ਲਖਨਊ- ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਕਿਹਾ ਹੈ ਕਿ ਵਿਆਹੁਤਾ ਔਰਤ ਨਾਲ ਪ੍ਰੇਮ ਸਬੰਧ ਹੋਣ ਦੇ ਬਾਵਜੂਦ ਉਸ ਨਾਲ ਵਿਆਹ ਨਾ ਕਰਨਾ ਅਪਰਾਧ ਨਹੀਂ ਹੈ, ਖਾਸ ਕਰ ਕੇ ਓਦੋਂ ਜਦੋਂ ਔਰਤ ਨੇ ਆਪਣੇ ਪਤੀ ਨੂੰ ਤਲਾਕ ਨਾ ਦਿੱਤਾ ਹੋਵੇ। ਇਹ ਟਿੱਪਣੀ ਜਸਟਿਸ ਸੁਭਾਸ਼ ਵਿਦਿਆਰਥੀ ਦੀ ਸਿੰਗਲ ਬੈਂਚ ਨੇ ਇਕ ਔਰਤ ਦੀ ਅਪਰਾਧਿਕ ਸੋਧ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ, ਜਿਸ ਵਿਚ ਉਸਨੇ ਹੇਠਲੀ ਅਦਾਲਤ ਵੱਲੋਂ ਮੁਲਜ਼ਮ ਨੂੰ ਜਬਰ-ਜ਼ਨਾਹ ਅਤੇ ਭਰੂਣ ਹੱਤਿਆ ਦੇ ਦੋਸ਼ਾਂ ਤੋਂ ਬਰੀ ਕਰਨ ਨੂੰ ਚੁਣੌਤੀ ਦਿੱਤੀ ਸੀ।
ਪਟੀਸ਼ਨਰ ਔਰਤ ਨੇ ਆਪਣੀ ਐੱਫ.ਆਈ.ਆਰ. ਵਿਚ ਦੋਸ਼ ਲਗਾਇਆ ਸੀ ਕਿ ਉਸਦਾ ਪ੍ਰੇਮੀ ਉਸ ਨਾਲ 7 ਸਾਲਾਂ ਤੋਂ ਸਬੰਧਾਂ ਵਿਚ ਸੀ ਅਤੇ ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ ਗਿਆ। ਬਾਅਦ ਵਿਚ ਉਸਦਾ ਕਿਤੇ ਹੋਰ ਵਿਆਹ ਹੋ ਗਿਆ, ਪਰ ਉਸਦੇ ਪ੍ਰੇਮੀ ਨੇ ਵਿਆਹ ਦੇ ਝੂਠੇ ਵਾਅਦੇ ਕੀਤੇ ਅਤੇ ਵਿਆਹ ਤੋਂ ਬਾਅਦ ਵੀ ਉਸ ਨਾਲ ਸਬੰਧ ਜਾਰੀ ਰੱਖੇ ਅਤੇ ਫਿਰ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਸੈਸ਼ਨ ਅਦਾਲਤ ਨੇ ਸਬੂਤਾਂ ਦੇ ਆਧਾਰ ’ਤੇ ਮੁਲਜ਼ਮ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਔਰਤ ਨੇ ਆਪਣੀ ਮਰਜ਼ੀ ਨਾਲ ਸਬੰਧ ਬਣਾਏ ਅਤੇ ਇਹ ਜਬਰ-ਜ਼ਨਾਹ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ। ਭਰੂਣ ਹੱਤਿਆ ਦੇ ਦੋਸ਼ ’ਤੇ ਅਦਾਲਤ ਨੇ ਕਿਹਾ ਕਿ ਅਲਟਰਾਸਾਊਂਡ ਰਿਪੋਰਟ ਵਿਚ ਤਾਰੀਖ਼ ਦਾ ਜ਼ਿਕਰ ਨਹੀਂ ਹੈ, ਜਿਸ ਕਾਰਨ ਇਹ ਸਪੱਸ਼ਟ ਨਹੀਂ ਹੁੰਦਾ ਕਿ ਗਰਭ ਕਿਸਦਾ ਸੀ।
ਸੈਸ਼ਨ ਕੋਰਟ ਨੇ ਇਹ ਵੀ ਟਿੱਪਣੀ ਕੀਤੀ ਸੀ ਕਿ ਜੇਕਰ ਭਾਰਤੀ ਦੰਡ ਸੰਹਿਤਾ ਦੀ ਧਾਰਾ 497 (ਵਿਭਚਾਰ) ਨੂੰ ਗੈਰ-ਸੰਵਿਧਾਨਕ ਨਾ ਐਲਾਨ ਕੀਤਾ ਗਿਆ ਹੁੰਦਾ, ਤਾਂ ਔਰਤ ’ਤੇ ਖੁਦ ਮੁਕੱਦਮਾ ਚਲਾਇਆ ਜਾਂਦਾ ਕਿਉਂਕਿ ਉਸ ਨੇ ਤਲਾਕ ਲਏ ਬਿਨਾਂ ਵਿਆਹੁਤਾ ਹੋਣ ਦੌਰਾਨ ਕਿਸੇ ਹੋਰ ਮਰਦ ਨਾਲ ਸਬੰਧ ਬਣਾਏ ਸਨ। ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਕਾਨੂੰਨੀ ਮੰਨਦੇ ਹੋਏ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਵਿਆਹੁਤਾ ਔਰਤ ਨਾਲ ਵਿਆਹ ਨਾ ਕਰਨਾ, ਭਾਵੇਂ ਵਾਅਦਾ ਕੀਤਾ ਗਿਆ ਹੋਵੇ, ਉਦੋਂ ਤੱਕ ਅਪਰਾਧ ਨਹੀਂ ਹੈ ਜਦੋਂ ਤੱਕ ਔਰਤ ਦਾ ਵਿਆਹ ਕਾਨੂੰਨੀ ਤੌਰ ’ਤੇ ਖਤਮ ਨਾ ਹੋ ਗਿਆ ਹੋਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਕਾਰਵਾਈ : ਬਿਨਾਂ ਇਜਾਜ਼ਤ ਦੇ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ 51 ਡਾਕਟਰ ਬਰਖਾਸਤ
NEXT STORY