ਨਵੀਂ ਦਿੱਲੀ (ਏਜੰਸੀ)- ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਸਮਰਥਿਤ ਇਕ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਦਿੱਲੀ ਤੋਂ ਇਕ ਨਵ-ਵਿਆਹੇ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਦੋਵੇਂ 2024 ਤੋਂ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਖੁਫੀਆ ਏਜੰਟਾਂ ਦੇ ਸੰਪਰਕ 'ਚ ਸਨ ਅਤੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਪ੍ਰਦਾਨ ਕਰਨ 'ਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਭਾਰਤ ਦੇ ਵੱਖ-ਵੱਖ ਸਥਾਨਾਂ 'ਤੇ ਛਾਉਣੀ ਖੇਤਰਾਂ ਦੀ ਜਾਸੂਸੀ ਕਰਨ ਲਈ ਲੋਕਾਂ ਦੀ ਭਰਤੀ ਕਰਨ ਨੂੰ ਕੰਮ ਸੌਂਪਿਆ ਗਿਆ ਸੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਸਾਹਿਲ (25) ਅਤੇ ਉਸ ਦੀ ਪਤਨੀ ਸਮੀਰਾ (21) ਵਜੋਂ ਹੋਈ ਹੈ, ਜੋ ਕਿ ਸਰਾਏ ਕਾਲੇ ਖਾਨ ਦੇ ਰਹਿਣ ਵਾਲੇ ਹਨ। ਸਪੈਸ਼ਲ ਸੈੱਲ ਦੇ ਅਨੁਸਾਰ, ਇਕ ਸਰਗਰਮ ISI ਸਮਰਥਿਤ ਨੈੱਟਵਰਕ ਬਾਰੇ ਜਾਣਕਾਰੀ ਮਿਲੀ ਸੀ ਅਤੇ ਜਾਂਚ ਤੋਂ ਪਤਾ ਲੱਗਾ ਹੈ ਕਿ ਸਥਾਨਕ ਲੋਕਾਂ ਨੂੰ ਲੌਜਿਸਟਿਕਲ (ਸਾਜੋ-ਸਾਮਾਨ) ਸਹਾਇਤਾ ਲਈ ਭਰਤੀ ਕੀਤੇ ਜਾਣ ਅਤੇ ਉਨ੍ਹਾਂ ਰਾਹੀਂ ਭਾਰਤੀ ਸਿਮ ਕਾਰਡ ਹਾਸਲ ਕੀਤੇ ਜਾਣ ਦਾ ਪਤਾ ਲੱਗਾ।
ਪੁਲਸ ਨੇ ਕਿਹਾ ਕਿ 2024 'ਚ ਸਾਹਿਲ ਆਪਣੀ ਇੰਸਟਾਗ੍ਰਾਮ ਦੋਸਤ ਸਮੀਰਾ ਰਾਹੀਂ ਇਕ ਪਾਕਿਸਤਾਨੀ ਏਜੰਟ ਦੇ ਸੰਪਰਕ 'ਚ ਆਇਆ ਅਤੇ ਬਾਅਦ 'ਚ ਉਸ ਨੇ ਸਮੀਰਾ ਨਾਲ ਵਿਆਹ ਕਰਵਾ ਲਿਆ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਏਜੰਟ ਨੇ ਸਾਹਿਲ ਅਤੇ ਸਮੀਰਾ ਦੀ ਮੁਲਾਕਾਤ ਇਕ ਪਾਕਿਸਤਾਨੀ ਖੁਫੀਆ ਸੰਚਾਲਕ (ਪੀਆਈਓ) ਨਾਲ ਕਰਵਾਈ। ਪੀਆਈਓ ਨੇ ਹੌਲੀ-ਹੌਲੀ ਉਨ੍ਹਾਂ ਨੂੰ ਆਪਣੇ ਨੈੱਟਵਰਕ ਲਈ ਕੰਮ ਕਰਨ ਲਈ ਤਿਆਰ ਕੀਤਾ ਅਤੇ ਉਨ੍ਹਾਂ ਨੂੰ ਵਿੱਤੀ ਲਾਭ ਦੇਣ ਦਾ ਭਰੋਸਾ ਦਿਵਾਇਆ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ 'ਚ ਨੈੱਟਵਰਕ ਨੂੰ ਸਾਜੋ-ਸਾਮਾਨ ਦੀ ਮਦਦ ਦੇਣ ਅਤੇ ਜਾਸੂਸੀ ਤੇ ਹੋਰ ਗਤੀਵਿਧੀਆਂ ਲਈ ਹੋਰ ਲੋਕਾਂ ਦੀ ਭਰਤੀ ਕਰਨ ਲਈ ਕਿਹਾ ਗਿਆ।
ਪੁਲਸ ਅਨੁਸਾਰ, ਸਾਹਿਲ ਅਤੇ ਸਮੀਰਾ ਨੇ 2024 ਅਤੇ 2025 'ਚ 8 ਭਾਰਤੀ ਸਿਮ ਕਾਰਡ ਖਰੀਦ ਕੇ ਦੁਬਈ ਦੇ ਰਸਤੇ ਪਾਕਿਸਤਾਨ ਭੇਜੇ, ਜਿਸ ਲਈ ਪਾਕਿਸਤਾਨੀ ਹੈਂਡਲਰਾਂ ਨੇ ਉਨ੍ਹਾਂ ਨੂੰ 30,000 ਰੁਪਏ ਦਿੱਤੇ। ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ 'ਚ ਇਨ੍ਹਾਂ ਨੰਬਰਾਂ 'ਤੇ ਵਟਸਐਪ ਖਾਤੇ ਸਰਗਰਮ ਕੀਤੇ ਗਏ ਅਤੇ ਪੀਆਈਓ ਨੇ ਇਨ੍ਹਾਂ 'ਚੋਂ ਕੁਝ ਨੰਬਰਾਂ ਦੀ ਵਰਤੋਂ ਭਾਰਤੀ ਵਟਸਐਪ ਸਮੂਹਾਂ ਤੱਕ ਪਹੁੰਚ ਕਰਨ, ਜਾਣਕਾਰੀ ਇਕੱਠੀ ਕਰਨ ਅਤੇ ਭਾਰਤੀਆਂ ਤੋਂ ਸੰਵੇਦਨਸ਼ੀਲ ਜਾਣਕਾਰੀ ਹਾਸਲ ਕਰਨ ਲਈ ਸੰਪਰਕ ਕੀਤਾ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੰਬਰਾਂ 'ਤੇ ਵਟਸਐਪ ਦੀ ਵਰਤੋਂ ਕਰਕੇ ਪਾਕਿਸਤਾਨ ਤੋਂ ਭਾਰਤੀ ਰੱਖਿਆ ਨਾਲ ਸਬੰਧਤ ਸੰਵੇਦਨਸ਼ੀਲ/ਗੁਪਤ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਸੀ।
ਅਧਿਕਾਰੀ ਦੇ ਅਨੁਸਾਰ, ਸਾਹਿਲ ਨੂੰ ਭਾਰਤ ਦੀਆਂ ਵੱਖ-ਵੱਖ ਥਾਵਾਂ 'ਤੇ ਛਾਉਣੀ ਖੇਤਰਾਂ ਦੀ ਜਾਸੂਸੀ, ਕਰਮਚਾਰੀਆਂ ਦੀ ਭਰਤੀ ਅਤੇ ਉਨ੍ਹਾਂ ਫੌਜ ਦੇ ਕਰਮਚਾਰੀਆਂ ਦੇ ਵੇਰਵੇ ਪ੍ਰਦਾਨ ਕਰਨ ਦਾ ਕੰਮ ਵੀ ਸੌਂਪਿਆ ਗਿਆ ਸੀ, ਜਿਨ੍ਹਾਂ ਦੀ ਕੋਰਟ ਮਾਰਸ਼ਲ ਕਾਰਵਾਈ ਟ੍ਰਿਬਿਊਨਲਾਂ ਦੇ ਸਾਹਮਣੇ ਪੈਂਡਿੰਗ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੇ ਆਧਾਰ 'ਤੇ ਉਸ ਦੀ ਪਤਨੀ ਸਮੀਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੀ ਸਿਮ ਕਾਰਡ ਉਪਲੱਬਧ ਕਰਵਾਉਣ 'ਚ ਵੱਧ ਮਹੱਤਵਪੂਰਨ ਭੂਮਿਕਾ ਸੀ। ਦੋਵਾਂ ਮੋਬਾਈਲ ਫੋਨਾਂ ਦੇ ਫੋਰੈਂਸਿਕ ਵਿਸ਼ਲੇਸ਼ਣ ਤੋਂ ਸਾਹਿਲ, ਸਮੀਰਾ ਅਤੇ ਉਨ੍ਹਾਂ ਦੇ ਪਾਕਿਸਤਾਨੀ ਹੈਂਡਲਰਾਂ ਵਿਚਕਾਰ ਅਪਰਾਧਕ ਗੱਲਬਾਤ ਅਤੇ ਵਟਸਐਪ ਚੈਟਾਂ ਮਿਲੀਆਂ।
ਪੁਲਸ ਅਨੁਸਾਰ, ਸਾਹਿਲ ਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਤੋਂ ਆਪਣੀ ਬੀਏ ਪੂਰੀ ਕੀਤੀ ਅਤੇ ਐੱਲਐੱਲਬੀ ਕਰਨ ਦੀ ਯੋਜਨਾ ਬਣਾ ਰਿਹਾ ਸੀ, ਜਿਸ ਕਾਰਨ ਉਹ ਇਕ ਵਕੀਲ ਨਾਲ ਕੰਮ ਕਰ ਰਿਹਾ ਸੀ। ਉਸ ਨੇ ਜੂਨ 2025 'ਚ ਨੌਕਰੀ ਛੱਡ ਦਿੱਤੀ ਅਤੇ ਉਦੋਂ ਤੋਂ ਬੇਰੁਜ਼ਗਾਰ ਸੀ। ਸਮੀਰਾ ਨੇ ਦਿੱਲੀ ਤੋਂ ਆਪਣੀ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਬੀਏ ਕੀਤੀ ਅਤੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਨੋਇਡਾ 'ਚ ਇਕ ਕਾਲ ਸੈਂਟਰ 'ਚ ਕੰਮ ਕਰ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਡਾਕ ਵਿਭਾਗ 'ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
NEXT STORY