ਨਵੀਂ ਦਿੱਲੀ- ਉੱਤਰ ਪ੍ਰਦੇਸ਼ ’ਚ ਲੋਕ ਸਭਾ ਚੋਣਾਂ ’ਚ ਹਾਰ ਸਬੰਧੀ ਭਾਜਪਾ ਦੀ ਸੂਬਾ ਲੀਡਰਸ਼ਿਪ ਇਕ ਵਿਸਤ੍ਰਿਤ ਰਿਪੋਰਟ ਤਿਆਰ ਕਰ ਰਹੀ ਹੈ। ਇਹ ਰਿਪੋਰਟ ਇਸ ਹਫਤੇ ਦੇ ਅਖੀਰ ਤਕ ਹਾਈਕਮਾਨ ਨੂੰ ਸੌਂਪੀ ਜਾਵੇਗੀ। ਇਕ ਮੀਡੀਆ ਰਿਪੋਰਟ ਮੁਤਾਬਕ ਭਾਜਪਾ ਨੇ ਯੂ. ਪੀ. ’ਚ ਹਾਰ ਦੇ ਕਾਰਨਾਂ ਦੀ ਵਿਸਤ੍ਰਿਤ ਪੜਤਾਲ ਕਰਨ ਲਈ ਇਕ ਟਾਸਕ ਫੋਰਸ ਦਾ ਵੀ ਗਠਨ ਕੀਤਾ ਹੈ, ਜਿਸ ਨੂੰ ਸੂਬੇ ਦੀਆਂ 78 ਸੀਟਾਂ ਦੀ ਸਮੀਖਿਆ ਕਰਨ ਦਾ ਕੰਮ ਸੌਂਪਿਆ ਗਿਆ ਹੈ।
ਇਹ ਟਾਸਕ ਫੋਰਸ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੀਟ ਵਾਰਾਣਸੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੀਟ ਲਖਨਊ ਦੀ ਸਮੀਖਿਆ ਨਹੀਂ ਕਰੇਗੀ। ਇਸ ਤੋਂ ਇਲਾਵਾ ਸੂਬੇ ਦੀਆਂ ਬਾਕੀ ਸਾਰੀਆਂ 78 ਸੀਟਾਂ ਦੀ ਸਮੀਖਿਆ ਕੀਤੀ ਜਾਵੇਗੀ।
ਭਾਜਪਾ ਨੂੰ ਸਭ ਤੋਂ ਵੱਧ ਹੈਰਾਨੀ ਅਮੇਠੀ, ਫੈਜ਼ਾਬਾਦ (ਅਯੁੱਧਿਆ ਵਾਲੀ ਸੀਟ), ਬਲੀਆ ਤੇ ਸੁਲਤਾਨਪੁਰ ਵਰਗੀਆਂ ਸੀਟਾਂ ’ਤੇ ਮਿਲੀ ਹਾਰ ਤੋਂ ਹੈ। ਇਨ੍ਹਾਂ ਸੀਟਾਂ ਨੂੰ ਭਾਜਪਾ ਲਈ ਮਜ਼ਬੂਤ ਮੰਨਿਆ ਜਾਂਦਾ ਸੀ। ਅਮੇਠੀ ’ਚ ਸਮ੍ਰਿਤੀ ਈਰਾਨੀ ਦੀ ਕਾਂਗਰਸ ਦੇ ਇਕ ਆਮ ਵਰਕਰ ਤੋਂ ਹਾਰ ਨੇ ਪੂਰੇ ਨੈਰੇਟਿਵ ਨੂੰ ਸੱਟ ਪਹੁੰਚਾਈ ਹੈ।
ਇਸ ਤੋਂ ਇਲਾਵਾ ਅਯੁੱਧਿਆ ਦੀ ਹਾਰ ਵੀ ਕੰਨ ਖੜ੍ਹੇ ਕਰਨ ਵਾਲੀ ਹੈ। ਸੁਲਤਾਨਪੁਰ ਵਿਚ ਮੇਨਕਾ ਗਾਂਧੀ ਚੋਣ ਹਾਰ ਗਈ, ਜੋ ਲਗਾਤਾਰ ਜਿੱਤਦੀ ਰਹੀ ਹੈ। ਫਿਰ ਅਯੁੱਧਿਆ ਦੀ ਹਾਰ ਨੇ ਤਾਂ ਪੂਰੇ ਨੈਰੇਟਿਵ ਨੂੰ ਸੱਟ ਪਹੁੰਚਾਈ ਹੈ। ਭਾਜਪਾ ਨੂੰ ਉਸ ਸੀਟ ’ਤੇ ਹਾਰਨਾ ਪੈ ਗਿਆ ਜਿੱਥੇ ਇਤਿਹਾਸਕ ਰਾਮ ਮੰਦਰ ਬਣਿਆ ਹੈ। 500 ਸਾਲਾਂ ਦੇ ਇਤਿਹਾਸ ਦਾ ਚੱਕਰ ਜਿਸ ਅਯੁੱਧਿਆ ਵਿਚ ਘੁੰਮਿਆ, ਉੱਥੇ ਅਜਿਹੀ ਹਾਰ ਨੇ ਭਾਜਪਾ ਨੂੰ ਹੈਰਾਨ ਕਰ ਦਿੱਤਾ।
ਹੁਣ ਪਾਰਟੀ ਪੂਰੇ ਨੈਰੇਟਿਵ ਨੂੰ ਕਿਵੇਂ ਸੈੱਟ ਕਰੇ ਅਤੇ ਆਪਣੀ ਹਾਰ ਨੂੰ ਕਿਵੇਂ ਪਚਾਵੇ, ਇਸ ਦੀ ਤਿਆਰੀ ਵਿਚ ਜੁਟੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਆਰ. ਐੱਸ. ਐੱਸ. ਤੇ ਉਸ ਦੇ ਸਹਿਯੋਗੀ ਸੰਗਠਨਾਂ ਤੋਂ ਵੀ ਫੀਡਬੈਕ ਮਿਲੇਗੀ।
ਸੰਘ ਦੇ ਲੋਕਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਸਮੀਖਿਆ ਕਰ ਕੇ ਦੱਸਣ ਕਿ ਹਾਰ ਦੇ ਕੀ ਕਾਰਨ ਰਹੇ। ਹੁਣ ਤਕ ਕਈ ਉਮੀਦਵਾਰਾਂ ਨੇ ਆਪਣੀ ਰਿਪੋਰਟ ਭਾਜਪਾ ਦੀ ਸਟੇਟ ਲੀਡਰਸ਼ਿਪ ਨੂੰ ਸੌਂਪ ਦਿੱਤੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਸਾਡੀ ਹਾਰ ਦੇ ਕੀ ਕਾਰਨ ਰਹੇ ਹਨ। ਇਨ੍ਹਾਂ ਵਿਚ ਇਕ ਵੱਡਾ ਕਾਰਨ ਇਹ ਹੈ ਕਿ ਸਰਕਾਰੀ ਮੁਲਾਜ਼ਮਾਂ ਨੇ ਸੰਸਦ ਮੈਂਬਰਾਂ ਨੂੰ ਸਹਿਯੋਗ ਨਹੀਂ ਦਿੱਤਾ। ਦੂਜੇ ਪਾਸੇ ਪਾਰਟੀ ਦੇ ਹੀ ਵਰਕਰਾਂ ਦਾ ਵੱਡਾ ਵਰਗ ਪਾਰਟੀ ਦੇ ਖਿਲਾਫ ਚਲਾ ਗਿਆ। ਜਾਤੀ ਦੇ ਆਧਾਰ ’ਤੇ ਠਾਕੁਰਾਂ ਦੀਆਂ ਰੈਲੀਆਂ ਨੇ ਵੀ ਪੱਛਮ ਤੋਂ ਪੂਰਬ ਤਕ ਭਾਜਪਾ ਨੂੰ ਨੁਕਸਾਨ ਪਹੁੰਚਾਇਆ।
ਭਾਜਪਾ ਵਿਵਾਦਤ ਬਿੱਲਾਂ ਨੂੰ ਪਾ ਸਕਦੀ ਹੈ ਠੰਢੇ ਬਸਤੇ ’ਚ, ਸਰਬਸੰਮਤੀ ਇਕ ਨਵਾਂ ਮੰਤਰ
NEXT STORY