ਲਖਨਊ -ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਗਲੀ ਕਾਂਵੜ ਯਾਤਰਾ, ਮੁਹੱਰਮ ਅਤੇ ਰੱਥ ਯਾਤਰਾ ਵਰਗੇ ਪ੍ਰਮੁੱਖ ਧਾਰਮਿਕ ਆਯੋਜਨਾਂ ਨੂੰ ਲੈ ਕੇ ਇਕ ਉੱਚ ਪੱਧਰੀ ਸਮੀਖਿਆ ਬੈਠਕ ’ਚ ਕਈ ਸਖ਼ਤ ਫਰਮਾਨ ਜਾਰੀ ਕੀਤੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਸਾਰੇ ਪ੍ਰਬੰਧ ਸ਼ਰਧਾ, ਸੁਰੱਖਿਆ ਅਤੇ ਸਮਾਜਿਕ ਸਦਭਾਵਨਾ ਨਾਲ ਸੰਪੰਨ ਹੋਣੇ ਚਾਹੀਦੇ ਹਨ।
ਬੈਠਕ ’ਚ ਯੂ. ਪੀ. ਦੇ ਸਾਰੇ ਮੁੱਖ ਮੰਤਰੀ ਮੰਡਲ ਕਮਿਸ਼ਨਰਾਂ, ਜ਼ਿਲਾ ਅਧਿਕਾਰੀਆਂ, ਸੀਨੀਅਰ ਪੁਲਸ ਅਧਿਕਾਰੀਆਂ ਅਤੇ ਪੁਲਸ ਕਮਿਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਹੁਕਮ ਦਿੱਤਾ ਕਿ ਕਾਂਵੜ ਯਾਤਰਾ ਰਸਤੇ ’ਤੇ ਕਿਤੇ ਵੀ ਖੁੱਲ੍ਹੇ ’ਚ ਮਾਸ ਦੀ ਵਿਕਰੀ ਨਾ ਹੋਵੇ ਅਤੇ ਸਾਰੇ ਦੁਕਾਨਦਾਰਾਂ ਨੂੰ ਆਪਣੇ ਅਦਾਰਿਆਂ (ਦੁਕਾਨਾਂ) ’ਤੇ ਸਪੱਸ਼ਟ ਤੌਰ ’ਤੇ ਨਾਂ ਅੰਕਿਤ (ਲਿਖਵਾਉਣਾ) ਕਰਨਾ ਲਾਜ਼ਮੀ ਹੋਵੇਗਾ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਯਾਤਰਾ ਰਸਤਿਆਂ ’ਤੇ ਡੀ. ਜੇ., ਢੋਲ-ਨਗਾਰੇ ਅਤੇ ਸੰਗੀਤ ਦੀ ਆਵਾਜ਼ ਨਿਰਧਾਰਤ ਮਾਪਦੰਡਾਂ ਅਨੁਸਾਰ ਹੋਣੀ ਚਾਹੀਦੀ ਹੈ। ਕੰਨ ਪਾੜਵੀਂ ਆਵਾਜ਼, ਭੜਕਾਊ ਨਾਅਰੇਬਾਜ਼ੀ ਅਤੇ ਪ੍ਰੰਪਰਾ ਤੋਂ ਹਟ ਕੇ ਰੂਟ ਤਬਦੀਲੀ ਨੂੰ ਕਿਸੇ ਵੀ ਸਥਿਤੀ ’ਚ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਧਾਰਮਿਕ ਯਾਤਰਾਵਾਂ ਦੌਰਾਨ ਹਥਿਆਰਾਂ ਦਾ ਪ੍ਰਦਰਸ਼ਨ ਅਤੇ ਧਾਰਮਿਕ ਪ੍ਰਤੀਕਾਂ ਦੀ ਸਿਆਸੀ ਵਰਤੋਂ ’ਤੇ ਪੂਰਨ ਪਾਬੰਦੀ ਲਾਉਣ ਦਾ ਵੀ ਹੁਕਮ ਦਿੱਤਾ। ਸਾਉਣ ਮਹੀਨੇ ਦੌਰਾਨ (11 ਜੁਲਾਈ ਤੋਂ 9 ਅਗਸਤ) ਕਾਂਵੜ ਯਾਤਰਾ, ਸਾਉਣ ਮਹੀਨੇ ਦੀ ਸ਼ਿਵਰਾਤਰੀ, ਨਾਗਪੰਚਮੀ ਅਤੇ ਰੱਖੜੀ ਵਰਗੇ ਤਿਉਹਾਰ ਮਨਾਏ ਜਾਣਗੇ।
ਮੁਹੱਰਮ ਨੂੰ ਲੈ ਕੇ ਵੀ ਦਿੱਤੇ ਨਿਰਦੇਸ਼
ਮੁਹੱਰਮ ਦੌਰਾਨ ਵੀ ਸ਼ਾਂਤੀਪੂਰਨ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਪਿਛਲੇ ਸਾਲਾਂ ਦੀਆਂ ਘਟਨਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਸ਼ਾਂਤੀ ਕਮੇਟੀ ਅਤੇ ਪ੍ਰਬੰਧ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਕੰਮ ਕਰਨ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਕਾਨੂੰਨ ਵਿਵਸਥਾ ਨਾਲ ਜੁਡ਼ੀ ਕਿਸੇ ਵੀ ਸਥਿਤੀ ’ਚ ਸ਼ਾਸਨ ਤੋਂ ਆਗਿਆ ਦਾ ਇੰਤਜ਼ਾਰ ਨਾ ਕਰਦੇ ਹੋਏ ਤੁਰੰਤ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਗਰੀਬਾਂ ਤੋਂ ਸੁਪਨਾ ਦੇਖਣ ਦਾ ਹੱਕ ਵੀ ਖੋਹ ਲਿਆ ਗਿਆ : ਰਾਹੁਲ
NEXT STORY