜਧਾਨੀ ਲਖਨਊ ’ਚ ਵੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮਹਾਨਗਰ ਇਕਾਈ ਨੇ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਪਾਰਟੀ ਅਹੁਦੇਦਾਰਾਂ ਦਾ ਦਾਅਵਾ ਹੈ ਕਿ ਲਖਨਊ ’ਚ ਲੱਗਭਗ 50,000 ਗ਼ੈਰ-ਕਾਨੂੰਨੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਏ ਰਹਿ ਰਹੇ ਹਨ।
ਭਾਜਪਾ ਲਖਨਊ ਮਹਾਨਗਰ ਪ੍ਰਧਾਨ ਆਨੰਦ ਦਿਵੇਦੀ ਨੇ ਵੀਰਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੀਆਂ ਟੀਮਾਂ ਨੇ ਹੁਣ ਤੱਕ ਰਾਜਧਾਨੀ ’ਚ 50,000 ਤੋਂ ਵੱਧ ਸ਼ੱਕੀ ਗ਼ੈਰ-ਕਾਨੂੰਨੀ ਨਾਗਰਿਕਾਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਕਿਹਾ ਕਿ ਬਹੁਤ ਵੱਡੀ ਗਿਣਤੀ ’ਚ ਗ਼ੈਰ-ਕਾਨੂੰਨੀ ਘੁਸਪੈਠੀਏ ਮੌਜੂਦ ਹਨ। ਐੱਸ. ਆਈ. ਆਰ. ਮੁਹਿੰਮ ਤਹਿਤ ਬਾਕੀ ਲੋਕਾਂ ਦੀ ਵੀ ਛੇਤੀ ਪਛਾਣ ਕਰ ਲਈ ਜਾਵੇਗੀ।
ਦਿਵੇਦੀ ਅਨੁਸਾਰ, ਮਹਾਨਗਰ ਦੀ ਹਰ ਵਾਰਡ ’ਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਝੁੱਗੀ-ਝੌਂਪੜੀਆਂ, ਕਿਰਾਏ ਦੇ ਮਕਾਨਾਂ ਅਤੇ ਸ਼ੱਕੀ ਥਾਵਾਂ ’ਤੇ ਜਾ ਕੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀਆਂ ਹਨ। ਪਛਾਣ ਕੀਤੇ ਗਏ ਲੋਕਾਂ ਦੀ ਸੂਚੀ ਤਿਆਰ ਕਰ ਕੇ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਰੂਪ ’ਚ ਸੌਂਪ ਦਿੱਤੀ ਜਾਵੇਗੀ, ਤਾਂ ਜੋ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਪਾਰਟੀ ਅਹੁਦੇਦਾਰਾਂ ਨੇ ਦੱਸਿਆ ਕਿ ਸਾਲ 2019 ’ਚ ਹੋਏ ਇਕ ਸਰਵੇਖਣ ’ਚ ਸੂਬਾ ਸਰਕਾਰ ਨੇ ਸਵੀਕਾਰ ਕੀਤਾ ਸੀ ਕਿ ਉੱਤਰ ਪ੍ਰਦੇਸ਼ ’ਚ ਲੱਗਭਗ 10 ਲੱਖ ਵਿਦੇਸ਼ੀ ਘੁਸਪੈਠੀਏ ਰਹਿ ਰਹੇ ਹਨ, ਜਿਨ੍ਹਾਂ ’ਚ ਸਭ ਤੋਂ ਵੱਧ ਗਿਣਤੀ ਨੋਇਡਾ, ਗਾਜ਼ੀਆਬਾਦ ਅਤੇ ਲਖਨਊ ’ਚ ਸੀ।
ਸੂਚੀ ਤਿਆਰ ਕਰ ਕੇ ਸਬੰਧਤ ਕਮਿਸ਼ਨਰ ਅਤੇ ਆਈ. ਜੀ. ਨੂੰ ਸੌਂਪੀ ਜਾਵੇ
ਇਕ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਸਰਕਾਰ ਨੇ ਪੂਰੇ ਸੂਬੇ ’ਚ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਦੇ ਖਿਲਾਫ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਾਰੀਆਂ 17 ਨਗਰ ਨਿਗਮਾਂ ਨੂੰ ਹੁਕਮ ਦਿੱਤਾ ਹੈ ਕਿ ਸ਼ੱਕੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਕੇ ਸਬੰਧਤ ਕਮਿਸ਼ਨਰ ਅਤੇ ਆਈ. ਜੀ. ਨੂੰ ਸੌਂਪੀ ਜਾਵੇ। ਘੁਸਪੈਠੀਆਂ ਲਈ ਨਜ਼ਰਬੰਦੀ ਕੇਂਦਰ ਬਣਾਏ ਜਾਣ। ਇਸ ਹੁਕਮ ਤੋਂ ਤੁਰੰਤ ਬਾਅਦ ਲਖਨਊ ’ਚ ਕਾਰਵਾਈ ਸ਼ੁਰੂ ਹੋ ਗਈ ਹੈ।
ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਾ ਭਾਰੀ ਵਿਰੋਧ
NEXT STORY