ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਪੰਜਾਬ ਕੇਸਰੀ ਅਖ਼ਬਾਰ ਸਮੂਹ (ਜਲੰਧਰ) ਅਤੇ ਗਰੁੱਪ ਦੇ ਚੇਅਰਮੈਨ ਤੇ ਮੁੱਖ ਸੰਪਾਦਕ ਵਿਜੇ ਕੁਮਾਰ ਚੋਪੜਾ (ਬਾਬੂ ਜੀ) ਦਾ ਦੇਸ਼ ਦੀ ਅਖੰਡਤਾ ’ਚ ਬਹੁਤ ਵੱਡਾ ਯੋਗਦਾਨ ਹੈ। ਇਹ ਗੱਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਹੀ। ਉਨ੍ਹਾਂ ਕਿਹਾ ਕਿ ਕੁਝ ਪਰਿਵਾਰ ਅਜਿਹੇ ਹੁੰਦੇ ਹਨ ਜੋ ਹਮੇਸ਼ਾ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਹਨ, ਰਾਸ਼ਟਰਵਾਦ ਤੇ ਦੇਸ਼ ਨੂੰ ਹਮੇਸ਼ਾ ਅੱਗੇ ਰੱਖਣ ਲਈ ਪਛਾਣੇ ਜਾਂਦੇ ਹਨ। ਅਜਿਹੇ ਹੀ ਪਰਿਵਾਰ ਦੇ ਮੈਂਬਰ ਹਨ ਸ਼੍ਰੀ ਵਿਜੇ ਕੁਮਾਰ ਚੋਪੜਾ। ਉਹ ਸੋਮਵਾਰ ਨੂੰ ਮਾਰਵਾੜੀ ਫਾਊਂਡੇਸ਼ਨ, ਨਾਗਪੁਰ ਵੱਲੋਂ ਰਾਜਧਾਨੀ ’ਚ ਕਰਵਾਏ ਗਏ ਸਨਮਾਨ ਸਮਾਰੋਹ ’ਚ ਬੋਲ ਰਹੇ ਸਨ। ਮਾਰਵਾੜੀ ਫਾਊਂਡੇਸ਼ਨ ਨੇ ਮਹਾਰਾਸ਼ਟਰ ਸਦਨ ’ਚ ਇਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕਰ ਕੇ ਸ਼੍ਰੀ ਵਿਜੇ ਕੁਮਾਰ ਚੋਪੜਾ ਨੂੰ ‘ਸਵ. ਪ੍ਰਬੋਧਨਕਾਰ ਠਾਕਰੇ ਸਮਾਜ ਪ੍ਰਬੋਧਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਸ਼੍ਰੀ ਚੋਪੜਾ ਨੂੰ ਸਮਾਜ ਹਿੱਤ ’ਚ ਕੀਤੇ ਗਏ ਸ਼ਾਨਦਾਰ ਕੰਮਾਂ ਲਈ 1 ਲੱਖ ਰੁਪਏ ਦਾ ਚੈਕ ਸੌਂਪਿਆ ਗਿਆ ਅਤੇ ਸ਼ਾਲ, ਪ੍ਰਸ਼ੰਸਾ ਪੱਤਰ, ਨਾਰੀਅਲ, ਫੁੱਲ ਭੇਟ ਕੀਤਾ ਗਿਆ।
ਇਸ ਮੌਕੇ ਸ਼੍ਰੀ ਗਡਕਰੀ ਨੇ ਕਿਹਾ ਕਿ ਕਈ ਵਾਰ ਐਵਾਰਡ ਅਜਿਹਾ ਹੁੰਦਾ ਹੈ ਕਿ ਉਸ ਨੂੰ ਪ੍ਰਾਪਤ ਕਰਨ ਵਾਲਾ ਵਿਅਕਤੀ ਵੱਡਾ ਹੋ ਜਾਂਦਾ ਹੈ ਅਤੇ ਕਈ ਵਾਰ ਵਿਅਕਤੀ ਦਾ ਕੱਦ ਹੀ ਐਵਾਰਡ ਨੂੰ ਵੱਡਾ ਕਰ ਦਿੰਦਾ ਹੈ ਪਰ ਇੱਥੇ ਇਕ ਪਾਸੇ ਸਮਾਜ ਸੁਧਾਰਕ ਪ੍ਰਬੋਧਨਕਾਰ ਠਾਕਰੇ ਦੀ ਯਾਦ ’ਚ ਇਹ ਪੁਰਸਕਾਰ ਵੱਡਾ ਹੈ ਅਤੇ ਦੂਜੇ ਪਾਸੇ ਸ਼੍ਰੀ ਵਿਜੇ ਕੁਮਾਰ ਚੋਪੜਾ ਦਾ ਕੱਦ ਅਤੇ ਸ਼ਖ਼ਸੀਅਤ ਵੀ ਬਹੁਤ ਵੱਡੀ ਹੈ। ਅਜਿਹੇ ’ਚ ਕਿਹਾ ਜਾ ਸਕਦਾ ਹੈ ਕਿ ਇੱਥੇ ਐਵਾਰਡ ਅਤੇ ਵਿਅਕਤੀ ਦੋਵੇਂ ਹੀ ਇਕ-ਦੂਜੇ ਨੂੰ ਸਨਮਾਨਿਤ ਕਰ ਰਹੇ ਹਨ। ਕ੍ਰਾਂਤੀਕਾਰੀ ਚਿੰਤਕ ਅਤੇ ਸਮਾਜ ਸੁਧਾਰਕ ਪ੍ਰਬੋਧਨਕਾਰ ਠਾਕਰੇ ਨੇ ਜਿੱਥੇ ਆਪਣੇ ਕੰਮ ਨਾਲ ਮਹਾਰਾਸ਼ਟਰ ’ਚ ਕਈ ਰੂੜ੍ਹੀਵਾਦੀ ਪਰੰਪਰਾਵਾਂ ਨੂੰ ਤੋੜਿਆ, ਉੱਥੇ ਹੀ ਸ਼੍ਰੀ ਵਿਜੇ ਕੁਮਾਰ ਚੋਪੜਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਪੰਜਾਬ ’ਚ ਅੱਤਵਾਦ ਅੱਗੇ ਗੋਡੇ ਨਾ ਟੇਕ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਅਤੇ ਬਚਾਈ ਰੱਖਿਆ। ਪੰਜਾਬ ਕੇਸਰੀ ਸਮੂਹ ਦੇ ਅੱਤਵਾਦ ’ਚ 62 ਕਰਮਚਾਰੀਆਂ ਅਤੇ ਚੋਪੜਾ ਪਰਿਵਾਰ ਦੇ ਮੈਂਬਰਾਂ ਦੀ ਸ਼ਹਾਦਤ ਹੋਈ। ਇਸ ਦੇ ਬਾਵਜੂਦ ਸਮੂਹ ਅਤੇ ਪਰਿਵਾਰ ਫਰਜ਼ ਦੇ ਰਸਤੇ ਤੋਂ ਨਹੀਂ ਭਟਕਿਆ। ਕੋਈ ਸਮਝੌਤਾ ਨਹੀਂ ਕੀਤਾ। ਅਜਿਹੇ ਪੱਤਰਕਾਰ ਅਤੇ ਅਜਿਹੀ ਨਿਡਰ ਪੱਤਰਕਾਰੀ ਘੱਟ ਹੀ ਦੇਖਣ ਨੂੰ ਮਿਲਦੀ ਹੈ। ਪ੍ਰੋਗਰਾਮ ’ਚ ਏ. ਬੀ. ਪੀ. ਨਿਊਜ਼ ਚੈਨਲ ਦੇ ਮੁੱਖ ਸੰਪਾਦਕ ਰਾਜੀਵ ਖਾਂਡੇਕਰ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰ ’ਚ ‘ਬਾਬੂ ਜੀ’ ਪੱਤਰਕਾਰੀ ਦੇ ਕਰਮਵੀਰ ਹਨ ਅਤੇ ਹਮੇਸ਼ਾ ਚੰਗਾ ਕੰਮ ਕਰਨ ਵਾਲਿਆਂ ਦੇ ਨਾਲ ਖੜ੍ਹੇ ਰਹੇ ਹਨ। ਫਾਊਂਡੇਸ਼ਨ ਦੇ ਪ੍ਰਧਾਨ ਗਿਰੀਸ਼ ਗਾਂਧੀ ਨੇ ਕਿਹਾ ਕਿ ਜਿਸ ਪਰਿਵਾਰ ਨੇ ਦੇਸ਼ ਦੀ ਏਕਤਾ ਲਈ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਕਰਮਚਾਰੀ ਵੀ ਗੁਆ ਦਿੱਤੇ ਪਰ ਫਰਜ਼ ’ਤੇ ਡਟੇ ਰਹੇ, ਅਜਿਹੇ ਪਰਿਵਾਰ ਦੇ ਮੈਂਬਰ ਸ਼੍ਰੀ ਵਿਜੇ ਕੁਮਾਰ ਚੋਪੜਾ ਦਾ ਸਨਮਾਨ ਕਰਨਾ ਵੀ ਆਪਣੇ ਆਪ ’ਚ ਮਾਣ ਵਾਲੀ ਗੱਲ ਹੈ। ਪ੍ਰੋਗਰਾਮ ’ਚ ਫਾਊਂਡੇਸ਼ਨ ਦੇ ਮੈਂਬਰ ਸੰਜੇ ਨਾਹਰ, ਸੰਸਦ ਮੈਂਬਰ ਰਮੇਸ਼ ਕੌਸ਼ਿਕ, ਸਾਬਕਾ ਜੱਜ ਆਰ. ਦੇਸ਼ਪਾਂਡੇ, ਅਜੇ ਸੰਚੇਤੀ, ਨੀਲੇਸ਼ ਖਾਂਡੇਕਰ, ਕਸ਼ਿਤਿਜ ਅਦਿਲਕਰ, ਕਾਂਗਰਸੀ ਨੇਤਾ ਮਾਣਿਕਰਾਓ ਸਮੇਤ ਹੋਰ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ।
ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਕਿਹਾ, ਚੈਰਿਟੀ ਨੂੰ ਸਮਰਪਿਤ ਕਰਾਂਗਾ ਮੈਂ ਐਵਾਰਡ ਦੀ ਰਾਸ਼ੀ
ਸਮਾਰੋਹ ’ਚ ਸ਼ਖੀ ਵਿਜੇ ਕੁਮਾਰ ਚੋਪੜਾ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਐਵਾਰਡ ਦੀ ਰਾਸ਼ੀ ਮਿਲੀ ਹੈ, ਉਹ ਚੈਰੀਟੇਬਲ ਕੰਮਾਂ ਲਈ ਸਮਰਪਿਤ ਕਰਨਗੇ। ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਬਹੁਤ ਵਧੀਆ ਨਹੀਂ ਰਿਹਾ, ਲੋੜ ਹੈ ਅਸੀਂ ਚਿੰਤਨ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬੀਆਂ ਅਤੇ ਮਰਾਠਿਆਂ ’ਚ ਇਕ ਗੁਣ ਹੈ ਕਿ ਉਹ ਜੋ ਕਰਨਾ ਤੈਅ ਕਰਦੇ ਹਨ, ਉਸ ਨੂੰ ਪੂਰਾ ਕਰਦੇ ਹਨ। ਉਨ੍ਹਾਂ ਨੇ ਫਾਊਂਡੇਸ਼ਨ ਦੇ ਮੈਂਬਰ ਸੰਜੇ ਨਾਹਰ ਨਾਲ ਹੋਈ ਇਕ ਮੁਲਾਕਾਤ ਨੂੰ ਯਾਦ ਕੀਤਾ। ਉਸ ਨੇ ਦੱਸਿਆ ਕਿ ਜਿਸ ਸਮੇਂ ਅੱਤਵਾਦ ਆਪਣੇ ਸਿਖਰ ’ਤੇ ਸੀ, ਉਸ ਸਮੇਂ ਇਕ ਨੌਜਵਾਨ ਦੇ ਰੂਪ ’ਚ ਸੰਜੇ ਨਾਹਰ ਆਪਣੇ ਕੁਝ ਸਾਥੀਆਂ ਸਮੇਤ ਉਨ੍ਹਾਂ ਨੂੰ ਮਿਲੇ ਅਤੇ ਪੰਜਾਬ ਦੇਖਣ ਦੀ ਜ਼ਿੱਦ ਕੀਤੀ। ਜਿਨ੍ਹਾਂ ਦੀ ਜ਼ਿੱਦ ਉਨ੍ਹਾਂ ਨੂੰ ਮੰਨਣੀ ਪਈ ਅਤੇ ਸੀਨੀਅਰ ਪੁਲਸ ਅਧਿਕਾਰੀ ਦੀ ਮਦਦ ਨਾਲ ਉਸ ਨੂੰ ਪੂਰਾ ਕਰਵਾਇਆ। ਜਿਸ ਤੋਂ ਕੁਝ ਸਮਾਂ ਬਾਅਦ ਸੰਜੇ ਨਾਹਰ ਨੇ ਫਿਰ ਉਨ੍ਹਾਂ ਨੂੰ ਮਿਲੇ ਅਤੇ ਇਸ ਵਾਰ ਜੰਮੂ-ਕਸ਼ਮੀਰ ਘੁੰਮਣ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਦੀ ਗੱਲ ਕਹੀ। ਆਖਰਕਾਰ ਇਸ ਨੂੰ ਵੀ ਉਨ੍ਹਾਂ ਨੇ ਪੂਰਾ ਕੀਤਾ। ਉਨ੍ਹਾਂ ਦੱਸਿਆ ਕਿ ਸੰਜੇ ਨਾਹਰ ਨੇ ਸ਼ਹੀਦਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਪੁਣੇ ’ਚ ਇਕ ਸੰਸਥਾ ਖੋਲ੍ਹੀ ਹੈ।
ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਆਜ਼ਾਦੀ ਦੇ ਅੰਦੋਲਨ ’ਚ ਅਤੇ ਦੇਸ਼ ਦੀ ਅਖੰਡਤਾ ’ਚ ਵੀ ਔਰਤਾਂ ਨੇ ਵਧੇਰੇ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਦੀ ਮਾਂ ਦੀ ਕੁਰਬਾਨੀ ਉਨ੍ਹਾਂ ਦੇ ਪਿਤਾ ਨਾਲੋਂ ਵੱਡੀ ਸੀ, ਕਿਉਂਕਿ ਪਿਤਾ ਜੀ ਦੇ ਜੇਲ ਜਾਣ ’ਤੇ ਮਾਂ ਨੇ ਹੀ ਉਨ੍ਹਾਂ ਨੂੰ ਪਾਲਿਆ ਅਤੇ ਪੜ੍ਹਣ-ਲਿਖਣ ’ਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ’ਚ ਬੋਲਣ ਅਤੇ ਆਪਣੇ ਮਨ ਦੀ ਗੱਲ ਕਹਿਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਮੰਤਰੀਆਂ ਅਤੇ ਨੇਤਾਵਾਂ ਦਾ ਕੰਮ ਅਜਿਹਾ ਹੋਣਾ ਚਾਹੀਦਾ ਹੈ ਜੋ ਦਿਖਾਈ ਵੀ ਦੇਵੇ, ਮੰਤਰੀ ਗਡਕਰੀ ਨੇ ਜਿਸ ਤਰ੍ਹਾਂ ਸੜਕਾਂ ਦਾ ਜਾਲ ਵਿਛਾਇਆ ਹੈ, ਉਹ ਬੇਮਿਸਾਲ ਹੈ। ਜ਼ਿਆਦਾਤਰ ਨੇਤਾ ਕੁਝ ਸਮੇਂ ਬਾਅਦ ਖੁਦ ਨੂੰ ਪ੍ਰਧਾਨ ਮੰਤਰੀ ਦੀ ਦੌੜ ’ਚ ਸ਼ਾਮਲ ਸਮਝਦੇ ਹਨ, ਜਦੋਂ ਕਿ ਗਡਕਰੀ ਨੂੰ ਜਦੋਂ ਉਹ ਮਿਲੇ ਸਨ ਤਾਂ ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਉਹ ਮਹਾਰਾਸ਼ਟਰ ਵਾਪਸ ਜਾਣਾ ਚਾਹੁੰਦੇ ਹਨ।
ਭਾਰਤ ਦੀ ਵਿਕਾਸ ਯਾਤਰਾ ਦੇ ਦੋ ਥੰਮ੍ਹ ਹਨ ਤਕਨਾਲੋਜੀ ਤੇ ਹੁਨਰ: PM ਮੋਦੀ
NEXT STORY