ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ ਪੰਜਾਬ ਦੇ 4 ਸੈਲਾਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪੁਲਸ ਅਨੁਸਾਰ ਇਹ ਸੈਲਾਨੀ ਆਪਣੀ ਕਿਆ ਸੋਨੇਟ ਗੱਡੀ 'ਚ ਸਵਾਰ ਹੋ ਕੇ ਭਦਰਵਾਹ-ਪਠਾਨਕੋਟ ਅੰਤਰਰਾਜੀ ਹਾਈਵੇਅ ਰਾਹੀਂ ਜਾ ਰਹੇ ਸਨ, ਜਦੋਂ ਭਦਰਵਾਹ ਸ਼ਹਿਰ ਤੋਂ ਲਗਭਗ 11 ਕਿਲੋਮੀਟਰ ਦੂਰ ਚਾਲਕ ਨੇ ਕੰਟਰੋਲ ਗੁਆ ਦਿੱਤਾ। ਕਾਰ ਸੜਕ ਤੋਂ ਫਿਸਲ ਕੇ ਲਗਭਗ 100 ਫੁੱਟ ਡੂੰਘੀ ਹਲੂਣ ਨਦੀ 'ਚ ਜਾ ਡਿੱਗੀ।
ਇਸ ਹਾਦਸੇ ਦੇ ਚਸ਼ਮਦੀਦ ਮੁਹੰਮਦ ਅਸ਼ਰਫ, ਜੋ ਕਿ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ 'ਚ ਇੱਕ ਮਜ਼ਦੂਰ ਵਜੋਂ ਕੰਮ ਕਰ ਰਹੇ ਸਨ। ਉਸਨੇ ਦੱਸਿਆ ਕਿ ਉਨ੍ਹਾਂ ਨੇ ਗੱਡੀ ਨੂੰ ਪਹਾੜੀ ਤੋਂ ਹੇਠਾਂ ਨਦੀ ਦੇ ਤੇਜ਼ ਵਹਾਅ ਵਿੱਚ ਡਿੱਗਦੇ ਦੇਖਿਆ। ਅਸ਼ਰਫ ਅਨੁਸਾਰ, "ਅਸੀਂ ਇੱਕ ਮਿੰਟ ਵੀ ਬਰਬਾਦ ਨਹੀਂ ਕੀਤਾ ਅਤੇ ਨਦੀ ਵੱਲ ਦੌੜ ਪਏ। ਅਸੀਂ ਤੁਰੰਤ ਚਾਰੇ ਸਵਾਰੀਆਂ ਨੂੰ ਗੱਡੀ ਵਿੱਚੋਂ ਬਾਹਰ ਕੱਢ ਲਿਆ, ਜੋ ਕਿ ਬਰਫੀਲੇ ਅਤੇ ਤੇਜ਼ ਵਗਦੇ ਪਾਣੀ ਵਿੱਚ ਫਸੀ ਹੋਈ ਸੀ"।
ਹਾਦਸੇ ਤੋਂ ਤੁਰੰਤ ਬਾਅਦ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਨੇੜਲੇ ਨਲਥੀ ਕੈਂਪ ਤੋਂ ਐਂਬੂਲੈਂਸ ਮੌਕੇ 'ਤੇ ਪਹੁੰਚੀ, ਜਿਸ ਰਾਹੀਂ ਜ਼ਖਮੀਆਂ ਨੂੰ ਸਬ-ਡਿਸਟ੍ਰਿਕਟ ਹਸਪਤਾਲ, ਭਦਰਵਾਹ ਪਹੁੰਚਾਇਆ ਗਿਆ। ਹਸਪਤਾਲ ਦੇ ਬਲਾਕ ਮੈਡੀਕਲ ਅਫਸਰ ਡਾ. ਵਰਸ਼ਾ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਚਾਰੇ ਜ਼ਖਮੀ ਇਲਾਜ ਅਧੀਨ ਹਨ ਅਤੇ ਫਿਲਹਾਲ ਖ਼ਤਰੇ ਤੋਂ ਬਾਹਰ ਹਨ।
ਮਿਲੀ ਜਾਣਕਾਰੀ ਅਨੁਸਾਰ ਜ਼ਖਮੀਆਂ ਦੀ ਪਛਾਣ ਅਸ਼ਵਨੀ ਕੁਮਾਰ (48), ਪੁੱਤਰ ਗੋਵਿੰਦਰ ਸ਼ਰਮਾ, ਨਵਨੀਤ ਸ਼ਰਮਾ (46), ਪੁੱਤਰ ਜਗਦੀਸ਼ ਚੰਦਰ, ਅਜੇ ਕੁਮਾਰ (47), ਪੁੱਤਰ ਰਾਜਿੰਦਰ ਸਿੰਘ, ਅਮਰਜੀਤ ਸਿੰਘ (56), ਪੁੱਤਰ ਸਾਈਂ ਦਾਸ ਵਜੋਂ ਹੋਈ। ਸਾਰੇ ਜ਼ਖਮੀ ਪੰਜਾਬ ਦੇ ਪਠਾਨਕੋਟ ਦੇ ਰਹਿਣ ਵਾਲੇ ਹਨ। ਪੁਲਸ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਸੈਲਾਨੀਆਂ ਦੀ ਇਸ ਯਾਤਰਾ ਦੇ ਮਕਸਦ ਅਤੇ ਰੂਟ ਦੀ ਪੁਸ਼ਟੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਹਾਈਵੇਅ 'ਤੇ ਥਨਥੇਰਾ, ਗੁਲਡੰਡਾ ਅਤੇ ਚੈਟਰਗਲਾ ਵਰਗੇ ਕਈ ਮਸ਼ਹੂਰ ਸੈਲਾਨੀ ਸਥਾਨ ਸਥਿਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
42 ਇੰਸਪੈਕਟਰਾਂ ਦੇ ਟਰਾਂਸਫਰ ! ਹਰਿਆਣਾ ਪੁਲਸ ਵਿਭਾਗ 'ਚ ਵੱਡੇ ਪੱਧਰ 'ਤੇ ਤਬਾਦਲੇ
NEXT STORY