ਨਵੀਂ ਦਿੱਲੀ- ਫਸਲੀ ਸਾਲ 2023-24 ਦੇ ਹਾੜੀ ਸੀਜ਼ਨ ’ਚ ਸਰ੍ਹੋਂ ਦੀ ਫਸਲ ਹੇਠ ਰਕਬਾ 5 ਫੀਸਦੀ ਵਧ ਕੇ 100 ਲੱਖ ਹੈਕਟੇਅਰ ਤੋਂ ਵੱਧ ਹੋਣ ਦਾ ਅੰਦਾਜ਼ਾ ਹੈ। ਇਹ ਜਾਣਕਾਰੀ ਉਦਯੋਗ ਦੇ ਅੰਕੜਿਆਂ ਤੋਂ ਮਿਲੀ ਹੈ। ਇਕ ਬਿਆਨ ’ਚ, ਸਾਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ.) ਨੇ ਕਿਹਾ ਕਿ ਉਸ ਨੇ ਆਲ ਇੰਡੀਆ ਮਸਟਰਡ ਕ੍ਰਾਪ ਸਰਵੇ ਲਈ ਆਰ. ਐੱਮ. ਐੱਸ. ਆਈ. ਕ੍ਰਾਪਲਿਟਿਕਸ ਪ੍ਰਾਈਵੇਟ ਲਿਮਟਿਡ ਨੂੰ ਨਾਮਜਦ ਕੀਤਾ ਹੈ। ਸਰ੍ਹੋਂ ਇਕ ਮਹੱਤਵਪੂਰਨ ਤਿਲਹਨ ਹੈ। ਆਰ. ਐੱਮ. ਐੱਸ. ਆਈ. ਨੇ ਰਿਮੋਟ ਸੈਂਸਿੰਗ ’ਤੇ ਆਧਾਰਿਤ ਤੀਜੀ ਰਿਪੋਰਟ ਸੌਂਪੀ ਹੈ।
ਐੱਸ. ਈ. ਏ. ਨੇ ਕਿਹਾ ਕਿ ਰਿਪੋਰਟ ਅਨੁਸਾਰ, ‘‘ਪੂਰੇ ਭਾਰਤ ’ਚ ਸਰ੍ਹੋਂ ਦੀ ਫਸਲ ਹੇਠ ਰਕਬਾ 100.39 ਲੱਖ ਹੈਕਟੇਅਰ ਦੱਸਿਆ ਗਿਆ ਹੈ, ਜੋ ਪਿਛਲੇ ਸਾਲ ਦੇ ਰਿਮੋਟ ਸੈਂਸਿੰਗ ਆਧਾਰਿਤ ਅੰਦਾਜ਼ੇ 95.76 ਲੱਖ ਹੈਕਟੇਅਰ ਤੋਂ 5 ਫੀਸਦੀ ਵੱਧ ਹੈ।’’ ਗੁਜਰਾਤ ਅਤੇ ਰਾਜਸਥਾਨ ਦੇ ਕਈ ਜ਼ਿਲਿਆਂ ’ਚ ਕਿਸਾਨਾਂ ਨੇ ਘੱਟ ਭਾਅ ਮਿਲਣ ਕਾਰਨ ਸਰ੍ਹੋਂ ਦੀ ਬਜਾਏ ਹੋਰ ਫ਼ਸਲਾਂ ਦੀ ਕਾਸ਼ਤ ਦਾ ਬਦਲ ਚੁਣਿਆ ਹੈ।
ਰਾਜਸਥਾਨ ’ਚ ਹਾੜੀ ਸੀਜ਼ਨ 2023-24 ’ਚ ਰਕਬਾ ਪਿਛਲੇ ਸਾਲ ਦੇ 37,43,272 ਹੈਕਟੇਅਰ ਤੋਂ ਵਧ ਕੇ 37,82,222 ਹੈਕਟੇਅਰ ਹੋਣ ਦਾ ਅੰਦਾਜ਼ਾ ਹੈ। ਉੱਤਰ ਪ੍ਰਦੇਸ਼ ’ਚ ਸਰ੍ਹੋਂ ਹੇਠ ਰਕਬਾ 14,00,584 ਹੈਕਟੇਅਰ ਤੋਂ ਵਧ ਕੇ 17,76,025 ਹੈਕਟੇਅਰ ਹੋ ਗਿਆ ਹੈ, ਜਦੋਂ ਕਿ ਮੱਧ ਪ੍ਰਦੇਸ਼ ’ਚ ਬੀਜਾਈ ਦਾ ਰਕਬਾ 13,23,881 ਹੈਕਟੇਅਰ ਤੋਂ ਵਧ ਕੇ 13,96,374 ਹੈਕਟੇਅਰ ਹੋ ਗਿਆ ਹੈ। ਹਾਲਾਂਕਿ ਪੱਛਮੀ ਬੰਗਾਲ ’ਚ ਖੇਤੀ ਹੇਠਲਾ ਰਕਬਾ 6,41,170 ਹੈਕਟੇਅਰ ਤੋਂ ਘਟ ਕੇ 5,90,734 ਹੈਕਟੇਅਰ ਰਹਿ ਗਿਆ ਹੈ। ਭਾਰਤ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਵੱਡੀ ਮਾਤਰਾ ’ਚ ਖਾਣ ਵਾਲੇ ਤੇਲਾਂ ਦੀ ਦਰਾਮਦ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਮਣੀਪੁਰ ਦੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡਿਆ : ਖੜਗੇ
NEXT STORY