ਨੈਸ਼ਨਲ ਡੈਸਕ- ਭਾਰਤ-ਪਾਕਿਸਤਾਨ ’ਚ 10 ਮਈ 2025 ਨੂੰ ਐਲਾਨੀ ਗਈ ਜੰਗਬੰਦੀ ਨੇ ਸੰਘ ਪਰਿਵਾਰ ਅਤੇ ਉਸ ਨਾਲ ਸਬੰਧਤ ਸਮਰਥਕਾਂ ਦੇ ਇਕ ਵਰਗ ਨੂੰ ਬਹੁਤ ਨਾਰਾਜ਼ ਕਰ ਦਿੱਤਾ ਹੈ। ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਬੈਕ ਚੈਨਲ ਗੱਲਬਾਤ ਤੋਂ ਬਾਅਦ ਹੋਈ ਇਸ ਜੰਗਬੰਦੀ ਨੇ ਦੋਵਾਂ ਦੇਸ਼ਾਂ ਵਿਚਾਲੇ ਹਮਲਿਆਂ ਨੂੰ ਰੋਕ ਦਿੱਤਾ ਪਰ ਆਲੋਚਕਾਂ ਨੇ ਇਸ ਨੂੰ ‘ਰਣਨੀਤਿਕ ਭੁੱਲ’ ਜਾਂ ਇਥੋਂ ਤੱਕ ਕਿ ‘ਆਤਮਸਮਰਪਣ’ ਵੀ ਕਿਹਾ ਹੈ।
ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀ. ਜੀ. ਐੱਮ. ਓ.) ਵੱਲੋਂ ਅਪੀਲ ਕੀਤੇ ਜਾਣ ਅਤੇ ਭਾਰਤ ਵੱਲੋਂ ਉਸ ਨੂੰ ਸਵੀਕਾਰ ਕੀਤੇ ਜਾਣ ’ਤੇ 10 ਮਈ ਨੂੰ ਸ਼ਾਮ 5 ਵਜੇ ਲਾਗੂ ਹੋਈ ਜੰਗਬੰਦੀ ਨੂੰ ਸਰਕਾਰ ਨੇ ਭਾਰਤ ਦੀ ਅੱਤਵਾਦ ਵਿਰੋਧੀ ਸਾਖ ਨੂੰ ਮਜ਼ਬੂਤੀ ਦੇਣ ਵਾਲਾ ਕਦਮ ਦੱਸਿਆ। ਹਾਲਾਂਕਿ, ਭਾਜਪਾ ਅਤੇ ਆਰ. ਐੱਸ. ਐੱਸ. ਸਮੇਤ ਬਹੁਤ ਸਾਰੇ ਲੋਕ ਇਸ ਨੂੰ ਵੱਖਰੇ ਢੰਗ ਨਾਲ ਦੇਖਦੇ ਹਨ। ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਸਵਪਨ ਦਾਸ ਗੁਪਤਾ ਨੇ ਐਕਸ.ਕਾਮ ’ਤੇ ਆਪਣੀ ਅਸਹਿਜਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਐਲਾਨ ਪਾਰਟੀ ਦੇ ਆਧਾਰ ਨੂੰ ‘ਚੰਗਾ ਨਹੀਂ ਲੱਗਾ’, ਖਾਸ ਕਰ ਕੇ ਇਸਦੇ ਅਚਾਨਕ ਹੋਣ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਚੋਲਗੀ ਦੀਆਂ ਅਟਕਲਾਂ ਕਾਰਨ।
ਗੁਹਾਟੀ ਦੇ ਇਕ ਭਾਜਪਾ ਆਗੂ ਮੂਨ ਤਾਲੁਕਦਾਰ ਨੇ ਇਸ ਫੈਸਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਵਿਚ ‘ਨਿਵਾਰਕ ਮੁੱਲ’ ਦੀ ਕਮੀ ਹੈ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੂੰ ‘ਅੱਗੇ ਵਧ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਨੂੰ ਆਪਣੇ ਕਬਜ਼ੇ ਵਿਚ ਲੈ ਲੈਣਾ ਚਾਹੀਦਾ ਸੀ।’
ਇਸ ਦਰਮਿਆਨ ਕੋਲਕਾਤਾ ਵਿਚ ਆਰ. ਐੱਸ. ਐੱਸ. ਨਾਲ ਜੁੜੇ ਵਿਅਕਤੀ ਸਾਯਨ ਲਾਹਿੜੀ ਨੇ ਇਸ ਕਦਮ ਦੀ ਨਿੰਦਾ ਕਰਦੇ ਹੋਏ ਇਸ ਨੂੰ ਪੱਛਮੀ ਦਬਾਅ ਦੇ ਅੱਗੇ ਝੁਕਣਾ ਦੱਸਿਆ। ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਜੇਹਾਦਵਾਦ ਦਾ ਅੰਤਿਮ ਹੱਲ ਚਾਹੁੰਦਾ ਸੀ। ਦੱਖਣਪੰਥੀ ਟਿੱਪਣੀਕਾਰ ਸੇਫਾਲੀ ਵੈਦਿਆ ਨੇ ਜੰਗਬੰਦੀ ਨੂੰ ‘ਅਣਕਿਆਸਾ’ ਕਰਾਰ ਦਿੱਤਾ, ਹਾਲਾਂਕਿ ਉਨ੍ਹਾਂ ਨੇ ਮੋਦੀ ਸਰਕਾਰ ਦੀ ਵਿਆਪਕ ਰਣਨੀਤੀ ’ਤੇ ਭਰੋਸਾ ਪ੍ਰਗਟਾਉਂਦੇ ਹੋਏ ਆਪਣੀ ਆਲੋਚਨਾ ਨੂੰ ਘੱਟ ਕੀਤਾ।
ਹਾਲਾਂਕਿ ਆਰ. ਐੱਸ. ਐੱਸ. ਨਾਲ ਸਬੰਧਤ ਸਮੂਹ ਸਵਦੇਸ਼ੀ ਜਾਗਰਣ ਮੰਚ (ਐੱਸ. ਜੇ. ਐੱਮ.) ਨੇ ਇਸਦੀ ਪ੍ਰਸ਼ੰਸਾ ਕੀਤੀ। ਐੱਸ. ਜੇ. ਐੱਮ. ਦੇ ਸਹਿ-ਕਨਵੀਨਰ ਡਾ. ਅਸ਼ਵਨੀ ਮਹਾਜਨ ਨੇ ‘ਆਪ੍ਰੇਸ਼ਨ ਸਿੰਧੂਰ’ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਪਾਕਿਸਤਾਨ ਸਪਾਂਸਰ ਅੱਤਵਾਦ ਵਿਰੁੱਧ ਭਾਰਤ ਦੇ ਸੰਕਲਪ ਦਾ ਪ੍ਰਦਰਸ਼ਨ ਹੈ। ਹਾਲਾਂਕਿ, ਉਨ੍ਹਾਂ ਨੇ ਪਾਕਿਸਤਾਨ ਨੂੰ ਦਿੱਤੇ ਗਏ 1.4 ਬਿਲੀਅਨ ਡਾਲਰ ਦੇ ਆਈ. ਐੱਮ. ਐੱਫ. ਕਰਜ਼ੇ ਦੀ ਆਲੋਚਨਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਇਸਦੀ ਵਰਤੋਂ ਫੌਜ ਜਾਂ ਅੱਤਵਾਦ ਲਈ ਕੀਤੀ ਜਾ ਸਕਦੀ ਹੈ।
ਜੰਗਬੰਦੀ ਦਾ ਅਧਿਕਾਰਤ ਐਲਾਨ ਕਰਨ ਵਾਲੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੂੰ ਆਨਲਾਈਨ ਟ੍ਰੋਲਿੰਗ ਰਾਹੀਂ ਨਿਸ਼ਾਨਾ ਬਣਾਏ ਜਾਣ ਦੀ ਘਟਨਾ, ਜਿਸ ਵਿਚ ਉਨ੍ਹਾਂ ਦੇ ਪਰਿਵਾਰ ’ਤੇ ਨਿੱਜੀ ਹਮਲੇ ਵੀ ਸ਼ਾਮਲ ਹਨ, ਕੱਟੜਪੰਥੀ ਰਾਸ਼ਟਰਵਾਦੀ ਹਲਕਿਆਂ ਵਿਚ ਵਧਦੇ ਅਸੰਤੋਸ਼ ਨੂੰ ਦਰਸਾਉਂਦੀ ਹੈ। ਇਥੋਂ ਤੱਕ ਕਿ ਆਮ ਤੌਰ ’ਤੇ ਭਾਜਪਾ ਦੇ ਸਮਰਥਕ ‘ਸੋਸ਼ਲ ਮੀਡੀਆ ਪ੍ਰਭਾਵਕ’ ਨੇ ਵੀ ਆਲੋਚਨਾ ਦੇ ਸੁਰ ਵਿਚ ਸ਼ਾਮਲ ਹੋ ਕੇ ਜੰਗਬੰਦੀ ਨੂੰ ‘ਵਿਦੇਸ਼ੀ ਦਬਾਅ ਵਿਚ ਆਤਮਸਮਰਪਣ’ ਕਿਹਾ ਹੈ।
ਇਸਲਾਮਿਕ ਕਾਨੂੰਨ ਦੀ ਦੁਰਵਰਤੋਂ ’ਤੇ HC ਸਖ਼ਤ, ਕਿਹਾ- ਸਵਾਰਥ ਤੇ ਸੈਕਸ ਲਈ ਵਿਆਹ ਨਹੀਂ ਹੋਣਾ ਚਾਹੀਦਾ
NEXT STORY